ਮਾਓਵਾਦੀ ਹਿੰਸਾ ਲਗਾਤਾਰ ਜਾਰੀ ਸਰਕਾਰ ਫੌਜ ਲਗਾ ਕੇ ਇਸ ਨੂੰ ਕਾਬੂ ਕਰੇ

07/20/2016 1:52:26 AM

ਮਾਓਵਾਦੀ ਦੇਸ਼ ਲਈ ਕਿੰਨਾ ਵੱਡਾ ਖਤਰਾ ਬਣ ਚੁੱਕੇ ਹਨ, ਇਸ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਸਿਰਫ ਸੰਨ 2015 ਵਿਚ ਹੀ ਇਨ੍ਹਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹਿੰਸਾ ਦੀਆਂ 1088 ਵਾਰਦਾਤਾਂ ਕੀਤੀਆਂ, ਜਿਨ੍ਹਾਂ ਵਿਚ 226 ਵਿਅਕਤੀਆਂ ਦੀਆਂ ਜਾਨਾਂ ਗਈਆਂ।


ਇਸ ਸਮੇਂ ਮਾਓਵਾਦੀ ਗਿਰੋਹ ਨਾ ਸਿਰਫ ਸਰਕਾਰ ਵਿਰੁੱਧ ਅਸਿੱਧੀ ਲੜਾਈ ਵਿਚ ਲੱਗੇ ਹੋਏ ਹਨ ਸਗੋਂ ਕੰਗਾਰੂ ਅਦਾਲਤਾਂ ਲਗਾ ਕੇ ਮਨਮਰਜ਼ੀ ਨਾਲ ਫੈਸਲੇ ਵੀ ਸੁਣਾ ਰਹੇ ਹਨ। ਇਹ ਲੋਕਾਂ ਤੋਂ ਜ਼ਬਰਦਸਤੀ ਵਸੂਲੀ, ਲੁੱਟ-ਖੋਹ ਤੇ ਹੱਤਿਆਵਾਂ ਵੀ ਕਰ ਰਹੇ ਹਨ, ਜਿਸ ਦੀ ਸਭ ਤੋਂ ਵੱਧ ਮਾਰ ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਓਡਿਸ਼ਾ, ਝਾਰਖੰਡ ਤੇ ਬਿਹਾਰ ਝੱਲ ਰਹੇ ਹਨ। 
ਹੁਣੇ-ਹੁਣੇ ਸੰਸਦ ਦੀ ਇਕ ਸਥਾਈ ਕਮੇਟੀ ਦੀ ਰਿਪੋਰਟ ਵਿਚ ਦੱਸਿਆ ਗਿਆ ਕਿ ਦੇਸ਼ ਵਿਚ 10 ਸੂਬਿਆਂ ਦੇ 106 ਜ਼ਿਲਿਆਂ ਨੂੰ ਇਨ੍ਹਾਂ ਨੇ ਆਪਣੀ ਲਪੇਟ ਵਿਚ ਲਿਆ ਹੋਇਆ ਹੈ, ਜਿਨ੍ਹਾਂ ਵਿਚੋਂ 35 ਜ਼ਿਲੇ ਤਾਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਇਨ੍ਹਾਂ ਦੀ ਹਿੰਸਾ ਕਾਰਨ ਸਿਰਫ 20 ਦਿਨਾਂ ਵਿਚ 6 ਸਿਵਲੀਅਨਾਂ ਅਤੇ ਸੁਰੱਖਿਆ ਬਲਾਂ ਦੇ 10 ਜਵਾਨਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ :
* 29 ਜੂਨ ਨੂੰ ਮਾਓਵਾਦੀਆਂ ਨੇ ਛੱਤੀਸਗੜ੍ਹ ਦੇ ਕਾਂਕੇਰ ਜ਼ਿਲੇ ਵਿਚ ਪੁਲਸ ਦਾ ਸੂਹੀਆ ਹੋਣ ਦੇ ਸ਼ੱਕ ਵਿਚ ਇਕ ਵਿਅਕਤੀ ਦੀ ਹੱਤਿਆ ਕਰ ਦਿੱਤੀ।
