‘ਇਹ ਹੈ ਭਾਰਤ ਦੇਸ਼ ਹਮਾਰਾ’: ‘ਬੇਟੀਆਂ, ਭੈਣਾਂ, ਮਾਵਾਂ ’ਤੇ ਹਿੰਸਾ ਅਤੇ ਸੈਕਸ ਸ਼ੋਸ਼ਣ’

Wednesday, Aug 30, 2023 - 05:50 AM (IST)

‘ਇਹ ਹੈ ਭਾਰਤ ਦੇਸ਼ ਹਮਾਰਾ’: ‘ਬੇਟੀਆਂ, ਭੈਣਾਂ, ਮਾਵਾਂ ’ਤੇ ਹਿੰਸਾ ਅਤੇ ਸੈਕਸ ਸ਼ੋਸ਼ਣ’

ਅੱਜ ਅਸੀਂ ਆਪਣੇ ਉੱਚ ਸੰਸਕਾਰਾਂ, ਮਾਨਤਾਵਾਂ ਅਤੇ ਮਰਿਆਦਾਵਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ ਅਤੇ ਕੁਝ ਲੋਕ ਆਪਣੀਆਂ ਸ਼ਰਮਨਾਕ ਕਰਤੂਤਾਂ ਨਾਲ ਮਨੁੱਖਤਾ ਨੂੰ ਸ਼ਰਮਸਾਰ ਕਰ ਰਹੇ ਹਨ। ਇਸ ਦੀਆਂ ਸਿਰਫ 16 ਦਿਨਾਂ ਦੀਆਂ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :

* 28 ਅਗਸਤ ਨੂੰ ਬਟਾਲਾ (ਪੰਜਾਬ) ਦੇ ਕਸਬਾ ਡੇਰਾ ਬਾਬਾ ਨਾਨਕ ’ਚ ਮਾਮੂਲੀ ਤਕਰਾਰ ਨੂੰ ਲੈ ਕੇ ਅਰੁਣ ਕੁਮਾਰ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਰਮਾ ਨੂੰ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਮਾਰ ਦਿੱਤਾ।

* 27 ਅਗਸਤ ਨੂੰ ਖੂੰਟੀ (ਝਾਰਖੰਡ) ’ਚ ਸ਼ੰਕਰ ਪੁੰਡਾ ਨਾਂ ਦੇ ਨੌਜਵਾਨ ਨੇ ਕਿਸੇ ਗੱਲ ’ਤੇ ਝਗੜਾ ਹੋਣ ’ਤੇ ਆਪਣੀ ਮਾਂ ਕਿਰਪਾ ਦੇਵੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।

* 27 ਅਗਸਤ ਨੂੰ ਹੀ ਨਾਭਾ (ਪੰਜਾਬ) ਦੇ ਕਰਤਾਰਪੁਰਾ ਮੁਹੱਲੇ ’ਚ ਸੰਜੀਵ ਕੁਮਾਰ ਨਾਂ ਦੇ ਨੌਜਵਾਨ ਨੇ ਆਪਣੀ ਭਾਬੀ ਸੁਨੀਤਾ ਰਾਣੀ ਦੇ ਚਰਿੱਤਰ ’ਤੇ ਸ਼ੱਕ ਕਾਰਨ ਉਸ ’ਤੇ ਚਾਕੂਆਂ ਨਾਲ ਵਾਰ ਕਰਨ ਪਿੱਛੋਂ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ।

* 27 ਅਗਸਤ ਨੂੰ ਹੀ ਮੁਜ਼ੱਫਰਨਗਰ (ਉੱਤਰ ਪ੍ਰਦੇਸ਼) ’ਚ 8 ਮਹੀਨੇ ਦੀ ਗਰਭਵਤੀ 19 ਸਾਲਾ ਲੜਕੀ ਦੀ ਉਸ ਦੇ ਮਾਂ-ਬਾਪ ਨੇ ਗਲਾ ਘੁੱਟ ਕੇ ਇਸ ਲਈ ਹੱਤਿਆ ਕਰ ਦਿੱਤੀ ਕਿਉਂਕਿ ਉਸ ਨੇ ਉਨ੍ਹਾਂ ਦੇ ਕਹੇ ਅਨੁਸਾਰ ਗਵਾਹੀ ਦੇਣ ਤੋਂ ਨਾਂਹ ਕਰ ਦਿੱਤੀ ਸੀ।

* 27 ਅਗਸਤ ਨੂੰ ਹੀ ਸਾਂਬਾ (ਜੰਮੂ-ਕਸ਼ਮੀਰ) ’ਚ ਰਾਜੇਸ਼ ਨਾਂ ਦੇ ਵਿਅਕਤੀ ਨੂੰ ਆਪਣੀ 17 ਸਾਲਾ ਬੇਟੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ।

