ਗਣੇਸ਼ ਉਤਸਵ ਦੇ ਉਤਸ਼ਾਹ ’ਚ ਲਾਪ੍ਰਵਾਹੀ ਦੇ ਕਾਰਨ 2 ਦਰਜਨ ਤੋਂ ਵੱਧ ਮੌਤਾਂ

Sunday, Sep 11, 2022 - 02:41 AM (IST)

ਗਣੇਸ਼ ਉਤਸਵ ਦੇ ਉਤਸ਼ਾਹ ’ਚ ਲਾਪ੍ਰਵਾਹੀ ਦੇ ਕਾਰਨ 2 ਦਰਜਨ ਤੋਂ ਵੱਧ ਮੌਤਾਂ

ਹਰ ਸਾਲ ਦੇਸ਼ ’ਚ 10 ਦਿਨਾ ਗਣੇਸ਼ ਉਤਸਵ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਵੀ ਦੇਸ਼-ਵਿਦੇਸ਼ ’ਚ ਗਣਪਤੀ ਉਤਸਵ ਧੂਮਧਾਮ ਨਾਲ ਮਨਾਉਣ ਦੇ ਬਾਅਦ ਗਾਜੇ-ਵਾਜੇ ਦੇ ਨਾਲ ਗਣਪਤੀ ਜੀ ਨੂੰ ‘ਗਣਪਤੀ ਬੱਪਾ ਮੌਰਿਆ, ਅਗਲੇ ਬਰਸ ਤੂ ਜਲਦੀ ਆ’ ਦੇ ਜੈਕਾਰੇ ਦੇ ਨਾਲ ਵਿਦਾ ਕੀਤਾ ਗਿਆ। ਪਰ ਇਸ ਦੌਰਾਨ ਮਹਾਰਾਸ਼ਟਰ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਤੇਲੰਗਾਨਾ ਆਦਿ ’ਚ ਕਈ ਥਾਵਾਂ ’ਤੇ ਗਣਪਤੀ ਮੂਰਤੀ ਵਿਸਰਜਨ ਦੇ ਦੌਰਾਨ ਹੋਏ ਹਾਦਸਿਆਂ ’ਚ ਬੱਚਿਆਂ ਸਮੇਤ ਲਗਭਗ 2 ਦਰਜਨ ਵਿਅਕਤੀਆਂ ਦੀ ਜਾਨ ਚਲੀ ਗਈ, ਜਦਕਿ ਕਈ ਜ਼ਖਮੀ ਹੋ ਗਏ।