* 9 ਜੁਲਾਈ ਨੂੰ ਓਡਿਸ਼ਾ ਦੇ ਗੁਮੁਤਮਹਾ ਵਿਚ 2 ਔਰਤਾਂ ਤੇ ਇਕ ਬੱਚੇ ਸਮੇਤ ਘੱਟੋ-ਘੱਟ 5 ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾਇਆ।
ਅਤੇ ਹੁਣ 18 ਜੁਲਾਈ ਨੂੰ ਬਿਹਾਰ ਵਿਚ ਸੀਰੀਅਲ ਆਈ. ਈ. ਡੀ.  ਧਮਾਕਿਆਂ ਵਿਚ ਸੀ. ਆਰ. ਪੀ. ਐੱਫ. ਦੀ ਕੋਬਰਾ ਕਮਾਂਡੋ ਦੇ 8 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ।
ਇਨ੍ਹਾਂ ਦੀਆਂ ਸਰਗਰਮੀਆਂ ਦਾ ਲਗਾਤਾਰ ਜਾਰੀ ਰਹਿਣਾ ਭਾਰਤੀ ਸੁਰੱਖਿਆ ਬਲਾਂ ਦੀ ਭੁੱਲ ਅਤੇ ਸਾਡੇ ਰਣਨੀਤੀ-ਘਾੜਿਆਂ ਦੀਆਂ ਢਿੱਲੀਆਂ-ਮੱਠੀਆਂ ਨੀਤੀਆਂ ਦਾ ਹੀ ਨਤੀਜਾ ਹੈ। ਜ਼ਿਆਦਾਤਰ ਮਾਓਵਾਦ ਪੀੜਤ ਇਲਾਕੇ ਵਿਕਾਸ ਤੋਂ ਦੂਰ ਹਨ।
ਸਥਾਨਕ ਲੋਕਾਂ ਦੇ ਪੱਛੜੇਪਣ, ਗਰੀਬੀ, ਅਨਪੜ੍ਹਤਾ, ਅਗਿਆਨਤਾ ਅਤੇ ਸਹੂਲਤਾਂ ਦੀ ਘਾਟ ਦਾ ਲਾਭ ਉਠਾਉਂਦਿਆਂ ਉਥੇ ਸਰਗਰਮ ਮਾਓਵਾਦੀ ਫੁਸਲਾ ਕੇ ਉਨ੍ਹਾਂ ਨੂੰ ਪਹਿਲਾਂ ਤਾਂ ਆਪਣੇ ਗਿਰੋਹਾਂ ਵਿਚ ਸ਼ਾਮਲ ਕਰ ਲੈਂਦੇ ਹਨ ਤੇ ਫਿਰ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ, ਜਿਨ੍ਹਾਂ ਵਿਚ ਔਰਤਾਂ ਦਾ ਸਰੀਰਕ ਸ਼ੋਸ਼ਣ ਵੀ ਸ਼ਾਮਲ ਹੈ।
ਇਸ ਲਈ ਦੇਸ਼ ਨੂੰ ਇਨ੍ਹਾਂ ਦੇ ਲਗਾਤਾਰ ਵਧ ਰਹੇ ਖਤਰੇ ਤੋਂ ਮੁਕਤ ਕਰਵਾਉਣ ਲਈ ਮਾਓਵਾਦ ਪੀੜਤ ਇਲਾਕਿਆਂ ਵਿਚ ਵਿਕਾਸ ਦੀ ਰਫਤਾਰ ਤੇਜ਼ ਕਰਨ ਤੇ ਇਨ੍ਹਾਂ ਵਿਰੁੱਧ ਉਸੇ ਤਰ੍ਹਾਂ ਫੌਜੀ ਕਾਰਵਾਈ ਕਰਨ ਦੀ ਲੋੜ ਹੈ, ਜਿਸ ਤਰ੍ਹਾਂ ਸ਼੍ਰੀਲੰਕਾ ਸਰਕਾਰ ਨੇ ਲਿੱਟੇ ਅੱਤਵਾਦੀਆਂ ਵਿਰੁੱਧ ਕਾਰਵਾਈ ਕਰ ਕੇ 6 ਮਹੀਨਿਆਂ ਵਿਚ ਹੀ ਆਪਣੇ ਦੇਸ਼ ''ਚੋਂ ਉਨ੍ਹਾਂ ਦਾ ਸਫਾਇਆ ਕਰ ਦਿੱਤਾ ਸੀ।                                              
-ਵਿਜੇ ਕੁਮਾਰ

 


Vijay Kumar Chopra

Chief Editor

Related News