ਚੀਨ ਅਜੇ ਵੀ ਲਾਕਡਾਊਨ ਦੇ ਭੰਵਰ ਜਾਲ ’ਚ ਫਸਿਆ ਹੋਇਆ

11/15/2022 12:31:29 AM

ਚੀਨ ਅਜੇ ਵੀ ਸਿਫਰ ਕੋਵਿਡ ਨੀਤੀ ਦੀ ਪਾਲਣਾ ਕਰ ਰਿਹਾ ਹੋ ਜਦੋਂ ਕਿ ਇਸ ਕਾਰਨ ਉਸ ਦੇ ਲੋਕਾਂ ਅਤੇ ਅਰਥਵਿਵਸਥਾ ਨੂੰ ਬੜਾ ਨੁਕਸਾਨ ਹੋ ਰਿਹਾ ਹੈ। ਇਕ ਪਾਸੇ ਦੁਨੀਆ ਦੇ ਦੂਜੇ ਦੇਸ਼ਾਂ ਨੇ ਕੋਵਿਡ ਮਹਾਮਾਰੀ ਨਾਲ ਜਿਊਣਾ ਸਿੱਖ ਲਿਆ ਅਤੇ ਉਸ ਨੂੰ ਇਕ ਸਾਧਾਰਨ ਫਲੂ ਵਾਂਗ ਦੇਖ ਰਹੇ ਹਨ। ਦੂਜੇ ਪਾਸੇ ਚੀਨ ਅਜੇ ਤੱਕ 2 ਸਾਲ ਪਹਿਲਾਂ ਦੇ ਲਾਕਡਾਊਨ ਦੇ ਭੰਵਰ ਜਾਲ ’ਚ ਫਸਿਆ ਹੋਇਆ ਹੈ।

ਤਾਜ਼ਾ ਮਾਮਲਾ ਦੱਖਣੀ ਚੀਨ ਦੇ ਕਵਾਂਗਤੁੰਗ ਸੂਬੇ ਦੀ ਰਾਜਧਾਨੀ ਕਵਾਨਚੌ ਸ਼ਹਿਰ ਦਾ ਹੈ ਜਿੱਥੇ 4 ਨਵੰਬਰ ਨੂੰ ਹਾਈਚੌ ਜ਼ਿਲੇ ’ਚ ਕੋਵਿਡ ਦੇ ਮਾਮਲੇ ਪਾਏ ਜਾਣ ਪਿੱਛੋਂ ਸਖਤੀ ਨਾਲ ਲਾਕਡਾਊਨ ਲਾਗੂ ਕੀਤਾ ਗਿਆ ਹੈ। ਮਹਾਮਾਰੀ ਨਾਲ ਲੜਨਾ ਅਤੇ ਉਸ ’ਤੇ ਕਾਬੂ ਪਾਉਣਾ ਚੀਨ ’ਚ ਹਰ ਨਾਗਰਿਕ ਦਾ ਫਰਜ਼ ਬਣਾ ਦਿੱਤਾ ਗਿਆ ਹੈ। ਇੱਥੋਂ ਦੇ ਰਹਿਣ ਵਾਲੇ ਲੋਕਾਂ ’ਤੇ ਪ੍ਰਸ਼ਾਸਨ ਬੜੀ ਸਖਤੀ ਕਰ ਰਿਹਾ ਹੈ। ਹਰ ਨਾਗਰਿਕ ਦਾ ਨਿਊਕਲੀਇਕ ਟੈਸਟ ਕਰਵਾਇਆ ਜਾ ਰਿਹਾ ਹੈ। ਇਸ ਕਾਰਨ ਲੋਕਾਂ ਨੂੰ ਬੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਲੋਕ ਮਜਬੂਰ ਹਨ ਅਤੇ ਚੀਨ ’ਚ ਜਿਵੇਂ ਕਿ ਅਸੀਂ ਸਭ ਜਾਣਦੇ ਹਾਂ, ਸਰਕਾਰ ਵਿਰੁੱਧ ਬੋਲਣਾ ਮਨ੍ਹਾ ਹੈ ਤਾਂ ਲੋਕ ਚੁੱਪ ਕਰ ਕੇ ਸਰਕਾਰ ਦਾ ਹਰ ਹੁਕਮ ਮੰਨ ਰਹੇ ਹਨ।

