ਸਮਾਜ ਭਲਾਈ ਦੇ ਕਾਰਜਾਂ ’ਚ ‘ਕਿੰਨਰ ਭਾਈਚਾਰਾ ਦੇ ਰਿਹਾ ਯੋਗਦਾਨ’
Sunday, Sep 25, 2022 - 03:14 AM (IST)
ਇਕ ਅੰਦਾਜ਼ੇ ਦੇ ਅਨੁਸਾਰ ਦੇਸ਼ ’ਚ ਇਕ ਕਰੋੜ ਦੇ ਲਗਭਗ ਕਿੰਨਰ ਹਨ। ਲੋਕਾਂ ਦੇ ਇੱਥੇ ਪੁੱਤਰ ਦੇ ਜਨਮ ਜਾਂ ਵਿਆਹ-ਸ਼ਾਦੀ ’ਤੇ ਨੱਚ-ਗਾ ਕੇ ਵਧਾਈ ਦੇਣ ਅਤੇ ਉਨ੍ਹਾਂ ਕੋਲੋਂ ਮਿਲਣ ਵਾਲੀ ‘ਬਖਸ਼ੀਸ਼’ ਦੇ ਸਹਾਰੇ ਜ਼ਿੰਦਗੀ ਗੁਜ਼ਾਰਨ ਵਾਲੇ ਕਿੰਨਰ ਪੁਰਾਤਨ ਕਾਲ ਤੋਂ ਹੀ ਸਮਾਜ ਦੀ ਅਣਦੇਖੀ ਅਤੇ ਵਿਤਕਰੇ ਦਾ ਸ਼ਿਕਾਰ ਹੋ ਰਹੇ ਹਨ। ਹਾਲਾਂਕਿ ਸਾਡਾ ਸੰਵਿਧਾਨ ਹਰ ਕਿਸੇ ਨੂੰ ਬਰਾਬਰ ਅਧਿਕਾਰ ਦਿੰਦਾ ਹੈ ਪਰ ਇਹ ਕੌੜਾ ਸੱਚ ਹੈ ਕਿ ਨੌਕਰੀਆਂ ’ਚ ਹੀ ਨਹੀਂ, ਸਿੱਖਿਆ ਅਤੇ ਜ਼ਿੰਦਗੀ ਦੇ ਹੋਰਨਾਂ ਖੇਤਰਾਂ ’ਚ ਵੀ ਕਿੰਨਰ ਵਿਤਕਰੇ ਦੇ ਸ਼ਿਕਾਰ ਹੁੰਦੇ ਰਹੇ ਹਨ। ਕਿਉਂਕਿ ਹੁਣ ਜਿਵੇਂ-ਜਿਵੇਂ ਸਮਾਜ ’ਚ ਚੇਤਨਾ ਆ ਰਹੀ ਹੈ, ਕਿੰਨਰ ਭਾਈਚਾਰਾ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਦਾ ਹੋਇਆ ਸਮਾਜ ਦੇ ਇਕ ਉਪਯੋਗੀ ਅੰਗ ਦੇ ਰੂਪ ’ਚ ਉਭਰ ਰਿਹਾ ਹੈ।
ਬੀਤੇ ਸਾਲ ਦੇਵਿਕਾ ਨਾਮਕ 46 ਸਾਲਾ ਕਿੰਨਰ ਨੂੰ ਕਰਨਾਟਕ ਦੇ ਮੈਸੂਰ ਜ਼ਿਲ੍ਹੇ ਦੀ ‘ਸਾਲਿਗ੍ਰਾਮਾ ਗ੍ਰਾਮ ਪੰਚਾਇਤ’ ਦੀ ਨਿਰਵਿਰੋਧ ਪ੍ਰਧਾਨ ਚੁਣਿਆ ਗਿਆ। ‘ਚਿੰਨਚੁਨਕੱਟਾ’ ਨਾਂ ਦੇ ਕਸਬੇ ’ਚ ਜਨਮੀ ਦੇਵਿਕਾ ਦੀ ਮਾਤਾ ਦੀ 20 ਸਾਲ ਪਹਿਲਾਂ ਮੌਤ ਹੋ ਗਈ ਸੀ ਤੇ ਉਹ ਦੁਕਾਨਦਾਰਾਂ ਅਤੇ ਦੂਜੇ ਲੋਕਾਂ ਤੋਂ ਮਿਲਣ ਵਾਲੀ ਬਖਸ਼ੀਸ਼ ਦੇ ਸਹਾਰੇ ਆਪਣਾ ਢਿੱਡ ਪਾਲ ਰਹੀ ਸੀ। 