ਅੱਤਵਾਦੀ ਹਮਲੇ ਵਿਰੁੱਧ ਦੇਸ਼ਵਾਸੀਆਂ ''ਚ ਰੋਹ ਅਤੇ ਗੁੱਸਾ ਜਾਰੀ

02/17/2019 5:35:35 AM

14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਪਾਕਿਸਤਾਨ ਤੋਂ ਸਮਰਥਨ ਪ੍ਰਾਪਤ ਅੱਤਵਾਦੀਆਂ ਦੇ ਕਾਇਰਤਾ ਭਰੇ ਹਮਲੇ 'ਚ ਸੀ. ਆਰ. ਪੀ. ਐੱਫ. ਦੇ 44 ਜਵਾਨਾਂ ਦੀ ਸ਼ਹਾਦਤ ਅਤੇ 22 ਜਵਾਨਾਂ ਦੇ ਜ਼ਖ਼ਮੀ ਹੋਣ ਨਾਲ ਦੇਸ਼ਵਾਸੀਆਂ ਦਾ ਹਿਰਦਾ ਛਲਣੀ ਹੋ ਗਿਆ ਹੈ। 
ਅੱਜ ਸਮੁੱਚਾ ਦੇਸ਼ ਭਾਰੀ ਰੋਹ ਅਤੇ ਗੁੱਸੇ 'ਚ ਹੈ ਅਤੇ ਦੇਸ਼ ਦੇ ਕੋਨੇ-ਕੋਨੇ 'ਚ ਇਕ ਸੁਰ 'ਚ ਲੋਕ ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਮੰਗ 'ਤੇ ਜ਼ੋਰ ਦੇਣ ਲਈ ਉੱਠ ਖੜ੍ਹੇ ਹੋਏ ਹਨ। 
15 ਅਤੇ 16 ਫਰਵਰੀ ਨੂੰ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ 20 ਤੋਂ ਜ਼ਿਆਦਾ ਸੂਬਿਆਂ 'ਚ ਲੋਕਾਂ ਨੇ ਇਮਰਾਨ ਖਾਨ ਦੇ ਪੋਸਟਰ ਅਤੇ ਪਾਕਿਸਤਾਨ ਦੇ ਝੰਡੇ ਸਾੜ ਕੇ ਤੇ ਟਰੈਫਿਕ ਰੋਕ ਕੇ ਆਪਣਾ ਵਿਰੋਧ ਜ਼ਾਹਿਰ ਕੀਤਾ। ਲੋਕਾਂ ਨੇ ਕੈਂਡਲ ਮਾਰਚ ਕੱਢ ਕੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ। 
ਸਮੁੱਚੇ ਦੇਸ਼ ਦੇ ਲੋਕ ਪੁਲਵਾਮਾ ਦੇ ਸ਼ਹੀਦਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਇਕੱਠੇ ਹੋ ਗਏ ਹਨ ਅਤੇ ਵੱਖ-ਵੱਖ  ਸੂਬਿਆਂ ਦੀਆਂ ਸਰਕਾਰਾਂ ਨੇ ਵੀ ਆਪਣੇ ਸ਼ਹੀਦ ਜਵਾਨਾਂ ਦੇ  ਪਰਿਵਾਰਾਂ  ਨੂੰ ਸਹਾਇਤਾ ਦੇਣ ਦੇ ਐਲਾਨ ਕੀਤੇ ਹਨ।
ਆਪਣੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਮਹਾਰਾਸ਼ਟਰ ਸਰਕਾਰ ਨੇ 50-50 ਲੱਖ ਰੁਪਏ, ਉੱਤਰ ਪ੍ਰਦੇਸ਼ ਸਰਕਾਰ ਨੇ 25-25 ਲੱਖ ਰੁਪਏ ਅਤੇ ਪਰਿਵਾਰ ਦੇ ਇਕ-ਇਕ ਮੈਂਬਰ ਨੂੰ ਨੌਕਰੀ, ਉੱਤਰਾਖੰਡ ਨੇ 25-25 ਲੱਖ  ਰੁਪਏ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਨੇ 20 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਤਾਮਿਲਨਾਡੂ ਸਰਕਾਰ ਨੇ 20-20 ਲੱਖ ਰੁਪਏ ਅਤੇ ਪੰਜਾਬ ਸਰਕਾਰ ਨੇ 12-12 ਲੱਖ ਰੁਪਏ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਹੈ। 
ਇਸ ਤੋਂ ਇਲਾਵਾ ਸੀ. ਆਰ. ਪੀ. ਐੱਫ. ਨਿਯਮਾਂ ਮੁਤਾਬਿਕ ਸਹਾਇਤਾ ਦੇਵੇਗੀ, ਜੋ ਲੱਗਭਗ 1 ਕਰੋੜ ਰੁਪਏ ਹਰੇਕ ਸ਼ਹੀਦ ਲਈ ਬਣਦੀ ਹੈ ਪਰ ਜੋ ਕੀਮਤੀ ਜਾਨਾਂ ਚਲੀਆਂ ਗਈਆਂ ਹਨ, ਉਨ੍ਹਾਂ ਦੇ ਮੁਕਾਬਲੇ ਇਸ ਰਕਮ ਦੀ ਕੀਮਤ ਹੀ ਕੀ ਹੈ?
ਇਸ ਅੱਤਵਾਦੀ ਹਮਲੇ ਵਿਰੁੱਧ ਰੋਸ ਵਜੋਂ ਦੁਨੀਆ ਦੇ 50 ਦੇਸ਼ ਭਾਰਤ ਨਾਲ ਖੜ੍ਹੇ ਹੋ ਗਏ ਹਨ। ਇਸੇ ਸਿਲਸਿਲੇ 'ਚ 15 ਫਰਵਰੀ ਨੂੰ ਰੂਸ, ਸਵੀਡਨ, ਜਰਮਨੀ, ਇੰਗਲੈਂਡ, ਆਸਟ੍ਰੇਲੀਆ, ਫਰਾਂਸ, ਸਪੇਨ ਆਦਿ 25 ਦੇਸ਼ਾਂ ਦੇ ਰਾਜਦੂਤਾਂ ਨੇ ਵਿਦੇਸ਼ ਮੰਤਰਾਲੇ 'ਚ ਪਹੁੰਚ ਕੇ ਇਸ ਘਟਨਾ ਵਿਰੁੱਧ ਭਾਰਤ ਸਰਕਾਰ ਨੂੰ ਆਪਣੀ ਹਮਾਇਤ ਦਿੱਤੀ ਹੈ। ਰੂਸ ਦੇ ਰਾਸ਼ਟਰਪਤੀ ਪੁਤਿਨ, ਇਸਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਅਤੇ ਸਾਊਦੀ ਅਰਬ ਤੇ ਸ਼੍ਰੀਲੰਕਾ ਦੇ ਰਾਸ਼ਟਰ ਮੁਖੀਆਂ ਨੇ ਫੋਨ 'ਤੇ ਅਫਸੋਸ ਪ੍ਰਗਟਾਇਆ ਹੈ। 
ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਇਸ ਨੂੰ ਕਾਇਰਤਾ ਭਰਿਆ ਹਮਲਾ ਕਰਾਰ ਦਿੰਦਿਆਂ ਕਿਹਾ ਕਿ ''ਕੋਈ ਦੇਸ਼ ਅੱਤਵਾਦ ਨੂੰ ਪਨਾਹ ਨਾ ਦੇਵੇ। ਭਾਰਤ ਨੂੰ ਜਦੋਂ ਵੀ ਕਿਸੇ ਸਹਾਇਤਾ ਦੀ ਲੋੜ ਹੋਵੇਗੀ, ਅਮਰੀਕਾ ਹਮੇਸ਼ਾ ਇਸ ਦੇ ਨਾਲ ਖੜ੍ਹਾ ਹੋਵੇਗਾ।''