ਇਸ ਨੂੰ ਦੇਖਦੇ ਹੋਏ ਸਥਾਨਕ ਪ੍ਰਸ਼ਾਸਨ ਨੇ ਗੈਰ-ਜ਼ਰੂਰੀ ਵਪਾਰ, ਰੈਸਟੋਰੈਂਟ ਅਤੇ ਜਨਤਕ ਆਵਾਜਾਈ ਨੂੰ ਗਿਣੇ-ਮਿਥੇ ਸਮੇਂ ਲਈ ਬੰਦ ਕਰ ਦਿੱਤਾ ਹੈ। ਜਿਵੇਂ ਹੀ ਹਾਈਚੌ ਜ਼ਿਲਾ ਪ੍ਰਸ਼ਾਸਨ ਨੇ ਇਹ ਐਲਾਨ ਕੀਤਾ, ਦੇ ਤੁਰੰਤ ਬਾਅਦ ਹੀ ਹਜ਼ਾਰਾਂ ਦੀ ਗਿਣਤੀ ’ਚ ਸ਼ਹਿਰ ਦੇ ਲੋਕ ਆਪਣਾ ਸ਼ਹਿਰ ਛੱਡ ਕੇ ਬਾਹਰ ਵੱਲ ਭੱਜਣ ਲੱਗੇ। ਹਾਲਤ ਇੰਨੀ ਗੰਭੀਰ ਹੋ ਗਈ ਕਿ ਰਾਤ 11.30 ਵਜੇ ਵੀ ਸੜਕਾਂ ’ਤੇ ਮੋਟਰ ਗੱਡੀਆਂ ਦੀ ਭਾਰੀ ਗਿਣਤੀ ਹੋਣ ਕਾਰਨ ਜਾਮ ਲੱਗ ਗਿਆ।

ਲਾਕਡਾਊਨ ਦੌਰਾਨ ਲੋਕ ਆਪਣੇ ਘਰਾਂ ’ਚ ਕੈਦ ਹੋਣ ਦੀ ਥਾਂ ਰਾਤੋ-ਰਾਤ ਸ਼ਹਿਰ ਛੱਡ ਕੇ ਭੱਜ ਜਾਣਾ ਚਾਹੁੰਦੇ ਸਨ। ਲੋਕਾਂ ਦੇ ਦਿਮਾਗ ’ਚ ਹੁਣੇ ਜਿਹੇ ਹੀ ਸੰਪੰਨ ਹੋਈ 20ਵੀਂ ਕਾਂਗਰਸ ਦੌਰਾਨ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਐਲਾਨ ਆ ਗਿਆ ਜਦੋਂ ਉਨ੍ਹਾਂ ਕਿਹਾ ਸੀ ਕਿ ਚੀਨ ਸਿਫਰ ਕੋਵਿਡ ਨੀਤੀ ਦੀ ਪਾਲਣਾ ਕਰਦਾ ਰਹੇਗਾ।

