ਨੋਟਬੰਦੀ ਦੇ ਦੌਰ ''ਚ ਵੀ ਰਿਸ਼ਵਤਖੋਰੀ ਦਾ ਸਿਲਸਿਲਾ ਜ਼ੋਰਾਂ ਨਾਲ ਜਾਰੀ

12/04/2016 5:36:05 AM

ਜਿਵੇਂ ਕਿ ਅਸੀਂ ਸਮੇਂ-ਸਮੇਂ ''ਤੇ ਲਿਖਦੇ ਰਹਿੰਦੇ ਹਾਂ, ਦੇਸ਼ ਨੂੰ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਦੇ ਰੋਗ ਨੇ ਇੰਨੀ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ ਕਿ ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਬੇਕਾਬੂ ਹੋ ਕੇ ਇਹ ਦੇਸ਼ ਦੀਆਂ ਜੜ੍ਹਾਂ ਖੋਖਲੀਆਂ ਕਰ ਰਿਹਾ ਹੈ। 
ਹਾਲਾਂਕਿ ਕੇਂਦਰ ਸਰਕਾਰ ਨੇ ਦੇਸ਼ ਵਿਚੋਂ ਭ੍ਰਿਸ਼ਟਾਚਾਰ, ਕਾਲਾ ਧਨ ਤੇ ਜਾਅਲੀ ਕਰੰਸੀ ਖਤਮ ਕਰਨ ਦੇ ਉਦੇਸ਼ ਨਾਲ 8 ਨਵੰਬਰ ਨੂੰ 500 ਤੇ 1000  ਰੁਪਏ ਵਾਲੇ ਨੋਟ ਰੱਦ ਕਰ ਦਿੱਤੇ ਹਨ ਤੇ ਬੇਹਿਸਾਬੀ ਜਾਇਦਾਦ ਦਾ ਪਤਾ ਲਾਉਣ ਲਈ ਛਾਪੇਮਾਰੀ ਵੀ ਕਰ ਰਹੀ ਹੈ ਪਰ ਰਿਸ਼ਵਤਖੋਰਾਂ ਨੇ ਆਪਣੀ ਖੇਡ ਅਜੇ ਵੀ ਪਹਿਲਾਂ ਵਾਂਗ ਹੀ ਜਾਰੀ ਰੱਖੀ ਹੋਈ ਹੈ, ਜੋ ਸਿਰਫ 5 ਦਿਨਾਂ ''ਚ ਸਾਹਮਣੇ ਆਏ ਹੇਠ ਲਿਖੇ ਮਾਮਲਿਆਂ ਤੋਂ ਸਪੱਸ਼ਟ ਹੈ :
* 28 ਨਵੰਬਰ ਨੂੰ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਸ਼ਿਕਾਇਤਕਰਤਾ ਤੋਂ ਵਿਰਾਸਤ ਦਾ ਇੰਤਕਾਲ ਕਰਵਾਉਣ ਬਦਲੇ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ''ਖੂਈਆਂ ਸਰਵਰ'' (ਅਬੋਹਰ) ਵਿਚ ਤਾਇਨਾਤ ਪਟਵਾਰੀ ਕ੍ਰਿਸ਼ਨ ਲਾਲ ਨੂੰ ਕਾਬੂ ਕੀਤਾ।
