ਮੁਲਾਜ਼ਮਾਂ ਦੇ ਲਈ ਆਸਾਂ ਦੀ ਝੰਡਾਬਰਦਾਰ ਬਣੀ ਕਾਂਗਰਸ

07/25/2022 2:08:14 PM

ਰਾਜਿੰਦਰ ਰਾਣਾ (ਵਿਧਾਇਕ ਹਿਮਾਚਲ ਪ੍ਰਦੇਸ਼ )

ਹਿਮਾਚਲ ਪ੍ਰਦੇਸ਼- ਇਕ ਪਾਸੇ ਲੱਕ-ਤੋੜ ਮਹਿੰਗਾਈ ਅਤੇ ਦੂਜੇ ਪਾਸੇ ਮੁਲਾਜ਼ਮ ਹਿੱਤਾਂ ਪ੍ਰਤੀ ਭਾਜਪਾ ਸਰਕਾਰ ਦੀ ਉਦਾਸੀਨਤਾ ਨੇ ਮੁਲਾਜ਼ਮ ਵਰਗ ਨੂੰ ਦੁਖੀ ਅਤੇ ਪ੍ਰੇਸ਼ਾਨ ਕੀਤਾ ਹੋਇਆ ਹੈ। ਭਾਵੇਂ ਮੁੱਦਾ ਓਲਡ ਪੈਨਸ਼ਨ ਸਕੀਮ ਦੀ ਬਹਾਲੀ ਦਾ ਹੋਵੇ ਜਾਂ ਆਊਟਸੋਰਸ ਮੁਲਾਜ਼ਮਾਂ ਲਈ ਕੋਈ ਠੋਸ ਨੀਤੀ ਬਣਾਏ ਜਾਣ ਦਾ, ਸਰਕਾਰ ਨੇ ਇਸ ਬਾਰੇ ਦਰਿਆਦਿਲੀ ਦਿਖਾਉਣ ਦੀ ਬਜਾਏ ਲਾਰਿਆਂ ਦੇ ਮਾਇਆਜਾਲ ’ਚ ਮਾਮਲੇ ਨੂੰ ਲਟਕਾਉਣ ਦੀ ਨੀਤੀ ਅਪਣਾਈ ਹੋਈ ਹੈ। ਇਸ ਨਾਲ ਮੁਲਾਜ਼ਮਾਂ ’ਚ ਗੁੱਸਾ ਲਗਾਤਾਰ ਵਧਦਾ ਜਾ ਰਿਹਾ ਹੈ। ਲੋਕਤੰਤਰਿਕ ਵਿਵਸਥਾ ’ਚ ਮੁਲਾਜ਼ਮ ਵਰਗ ਕਿਸੇ ਵੀ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ ਅਤੇ ਸਰਕਾਰ ਦੀਆਂ ਯੋਜਨਾਵਾਂ ਤੇ ਪ੍ਰੋਗਰਾਮਾਂ ਨੂੰ ਅਮਲੀਜਾਮਾ ਪਹਿਨਾਉਣ ’ਚ ਉਸ ਦੀ ਮਹੱਤਵਪੂਰਨ ਭੂਮਿਕਾ ਰਹਿੰਦੀ ਹੈ। ਮੁਲਾਜ਼ਮ ਜੇਕਰ ਉਲਟ ਹਾਲਤਾਂ ’ਚ ਵੀ ਪੂਰੀ ਲਗਨ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੈ ਤਾਂ ਕਿਸੇ ਵੀ ਭਲਾਈ ਵਾਲੀ ਸਰਕਾਰ ਦਾ ਇਹੀ ਫਰਜ਼ ਬਣਦਾ ਹੈ ਕਿ ਉਹ ਮੁਲਾਜ਼ਮਾਂ ਦੇ ਹਿੱਤਾਂ ਦੀ ਵੀ ਪੂਰੀ ਰੱਖਿਆ ਕਰੇ ਅਤੇ ਉਨ੍ਹਾਂ ਦੀਆਂ ਨਿਆਂਸੰਗਤ ਮੰਗਾਂ ਦੀ ਅਣਦੇਖੀ ਨਾ ਕਰੇ ਪਰ ਹਿਮਾਚਲ ਪ੍ਰਦੇਸ਼ ’ਚ ਮੁਲਾਜ਼ਮ ਵਰਗ ਸਰਕਾਰ ਤੋਂ ਪ੍ਰੇਸ਼ਾਨ ਅਤੇ ਨਿਰਾਸ਼ ਹੈ।