ਹੁਣੇ ਜਿਹੇ ਹੀ ਹੁਪੇ ਸੂਬੇ ਦੀ ਰਾਜਧਾਨੀ ਵੂਹਾਨ ਸ਼ਹਿਰ ਦੇ ਚਿਆਂਗਆਨ ਜ਼ਿਲੇ ’ਚ 1 ਤੋਂ 5 ਨਵੰਬਰ ਤੱਕ 5 ਦਿਨ ਦੇ ਲਾਕਡਾਊਨ ਦਾ ਐਲਾਨ ਕੀਤਾ ਸੀ। ਉਦੋਂ ਵੀ ਸਭ ਸਥਾਨਕ ਲੋਕਾਂ ਨੇ ਪਹਿਲਾਂ ਬਾਜ਼ਾਰ ਜਾ ਕੇ ਰਾਸ਼ਨ ਨਾਲ ਆਪਣੇ ਘਰ ਭਰ ਲਏ ਤੇ 31 ਅਕਤੂਬਰ ਦੀ ਰਾਤ ਦੇਰ ਗਏ ਆਪਣਾ ਸ਼ਹਿਰ ਛੱਡ ਦਿੱਤਾ ਸੀ। ਠੀਕ ਇਸੇ ਤਰ੍ਹਾਂ ਅਕਤੂਬਰ ਦੇ ਅੰਤ ’ਚ ਚੰਗਚਾਊ ਸ਼ਹਿਰ ’ਚ ਵੀ ਲਾਕਡਾਊਨ ਦਾ ਐਲਾਨ ਹੁੰਦੇ ਹੀ ਫੈਕਟਰੀਆਂ ਤੋਂ ਮਜ਼ਦੂਰ ਭੱਜਣ ਲੱਗੇ ਕਿਉਂਕਿ ਲੰਬੇ ਸਮੇਂ ਤੱਕ ਉਨ੍ਹਾਂ ਲਾਕਡਾਊਨ ਦੀ ਔਖ ਬਰਦਾਸ਼ਤ ਕੀਤੀ ਸੀ। ਹੁਣ ਉਹ ਇਸ ਨੂੰ ਬਰਦਾਸ਼ਤ ਕਰਨ ਦੇ ਮੂਡ ’ਚ ਬਿਲਕੁਲ ਨਹੀਂ ਸਨ।

ਇਸ ਘਟਨਾ ਤੋਂ ਪਹਿਲਾਂ ਵੀ ਜਦੋਂ ਚੰਗਚਾਊ ਵਿਖੇ ਲਾਕਡਾਊਨ ਲੱਗਾ ਸੀ ਤਾਂ ਕਈ ਲੋਕਾਂ ਨੂੰ ਇਕਾਂਤਵਾਸ ’ਚ ਭੇਜ ਦਿੱਤਾ ਗਿਆ ਸੀ। ਹਜ਼ਾਰਾਂ ਲੋਕ ਆਪਣੇ ਘਰਾਂ ’ਚ ਕੈਦ ਹੋ ਗਏ ਸਨ। ਉਨ੍ਹਾਂ ਦਾ ਸਾਰਾ ਰਾਸ਼ਨ ਖਤਮ ਹੋ ਗਿਆ ਸੀ। ਲੋਕ ਭੁੱਖੇ ਰਹਿਣ ਲਈ ਮਜਬੂਰ ਹੋ ਗਏ ਸਨ। ਇਸ ਲਈ ਇਹ ਲੋਕ ਅਜਿਹੀ ਸਥਿਤੀ ’ਚ ਹੁਣ ਨਹੀਂ ਰਹਿਣਾ ਚਾਹੁੰਦੇ ਸਨ। ਲੋਕਾਂ ਨੂੰ ਇਕ ਹੀ ਰਾਹ ਨਜ਼ਰ ਆਇਆ ਕਿ ਸ਼ਹਿਰ ’ਚੋਂ ਦੌੜ ਜਾਓ। ਲੋਕ ਰਾਤੋ-ਰਾਤ ਭੱਜਣ ਲੱਗੇ। ਇਸ ਕਾਰਨ ਚੰਗਚਾਊ ਵਿਖੇ ਫੈਕਟਰੀਆਂ ਵੀਰਾਨ ਹੋ ਗਈਆਂ। ਕੰਮਕਾਜ ਠੱਪ ਹੋ ਗਿਆ। ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ।

