ਜ਼ੀਰੋ ਕੋਵਿਡ ਨੀਤੀ ਕਾਰਨ ਮਈ ਦਿਵਸ ’ਤੇ ਚੀਨ ’ਚ ਲੋਕਾਂ ਦੀ ਯਾਤਰਾ ’ਚ 80 ਫੀਸਦੀ ਦੀ ਕਮੀ ਦਰਜ

05/07/2022 4:49:17 PM

ਚੀਨ ਸਰਕਾਰ ਦੀ ਜ਼ੀਰੋ ਕੋਵਿਡ ਨੀਤੀ ਕਾਰਨ ਇਸ ਵਾਰ ਮਈ ਦਿਵਸ ’ਤੇ ਇਕ ਥਾਂ ਤੋਂ ਦੂਜੀ ਥਾਂ ’ਤੇ ਸਫਰ ਕਰਨ ਵਾਲਿਆਂ ਦੀ ਗਿਣਤੀ ’ਚ ਪਿਛਲੇ ਸਾਲ ਦੀ ਤੁਲਨਾ ’ਚ 80 ਫੀਸਦੀ ਦੀ ਗਿਰਾਵਟ ਦੇਖੀ ਗਈ। ਦਰਅਸਲ ਮਈ ਦਿਵਸ ਨੂੰ ਪੂਰੇ ਚੀਨ ’ਚ 3 ਦਿਨਾਂ ਦੀ ਛੁੱਟੀ ਦਾ ਐਲਾਨ ਕੀਤਾ ਜਾਂਦਾ ਹੈ। ਅਜਿਹੇ ’ਚ ਹਰ ਸਾਲ ਚੀਨੀ ਲੋਕ ਚੀਨ ਦੇ ਦੂਸਰੇ ਇਲਾਕਿਆਂ ’ਚ ਘੁੰਮਣ ਜਾਂਦੇ ਹਨ, ਕੁਝ ਤਾਂ ਨੇੜਲੇ ਗੁਆਂਢੀ ਦੇਸ਼ਾਂ ਦੀ ਸੈਰ ਵੀ ਕਰ ਆਉਂਦੇ ਹਨ। ਚੀਨੀ ਲੋਕਾਂ ਕੋਲ ਜਦੋਂ ਤੋਂ ਪੈਸਾ ਆਉਣਾ ਸ਼ੁਰੂ ਹੋਇਆ ਹੈ, ਓਵੇਂ ਹੀ ਉਨ੍ਹਾਂ ਦੀ ਆਮ ਜ਼ਿੰਦਗੀ ’ਚ ਘੁੰਮਣ ਦਾ ਚਾਅ ਵਧਿਆ ਹੈ। ਚੀਨ ਦੇ ਟ੍ਰਾਂਸਪੋਰਟ ਮੰਤਰਾਲਾ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਇਸ ਸਾਲ ਮਈ ਦਿਵਸ ਦੌਰਾਨ 1 ਅਰਬ ਲੋਕ ਸ਼ਨੀਵਾਰ ਤੋਂ ਬੁੱਧਵਾਰ ਦਰਮਿਆਨ ਯਾਤਰਾ ਕਰਨ ਵਾਲੇ ਹਨ ਪਰ ਉਨ੍ਹਾਂ ਦੀ ਭਵਿੱਖਬਾਣੀ ਗਲਤ ਸਾਬਤ ਹੋਈ ਅਤੇ ਯਾਤਰਾ ਕਰਨ ਵਾਲਿਆਂ ਦੀ ਗਿਣਤੀ ’ਚ 80 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਜਿਹੜੇ 20 ਫੀਸਦੀ ਲੋਕਾਂ ਨੇ ਇਸ ਦੌਰਾਨ ਯਾਤਰਾ ਕੀਤੀ ਉਹ ਵੀ ਆਪਣੇ ਸੂਬਿਆਂ ਤੋਂ ਅਤੇ ਆਪਣੇ ਸ਼ਹਿਰ ਤੋਂ ਬਾਹਰ ਜਾਣ ਦੀ ਹਿੰਮਤ ਨਹੀਂ ਕਰ ਸਕੇ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਕਿਤੇ ਨਵੀਆਂ ਥਾਵਾਂ ’ਤੇ ਯਾਤਰਾ ਕਰਨ ’ਚ ਉਨ੍ਹਾਂ ਨੂੰ ਕੋਰੋਨਾ ਹੋ ਗਿਆ ਤਾਂ ਉਨ੍ਹਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਇਸ ਨਾਲ ਚੀਨ ਦੀ ਅਰਥਵਿਵਸਥਾ ਨੂੰ ਧੱਕਾ ਲੱਗਾ ਹੈ।