ਓਲਡ ਪੈਨਸ਼ਨ ਸਕੀਮ ਦੀ ਬਹਾਲੀ ਨੂੰ ਲੈ ਕੇ ਮੁਲਾਜ਼ਮ ਵਾਰ-ਵਾਰ ਸੜਕਾਂ ’ਤੇ ਉਤਰ ਰਹੇ ਹਨ। ਆਊਟਸੋਰਸ ਮੁਲਾਜ਼ਮ ਵੀ ਸੰਘਰਸ਼ ਦਾ ਬਿਗੁਲ ਵਜਾ ਚੁੱਕੇ ਹਨ ਪਰ ਸਰਕਾਰ ਨੇ ਇਨ੍ਹਾਂ ਵਰਗਾਂ ਦੀ ਮੰਗ ਨੂੰ ਪੂਰਾ ਕਰਨ ਲਈ ਨਾ ਤਾਂ ਕੋਈ ਠੋਸ ਪਹਿਲ ਕੀਤੀ ਹੈ ਅਤੇ ਨਾ ਹੀ ਮੁਲਾਜ਼ਮਾਂ ਦਾ ਯਕੀਨ ਜਿੱਤਣ ਦੀ ਕੋਈ ਈਮਾਨਦਾਰ ਕੋਸ਼ਿਸ਼। ਸੂਬੇ ਦੇ ਰੈਗੂਲਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਅਜੇ ਤੱਕ ਨਵੇਂ ਤਨਖਾਹ ਕਮਿਸ਼ਨ ਦੇ ਏਰੀਅਰ ਦਾ ਭੁਗਤਾਨ ਤੱਕ ਨਹੀਂ ਹੋ ਸਕਿਆ। ਇਸ ਤੋਂ ਵੱਡੀ ਤ੍ਰਾਸਦੀ ਹੋਰ ਕੀ ਹੋ ਸਕਦੀ ਹੈ ਕਿ ਤਰਸ ਦੇ ਆਧਾਰ ’ਤੇ ਨੌਕਰੀ ਦੀ ਉਡੀਕ ਕਰ ਰਹੇ 5000 ਤੋਂ ਵੱਧ ਪਰਿਵਾਰ ਮਹੀਨਿਆਂ ਤੋਂ ਧਰਨੇ-ਰੋਸ ਵਿਖਾਵਿਆਂ ’ਤੇ ਬੈਠੇ ਹਨ ਅਤੇ ਸਰਕਾਰ ਨੇ ਮੌਨ ਧਾਰਨ ਕੀਤਾ ਹੋਇਆ ਹੈ। ਸੂਬੇ ’ਚ ਵਿਰੋਧੀ ਪਾਰਟੀ ਕਾਂਗਰਸ ਨੇ ਲਗਾਤਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ’ਤੇ ਦਬਾਅ ਬਣਾਇਆ ਹੋਇਆ ਹੈ। ਅਤੀਤ ’ਚ ਵੀ ਸੂਬੇ ਦੀਆਂ ਸਰਕਾਰਾਂ ਹਮੇਸ਼ਾ ਮੁਲਾਜ਼ਮਾਂ ਦੇ ਹਿੱਤ ਨੂੰ ਸਭ ਤੋਂ ਉਪਰ ਰੱਖਦੀਆਂ ਆਈਆਂ ਹਨ ਅਤੇ ਉਨ੍ਹਾਂ ਨੂੰ ਕਦੀ ਵੀ ਉਨ੍ਹਾਂ ਦੇ ਹੱਕਾਂ ਤੋਂ ਵਾਂਝੇ ਨਹੀਂ ਰੱਖਿਆ। ਸੂਬੇ ਦਾ ਮੁਲਾਜ਼ਮ ਵਰਗ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ 2003 ’ਚ ਕੇਂਦਰ ’ਚ ਅਟਲ ਬਿਹਾਰੀ ਵਾਜਪਾਈ ਜੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਹੀ ਉਨ੍ਹਾਂ ਦੀ ਪੈਨਸ਼ਨ ਸਕੀਮ ਬੰਦ ਕੀਤੀ ਸੀ। ਖੁਦ ਨੂੰ ਹਰ ਵਰਗ ਦਾ ਹਿਤੈਸ਼ੀ ਕਹਿਣ ਵਾਲੀ ਕੇਂਦਰ ਦੀ ਮੋਦੀ ਸਰਕਾਰ ਨੇ ਵੀ ਪੈਨਸ਼ਨ ਬਹਾਲੀ ਲਈ ਕੋਈ ਕਦਮ ਨਹੀਂ ਚੁੱਕੇ।

