ਨਹੀਂ ਰੁਕ ਰਹੀ ਚੀਨ ਦੀ ਹਮਲਾਵਰੀ ਰਣਨੀਤੀ
Monday, Aug 20, 2018 - 07:07 AM (IST)

ਚੀਨ ਦੀਆਂ ਹਮਲਾਵਰੀ ਨੀਤੀਆਂ ਅਤੇ ਯੁੱਧ ਅਭਿਆਸ ਤੋਂ ਲੈ ਕੇ ਪੁਲਾੜ ਵਿਚ ਵੀ ਆਪਣੀ ਫੌਜੀ ਤਾਕਤ ਮਜ਼ਬੂਤ ਕਰਨ ਦੇ ਯਤਨਾਂ ਨੂੰ ਉਜਾਗਰ ਕਰਦੀ ਇਕ ਰਿਪੋਰਟ ਹਾਲ ਹੀ ਵਿਚ ਅਮਰੀਕੀ ਫੌਜੀ ਮੁੱਖ ਦਫਤਰ ਪੈਂਟਾਗਨ ਨੇ ਜਾਰੀ ਕੀਤੀ ਹੈ।
ਇਹ ਰਿਪੋਰਟ ਚੀਨ ਦੀਆਂ ਵਿਸਤਾਰਵਾਦੀ ਨੀਤੀਆਂ ਅਤੇ ਖੇਤਰੀ ਮੁੱਦਿਆਂ 'ਤੇ ਆਪਣੇ ਵਿਰੋਧੀਆਂ ਨੂੰ ਦਬਾਉਣ ਲਈ ਉਸ ਦੀ ਲਗਾਤਾਰ ਜਾਰੀ ਹਮਲਾਵਰੀ ਰਣਨੀਤੀ ਦੇ ਬਾਰੇ ਉਸ ਦੇ ਗੁਆਂਢੀ ਦੇਸ਼ਾਂ ਲਈ ਚਿਤਾਵਨੀ ਤੋਂ ਘੱਟ ਨਹੀਂ ਹੈ। ਇਸ ਦੇ ਲਈ ਰਿਪੋਰਟ ਵਿਚ ਹੋਰਨਾਂ ਘਟਨਾਵਾਂ ਦੇ ਨਾਲ ਚੀਨ-ਭਾਰਤ ਵਿਚਾਲੇ ਡੋਕਲਾਮ ਵਿਵਾਦ ਦਾ ਵੀ ਪ੍ਰਮੁੱਖਤਾ ਨਾਲ ਜ਼ਿਕਰ ਕੀਤਾ ਗਿਆ ਹੈ। ਇਹ ਰਿਪੋਰਟ ਅਜਿਹੇ ਸਮੇਂ 'ਚ ਆਈ ਹੈ, ਜਦ ਕਿ ਕੁਝ ਹੀ ਦਿਨਾਂ ਵਿਚ ਚੀਨੀ ਰੱਖਿਆ ਮੰਤਰੀ ਭਾਰਤ ਦੇ ਦੌਰੇ 'ਤੇ ਆ ਰਹੇ ਹਨ।
ਰਿਪੋਰਟ ਅਨੁਸਾਰ ਚੀਨ ਖੁੱਲ੍ਹੀ ਜੰਗ ਛੇੜ ਕੇ ਖੇਤਰੀ ਸਥਿਰਤਾ ਨੂੰ ਖਤਰੇ ਵਿਚ ਨਹੀਂ ਪਾਉਣਾ ਚਾਹੁੰਦਾ ਕਿਉਂਕਿ ਇਸੇ 'ਤੇ ਉਸ ਦਾ ਆਰਥਿਕ ਵਿਕਾਸ ਨਿਰਭਰ ਕਰਦਾ ਹੈ। ਫਿਰ ਵੀ ਉਹ ਆਪਣੀਆਂ ਵਿਸਤਾਰਵਾਦੀ ਨੀਤੀਆਂ ਨੂੰ ਅੱਗੇ ਵਧਾਉਣ ਅਤੇ ਆਪਣੇ ਰਣਨੀਤਕ ਉਦੇਸ਼ਾਂ ਦੀ ਪੂਰਤੀ ਲਈ ਜੰਗ ਤੋਂ ਬਚਦੇ ਹੋਏ ਉਹ ਹਮਲਾਵਰੀ ਤੇਵਰ ਦਿਖਾਉਣ ਦਾ ਕੋਈ ਮੌਕਾ ਆਪਣੇ ਹੱਥੋਂ ਨਹੀਂ ਜਾਣ ਦੇ ਰਿਹਾ ਹੈ। ਇਹ ਗੱਲ ਦੱਖਣੀ ਅਤੇ ਪੂਰਬੀ ਚੀਨ ਸਾਗਰ ਦੇ ਵਾਦ-ਵਿਵਾਦ ਵਾਲੇ ਖੇਤਰਾਂ ਵਿਚ ਉਸ ਦੇ ਦਖਲ ਅਤੇ ਸਿੱਕਮ ਦੇ ਨੇੜੇ ਡੋਕਲਾਮ ਵਿਚ 73 ਦਿਨਾਂ ਤਕ ਭਾਰਤ ਵਿਰੁੱਧ ਫੌਜਾਂ ਦੀ ਤਾਇਨਾਤੀ ਤੋਂ ਸਪੱਸ਼ਟ ਹੋ ਜਾਂਦੀ ਹੈ।
ਰਿਪੋਰਟ ਵਿਚ ਚੀਨ ਵਲੋਂ ਤੇਜ਼ੀ ਨਾਲ ਕੀਤੇ ਜਾ ਰਹੇ ਫੌਜੀ ਆਧੁਨਿਕੀਕਰਨ ਦਾ ਵੀ ਵਰਣਨ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਉਹ ਲੰਮੀ ਦੂਰੀ ਦੀਆਂ ਸਟੀਕ ਮਾਰਕ ਕਰਨ ਵਾਲੀਆਂ ਮਿਜ਼ਾਈਲਾਂ, ਪ੍ਰਮਾਣੂ ਬੰਬ ਵਰ੍ਹਾਊ ਜਹਾਜ਼ਾਂ ਅਤੇ ਪਣਡੁੱਬੀਆਂ ਤੋਂ ਲੈ ਕੇ ਸੂਚਨਾ, ਸਾਈਬਰ ਅਤੇ ਪੁਲਾੜ ਤਕ ਵਿਚ ਆਪਣੀ ਫੌਜੀ ਤਾਕਤ ਨੂੰ ਮਜ਼ਬੂਤ ਕਰਨ ਵਿਚ ਜੁਟ ਚੁੱਕਾ ਹੈ।
ਇਸੇ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਨ ਦੀ ਫੌਜ ਨੇ ਹਾਲ ਹੀ ਵਿਚ ਆਪਣੇ ਬੰਬ ਵਰ੍ਹਾਊ ਜਹਾਜ਼ਾਂ ਦੇ ਜੰਗੀ ਅਭਿਆਸ ਦਾ ਵਿਸਤਾਰ ਕੀਤਾ ਹੈ, ਜੋ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਵਿਰੁੱਧ ਹਮਲਿਆਂ ਲਈ ਸੰਭਾਵਿਤ ਟ੍ਰੇਨਿੰਗ ਹੋ ਸਕਦੀ ਹੈ।
ਪੈਂਟਾਗਨ ਦਾ ਅਨੁਮਾਨ ਹੈ ਕਿ ਚੀਨ ਦਾ ਰੱਖਿਆ ਖਰਚ 2017 ਵਿਚ 190 ਬਿਲੀਅਨ ਡਾਲਰ ਤੋਂ ਵੱਧ ਸੀ ਅਤੇ ਆਰਥਿਕ ਵਿਕਾਸ ਵਿਚ ਅਨੁਮਾਨਤ ਮੰਦੀ ਦੇ ਬਾਵਜੂਦ ਚੀਨ ਦਾ ਅਧਿਕਾਰਤ ਰੱਖਿਆ ਬਜਟ 2028 ਤਕ 240 ਅਰਬ ਡਾਲਰ ਤੋਂ ਵੱਧ ਹੋ ਜਾਵੇਗਾ ਅਤੇ ਚੀਨ ਦਾ ਪੁਲਾੜ ਪ੍ਰੋਗਰਾਮ ਵੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਪੀ. ਐੱਲ. ਏ. ਨੇ ਆਪਣੀ ਪੁਲਾੜ ਫੌਜੀ ਤਾਕਤ ਨੂੰ ਵੀ ਮਜ਼ਬੂਤ ਕਰਨਾ ਜਾਰੀ ਰੱਖਿਆ ਹੈ।