* 01 ਦਸੰਬਰ ਨੂੰ ਜੱਬਲਪੁਰ ਵਿਚ ਦੋਸ਼ੀ ਧਿਰ ਤੋਂ 2000 ਰੁਪਏ ਰਿਸ਼ਵਤ ਮੰਗਣ ਵਾਲੇ ਏ. ਐੱਸ. ਆਈ. ਏ. ਕੇ. ਪਟੇਲ ਨੂੰ ਮੁਅੱਤਲ ਕੀਤਾ ਗਿਆ। 
* 01 ਦਸੰਬਰ ਨੂੰ ਹੀ ਜੋਧਪੁਰ ਵਿਚ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ''ਡਿਸਕਾਮ'' ਵਿਚ ਮੀਟਰ ਟੈਸਟਿੰਗ ਰੀਡਰ ਕਿਸ਼ੋਰ ਜੋਸ਼ੀ ਨੂੰ ਸ਼ਿਕਾਇਤਕਰਤਾ ਦੇ ਅਸਥਾਈ ਬਿਜਲੀ ਕੁਨੈਕਸ਼ਨ ਨੂੰ ਸਥਾਈ ਕਰਨ ਬਦਲੇ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਫੜਿਆ। 
* 02 ਦਸੰਬਰ ਨੂੰ ਬਿਹਾਰ ਦੇ ਮੁਜ਼ੱਫਰਪੁਰ ਵਿਚ ਐੱਸ. ਡੀ. ਓ. ਸਤੀਸ਼ ਕੁਮਾਰ ਨੂੰ ਬਿਜਲੀ ਦਾ ਬਿੱਲ ਸੁਧਾਰਨ ਦੇ ਨਾਂ ''ਤੇ ਸ਼ਿਕਾਇਤਕਰਤਾ ਤੋਂ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਫੜਿਆ ਗਿਆ। ਸਤੀਸ਼ ਦਾ ਇਸੇ 9 ਦਸੰਬਰ ਨੂੰ ਵਿਆਹ ਹੈ। ਉਸ ''ਤੇ ਦੋਸ਼ ਹੈ ਕਿ ਉਹ ਬਿਨਾਂ ਰਿਸ਼ਵਤ ਲਏ ਕਿਸੇ ਦਾ ਕੰਮ ਨਹੀਂ ਕਰਦਾ ਸੀ।
* 02 ਦਸੰਬਰ ਨੂੰ ਹੀ ਸ਼ਿਵਪੁਰੀ ਵਿਚ ਲੋਕ-ਆਯੁਕਤ ਪੁਲਸ ਦੀ   ਟੀਮ ਨੇ ਸ਼ਿਵਪੁਰੀ ਦੀ ਮਿਡ-ਡੇ ਮੀਲ ਦੀ ਟਾਸਕ ਮੈਨੇਜਰ ''ਕੀਨਲ ਤ੍ਰਿਪਾਠੀ'' ਨੂੰ ਨਵੇਂ ਨੋਟਾਂ ਵਿਚ 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ। ''ਕੀਨਲ ਤ੍ਰਿਪਾਠੀ'' ਉਤੇ ਸ਼ਿਵਪੁਰੀ ਜ਼ਿਲੇ ਵਿਚ ਮਿਡ-ਡੇ ਮੀਲ ਦਾ ਠੇਕਾ ਦੇਣ ਦੀ ਜ਼ਿੰਮੇਵਾਰੀ ਹੈ।
* 02 ਦਸੰਬਰ ਨੂੰ ਹੀ ਮੱਧ ਪ੍ਰਦੇਸ਼ ਵਿਚ ''ਰੀਵਾ'' ਦੀ ਲੋਕ-ਆਯੁਕਤ ਪੁਲਸ ਨੇ ਸਤਨਾ ਜ਼ਿਲੇ ਦੇ ਅਮਰ ਪਾਟਨ ''ਚ ਤਹਿਸੀਲ ਦਫਤਰ ਵਿਚ ਰੀਡਰ ਮਨਭਰਨ ਵਰਮਾ ਨੂੰ 3500 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ।