5 ਸਾਲ ਪਹਿਲਾਂ ਉਹ ਰੋਜ਼ੀ-ਰੋਟੀ ਦੀ ਭਾਲ ’ਚ ਇਸ ਕਸਬੇ ’ਚ ਆ ਕੇ ਵੱਸ ਗਈ ਅਤੇ ਖੁਦ ਨੂੰ ਸਥਾਨਕ ਲੋਕਾਂ ਦੀ ਸੇਵਾ ’ਚ ਸਮਰਪਿਤ ਕਰ ਦਿੱਤਾ। ਪਿੰਡ ਵਾਲਿਆਂ ਨੇ ਦੇਵਿਕਾ ਦੇ ਗ੍ਰਾਮ ਪ੍ਰਧਾਨ ਚੁਣੇ ਜਾਣ ’ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ, ‘‘ਇਹ ਸਾਡੇ ਲੋਕਾਂ ਲਈ ਮਾਣ ਦਾ ਵਿਸ਼ਾ ਹੈ ਜੋ ਇਸ ਗੱਲ ਦਾ ਸੰਕੇਤ ਹੈ ਕਿ ਲੋਕਤੰਤਰ ’ਚ ਜਾਤੀ, ਧਰਮ ਅਤੇ ਲਿੰਗ ਦੇ ਵਿਤਕਰੇ ਦੇ ਬਿਨਾਂ ਹਰ ਕੋਈ ਆਪਣਾ ਯੋਗਦਾਨ ਪਾ ਸਕਦਾ ਹੈ।’’
ਹਰਿਆਣਾ ਦੇ ਜੀਂਦ ’ਚ ਵੀ ਕਿੰਨਰ ਭਾਈਚਾਰਾ ਸਮਾਜ ਸੇਵੀ ਦੇ ਰੂਪ ’ਚ ਆਪਣਾ ਨਵਾਂ ਅਕਸ ਬਣਾ ਰਿਹਾ ਹੈ। ਉੱਥੋਂ ਦੀ ‘ਕਿੰਨਰ ਸਮਾਜ ਸੇਵਾ ਸਮਿਤੀ’ ਵਾਤਾਵਰਣ ਦੀ ਰੱਖਿਆ ਲਈ ‘ਤ੍ਰਿਵੇਣੀ’ ਲਗਾ ਕੇ ਲੋਕਾਂ ਨੂੰ ਪੌਦੇ ਲਾਉਣ ਦਾ ਸੰਦੇਸ਼ ਦੇਣ ਦੇ ਨਾਲ-ਨਾਲ ਖੂਨਦਾਨ ਕੈਂਪਾਂ ਦਾ ਆਯੋਜਨ ਵੀ ਕਰ ਰਹੀ ਹੈ। ਇਸ ਸਮਾਜ ਨੇ ਬੀਤੀ 11 ਸਤੰਬਰ ਨੂੰ ਜੀਂਦ ਦੇ ਜਯੰਤੀ ਦੇਵੀ ਮੰਦਿਰ ’ਚ ਸੂਬਾ ਪੱਧਰੀ ‘ਮਾਨਵ ਸੇਵਾ ਸਨਮਾਨ ਸਮਾਰੋਹ’ ’ਚ ਖੂਨਦਾਨ ਕੈਂਪ ਦਾ ਆਯੋਜਨ ਕੀਤਾ, ਜਿਸ ’ਚ 86 ਵਿਅਕਤੀਆਂ ਨੇ ਖੂਨ ਦਾਨ ਕੀਤਾ। ਇਸ ਤੋਂ ਪਹਿਲਾਂ ਜੁਲਾਈ ’ਚ ਕਿੰਨਰ ਸਮਾਜ ਸੇਵਾ ਸਮਿਤੀ ਨੇ ਹੀ ਜਯੰਤੀ ਦੇਵੀ ਮੰਦਿਰ ’ਚ ‘ਤ੍ਰਿਵੇਣੀ’ ਲਗਾ ਕੇ ਲੋਕਾਂ ਨੂੰ ਵਾਤਾਵਰਣ ਬਚਾਉਣ ਲਈ ਵੱਧ ਤੋਂ ਵੱਧ ਪੌਦੇ ਲਾਉਣ ਦਾ ਸੰਦੇਸ਼ ਦਿੱਤਾ ਸੀ।