ਪਰ ਰਾਜਸਥਾਨ ਅਤੇ ਛੱਤੀਸਗੜ੍ਹ ’ਚ ਕਾਂਗਰਸ ਦੀਆਂ ਸਰਕਾਰਾਂ ਨੇ ਓਲਡ ਪੈਨਸ਼ਨ ਸਕੀਮ ਨੂੰ ਲਾਗੂ ਕਰ ਕੇ ਪੂਰੇ ਦੇਸ਼ ’ਚ ਇਹ ਸੰਦੇਸ਼ ਦਿੱਤਾ ਹੈ ਕਿ ਕਾਂਗਰਸ ਪਾਰਟੀ ਮੁਲਾਜ਼ਮਾਂ ਦੇ ਹਿੱਤਾਂ ਦੀ ਸੱਚੀ ਪਹਿਰੇਦਾਰ ਹੈ। ਹਿਮਾਚਲ ਪ੍ਰਦੇਸ਼ ’ਚ ਵੀ ਕਾਂਗਰਸ ਨੇ ਇਹ ਸੰਕਲਪ ਲਿਆ ਹੈ ਕਿ ਸੱਤਾ ’ਚ ਆਉਣ ਦੇ ਪਹਿਲੇ ਦਿਨ ਹੀ ਓਲਡ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਜਾਵੇਗੀ ਤੇ ਆਊਟਸੋਰਸ ਮੁਲਾਜ਼ਮਾਂ ਨੂੰ ਵੀ ਨਿਆਂ ਮੁਹੱਈਆ ਕਰਵਾਇਆ ਜਾਵੇਗਾ। ਸੂਬੇ ਦੇ ਲੱਖਾਂ ਮੁਲਾਜ਼ਮ ਅਤੇ ਪੈਨਸ਼ਨਰ ਹੁਣ ਆਸ ਨਾਲ ਕਾਂਗਰਸ ਵੱਲ ਦੇਖ ਰਹੇ ਹਨ। ਦੇਸ਼ ਦੇ 2 ਕਾਂਗਰਸ ਸ਼ਾਸਿਤ ਸੂਬਿਆਂ ’ਚ ਓਲਡ ਪੈਨਸ਼ਨ ਸਕੀਮ ਲਾਗੂ ਹੋਣ ਦੇ ਬਾਅਦ ਹਿਮਾਚਲ ਪ੍ਰਦੇਸ਼ ’ਚ ਵੀ ਕਾਂਗਰਸ ਪਾਰਟੀ ਮੁਲਾਜ਼ਮਾਂ ਦੀਆਂ ਆਸਾਂ ਦੀ ਝੰਡਾਬਰਦਾਰ ਬਣ ਗਈ ਹੈ। ਸੂਬੇ ਦਾ ਮੁਲਾਜ਼ਮ ਵਰਗ ਵੀ ਹੁਣ ਖੁੱਲ੍ਹੇ ਤੌਰ ’ਤੇ ਇਸ ਗੱਲ ਨੂੰ ਪ੍ਰਵਾਨ ਕਰ ਰਿਹਾ ਹੈ ਕਿ ਉਨ੍ਹਾਂ ਦੇ ਹਿੱਤਾਂ ਦੀ ਸਹੀ ਮਾਇਨੇ ’ਚ ਰੱਖਿਆ ਕਾਂਗਰਸ ਸਰਕਾਰ ਹੀ ਕਰ ਸਕਦੀ ਹੈ। ਸੂਬੇ ’ਚ ਕਾਂਗਰਸ ਪਾਰਟੀ ਅਤੇ ਮੁਲਾਜ਼ਮਾਂ ਵੱਲੋਂ ਲਗਾਤਾਰ ਓਲਡ ਪੈਨਸ਼ਨ ਸਕੀਮ ਦੀ ਬਹਾਲੀ ਨੂੰ ਲੈ ਕੇ ਸਰਕਾਰ ’ਤੇ ਦਬਾਅ ਬਣਾਇਆ ਜਾ ਰਿਹਾ ਹੈ ਜਿਸ ਕਾਰਨ ਸਰਕਾਰ ਵੱਲੋਂ ਇਸ ਵਿਸ਼ੇ ’ਤੇ ਅੱਖਾਂ ਬੰਦ ਰੱਖਣੀਆਂ ਹੁਣ ਸੌਖਾ ਨਹੀਂ ਰਹਿ ਗਿਆ।


DIsha

Content Editor

Related News