ਨਕਲੀ ਦਵਾਈਆਂ ਦਾ ਜਾਨਲੇਵਾ ਧੰਦਾ ਭਾਰਤ ਦੀ ਬਦਨਾਮੀ ਦਾ ਬਣ ਰਿਹਾ ਕਾਰਨ

03/30/2023 3:05:01 AM

ਭਾਰਤ ਨੂੰ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਦਵਾਈਆਂ ਦਾ ਨਿਰਮਾਤਾ ਹੋਣ ਕਾਰਨ ਇਸ ਨੂੰ ‘ਵਿਸ਼ਵ ਦੀ ਫਾਰਮੇਸੀ’ ਵੀ ਕਿਹਾ ਜਾਂਦਾ ਹੈ। ਇੱਥੇ ਵਿਸ਼ਵ ਦੀਆਂ 60 ਫੀਸਦੀ ਵੈਕਸੀਨਜ਼ ਅਤੇ 20 ਫੀਸਦੀ ਜੈਨੇਰਿਕ ਦਵਾਈਆਂ ਬਣਦੀਆਂ ਹਨ ਪਰ ਇਨ੍ਹਾਂ ’ਚ ਮਿਲਾਵਟ ਦਾ ਧੰਦਾ ਤੇਜ਼ੀ ਫੜ ਰਿਹਾ ਹੈ। ਸਾਹ ਰੱਖਿਅਕ ਦਵਾਈਆਂ ਵੀ ਮਿਲਾਵਟੀ ਅਤੇ ਨਕਲੀ ਬਣਨ ਲੱਗੀਆਂ ਹਨ।

ਇਸੇ ਦੇ ਮੱਦੇਨਜ਼ਰ ਨਕਲੀ ਦਵਾਈਆਂ ਦੇ ਨਿਰਮਾਣ ’ਤੇ ਰੋਕ ਲਗਾਉਣ ਦੇ ਲਈ ਦਵਾਈ ਕੰਪਨੀਆਂ ਦੇ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਅਧੀਨ ‘ਡਰੱਗਸ ਕੰਟ੍ਰੋਲਰ ਜਨਰਲ ਆਫ ਇੰਡੀਆ’ ਨੇ 20 ਸੂਬਿਆਂ ’ਚ ਕਈ ਦਵਾਈ ਨਿਰਮਾਤਾ ਕੰਪਨੀਆਂ ਦੇ ਅਚਾਨਕ ਨਿਰੀਖਣ ਦੇ ਬਾਅਦ 18 ਕੰਪਨੀਆਂ ਦੇ ਲਾਇਸੈਂਸ ਰੱਦ ਕਰਨ ਦੇ ਇਲਾਵਾ 26 ਕੰਪਨੀਆਂ ਨੂੰ ‘ਕਾਰਨ ਦੱਸੋ ਨੋਟਿਸ’ ਵੀ ਜਾਰੀ ਕੀਤਾ ਹੈ। ਜਿਹੜੀਆਂ ਕੰਪਨੀਆਂ ਦੇ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ, ਉਨ੍ਹਾਂ ’ਚ ਹਿਮਾਚਲ ਪ੍ਰਦੇਸ਼ ਦੀਆਂ 70, ਉੱਤਰਾਖੰਡ ਦੀਆਂ 45 ਅਤੇ ਮੱਧ ਪ੍ਰਦੇਸ਼ ਦੀਆਂ 23 ਕੰਪਨੀਆਂ ਸ਼ਾਮਲ ਹਨ।