ਇਸ ਸਬੰਧ ’ਚ ਕਿੰਨਰ ਸਮਾਜ ਸੇਵਾ ਕਮੇਟੀ ਦੀ ਸੂਬਾ ਪ੍ਰਧਾਨ ਰਿਮਝਿਮ ਮਹੰਤ ਦਾ ਕਹਿਣਾ ਹੈ ਕਿ ‘‘ਤ੍ਰਿਵੇਣੀ ’ਚ ਨਿੰਮ, ਪਿੱਪਲ ਅਤੇ ਬੋਹੜ ਦੇ ਪੌਦੇ ਲਾਏ ਜਾਂਦੇ ਹਨ, ਜਿਨ੍ਹਾਂ ਦਾ ਵਾਤਾਵਰਣ ਸੁਧਾਰਨ ਦੇ ਨਾਲ-ਨਾਲ ਔਸ਼ਧੀ ਅਤੇ ਧਾਰਮਿਕ ਮਹੱਤਵ ਵੀ ਹੈ।’’ ਇਸੇ ਤਰ੍ਹਾਂ ‘ਅਖਿਲ ਭਾਰਤੀ ਸਮਾਜ ਸੇਵਾ ਸੁਸਾਇਟੀ’ ਸ਼ਿਵਪੁਰੀ ਲੁਧਿਆਣਾ ਵੱਲੋਂ ਪ੍ਰਧਾਨ ਗੁੱਡੀ ਮਹੰਤ ਦੀ ਅਗਵਾਈ ’ਚ 31 ਲੋੜਵੰਦ ਔਰਤਾਂ ਨੂੰ ਕਈ ਸਾਲਾਂ ਤੋਂ ਹਰ ਮਹੀਨੇ ਰਾਸ਼ਨ ਦਿੱਤਾ ਜਾ ਰਿਹਾ ਹੈ। ਅਤੇ ਹੁਣ ਮਹਾਰਾਸ਼ਟਰ ’ਚ ਠਾਣੇ ਜ਼ਿਲ੍ਹੇ ਦੇ ਕਲਿਆਣ ’ਚ ਅਜਿਹੀ ਹੀ ਇਕ ਉਦਾਹਰਣ ਪੇਸ਼ ਕਰਦੇ ਹੋਏ 5000 ਤੋਂ ਵੱਧ ਕਿੰਨਰਾਂ ਦੇ ਸਮੂਹ ਨੇ ਲੋੜਵੰਦਾਂ ਦਾ ਢਿੱਡ ਭਰਨ ਦਾ ਬੇੜਾ ਚੁੱਕਿਆ ਹੈ। ਇਨ੍ਹਾਂ ਕਿੰਨਰਾਂ ਨੇ ਆਪਣੇ ਸੰਗਠਨ ਨੂੰ ‘ਖਵਾਹਿਸ਼ ਫਾਊਂਡੇਸ਼ਨ’ ਦਾ ਨਾਂ ਦਿੱਤਾ ਹੈ, ਜਿਸ ਦੀ ਪ੍ਰਧਾਨ ਪੂਨਮ ਸਿੰਘ ਹਨ।
ਕਲਿਆਣ ਰੇਲਵੇ ਸਟੇਸ਼ਨ ਦੇ ਨੇੜੇ ਇਨ੍ਹਾਂ ਨੇ ਲੋੜਵੰਦਾਂ ਲਈ ਇਕ ਰਸੋਈ ਦੀ ਸਥਾਪਨਾ ਕੀਤੀ ਹੈ, ਜਿੱਥੇ 1 ਰੁਪਏ ’ਚ ਨਾਸ਼ਤਾ ਅਤੇ 10 ਰੁਪਏ ’ਚ ਭਰਪੂਰ ਭੋਜਨ ਦੀ ਥਾਲੀ ਮੁਹੱਈਆ ਕਰਵਾਈ ਜਾ ਰਹੀ ਹੈ। ਆਪਣੇ ਉਦਘਾਟਨ ਦੇ ਦਿਨ ਹੀ ਇਸ ਰਸੋਈ ਨੇ 270 ਵਿਅਕਤੀਆਂ ਨੂੰ ਭੋਜਨ ਮੁਹੱਈਆ ਕਰਵਾਇਆ। ਇਕ ਹਫਤੇ ਦੇ ਅੰਦਰ ਹੀ ਇੱਥੋਂ ਭੋਜਨ ਪ੍ਰਾਪਤ ਕਰਨ ਵਾਲਿਆਂ ਦੀ ਗਿਣਤੀ ਵਧ ਕੇ 500 ਤੱਕ ਪਹੁੰਚ ਗਈ ਅਤੇ ਇਸ ਰਸੋਈ ਤੋਂ ਲਾਭ ਉਠਾਉਣ ਵਾਲਿਆਂ ’ਚ ਨੇੜੇ ਹੀ ਸਥਿਤ ਬੀ. ਐੱਮ. ਸੀ. ਵੱਲੋਂ ਸੰਚਾਲਿਤ ਰੁਕਮਣੀ ਬਾਈ ਹਸਪਤਾਲ ’ਚ ਇਲਾਜ ਅਧੀਨ ਮਰੀਜ਼ਾਂ ਦੇ ਰਿਸ਼ਤੇਦਾਰ ਵੀ ਸ਼ਾਮਲ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਕਿੰਨਰਾਂ ਨੇ ਆਪਣੀ ਮੁਹਿੰਮ ਕਿਸੇ ਸਰਕਾਰੀ ਏਜੰਸੀ ਜਾਂ ਸਿਆਸਤਦਾਨ ਦੀ ਮਦਦ ਦੇ ਬਿਨਾਂ ਸ਼ੁਰੂ ਕੀਤੀ ਹੈ। ਇਸ ਰਸੋਈ ਦੇ ਲਈ ਧਨ ‘ਖਵਾਹਿਸ਼ ਫਾਊਂਡੇਸ਼ਨ’ ਦੇ ਮੈਂਬਰਾਂ ਵੱਲੋਂ ਹੀ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜੋ ਰੋਜ਼ਾਨਾ ਆਪਣੀ ਕਮਾਈ ’ਚੋਂ ਕੁਝ ਰਕਮ ਇਸ ਰਸੋਈ ਨੂੰ ਚਲਾਉਣ ਲਈ ਦਿੰਦੇ ਹਨ। ਕੁਝ ਹੋਰ ਐੱਨ. ਜੀ. ਓ. ਵੀ ਇਸ ਰਸੋਈ ਲਈ ਅਨਾਜ ਅਤੇ ਹੋਰ ਸਮੱਗਰੀ ਦਾ ਯੋਗਦਾਨ ਪਾ ਰਹੇ ਹਨ।
ਯਕੀਨਨ ਹੀ ਕਿੰਨਰ ਸਮਾਜ ਵੱਲੋਂ ਕੀਤੇ ਜਾ ਰਹੇ ਉਕਤ ਕਾਰਜਾਂ ਨਾਲ ਸਮਾਜ ’ਚ ਬਰਾਬਰੀ ਦੀ ਭਾਵਨਾ ਨੂੰ ਹੁੰਗਾਰਾ ਅਤੇ ਕਿੰਨਰ ਭਾਈਚਾਰੇ ਨੂੰ ਅੱਗੇ ਵਧਣ ਦਾ ਉਤਸ਼ਾਹ ਮਿਲੇਗਾ। ਸਮਾਜ ਅਤੇ ਲੋੜਵੰਦਾਂ ਦੀ ਸੇਵਾ ’ਚ ਕਿੰਨਰ ਭਾਈਚਾਰੇ ਦਾ ਇੰਨੀ ਦਲੇਰੀ ਦੇ ਨਾਲ ਅੱਗੇ ਆਉਣਾ ਦੂਜੇ ਲੋਕਾਂ ਲਈ ਵੀ ਇਕ ਸੰਦੇਸ਼ ਹੈ ਕਿ ਉਹ ਵੀ ਅੱਗੇ ਆਉਣ ਅਤੇ ਕਿੰਨਰ ਭਾਈਚਾਰੇ ਵਾਂਗ ਹੀ ਲੋੜਵੰਦਾਂ ਦੀ ਮਦਦ ਅਤੇ ਭਲਾਈ ’ਚ ਯੋਗਦਾਨ ਪਾਉਣ।
-ਵਿਜੇ ਕੁਮਾਰ