ਇਸ ਦੇ ਜਵਾਬ ਵਿਚ ਇਸੇ ਮਹੀਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2020 ਤਕ ਅਮਰੀਕੀ 'ਸਪੇਸ ਫੋਰਸ' ਤਿਆਰ ਕਰਨ ਦੀ ਵੱਡੀ ਖਾਹਿਸ਼ੀ ਯੋਜਨਾ ਦਾ ਐਲਾਨ ਕੀਤਾ ਹੈ। ਉਨ੍ਹਾਂ ਦਾ ਤਰਕ ਹੈ ਕਿ ਚੀਨ ਵਰਗੇ ਅਮਰੀਕੀ ਵਿਰੋਧੀ ਜੰਗ ਦੀ ਸਥਿਤੀ ਵਿਚ ਅਮਰੀਕੀ ਪੁਲਾੜ ਸਮਰੱਥਤਾਵਾਂ 'ਤੇ ਹਮਲਾ ਕਰਨ ਲਈ ਤੇਜ਼ੀ ਨਾਲ ਤਿਆਰੀ ਕਰਦੇ ਨਜ਼ਰ ਆ ਰਹੇ ਹਨ।
ਇਹ ਰਿਪੋਰਟ ਉਦੋਂ ਆਈ ਹੈ, ਜਦੋਂ ਵਪਾਰ ਜੰਗ ਦਾ ਰੂਪ ਲੈ ਸਕਣ ਵਾਲੀ ਆਪਸੀ ਦਰਾਮਦੀ ਡਿਊਟੀ ਸੰਘਰਸ਼ ਨੂੰ ਹੱਲ ਕਰਨ ਦੀ ਉਮੀਦ ਜਗਾਉਂਦੇ ਹੋਏ ਚੀਨ ਅਤੇ ਅਮਰੀਕਾ ਵਪਾਰ ਵਾਰਤਾ ਆਯੋਜਿਤ ਕਰਨ ਦੀ ਯੋਜਨਾ ਬਣਾ ਰਹੇ ਹਨ।
ਗੌਰਤਲਬ ਹੈ ਕਿ ਭਾਰਤ ਅਤੇ ਅਮਰੀਕਾ ਵੀ ਅਗਲੇ ਮਹੀਨੇ ਵੱਖ-ਵੱਖ ਮੁੱਦਿਆਂ 'ਤੇ ਆਹਮੋ-ਸਾਹਮਣੇ ਬੈਠ ਕੇ ਗੱਲਬਾਤ ਕਰਨ ਵਾਲੇ ਹਨ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ 6 ਸਤੰਬਰ ਨੂੰ ਨਵੀਂ ਦਿੱਲੀ ਵਿਚ ਆਪਣੇ ਅਮਰੀਕੀ ਹਮ-ਅਹੁਦਾ ਜਿਮ ਮੈਟਿਸ ਅਤੇ ਮਾਈਕ ਪੋਂਪੇਓ ਦੇ ਨਾਲ ਸੰਯੁਕਤ ਵਾਰਤਾ ਵਿਚ ਹਿੱਸਾ ਲੈਣਗੀਆਂ। ਅਮਰੀਕਾ ਨਿਸ਼ਚਿਤ ਤੌਰ 'ਤੇ ਭਾਰਤ ਨੂੰ ਆਪਣੇ ਪੱਖ ਵਿਚ ਰੱਖਣਾ ਚਾਹੁੰਦਾ ਹੈ ਪਰ ਭਾਰਤ ਫਿਲਹਾਲ ਖ਼ੁਦ ਨੂੰ ਨਿਰਪੱਖ ਰੱਖਣ ਦਾ ਹੀ ਯਤਨ ਕਰ ਰਿਹਾ ਹੈ।