* ਹਰਿਆਣਾ ’ਚ ਮਹਿੰਦਰਗੜ੍ਹ ਦੇ ‘ਝਗਡੋਲੀ’ ਪਿੰਡ ਦੇ ਨੇੜੇ 20 ਵਿਅਕਤੀ ਗਣੇਸ਼ ਮੂਰਤੀ ਦੇ ਵਿਸਰਜਨ ਲਈ ਨਹਿਰ ’ਚ ਗਏ ਸਨ, ਜਿਨ੍ਹਾਂ ’ਚੋਂ 9 ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਏ। ਇਸ ਤੋਂ ਬਾਅਦ ਦੇਰ ਰਾਤ 8 ਵਿਅਕਤੀਆਂ ਨੂੰ ਨਹਿਰ ’ਚੋਂ ਬਾਹਰ ਕੱਢਿਆ ਗਿਆ। ਇਨ੍ਹਾਂ ’ਚੋਂ 18 ਤੋਂ 23 ਸਾਲ ਉਮਰ ਦੇ 4 ਨੌਜਵਾਨਾਂ ਦੀ ਅਚਾਨਕ ਮੌਤ ਹੋ ਗਈ, ਜਦਕਿ 2 ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਦਾਖਲ ਕਰਵਾਇਆ ਗਿਆ। 
* ਪੰਚਕੂਲਾ ’ਚ ਗਣਪਤੀ ਵਿਸਰਜਨ ਕਰ ਕੇ ਟਰੈਕਟਰ-ਟਰਾਲੀ ਰਾਹੀਂ ਘਰ ਪਰਤ ਰਹੀ ਔਰਤ ਬ੍ਰੇਕ ਲੱਗਣ ਦੇ ਕਾਰਨ ਸੰਤੁਲਨ ਵਿਗੜ ਜਾਣ ’ਤੇ ਬੱਚੇ ਸਮੇਤ ਡਿੱਗ ਕੇ ਟਰੈਕਟਰ ਦੇ ਹੇਠਾਂ ਆ ਗਈ, ਜਿਸ ਨਾਲ ਉਨ੍ਹਾਂ ਦੀ ਹਾਦਸੇ ਵਾਲੀ ਥਾਂ ’ਤੇ ਮੌਤ ਹੋ ਗਈ। 
* ਇਸੇ ਤਰ੍ਹਾਂ ਸੋਨੀਪਤ ’ਚ ਯਮੁਨਾ ਨਦੀ ਦੇ ਮੀਮਾਰਪੁਰ ਘਾਟ ’ਤੇ ਗਣਪਤੀ ਦੀ ਮੂਰਤੀ ਦੇ ਵਿਸਰਜਨ ਦੇ ਦੌਰਾਨ ਇਕ ਵਿਅਕਤੀ ਅਤੇ ਉਸ ਦੇ 13 ਸਾਲਾ ਪੁੱਤਰ ਤੇ 20 ਸਾਲਾ ਭਤੀਜੇ ਦੀ ਡੁੱਬਣ ਨਾਲ ਮੌਤ ਹੋ ਗਈ, ਜਦਕਿ ਅਜੇ 2 ਲਾਪਤਾ ਦੱਸੇ ਜਾਂਦੇ ਹਨ। 
* ਉੱਤਰ ਪ੍ਰਦੇਸ਼ ਦੇ ਸੰਤ ਕਬੀਰ ਨਗਰ ’ਚ ‘ਆਮੀ’ ਨਦੀ ’ਚ ਗਣਪਤੀ ਵਿਸਰਜਨ ਦੇ ਦੌਰਾਨ 4 ਬੱਚੇ ਡੁੱਬ ਗਏ, ਜੋ ਆਪਸ ’ਚ ਭਰਾ-ਭੈਣ ਸਨ। ਪੁਲਸ ਦੇ ਅਨੁਸਾਰ ਨਦੀ ’ਚ ਉਤਰੇ ਭਰਾ ਨੂੰ ਡੁੱਬਦਾ ਦੇਖ ਕੇ ਉਸ ਦੀਆਂ ਤਿੰਨੇ ਭੈਣਾਂ ਵੀ ਉਸ ਨੂੰ ਬਚਾਉਣ ਲਈ ਪਾਣੀ ’ਚ ਕੁੱਦ ਗਈਆਂ ਅਤੇ ਚਾਰਾਂ ਦੀ ਡੁੱਬਣ ਨਾਲ ਮੌਤ ਹੋ ਗਈ। ਲਲਿਤਪੁਰ ਅਤੇ ਉੱਨਾਵ ’ਚ ਵੀ 2-2 ਵਿਅਕਤੀਆਂ ਦੀ ਵਿਸਰਜਨ ਦੇ ਦੌਰਾਨ ਮੌਤ ਹੋ ਗਈ। 
* ਮੱਧ ਪ੍ਰਦੇਸ਼ ’ਚ ਸ਼ਿਵਪੁਰੀ ਦੇ ‘ਇੰਦਾਰ’ ਥਾਣਾ ਇਲਾਕੇ ਦੇ ਰਾਮਗੜ੍ਹ ਪਿੰਡ ਦੀ ਖਰਾਰਾ ਨਦੀ ’ਚ ਗਣੇਸ਼ ਮੂਰਤੀ ਵਿਸਰਜਨ ਦੇ ਦੌਰਾਨ 2 ਚਚੇਰੇ ਭਰਾ ਡੁੱਬ ਗਏ, ਜਿਨ੍ਹਾਂ ’ਚੋਂ ਇਕ ਦੀ ਮੌਤ ਹੋ ਗਈ ਅਤੇ ਦੂਜੇ ਨੂੰ  ਗੰਭੀਰ ਹਾਲਤ ’ਚ ਇਲਾਜ ਲਈ ਦਾਖਲ ਕਰਾਇਆ ਗਿਆ।
* ਮੱਧ ਪ੍ਰਦੇਸ਼ ਦੇ ਹੀ ‘ਓਰਛਾ’ ਦੇ ਨਰੀਆ ਮੁਹੱਲੇ ’ਚ ਰੱਖੀ ਗਈ ਗਣੇਸ਼ ਮੂਰਤੀ ਨੂੰ ਵਿਸਰਜਨ ਲਈ ਲਿਜਾਂਦੇ ਸਮੇਂ ਹੋਏ ਇਕ ਦਰਦਨਾਕ ਹਾਦਸੇ ’ਚ ਡੀ. ਜੇ. ਵਾਲੀ ਗੱਡੀ ਦੇ ਪਹੀਏ ਦੇ ਹੇਠਾਂ ਦੱਬ ਜਾਣ ਨਾਲ ਇਕ ਬੱਚੇ ਦੀ ਮੌਤ ਹੋ ਗਈ। 
 * ਮੁੰਬਈ ਦੇ ਪਨਵੇਲ ਦੇ ‘ਵਾਡਘਰ’ ਇਲਾਕੇ ’ਚ ਗਣੇਸ਼ ਮੂਰਤੀ ਦੇ ਵਿਸਰਜਨ ਦੌਰਾਨ ਜਨਰੇਟਰ ਦੀ ਤਾਰ ਟੁੱਟ ਜਾਣ ਦੇ ਕਾਰਨ ਕਰੰਟ ਲੱਗਣ ਨਾਲ 11 ਵਿਅਕਤੀ ਜ਼ਖਮੀ ਹੋ ਗਏ। ਇਨ੍ਹਾਂ ’ਚੋਂ ਕਈ ਗੰਭੀਰ ਹਾਲਤ ’ਚ ਆਈ. ਸੀ. ਯੂ. ’ਚ ਦਾਖਲ ਹਨ। 
* ਤੇਲੰਗਾਨਾ ਦੇ ਹੈਦਰਾਬਾਦ ’ਚ ਗਣੇਸ਼ ਮੂਰਤੀ ਦਾ ਵਿਸਰਜਨ ਕਰ ਕੇ ਪਰਤ ਰਿਹਾ ਇਕ ਵਿਅਕਤੀ ਅਚਾਨਕ ਵਾਹਨ ਤੋਂ ਹੇਠਾਂ ਡਿੱਗ ਕੇ ਉਸ ਦੇ ਪਿਛਲੇ ਪਹੀਏ ਦੇ ਹੇਠਾਂ ਆ ਗਿਆ, ਜਿਸ ਦੇ ਨਤੀਜੇ ਵਜੋਂ ਸਿਰ ਦਰੜੇ ਜਾਣ ਨਾਲ ਉਸ ਦੀ ਮੌਤ ਹੋ ਗਈ। 

