ਜਲ ਪ੍ਰਦੂਸ਼ਣ ਕਾਰਣ ਮੱਛੀਆਂ ’ਚ ਕੈਂਸਰ, ਜਲ ਜੀਵਾਂ ਦੀ ਹੋ ਰਹੀ ਮੌਤ

07/30/2019 7:18:26 AM

ਦੇਸ਼ ’ਚ ਇਕ ਪਾਸੇ ਡਿਗ ਰਿਹਾ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਭਾਰੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਉਪਲੱਬਧ ਪਾਣੀ ’ਚ ਪ੍ਰਦੂਸ਼ਣ ਪੈਦਾ ਕਰਨ ਵਾਲੇ ਜ਼ਹਿਰੀਲੇ ਪਦਾਰਥਾਂ ਨੂੰ ਸੁੱਟਣ ਅਤੇ ਜ਼ਿਆਦਾ ਮਾਤਰਾ ’ਚ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਾਲ ਬਚਿਆ-ਖੁਚਿਆ ਪਾਣੀ ਵੀ ਜ਼ਹਿਰੀਲਾ, ਵਰਤੋਂ ਦੇ ਅਯੋਗ ਅਤੇ ਕਈ ਜਾਨਲੇਵਾ ਬੀਮਾਰੀਆਂ ਦਾ ਕਾਰਣ ਬਣਦਾ ਜਾ ਰਿਹਾ ਹੈ।

ਪੰਜਾਬ ਅਤੇ ਕੁਝ ਹੋਰ ਸੂਬਿਆਂ ਦੇ ਪਾਣੀਆਂ ’ਚ ਵਧ ਰਹੇ ਆਰਸੈਨਿਕ, ਯੂਰੇਨੀਅਮ ਅਤੇ ਸੇਲੇਨੀਅਮ ਵਰਗੇ ਜ਼ਹਿਰੀਲੇ ਪਦਾਰਥਾਂ ਦੀ ਮੌਜੂਦਗੀ ਨਾਲ ਹੋਣ ਵਾਲੇ ਪਾਣੀ ਦੇ ਜ਼ਹਿਰੀਲੇਪਣ ਕਾਰਣ ਅਨੇਕ ਥਾਵਾਂ ’ਤੇ ਦਿਲ ਅਤੇ ਗੁਰਦੇ ਦੀਆਂ ਬੀਮਾਰੀਆਂ, ਖੂਨ ਅਤੇ ਚਮੜੀ ਦੇ ਕੈਂਸਰ ਆਦਿ ਦਾ ਖਤਰਾ ਵਧ ਰਿਹਾ ਹੈ, ਜਿਸ ਨਾਲ ਮਨੁੱਖ ਜਾਤੀ ਹੀ ਨਹੀਂ, ਸਗੋਂ ਪਸ਼ੂ-ਪੰਛੀ ਵੀ ਪ੍ਰਭਾਵਿਤ ਹੋ ਰਹੇ ਹਨ।

ਖੇਤ ਖਨਨ ਵੀ ਜਲ ਪ੍ਰਦੂਸ਼ਣ ਦਾ ਵੱਡਾ ਕਾਰਣ ਹੈ ਕਿਉਂਕਿ ਇਸ ਨਾਲ ਪਾਣੀ ਦੀ ਸ਼ੁੱਧੀਕਰਨ ਪ੍ਰਕਿਰਿਆ ਮੱਧਮ ਪੈ ਗਈ ਹੈ। ਹਾਲ ਹੀ ’ਚ ਫਿਰੋਜ਼ਪੁਰ ਦੇ ਪਿੰਡ ‘ਨੌਰੰਗ ਕੇ ਲੇਲੀ’ ਨੇੜਿਓਂ ਲੰਘਣ ਵਾਲੀ ਨਹਿਰ ਦਾ ਪਾਣੀ ਅਤਿਅੰਤ ਜ਼ਹਿਰੀਲਾ ਹੋ ਜਾਣ ਕਾਰਣ ਵੱਡੀ ਗਿਣਤੀ ’ਚ ਜਲ ਜੀਵ ਮਰ ਰਹੇ ਹਨ। ਬੀਤੇ ਦਿਨੀਂ ਇਸ ਨਹਿਰ ’ਚ ਸੈਂਕੜੇ ਮੱਛੀਆਂ ਤੜਫ-ਤੜਫ ਕੇ ਮਰ ਗਈਆਂ।

ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਜਲ ਸੋਮਿਆਂ ’ਚ ਪ੍ਰਦੂਸ਼ਣ ਦੇ ਸਿੱਟੇ ਵਜੋਂ ਜਲ ਜੀਵਾਂ ’ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ‘ਕਾਲਜ ਆਫ ਫਿਸ਼ਰੀਜ਼ ਸਾਇੰਸਿਜ਼’, ਜਬਲਪੁਰ ਦੇ ਵਿਗਿਆਨੀਆਂ ਦੇ ਇਕ ਅਧਿਐਨ ਅਨੁਸਾਰ ਸੂਬੇ ਦੇ ਜਲ ਸੋਮਿਆਂ ’ਚ ਪ੍ਰਦੂਸ਼ਿਤ ਪਾਣੀ ਨਾਲ ਮੱਛੀਆਂ ਚਮੜੀ ਅਤੇ ਹੋਰ ਕਿਸਮ ਦੇ ਕੈਂਸਰ ਦਾ ਸ਼ਿਕਾਰ ਹੋ ਰਹੀਆਂ ਹਨ।

ਜੇਕਰ ਕਿਸੇ ਇਕ ਜਲ ਸੋਮੇ ’ਚ ਕੋਈ ਮੱਛੀ ਕੈਂਸਰ ਦਾ ਸ਼ਿਕਾਰ ਹੁੰਦੀ ਤਾਂ ਉਸ ਸਮੁੱਚੇ ਚੌਗਿਰਦਾ ਖੇਤਰ ’ਚ ਮੌਜੂਦ ਮੱਛੀਆਂ ਦੇ ਇਸ ਦੀ ਲਪੇਟ ’ਚ ਆਉਣ ਦਾ ਖਤਰਾ ਪੈਦਾ ਹੋ ਜਾਂਦਾ ਹੈ।

ਸੰਸਥਾਨ ਦੇ ਡੀਨ ਸ਼ਸ਼ੀਕਾਂਤ ਮਹਾਜਨ ਅਨੁਸਾਰ, ‘‘ਕੈਂਸਰਗ੍ਰਸਤ ਮੱਛੀਆਂ ਨੂੰ ਖਾਣ ਵਾਲਾ ਵਿਅਕਤੀ ਵੀ ‘ਹਾਈਡ੍ਰੋ ਐਕਵੇਟਿਕ ਬੈਕਟੀਰੀਆ’ ਦੇ ਸਿੱਟੇ ਵਜੋਂ ਉਲਟੀਆਂ, ਪੇਟ ਦੇ ਵਿਕਾਰ ਅਤੇ ਪੇਚਿਸ਼ ਆਦਿ ਰੋਗਾਂ ਦਾ ਸ਼ਿਕਾਰ ਹੋ ਸਕਦਾ ਹੈ। ਇਸ ਲਈ ਉਕਤ ਅਧਿਐਨ ਜਿਥੇ ਜਲ ਪ੍ਰਦੂਸ਼ਣ ਦੇ ਵਧਦੇ ਖਤਰੇ ਵੱਲ ਇਸ਼ਾਰਾ ਕਰਦਾ ਹੈ, ਉਥੇ ਹੀ ਇਹ ਮੱਛੀ ਖਾਣ ਵਾਲਿਆਂ ਲਈ ਚਿਤਾਵਨੀ ਵੀ ਹੈ ਕਿ ਉਹ ਮੱਛੀ ਖਾ ਕੇ ਆਪਣੇ ਲਈ ਕਿਸੇ ਜਾਨਲੇਵਾ ਬੀਮਾਰੀ ਨੂੰ ਹੀ ਸੱਦਾ ਤਾਂ ਨਹੀਂ ਦੇ ਰਹੇ ਹਨ।

–ਵਿਜੇ ਕੁਮਾਰ\\\
 


Bharat Thapa

Content Editor

Related News