ਹਾਲ ਹੀ ’ਚ ਅਮਰੀਕਾ ਦੇ ‘ਸੈਂਟਰਸ ਫਾਰ ਡਿਜ਼ੀਜ਼ ਕੰਟ੍ਰੋਲ ਐਂਡ ਪ੍ਰੀਵੈਂਸ਼ਨ’ (ਸੀ. ਡੀ. ਸੀ.) ਨੇ ਪੱਛਮੀ ਅਫਰੀਕੀ ਦੇਸ਼ ‘ਗਾਂਬੀਆ’ ’ਚ ਬੀਤੇ ਸਾਲ ਬੱਚਿਆਂ ਦੀਆਂ ਮੌਤਾਂ ਅਤੇ ਭਾਰਤ ’ਚ ਬਣੇ ਕਫ ਿਸਰਪ ਦੇ ਦਰਮਿਆਨ ਡੂੰਘੇ ਸਬੰਧ ਦੀ ਗੱਲ ਕਹੀ ਸੀ। ਉਜ਼ਬੇਕਿਸਤਾਨ ਨੇ ਵੀ ਘਟੀਆ ਕਫ ਸਿਰਪ ਨੂੰ ਲੈ ਕੇ ਇਕ ਭਾਰਤੀ ਦਵਾਈ ਕੰਪਨੀ ’ਤੇ ਗੜਬੜੀ ਦੇ ਦੋਸ਼ ਲਾਏ ਸਨ। ਇਸੇ ਤਰ੍ਹਾਂ ਅਮਰੀਕਾ ’ਚ ਭਾਰਤ ’ਚ ਬਣੇ ਆਈਡ੍ਰਾਪਸ ਦੀ ਵਰਤੋਂ ਨਾਲ ਪ੍ਰੇਸ਼ਾਨੀ ਦੀ ਸ਼ਿਕਾਇਤ ਵੀ ਮਿਲੀ ਸੀ।

ਇਹੀ ਨਹੀਂ, ਲਿਬਨਾਨ ਅਤੇ ਯਮਨ ਸਥਿਤ ਸਿਹਤ ਅਧਿਕਾਰੀਆਂ ਨੇ ਹੈਦਰਾਬਾਦ ਸਥਿਤ ਇਕ ਦਵਾਈ ਕੰਪਨੀ ਦੀ ਬਣਾਈ ਹੋਈ ਕੈਂਸਰ ਦੀ ਦਵਾਈ ਦੇ ਕੁਝ ਬੈਚਾਂ ’ਚ ਖਤਰਨਾਕ ਬੈਕਟੀਰੀਆ ਪਾਏ ਜਾਣ ਦੇ ਬਾਅਦ ਇਸ ਦੀ ਵਰਤੋਂ ਰੋਕ ਦਿੱਤੀ ਹੈ। ਲੋਕ ਦਵਾਈਆਂ ਦੀ ਵਰਤੋਂ ਸਾਹਾਂ ਦੀ ਰੱਖਿਆ ਲਈ ਕਰਦੇ ਹਨ, ਇਸ ਲਈ ਦਵਾਈ ਨਿਰਮਾਤਾਵਾਂ ਵੱਲੋਂ ਵੱਧ ਲਾਭ ਦੇ ਲਾਲਚ ’ਚ ਨਕਲੀ ਅਤੇ ਘਟੀਆ ਦਵਾਈਆਂ ਬਾਜ਼ਾਰ ’ਚ ਉਤਾਰ ਕੇ ਲੋਕਾਂ ਦੀ ਜਾਨ ਖਤਰੇ ’ਚ ਪਾਉਣੀ ਹੱਤਿਆ ਵਰਗੇ ਜੁਰਮ ਤੋਂ ਘੱਟ ਨਹੀਂ।

ਨਕਲੀ ਦਵਾਈਆਂ ਦੇ ਇਹ ਧੰਦੇਬਾਜ਼ ਨਾ ਸਿਰਫ ਧਨ ਦੇ ਲਾਲਚ ’ਚ ਲੋਕਾਂ ਦੀ ਜਾਨ ਨਾਲ ਖੇਡ ਰਹੇ ਹਨ, ਸਗੋਂ ਦੂਜੇ ਦੇਸ਼ਾਂ ’ਚ ਦੇਸ਼ ਦੀ ਬਦਨਾਮੀ ਦਾ ਕਾਰਨ ਵੀ ਬਣ ਰਹੇ ਹਨ। ਅਜਿਹੇ ਕਾਰਿਆਂ ’ਚ ਸ਼ਾਮਲ ਹੋਣ ਵਾਲੇ ਅਪਰਾਧੀਆਂ ਦੇ ਵਿਰੁੱਧ ਸਖਤ ਕਾਰਵਾਈ ਕਰ ਕੇ ਉਨ੍ਹਾਂ ਨੂੰ ਉਚਿਤ ਸਜ਼ਾ ਦੇਣ ਅਤੇ ਅਜਿਹੇ ਸਮਾਜ ਵਿਰੋਧੀ ਤੱਤਾਂ ਨੂੰ ਫੜਣ ਲਈ ਮੁਹਿੰਮ ਹੋਰ ਤੇਜ਼ ਕਰਨੀ ਚਾਹੀਦੀ ਹੈ।

- ਵਿਜੇ ਕੁਮਾਰ


Mandeep Singh

Content Editor

Related News