ਅਮਰੀਕਾ ਦੇ ਨਾਲ ਫੌਜੀ ਸਬੰਧਾਂ ਨੂੰ ਮਜ਼ਬੂਤ ਬਣਾਉਣ ਦੇ ਯਤਨਾਂ ਵਿਚਾਲੇ ਨਵੀਂ ਦਿੱਲੀ ਰੂਸ ਤੋਂ ਏਅਰ ਡਿਫੈਂਸ ਮਿਜ਼ਾਈਲ ਸਿਸਟਮ ਲਈ 39 ਹਜ਼ਾਰ ਕਰੋੜ ਰੁਪਏ ਦੇ ਸੌਦੇ ਨੂੰ ਵੀ ਅੱਗੇ ਵਧਾ ਰਿਹਾ ਹੈ।
ਇਸੇ ਤਰ੍ਹਾਂ ਚੀਨ ਦੇ ਨਾਲ ਸਰਹੱਦੀ ਵਿਵਾਦ ਦੇ ਬਾਵਜੂਦ ਭਾਰਤ ਨੇ ਉਸ ਦੇ ਨਾਲ ਗੱਲਬਾਤ ਜਾਰੀ ਰੱਖੀ ਹੋਈ ਹੈ।
ਅਮਰੀਕੀ ਰਿਪੋਰਟ ਚੀਨ ਦੇ ਹਮਲਾਵਰੀ ਤੇਵਰਾਂ 'ਤੇ ਜੋ ਰੋਸ਼ਨੀ ਪਾ ਰਹੀ ਹੈ, ਉਸ ਦੇ ਮੱਦੇਨਜ਼ਰ ਸਾਨੂੰ ਵੀ ਸੁਚੇਤ ਰਹਿਣਾ ਹੋਵੇਗਾ ਕਿ ਚੀਨ ਦੇ ਵਧਦੇ ਕਦਮ ਅਤੇ ਦਖਲ ਦੀ ਨੀਤੀ ਸਾਡੀ ਹੋਂਦ ਅਤੇ ਹਿੱਤਾਂ ਲਈ ਕਿਸੇ ਤਰ੍ਹਾਂ ਦਾ ਸੰਕਟ ਨਾ ਪੈਦਾ ਕਰ ਦੇਵੇ ਅਤੇ ਆਪਣੀ ਫੌਜੀ ਤਿਆਰੀ ਨੂੰ ਉਹ ਸਾਡੇ ਵਿਰੁੱਧ ਹੀ ਇਸਤੇਮਾਲ ਨਾ ਕਰ ਦੇਵੇ।
ਹਾਲਾਂਕਿ ਸਾਡੀ ਫੌਜ ਨੇ 136 ਰਾਫੇਲ ਜਹਾਜ਼ਾਂ ਦੀ ਜ਼ਰੂਰਤ ਜ਼ਾਹਿਰ ਕੀਤੀ ਹੈ ਪਰ ਸਾਨੂੰ ਫਿਲਹਾਲ 36 ਜਹਾਜ਼ ਹੀ ਮਿਲਣ ਵਾਲੇ ਹਨ ਅਤੇ ਇਸ ਵਿਚ ਵੀ 2 ਸਾਲ ਲੱਗਣਗੇ, ਜਦਕਿ ਇਸ ਸਮੇਂ ਸਾਡੇ ਕੋਲ ਜੋ ਜਹਾਜ਼ ਹਨ, ਉਹ ਵੀ ਪੁਰਾਣੇ ਹੋ ਚੁੱਕੇ ਹਨ, ਲਿਹਾਜ਼ਾ ਆਕਾਸ਼ ਵਿਚ ਤਾਂ ਅਸੀਂ ਅਸੁਰੱਖਿਅਤ ਹਾਂ। ਅਜਿਹੇ ਵਿਚ ਸਿਰਫ ਦੇਸ਼ਭਗਤੀ ਅਤੇ ਫੌਜ ਦੇ ਜਵਾਨਾਂ ਦੀ ਸਮਰਪਣ ਭਾਵਨਾ ਨਾਲ ਹੀ ਜੰਗ ਨਹੀਂ ਜਿੱਤੀ ਜਾ ਸਕਦੀ। ਇਸ ਲਈ ਪਹਿਲਾ ਕਦਮ ਸਿਆਸੀ ਤੌਰ 'ਤੇ ਚੌਕਸੀ ਅਤੇ ਮਿੱਤਰ ਦੇਸ਼ਾਂ ਨਾਲ ਫੌਜੀ ਗੱਠਜੋੜ ਹੋਣਾ ਚਾਹੀਦਾ ਹੈ।