* 02 ਦਸੰਬਰ ਨੂੰ ਹੀ ''ਬਾਵਲ'' (ਹਰਿਆਣਾ) ਦੇ ਐੱਸ. ਡੀ. ਐੱਮ. ਦਫਤਰ ''ਚ ਕੰਪਿਊਟਰ ਆਪ੍ਰੇਟਰ ਮਹੇਸ਼ ਕੁਮਾਰ ਨੂੰ ਸ਼ਿਕਾਇਤਕਰਤਾ ਤੋਂ ਉਸ ਦੀ ਜ਼ਮੀਨ ਦੀ ਮਾਲਕੀ ਦੇ ਫਰਜ਼ੀ ਦਸਤਾਵੇਜ਼ ਦੇ ਕੇ ਇਕ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਫੜਿਆ ਗਿਆ। 
* 03 ਦਸੰਬਰ ਨੂੰ ਯੂ. ਪੀ. ਦੀ ''ਕਾਦੀਪੁਰ'' ਕੋਤਵਾਲੀ ਦੇ ਸਿਪਾਹੀ ਸੂਰਜ ਪ੍ਰਕਾਸ਼ ਨੂੰ ਕੱਛੇ ਤੇ ਬੁਨੈਣ ਵਿਚ ਡਿਊਟੀ ਦਿੰਦਿਆਂ ਤੇ ਰਿਸ਼ਵਤ ਲੈਂਦਿਆਂ ਫੜਿਆ ਗਿਆ।
* 03 ਦਸੰਬਰ ਨੂੰ ਹੀ ਰਾਜਸਥਾਨ ਦੇ ਡੂੰਗਰਪੁਰ ਵਿਚ ''ਬੱਸੀ'' ਦੇ ਪਟਵਾਰੀ ਪ੍ਰਵੀਨ ਸਿੰਘ ਨੂੰ ਸ਼ਿਕਾਇਤਕਰਤਾ ਤੋਂ ਉਸ ਦੀ ਜੱਦੀ ਜ਼ਮੀਨ ਦੇ ਕਾਗਜ਼ਾਂ ਦੀ ਨਕਲ ਦੇਣ ਬਦਲੇ 2000 ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਗਿਆ। 
ਅਤੇ ਹੁਣ 3 ਦਸੰਬਰ ਨੂੰ ਹੀ ਸਵੇਰ ਦੇ ਸਮੇਂ ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਪੀ. ਡਬਲਯੂ. ਡੀ. ਦੇ ਇਕ ਕਾਰਜਕਾਰੀ ਇੰਜੀਨੀਅਰ ਆਨੰਦ ਪ੍ਰਕਾਸ਼ ਰਾਣੇ ਅਤੇ ਉਸ ਦੇ ਭਰਾ ਵਿਜੇ ਪ੍ਰਕਾਸ਼ ਰਾਣੇ ਦੇ ਮਕਾਨਾਂ ''ਤੇ ਲੋਕ-ਆਯੁਕਤ ਪੁਲਸ ਵਲੋਂ ਮਾਰੇ ਗਏ ਛਾਪੇ ਦੌਰਾਨ ਕਰੋੜਾਂ ਰੁਪਏ ਦੀ ਅਣਐਲਾਨੀ ਜਾਇਦਾਦ ਦੇ ਦਸਤਾਵੇਜ਼ ਕਬਜ਼ੇ ''ਚ ਲਏ ਗਏ ਹਨ।