ਚੀਨ ਦੀ ਅਰਥਵਿਵਸਥਾ ਨੂੰ ਇਸੇ ਤਰ੍ਹਾਂ ਦੀ ਸੈਰ ਨਾਲ ਆਰਥਿਕ ਲਾਭ ਵੀ ਬੜਾ ਹੁੰਦਾ ਹੈ ਪਰ ਇਸ ਸਾਲ ਜਦੋਂ ਤੋਂ ਚੀਨ ’ਚ ਕੋਵਿਡ ਦੇ ਓਮੀਕ੍ਰਾਨ ਵੇਰੀਐਂਟ ਨਾਲ ਸ਼ੰਘਾਈ, ਸ਼ਨਛਨ, ਚੀਲਿਨ ਅਤੇ ਦੂਸਰੇ ਸ਼ਹਿਰਾਂ ’ਚ ਜ਼ਬਰਦਸਤ ਲਾਕਡਾਊਨ ਲੱਗਾ ਹੈ ਉਦੋਂ ਤੋਂ ਲੋਕਾਂ ’ਤੇ ਢੇਰ ਸਾਰੀਆਂ ਪਾਬੰਦੀਆਂ ਵੀ ਲਾ ਦਿੱਤੀਆਂ ਗਈਆਂ ਹਨ, ਪਿਛਲੇ ਕੁਝ ਦਿਨਾਂ ਤੋਂ ਰਾਜਧਾਨੀ ਬੀਜਿੰਗ ’ਚ ਵੀ ਤਿੰਨ ਜ਼ਿਲੇ ਲਾਕਡਾਊਨ ਦੀ ਗ੍ਰਿਫਤ ’ਚ ਹਨ, ਜਿਨ੍ਹਾਂ ’ਚ ਛਾਓਆਂਗਮੈਨ, ਫਾਂਗਸ਼ਾਨ ਸਮੇਤ ਇਕ ਹੋਰ ਜ਼ਿਲੇ ’ਚ ਵੀ ਲਾਕਡਾਊਨ ਲਗਾ ਦਿੱਤਾ ਗਿਆ ਹੈ। ਸਿਨੇਮਾ, ਜਿਮ, ਸ਼ਾਪਿੰਗ ਮਾਲ ਅਤੇ ਦੂਸਰੀਆਂ ਜਨਤਕ ਥਾਵਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।

30 ਅਪ੍ਰੈਲ, 2022 ਨੂੰ ਚੀਨ ’ਚ 1500 ਨਵੇਂ ਕੋਰੋਨਾ ਕੇਸ ਸਾਹਮਣੇ ਆਏ। ਇਸ ਦੇ ਇਲਾਵਾ 9000 ਅਸਿੰਪਟੋਮੈਟਿਕ ਕੇਸ ਵੀ ਦਰਜ ਕੀਤੇ ਗਏ। ਚੀਨ ਸਰਕਾਰ ਨੇ ਮਈ ਦਿਵਸ ਦੌਰਾਨ ਲੋਕਾਂ ਨੂੰ ਬਿਨਾਂ ਕਾਰਨ ਅਤੇ ਛੁੱਟੀਆਂ ’ਚ ਘੁੰਮਣ ਲਈ ਬਾਹਰ ਜਾਣ ਤੋਂ ਮਨਾ ਕੀਤਾ ਅਤੇ ਇਸ ਬਾਰੇ ਇਕ ਹੁਕਮ ਵੀ ਜਾਰੀ ਕੀਤਾ ਸੀ, ਜਿਸ ਨਾਲ ਕੋਰੋਨਾ ਫੈਲਣ ਦੇ ਇਸ ਦੌਰ ’ਚ ਲੋਕ ਬਿਨਾਂ ਕਾਰਨ ਬਾਹਰ ਨਾ ਨਿਕਲਣ ਅਤੇ ਕੋਰੋਨਾ ਮਹਾਮਾਰੀ ਦੀ ਇਨਫੈਕਸ਼ਨ ਤੋਂ ਬਚਣ। ਇਸ ਵਾਰ ਮਈ ਦਿਵਸ ’ਤੇ ਵਧੇਰੇ ਚੀਨੀਆਂ ਨੇ ਆਪਣੇ ਘਰਾਂ ’ਚ ਹੀ ਰਹਿਣਾ ਠੀਕ ਸਮਝਿਆ ਕਿਉਂਕਿ ਰਾਜਧਾਨੀ ਬੀਜਿੰਗ ਸਮੇਤ ਕਈ ਸ਼ਹਿਰਾਂ ’ਚ ਸ਼ਾਪਿੰਗ ਮਾਲ, ਸਿਨੇਮਾ, ਪਾਰਕ ਸਭ ਕੁਝ ਬੰਦ ਸਨ। ਯੂਨੀਵਰਸਲ ਸਟੂਡੀਓਜ਼ ਵੱਲੋਂ ਖੋਲ੍ਹਿਆ ਗਿਆ ਥੀਮ ਪਾਰਕ ਜਿਸ ਨੂੰ ਪਿਛਲੇ ਸਾਲ ਖੋਲ੍ਹਿਆ ਗਿਆ ਸੀ, ਉਸ ਨੂੰ ਵੀ ਜ਼ੀਰੋ ਕੋਵਿਡ ਨੀਤੀ ਕਾਰਨ ਪੂਰੀ ਤਰ੍ਹਾਂ ਬੰਦ ਕਰ ਰੱਖਿਆ ਗਿਆ ਹੈ, ਚੀਨ ’ਚ ਜਦੋਂ ਲੋਕ ਬਾਹਰ ਘੁੰਮਣ ਨਿਕਲਦੇ ਹਨ ਤਾਂ ਉਨ੍ਹਾਂ ’ਚ ਬਾਹਰ ਖਾਣ ਦੀ ਰਵਾਇਤ ਹੈ, ਲੋਕ ਸੈਂਕੜੇ ਤਰ੍ਹਾਂ ਦੇ ਪਕਵਾਨ ਖਾਂਦੇ ਹਨ ਪਰ ਇਸ ਵਾਰ ਸਰਕਾਰ ਨੇ ਕਿਸੇ ਵੀ ਰੈਸਟੋਰੈਂਟ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਸੀ ਦਿੱਤੀ, ਜਿਸ ਕਾਰਨ ਇਸ ਸੈਕਟਰ ਨਾਲ ਜੁੜੇ ਲੋਕਾਂ ਨੂੰ ਬਹੁਤ ਨੁਕਸਾਨ ਝੱਲਣਾ ਪਿਆ। ਕੁਝ ਰੈਸਟੋਰੈਂਟਾਂ ਨੂੰ ਇਸ ਸ਼ਰਤ ਨਾਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਕਿ ਉਹ ਲੋਕ ਗਾਹਕਾਂ ਨੂੰ ਪਾਰਸਲ ਦੇ ਸਕਦੇ ਹਨ ਪਰ ਕਈ ਗਾਹਕ ਰੈਸਟੋਰੈਂਟ ਦੇ ਅੰਦਰ ਬੈਠ ਕੇ ਨਹੀਂ ਖਾ ਸਕਦੇ।