ਸਰਕਾਰ ਵੱਲੋਂ ਅਜਿਹੇ ਉਤਸਵਾਂ ਆਦਿ ਦੇ ਮੌਕੇ ’ਤੇ ਕਿਸੇ ਕਿਸਮ ਦੀ ਅਣਹੋਣੀ ਘਟਨਾ ਨੂੰ ਰੋਕਣ ਲਈ ਕੀਤੇ ਜਾਣ ਵਾਲੇ ‘ਪ੍ਰਬੰਧਾਂ’ ਦੇ ਬਾਵਜੂਦ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਹੋਣਾ ਯਕੀਨੀ ਹੀ ਦੁਖਦਾਈ ਹੋਣ ਦੇ ਨਾਲ-ਨਾਲ ਕਿਸੇ ਹੱਦ ਤੱਕ ਪ੍ਰਬੰਧਕੀ ਤਰੁੱਟੀਆਂ ਅਤੇ ਲੋਕਾਂ ਦੀ ਲਾਪ੍ਰਵਾਹੀ ਦਾ ਨਤੀਜਾ ਹੈ। ਉਤਸ਼ਾਹ ਦੇ ਤਿਉਹਾਰ ਦਾ ਇਸ ਤਰ੍ਹਾਂ ਸੋਗ ਦੇ ਪੁਰਬ ’ਚ ਬਦਲ ਜਾਣਾ ਬੜਾ ਦੁਖਦਾਈ ਹੈ ਪਰ ਇਸ ਲਈ ਸਾਡੀ ਆਪਣੀ ਕਾਹਲੀ, ਹੜਬੜੀ, ਸਭ ਕੁਝ ਫਟਾਫਟ ਨਿਪਟਾਉਣ ਦੀ ਪ੍ਰਵਿਰਤੀ ਅਤੇ ਆਪਣੇ ਮਨ ’ਤੇ ਰੋਕ ਨਾ ਰੱਖ ਕੇ ‘ਜੋ ਹੁੰਦਾ ਹੈ ਹੋਣ ਦਿਓ, ਪ੍ਰਵਾਹ ਨਹੀਂ’ ਵਾਲਾ ਨਜ਼ਰੀਆ ਹੀ ਜ਼ਿੰਮੇਵਾਰ ਹੈ, ਜਦਕਿ ਅਜਿਹੇ ਭੀੜ-ਭੜੱਕੇ ਵਾਲੇ ਆਯੋਜਨਾਂ ’ਚ ਜੋਸ਼ ਦੇ ਨਾਲ-ਨਾਲ ਹੋਸ਼ ਨੂੰ ਕਾਇਮ ਰੱਖਣਾ ਤੇ ਹੋਸ਼ ਅਤੇ ਮਨ ’ਤੇ ਕਾਬੂ ਅਤੇ ਠਰ੍ਹੰਮਾ ਰੱਖਣਾ ਬੜਾ ਜ਼ਰੂਰੀ ਹੈ।