ਸਮੁੱਚੀ ਦੁਨੀਆ ਦੇ ਲੋਕਾਂ ਨੇ ਅਸਰਦਾਰ ਕੋਵਿਡ ਦੀ ਵੈਕਸੀਨ ਲਗਵਾਈ ਅਤੇ ਉਹ ਲੋਕ ਸਮੇਂ ਦੇ ਨਾਲ ਅੱਗੇ ਵਧ ਗਏ। ਚੀਨ ਅਜੇ ਵੀ ਲਾਕਡਾਊਨ ਦੀ ਉਲਝਣ ’ਚੋਂ ਬਾਹਰ ਨਹੀਂ ਨਿਕਲ ਸਕਿਆ। ਪੂਰੀ ਦੁਨੀਆ ’ਚ ਮਾਡਰਨਾ, ਫਾਈਜ਼ਰ, ਐਸਟ੍ਰਾਜੈਨਿਕਾ ਸਮੇਤ ਕਈ ਵੱਡੀਆਂ ਕੰਪਨੀਆਂ ਨੇ 81 ਤੋਂ 92 ਫੀਸਦੀ ਦੀ ਅਸਰਦਾਰ ਵੈਕਸੀਨ ਬਣਾਈ ਪਰ ਚੀਨ ਨੇ ਪੱਛਮ ਨਾਲ ਦੌੜ ਲਾਉਣ ਦੇ ਚੱਕਰ ’ਚ ਆਪਣੀ ਸੀਨੋਵੈਕ ਅਤੇ ਸੀਨੋਫਾਰਮ ਨਾਂ ਦੀ ਵੈਕਸੀਨ ਜਲਦੀ ਹੀ ਬਣਾ ਲਈ ਸੀ ਪਰ ਉਸ ’ਚ ਅਸਰ ਕਰਨ ਦੀ ਸਮਰੱਥਾ ਸਿਰਫ 20 ਫੀਸਦੀ ਸੀ ਜਿਸ ਕਾਰਨ ਕੋਰੋਨਾ ਚੀਨ ’ਚ ਵਾਰ-ਵਾਰ ਵਾਪਸ ਆ ਰਿਹਾ ਹੈ।

ਉਸ ਤੋਂ ਬਚਣ ਲਈ ਚੀਨ ਕੋਲ ਇਸ ਸਮੇਂ ਇਕ ਹੀ ਰਾਹ ਹੈ ਅਤੇ ਉਹ ਹੈ ਲਾਕਡਾਊਨ ਦਾ। ਲਾਕਡਾਊਨ ਕਾਰਨ ਲੋਕਾਂ ਨੂੰ ਜੋ ਪ੍ਰੇਸ਼ਾਨੀ ਹੋ ਰਹੀ ਹੈ, ਉਸ ਦਾ ਜ਼ਿਕਰ ਸੀਨਾ ਬੇਈਬੋ ’ਤੇ ਸ਼ਾਂਗਹਾਈ ਦੇ ਇਕ ਨਿਵਾਸੀ ਨੇ ਕੀਤਾ। ਉਸ ਨੂੰ ਕੋਵਿਡ ਪਾਜ਼ੇਟਿਵ ਹੋਣ ਕਾਰਨ ਇਕਾਂਤਵਾਸ ’ਚ ਭੇਜ ਦਿੱਤਾ ਗਿਆ। 15 ਦਿਨ ਬਾਅਦ ਜਦੋਂ ਉਹ ਆਪਣੇ ਘਰ ਪਰਤਿਆ ਤਾਂ ਉਸ ਨੇ ਵੇਖਿਆ ਕਿ ਦਰਵਾਜ਼ੇ ਨੂੰ ਜਬਰੀ ਖੋਲ੍ਹੇ ਜਾਣ ਦੇ ਨਿਸ਼ਾਨ ਹਨ। ਉਸ ਨੇ ਆਪਣਾ ਘਰ ਖੋਲ੍ਹਿਆ ਤਾਂ ਵੇਖਿਆ ਕਿ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਹੈ।