ਚੀਨ ਅਜੇ ਤੱਕ ਆਪਣੀ ਜ਼ੀਰੋ ਕੋਵਿਡ ਨੀਤੀ ’ਤੇ ਅੜਿਆ ਹੋਇਆ ਹੈ ਜਦਕਿ ਦੁਨੀਆ ਦੇ ਦੂਸਰੇ ਦੇਸ਼ਾਂ ਨੇ ਆਪਣੇ ਇੱਥੇ ਨਿਯਮਾਂ ’ਚ ਢਿੱਲ ਦਿੱਤੀ ਹੈ, ਜਿਸ ਨਾਲ ਬੀਮਾਰੀ ’ਤੇ ਕਾਬੂ ਵੀ ਪਾਇਆ ਜਾ ਸਕੇ ਅਤੇ ਅਰਥਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਇਆ ਵੀ ਜਾ ਸਕੇ। ਚੀਨ ਦੇ ਸ਼ਿੰਘਾਈ ’ਚ ਸਖਤ ਲਾਕਡਾਊਨ ਕਾਰਨ ਉੱਥੋਂ ਦੇ ਲੋਕਾਂ ਨੂੰ ਬੜਾ ਨੁਕਸਾਨ ਝੱਲਣਾ ਪਿਆ। ਇਸ ਦੇ ਨਾਲ ਚੀਨ ਦੀ ਅਰਥਵਿਵਸਥਾ ਨੂੰ ਬਹੁਤ ਨੁਕਸਾਨ ਪਹੁੰਚਿਆ ਕਿਉਂਕਿ ਸਿੰਘਾਈ ਨਾ ਸਿਰਫ ਚੀਨ ਦੀ ਆਰਥਿਕ ਰਾਜਧਾਨੀ ਹੈ ਸਗੋਂ ਇਹ ਬਹੁਤ ਵੱਡਾ ਵਿਨਿਰਮਾਣ ਕੇਂਦਰ ਹੈ, ਜਹਾਜ਼ਰਾਨੀ ਦਾ ਸਭ ਤੋਂ ਵੱਡਾ ਕੇਂਦਰ ਹੈ ਅਤੇ ਵਿੱਤ ਨਾਲ ਜੁੜੀਆਂ ਵੱਡੀਆਂ ਸਰਗਰਮੀਆਂ ਦਾ ਵੀ ਕੇਂਦਰ ਹੈ।