ਇਨ੍ਹਾਂ ਵਿਚ ਗਵਾਲੀਅਰ ''ਚ ਆਦਿੱਤਯ ਪਲਾਜ਼ਾ ਅਤੇ ਮੋਹਨ  ਨਗਰ ਵਿਚ ਦੋ ਮਕਾਨ, ਭੋਪਾਲ ''ਚ ਚੂਨਾ ਭੱਠੀ ਅਤੇ ਕੰਫਰਟ ਕਾਲੋਨੀ ਵਿਚ ਦੋ ਮਕਾਨ, ਇੰਦੌਰ ਦੀ ਸ਼ਹਿਨਾਈ ਰੈਜ਼ੀਡੈਂਸੀ ''ਚ 2 ਫਲੈਟ, ਵਿਜੇ ਨਗਰ ਦੀ ਸਕੀਮ 114 ''ਚ ਇਨ੍ਹਾਂ ਦੀ ਮਾਂ ਬਿਮਲਾ ਰਾਣੀ ਦੇ ਨਾਂ ਇਕ ਫਲੈਟ, ਵਿਜੇ ਨਗਰ ''ਚ ਆਨੰਦ ਪ੍ਰਕਾਸ਼ ਰਾਣੇ ਦੀ ਪਤਨੀ ਅਨੀਤਾ ਰਾਣੇ ਦੇ ਨਾਂ ''ਤੇ ਇਕ ਪਲਾਟ, ਭਰਾ ਦੇ ਨਾਂ ''ਤੇ ਲਗਜ਼ਰੀ ਕਾਰ ਅਤੇ ਇੰਦੌਰ ਦੇ ਬੀ. ਸੀ. ਐੱਮ. ਹਾਈਟਸ ਵਿਚ ਇਕ ਫਲੈਟ ਦੇ ਦਸਤਾਵੇਜ਼ ਸ਼ਾਮਲ ਹਨ।
ਇਹ ਤਾਂ ਰਿਸ਼ਵਤਖੋਰੀ ਦੇ ਉਹ ਮਾਮਲੇ ਹਨ, ਜੋ ਮੀਡੀਆ ਵਿਚ ਸਾਹਮਣੇ ਆਏ ਹਨ ਪਰ ਇਨ੍ਹਾਂ ਤੋਂ ਇਲਾਵਾ ਵੀ ਪਤਾ ਨਹੀਂ ਕਿੰਨੇ ਹੀ ਅਜਿਹੇ ਮਾਮਲੇ ਹੋਏ ਹੋਣਗੇ, ਜੋ ਫੜੇ ਨਾ ਜਾ ਸਕਣ ਕਾਰਨ ਸਾਹਮਣੇ ਨਹੀਂ ਆ ਸਕੇ। 
ਫਿਲਹਾਲ ਲਗਾਤਾਰ ਸਾਹਮਣੇ ਆ ਰਹੇ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਦੇ ਮਾਮਲਿਆਂ ਤੋਂ ਸਪੱਸ਼ਟ ਹੈ ਕਿ ਸਰਕਾਰੀ ਮੁਲਾਜ਼ਮਾਂ ਦੇ ਦਿਲ ਵਿਚੋਂ ਗਲਤ ਕੰਮ ਕਰਨ ''ਤੇ ਮਿਲਣ ਵਾਲੀ ਸਜ਼ਾ ਦਾ ਡਰ ਲੱਗਭਗ ਖਤਮ ਹੋ ਗਿਆ ਹੈ ਅਤੇ ਉਹ ਪੂਰੀ ਬੇਸ਼ਰਮੀ ਨਾਲ ਰਿਸ਼ਵਤ ਦਾ ਲੈਣ-ਦੇਣ ਕਰ ਰਹੇ ਹਨ।
ਸਪੱਸ਼ਟ ਹੈ ਕਿ ਜਿੰਨੀ ਬੁਰੀ ਤਰ੍ਹਾਂ ਸਰਕਾਰੀ ਮੁਲਾਜ਼ਮ ਤੇ ਅਧਿਕਾਰੀ ਰਿਸ਼ਵਤ ਦੀ ਦਲਦਲ ''ਚ ਫਸੇ ਹੋਏ ਹਨ, ਉਨ੍ਹਾਂ ''ਤੇ ਕਾਨੂੰਨੀ ਕਾਰਵਾਈ ਦਾ ਓਨਾ ਹੀ ਮਜ਼ਬੂਤ ਅਤੇ ਕੰਡੇਦਾਰ ਜਾਲ ਵਿਛਾਉਣ ਦੀ ਲੋੜ ਹੈ।                          
—ਵਿਜੇ ਕੁਮਾਰ


Vijay Kumar Chopra

Chief Editor

Related News