ਇਕ ਪਾਸੇ ਜ਼ਿਆਦਾਤਰ ਵਿਸ਼ਵ ਭਾਈਚਾਰਾ ਇਸ ਅੱਤਵਾਦੀ ਹਮਲੇ ਵਿਰੁੱਧ ਭਾਰਤ ਨਾਲ ਬੇਮਿਸਾਲ ਇਕਜੁੱਟਤਾ ਅਤੇ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟਾ ਰਿਹਾ ਹੈ, ਤਾਂ ਦੂਜੇ ਪਾਸੇ ਸ਼੍ਰੀਨਗਰ ਦੇ ਕੁਝ ਇਲਾਕਿਆਂ 'ਚ ਇਕ ਭਾਈਚਾਰੇ ਦੇ ਲੋਕਾਂ ਨੇ 'ਬੰਦ' ਦੌਰਾਨ ਆਪਣੀਆਂ ਦੁਕਾਨਾਂ ਖੁੱਲ੍ਹੀਆਂ ਰੱਖ ਕੇ, ਪਟਾਕੇ ਚਲਾ ਕੇ, ਜਸ਼ਨ ਮਨਾ ਕੇ ਅਤੇ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਾ ਕੇ ਦੇਸ਼ਵਾਸੀਆਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਿਆ ਹੈ। 
ਇਹੋ ਨਹੀਂ, ਭਾਰਤ ਦੇ ਹੋਰਨਾਂ ਹਿੱਸਿਆਂ 'ਚ ਰਹਿ ਰਹੇ ਕੁਝ ਕਸ਼ਮੀਰੀ ਨੌਜਵਾਨਾਂ ਨੇ ਵੀ ਇਸ ਹਮਲੇ 'ਤੇ ਖੁਸ਼ੀ ਜ਼ਾਹਿਰ ਕਰ ਕੇ ਘੋਰ ਇਤਰਾਜ਼ਯੋਗ ਕੰਮ ਕੀਤਾ ਹੈ। ਦੇਹਰਾਦੂਨ 'ਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਕੈਸਰ ਰਸ਼ੀਦ ਨੇ ਬੇਹੱਦ ਇਤਰਾਜ਼ਯੋਗ ਟਿੱਪਣੀ ਕਰਦਿਆਂ ਆਪਣੇ ਫੇਸਬੁੱਕ ਅਕਾਊਂਟ 'ਤੇ ਪੋਸਟ ਕੀਤਾ ਕਿ ''ਹੈਪੀ ਟੁਡੇ, ਅੱਜ ਤਾਂ ਚਿਕਨ ਦਾ ਡਿਨਰ ਹੋ ਗਿਆ।''
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀ ਬਾਸਿਮ ਹਿਲਾਲ ਨੇ ਖੁਸ਼ੀ ਪ੍ਰਗਟਾਉਂਦਿਆਂ 'ਹਾਓ'ਜ਼ ਦਿ ਜੈਸ਼ ਗ੍ਰੇਟ ਸਰ' ਇਤਰਾਜ਼ਯੋਗ ਟਵੀਟ ਕੀਤਾ ਹੈ। 
ਇਸੇ ਤਰ੍ਹਾਂ ਮੁਰਾਦਾਬਾਦ ਦੇ ਐੱਮ. ਆਈ. ਟੀ. 'ਚ ਪੜ੍ਹਨ ਵਾਲੇ ਇਕ ਕਸ਼ਮੀਰੀ ਵਿਦਿਆਰਥੀ ਨੇ ਆਪਣੇ ਵ੍ਹਟਸਐਪ ਸਟੇਟਸ 'ਚ ਲਿਖਿਆ 'ਪਾਕਿਸਤਾਨ ਜ਼ਿੰਦਾਬਾਦ', ਜਿਸ ਤੋਂ ਬਾਅਦ ਐੱਮ. ਆਈ. ਟੀ. ਕੰਪਲੈਕਸ 'ਚ ਹੰਗਾਮਾ ਮਚ ਗਿਆ ਹੈ। 