* 26 ਅਗਸਤ ਨੂੰ ਦਿੱਲੀ ਦੇ ਆਦਰਸ਼ ਨਗਰ ’ਚ ਆਪਸੀ ਝਗੜੇ ਪਿੱਛੋਂ ਸੀ.ਆਰ.ਪੀ.ਐੱਫ ਦੀ ਇਕ ਹੈੱਡ ਕਾਂਸਟੇਬਲ ਦਾ ਉਸ ਦੇ ਪਤੀ ਨੇ ਬੇਹੋਸ਼ ਕਰ ਕੇ ਹੱਥ ਕੱਟ ਦਿੱਤਾ।

* 26 ਅਗਸਤ ਨੂੰ ਹੀ ਸਤਨਾ (ਮੱਧ ਪ੍ਰਦੇਸ਼) ਦੇ ਅਮਰਪਾਟਨ ’ਚ ਇਕ ਨੌਜਵਾਨ ਨੇ ਆਪਣੀ ਮਾਂ ਵੱਲੋਂ ਉਸ ਨੂੰ ਪੈਨਸ਼ਨ ਦੇ ਪੈਸੇ ਦੇਣ ਤੋਂ ਨਾਂਹ ਕਰਨ ’ਤੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਨੂੰ ਜ਼ਮੀਨ ’ਤੇ ਘੜੀਸਿਆ ਜਿਸ ਨਾਲ ਉਸ ਦੀ ਮੌਤ ਹੋ ਗਈ।

* 25 ਅਗਸਤ ਨੂੰ ਜਲੰਧਰ (ਪੰਜਾਬ) ਦੀ ਇਕ ਅਦਾਲਤ ਨੇ ਆਪਣੀ ਵਿਧਵਾ ਮਾਂ ਨਾਲ ਛੇ਼ੜਖਾਨੀ ਕਰਨ ਦੇ ਦੋਸ਼ ’ਚ ਬੇਟੇ ਭੁਪਿੰਦਰ ਸਿੰਘ ਉਰਫ ਢਿੱਲੂ ਨੂੰ ਡੇਢ ਸਾਲ ਕੈਦ ਅਤੇ 10,000 ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਸੁਣਾਇਆ।

* 25 ਅਗਸਤ ਨੂੰ ਹੀ ਚੁਰੂ (ਰਾਜਸਥਾਨ) ’ਚ ਇਕ ਹੈਵਾਨ ਪਿਤਾ ਵਿਰੁੱਧ ਆਪਣੀ ਨਾਬਾਲਿਗ ਧੀ ਨਾਲ ਜਬਰ-ਜ਼ਨਾਹ ਕਰ ਕੇ ਉਸ ਨੂੰ ਗਰਭਵਤੀ ਕਰਨ ਅਤੇ ਫਿਰ ਗੋਲੀਆਂ ਖੁਆ ਕੇ ਗਰਭਪਾਤ ਕਰਵਾਉਣ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ।

ਦੋਸ਼ ਹੈ ਕਿ ਕਲਯੁਗੀ ਪਿਤਾ ਨੇ ਆਪਣੀ ਪਤਨੀ ਦੀ ਮੌਤ ਦੇ 15 ਦਿਨ ਬਾਅਦ ਹੀ ਆਪਣੀ ਸਕੀ ਧੀ ਨਾਲ ਕੁੱਟਮਾਰ ਅਤੇ ਜਬਰ-ਜ਼ਨਾਹ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਵਿਰੋਧ ਕਰਨ ’ਤੇ ਜਾਨ ਤੋਂ ਮਾਰਨ ਦੀ ਧਮਕੀ ਦਿੰਦਾ ਸੀ।

* 24 ਅਗਸਤ ਨੂੰ ਰਾਜਾਸਾਂਸੀ (ਪੰਜਾਬ) ਦੇ ਪਿੰਡ ਬੱਲ ਸਚੰਦਰ ’ਚ 8 ਸਾਲਾ ਬੱਚੇ ਨੂੰ ਉਸ ਦੇ ਨਾਨਾ ਨੇ ਘਰੇਲੂ ਝਗੜੇ ਕਾਰਨ ਨਹਿਰ ’ਚ ਧੱਕਾ ਦੇ ਕੇ ਮਾਰ ਦਿੱਤਾ।

* 24 ਅਗਸਤ ਨੂੰ ਹੀ ਫਿਰੋਜ਼ਪੁਰ (ਪੰਜਾਬ) ਦੇ ਪਿੰਡ ਮੱਲਾਂਵਾਲਾ ਰੋਡ ’ਤੇ ਮੜੀਆਂਵਾਲਾ ਖੂਹ ਦੇ ਨੇੜੇ ਖੇਤ ’ਚ ਪਾਣੀ ਆ ਜਾਣ ’ਤੇ ਗੁੱਸੇ ’ਚ ਆਏ ਭਤੀਜੇ ਨੇ ਪਹਿਲਾਂ ਤਾਂ ਆਪਣੇ ਚਾਚਾ ਨਿਰੰਜਣ ਸਿੰਘ ਨਾਲ ਬਦਸਲੂਕੀ ਕੀਤੀ ਅਤੇ ਫਿਰ ਉਸ ਦੇ ਸਿਰ ’ਤੇ ਕੁਹਾੜੀ ਨਾਲ ਵਾਰ ਕਰ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ।