ਅਜਿਹੇ ਆਯੋਜਨਾਂ ’ਚ ਜਿੱਥੇ ਲੋਕ ਬੱਸਾਂ ਭਰ-ਭਰ ਜਾਂਦੇ ਹਨ, ਉੱਥੇ ਹੀ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਅਤੇ ਜਲਦਬਾਜ਼ੀ ਨਾਲ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਜਾਣਾ ਅਤੇ ਸੁਰੱਖਿਆ ਸਬੰਧੀ ਨਿਯਮਾਂ ਦੀ ਪਾਲਣਾ ਨਾ ਕਰਨ ਦੀ ਕੀਮਤ ਸਾਨੂੰ ਦੁਖਦਾਈ ਘਟਨਾਵਾਂ ਦੇ ਰੂਪ ’ਚ ਅਦਾ ਕਰਨੀ ਪੈਂਦੀ ਹੈ ਅਤੇ ਇਕ ਛੋਟੀ ਜਿਹੀ ਭੁੱਲ ਜ਼ਿੰਦਗੀ ਭਰ ਲਈ ਇਕ ਸਰਾਪ ਬਣ ਕੇ ਰਹਿ ਜਾਂਦੀ ਹੈ।
-ਵਿਜੇ ਕੁਮਾਰ


author

Mukesh

Content Editor

Related News