ਜੰਮੂ-ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ ਤੇ ਹਮੇਸ਼ਾ ਹੀ ਰਹੇਗਾ। ਜਦੋਂ ਕਦੇ ਵੀ ਹੜ੍ਹ ਜਾਂ ਹੋਰ ਕੋਈ ਆਫਤ ਆਉਂਦੀ ਹੈ ਤਾਂ ਕੇਂਦਰ ਦੀਆਂ ਸਰਕਾਰਾਂ ਤੇ ਬਾਕੀ ਦੇਸ਼ਵਾਸੀਆਂ ਨੇ ਅੱਗੇ ਵਧ ਕੇ ਆਪਣੇ ਕਸ਼ਮੀਰੀ ਭੈਣਾਂ-ਭਰਾਵਾਂ ਦੀ ਸਹਾਇਤਾ ਕੀਤੀ ਹੈ। 
ਅਜਿਹੀ ਸਥਿਤੀ 'ਚ ਪਾਕਿਸਤਾਨ ਅਤੇ ਉਸ ਦੇ ਸਮਰਥਨ ਵਾਲੇ ਕਸ਼ਮੀਰੀ ਵੱਖਵਾਦੀਆਂ ਦੇ ਉਕਸਾਉਣ 'ਤੇ ਅੱਤਵਾਦੀਆਂ ਤੇ ਪੱਥਰਬਾਜ਼ ਨੌਜਵਾਨਾਂ ਵਲੋਂ ਆਪਣੇ ਹੀ ਭੈਣਾਂ-ਭਰਾਵਾਂ ਦੀ ਹੱਤਿਆ ਜਾਂ ਸੁਰੱਖਿਆ ਬਲਾਂ 'ਤੇ ਹਮਲੇ ਕਰਨਾ ਘੋਰ ਨਿੰਦਣਯੋਗ ਅਤੇ ਨਾਕਾਬਿਲੇ-ਮੁਆਫੀ ਹੈ। 
ਅੱਜ ਜਦੋਂ ਸਮੁੱਚਾ ਦੇਸ਼ ਸੀ. ਆਰ. ਪੀ. ਐੱਫ. ਦੇ ਜਵਾਨਾਂ ਦੀ ਅੱਤਵਾਦੀਆਂ ਵਲੋਂ ਹੱਤਿਆ ਨੂੰ ਲੈ ਕੇ ਭਾਰੀ ਰੋਹ ਅਤੇ ਗੁੱਸੇ 'ਚ ਹੈ, ਇਕ ਛੋਟੇ ਜਿਹੇ ਵਰਗ ਵਲੋਂ ਅੱਤਵਾਦੀਆਂ ਦੀ ਕਰਤੂਤ ਦੇ ਸਮਰਥਨ ਨੂੰ ਕਿਸੇ ਵੀ ਨਜ਼ਰੀਏ ਤੋਂ ਜਾਇਜ਼ ਨਹੀਂ ਕਿਹਾ ਜਾ ਸਕਦਾ। ਭਾਰਤ ਦਾ ਖਾ ਕੇ ਦੁਸ਼ਮਣਾਂ ਦੇ ਗਲਤ ਕੰਮ ਨੂੰ ਸਹੀ ਠਹਿਰਾਉਣ ਵਾਲਿਆਂ ਨੂੰ ਆਖਿਰ ਦੇਸ਼ਧ੍ਰੋਹੀ ਨਹੀਂ ਤਾਂ ਹੋਰ ਕੀ ਕਿਹਾ ਜਾਵੇ!                        
                                                                                                                                                                                                                                                                                                      –ਵਿਜੇ ਕੁਮਾਰ


KamalJeet Singh

Content Editor

Related News