* 22 ਅਗਸਤ ਨੂੰ ਊਧਮ ਸਿੰਘ ਨਗਰ (ਉੱਤਰਾਖੰਡ) ਦੇ ਬਾਜਪੁਰ ਖੇਤਰ ’ਚ ਇਕ ਵਿਅਕਤੀ ਨੂੰ ਆਪਣੀ 13 ਸਾਲਾ ਨਾਬਾਲਿਗ ਧੀ ਨਾਲ ਜਬਰ-ਜ਼ਨਾਹ ਕਰ ਕੇ ਉਸ ਨੂੰ ਗਰਭਵਤੀ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ।

* 22 ਅਗਸਤ ਨੂੰ ਹੀ ਖੰਨਾ (ਪੰਜਾਬ) ਦੇ ਪਿੰਡ ਜਲਾਜਣ ’ਚ ਇਕ ਵਿਅਕਤੀ ਨੂੰ ਆਪਣੀ ਨੂੰਹ ਨਾਲ ਅਸ਼ਲੀਲ ਹਰਕਤਾਂ ਕਰ ਕੇ ਉਸ ਨਾਲ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਉਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

* 22 ਅਗਸਤ ਨੂੰ ਹੀ ਹਿਸਾਰ (ਹਰਿਆਣਾ) ਦੀ ਅਦਾਲਤ ਨੇ ਆਪਣੀ ਨਾਬਾਲਿਗ ਧੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਇਕ 50 ਸਾਲਾ ਵਿਅਕਤੀ ਨੂੰ 25 ਸਾਲ ਕੈਦ ਤੋਂ ਇਲਾਵਾ 25 ,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।

* 22 ਅਗਸਤ ਨੂੰ ਹੀ ਪਾਲਘਰ (ਮਹਾਰਾਸ਼ਟਰ) ਜ਼ਿਲੇ ਦੀ ਵਸਈ ਬਸਤੀ ਦੇ ਪੈਰੋਲ ਇਲਾਕੇ ’ਚ ਇਕ ਨਾਬਾਲਿਗ ਨੇ ਆਪਣੀ ਮਾਂ ਨੂੰ ਮੋਬਾਇਲ ਫੋਨ ’ਤੇ ਕਿਸੇ ਨੂੰ ਮੈਸੇਜ ਕਰਦੇ ਦੇਖ ਉਸ ਦੇ ਚਰਿੱਤਰ ’ਤੇ ਸ਼ੱਕ ’ਚ ਕੁਹਾੜੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।

* 12 ਅਗਸਤ ਨੂੰ ਕਾਨਪੁਰ (ਉਤਰ ਪ੍ਰਦੇਸ਼) ’ਚ ਭਰਾ-ਭੈਣ ਦੇ ਰਿਸ਼ਤੇ ਨੂੰ ਤਾਰ-ਤਾਰ ਕਰਨ ਵਾਲੀ ਇਕ ਘਟਨਾ ’ਚ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਇਕ ਲੜਕੀ ਨੇ ਆਪਣੇ ਭਰਾ ’ਤੇ ਉਸ ਨਾਲ ਵਾਰ-ਵਾਰ ਜਬਰ-ਜ਼ਨਾਹ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ ਦੀ ਮਾਂ ਨੂੰ ਇਸ ਦੀ ਜਾਣਕਾਰੀ ਹੋਣ ਦੇ ਬਾਵਜੂਦ ਮਾਂ ਭਰਾ ਨੂੰ ਅਜਿਹਾ ਕਰਨ ਤੋਂ ਨਹੀਂ ਰੋਕਦੀ ਅਤੇ ਉਲਟਾ ਉਸ ਨੂੰ ਹੀ ਚੁੱਪ ਰਹਿਣ ਲਈ ਕਹਿੰਦੀ ਹੈ।

ਉਕਤ ਘਟਨਾਵਾਂ ਸਬੂਤ ਹਨ ਕਿ ਅੱਜ ਅਸੀਂ ਆਪਣੀਆਂ ਉੱਚ ਕੀਮਤਾਂ ਤੋਂ ਕਿਸ ਤਰ੍ਹਾਂ ਹੇਠਾਂ ਡਿੱਗ ਗਏ ਹਾਂ ਅਤੇ ਰਿਸ਼ਤੇ ਕਿਸ ਤਰ੍ਹਾਂ ਤਾਰ-ਤਾਰ ਕੀਤੇ ਜਾ ਰਹੇ ਹਨ? ਇਸ ਲਈ ਬੁਰਾਈ ਨੂੰ ਰੋਕਣ ਲਈ ਅਜਿਹਾ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

- ਵਿਜੇ ਕੁਮਾਰ


author

Anmol Tagra

Content Editor

Related News