ਰਾਜਧਾਨੀ ਬੀਜਿੰਗ ’ਚ ਪਿਛਲੇ 9 ਦਿਨਾਂ ’ਚ 250 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ ਜਿਸ ਨੂੰ ਰੋਕਣ ਲਈ ਚੀਨ ਸਰਕਾਰ ਨੇ ਸ਼ਿੰਘਾਈ ਵਾਲੀ ਸਖਤੀ ਇੱਥੇ ਵੀ ਲਾਗੂ ਕਰ ਦਿੱਤੀ, ਬੀਜਿੰਗ ਦੇ ਇਲਾਕੇ ’ਚ ਉਨ੍ਹਾਂ ਥਾਵਾਂ ’ਤੇ ਲਾਕਡਾਊਨ ਲਾਗੂ ਕਰ ਦਿੱਤਾ ਗਿਆ ਜਿੱਥੇ ਕੋਰੋਨਾ ਕੇਸ ਪਾਏ ਗਏ ਹਨ। ਜੋ ਲੋਕ ਅਜੇ ਦਫਤਰ ਅਤੇ ਸੈਰ-ਸਪਾਟਾ ਵਾਲੀਆਂ ਥਾਵਾਂ ਵੱਲ ਜਾ ਰਹੇ ਹਨ, ਉਨ੍ਹਾਂ ਨੂੰ ਘੱਟ ਤੋਂ ਘੱਟ 48 ਘੰਟੇ ਪਹਿਲਾਂ ਕੋਵਿਡ ਟੈਸਟ ਕਰਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬੀਜਿੰਗ ’ਚ ਇਕ ਹਫਤੇ ’ਚ 3 ਵਾਰ ਕੋਵਿਡ ਦੀ ਜਾਂਚ ਕਰਾਉਣਾ ਲਾਜ਼ਮੀ ਕਰ ਦਿੱਤਾ ਗਿਆ।

ਸ਼ਿਆਨਮੇਨ’ਚ ਵੀ ਕੋਰੋਨਾ ਦੇ ਕਾਰਨ ਬੰਦ ਲਾਗੂ ਕਰ ਦਿੱਤਾ ਗਿਆ ਹੈ ਜਿਸ ਨਾਲ ਸੈਰ-ਸਪਾਟਾ ਉਦਯੋਗ ਨਾਲ ਜੁੜੇ ਲੋਕਾਂ ’ਤੇ ਕਾਫੀ ਅਸਰ ਪਿਆ ਹੈ। ਇਸ ਇਲਾਕੇ ’ਚ ਸਾਰੇ ਰੈਸਟੋਰੈਂਟ ਬੰਦ ਕਰਨ ਨਾਲ ਇਨ੍ਹਾਂ ਦਾ ਕਾਰੋਬਾਰ 98 ਫੀਸਦੀ ਖਤਮ ਹੋ ਗਿਆ ਹੈ ਅਤੇ ਜੋ 2 ਫੀਸਦੀ ਬਚਿਆ ਹੈ ਉਹ ਇਨ੍ਹਾਂ ਦਾ ਕਾਰੋਬਾਰ ਚਲਾਉਣ ਲਈ ਕਾਫੀ ਨਹੀਂ ਹੈ।

ਪਹਿਲਾਂ ਤੋਂ ਹੀ ਮੱਠੀ ਪਈ ਚੀਨੀ ਅਰਥਵਿਵਸਥਾ ਨੂੰ ਮਈ ਦਿਵਸ ’ਤੇ ਹੋਣ ਵਾਲੀਆਂ ਯਾਤਰਾਵਾਂ ਤੋਂ ਬੜੀ ਆਸ ਸੀ ਪਰ ਚੀਨ ਸਰਕਾਰ ਦੀ ਜ਼ੀਰੋ ਕੋਵਿਡ ਨੀਤੀ ਕਾਰਨ ਦੇਸ਼ ’ਚ ਕਈ ਥਾਵਾਂ ’ਤੇ ਲਾਕਡਾਊਨ ਜਾਰੀ ਹੈ, ਸਰਕਾਰ ਵੱਲੋਂ ਜਾਰੀ ਸੰਦੇਸ਼ ’ਚ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਇਸ ਸਮੇਂ ਯਾਤਰਾ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਜਿਸ ਦੇ ਕਾਰਨ ਲੋਕ ਆਪਣੇ ਘਰਾਂ ’ਚ ਹੀ ਕੈਦ ਰਹੇ। ਇਸ ਨਾਲ ਨਾ ਸਿਰਫ ਲੋਕਾਂ ਦੇ ਮਨ ’ਤੇ ਬੁਰਾ ਅਸਰ ਪਿਆ ਸਗੋਂ ਚੀਨ ਦੀ ਅਰਥਵਿਵਸਥਾ ਨੂੰ ਵੀ ਵੱਡਾ ਝਟਕਾ ਲੱਗਾ ਹੈ।


Meenakshi

News Editor

Related News