ਉਸ ਨੇ ਪ੍ਰਸ਼ਾਸਨ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੰਨਿਆ ਕਿ ਉਹ ਉਸ ਦੇ ਘਰ ਦਾਖਲ ਹੋਏ ਸਨ। ਉਨ੍ਹਾਂ ਘਰ ਦੇ ਅੰਦਰ ਦਵਾਈ ਦਾ ਛਿੜਕਾਅ ਕੀਤਾ ਸੀ। ਉਹ ਇਹ ਵੀ ਵੇਖਣਾ ਚਾਹੁੰਦੇ ਸਨ ਕਿ ਘਰ ’ਚ ਕੋਈ ਹੋਰ ਵਿਅਕਤੀ ਮੌਜੂਦ ਤਾਂ ਨਹੀਂ ਹੈ। ਲੋਕਾਂ ਦੀ ਪ੍ਰਾਈਵੇਸੀ ਦੀ ਜਿਸ ਤਰ੍ਹਾਂ ਉਲੰਘਣਾ ਕੀਤੀ ਜਾ ਰਹੀ ਹੈ, ਉਸ ਕਾਰਨ ਲੋਕ ਆਪਣੀ ਸਰਕਾਰ ਤੋਂ ਬੇਹੱਦ ਦੁਖੀ ਹਨ। ਕਵਾਨਚੌ ਸ਼ਹਿਰ ਦੇ ਇਕ ਨਾਗਰਿਕ ਹਾਨ ਵੂ ਨੇ ਦੱਸਿਆ ਕਿ ਸਤੰਬਰ ਦੇ ਅੱਧ ’ਚ ਇਸ ਸ਼ਹਿਰ ਦੇ ਕੋਲ ਇਕ ਬੱਸ ’ਚ 27 ਕੋਵਿਡ ਮਰੀਜ਼ਾਂ ਨੂੰ ਇਕਾਂਤਵਾਸ ਲਈ ਲਿਜਾਇਆ ਜਾ ਰਿਹਾ ਸੀ ਕਿ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਉਸ ’ਚ ਸਵਾਰ ਸਾਰੇ ਵਿਅਕਤੀ ਮਾਰੇ ਗਏ। ਲੋਕਾਂ ਦਾ ਗੁੱਸਾ ਸੋਸ਼ਲ ਮੀਡੀਆ ’ਤੇ ਉਤਰਿਆ। ਲੋਕਾਂ ਨੇ ਸੀਨਾ ਵੇਈਬੋ ’ਤੇ ਆਪਣਾ ਗੁੱਸਾ ਕੱਢਣਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਪ੍ਰਸ਼ਾਸਨ ਦੀ ਨਜ਼ਰ ਇਸ ’ਤੇ ਪਈ, ਉਸ ਨੇ ਲੋਕਾਂ ਦੇ ਅਕਾਊਂਟ ਸਸਪੈਂਡ ਕਰ ਦਿੱਤੇ।

ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਇਹ ਨਹੀਂ ਕਿਹਾ ਜਾ ਸਕਦਾ ਕਿ ਚੀਨ ਦੇ ਲੋਕਾਂ ਨੂੰ ਉਨ੍ਹਾਂ ਦੇ ਸਖਤ ਪ੍ਰਸ਼ਾਸਨ ਤੋਂ ਕਦੋਂ ਛੁਟਕਾਰਾ ਮਿਲੇਗਾ ਪਰ ਚੀਨ ਦੇ ਹੁਕਮਰਾਨ ਆਪਣੇ ਫੈਸਲਿਆਂ ਨੂੰ ਸਹੀ ਵਿਖਾਉਣ ਲਈ ਸਖਤ ਲਾਕਡਾਊਨ ਦੀ ਨੀਤੀ ਤੋਂ ਬਾਹਰ ਨਿਕਲਦੇ ਨਜ਼ਰ ਨਹੀਂ ਆ ਰਹੇ।


Anuradha

Content Editor

Related News