ਦੇਸ਼ ’ਚ ਵਧ-ਫੁੱਲ ਰਿਹਾ ‘ਜਾਅਲੀ ਡਿਗਰੀਆਂ ਅਤੇ ਮਾਰਕਸ਼ੀਟਾਂ ਦਾ ਧੰਦਾ’
Monday, Aug 28, 2023 - 02:48 AM (IST)
ਅੱਜਕਲ੍ਹ ਲੋਕਾਂ ’ਚ ਫ਼ਰਜ਼ੀ ਡਿਗਰੀਆਂ ਰਾਹੀਂ ਆਪਣੀ ਵਿੱਦਿਅਕ ਯੋਗਤਾ ਵਧਾ-ਚੜ੍ਹਾ ਕੇ ਦਿਖਾਉਣ ਦੇ ਰੁਝਾਨ ’ਚ ਵਾਧਾ ਹੋਣ ਕਾਰਨ ਅਜਿਹੇ ਕਈ ਗਿਰੋਹ ਹੋਂਦ ’ਚ ਆ ਗਏ ਹਨ, ਜੋ ਜਾਅਲੀ ਡਿਗਰੀਆਂ ਅਤੇ ਮਾਰਕਸ਼ੀਟਾਂ ਦੇ ਧੰਦੇ ਰਾਹੀਂ ਮੋਟੀ ਕਮਾਈ ਕਰ ਰਹੇ ਹਨ।
ਹਾਲ ਹੀ ’ਚ ਨਵੀਂ ਦਿੱਲੀ ’ਚ ਯੂਨੀਵਰਸਿਟੀਆਂ ਦੀਆਂ ਫਰਜ਼ੀ ਡਿਗਰੀਆਂ ਅਤੇ ਮਾਰਕਸ਼ੀਟਾਂ ਬਣਾਉਣ ਵਾਲੇ ਇਕ ਗਿਰੋਹ ਦੇ 2 ਮੈਂਬਰਾਂ ਸ਼ਿਵ ਸ਼ੰਕਰ ਅਤੇ ਸੁਨੀਲ ਮਿਸ਼ਰਾ ਨੂੰ ਪੁਲਸ ਨੇ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਫਰਜ਼ੀ ਡਿਗਰੀਆਂ, ਮਾਰਕਸ਼ੀਟਾਂ, ਮੋਬਾਇਲ ਫੋਨ ਅਤੇ ਲੈਪਟਾਪ ਆਦਿ ਬਰਾਮਦ ਕੀਤੇ।
ਗਿਰੋਹ ਦਾ ਮਾਸਟਰ ਮਾਈਂਡ ਸ਼ਿਵ ਸ਼ੰਕਰ 5-6 ਸਾਲਾਂ ਤੋਂ ਇਹ ਧੰਦਾ ਚਲਾ ਰਿਹਾ ਸੀ। ਉਹ ਪਹਿਲਾਂ ਵੀ ਮਿਆਂਵਾਲੀ ਨਗਰ ’ਚ ਅਜਿਹੇ ਹੀ ਇਕ ਮਾਮਲੇ ’ਚ ਸ਼ਾਮਲ ਰਿਹਾ ਹੈ। ਗੁਪਤ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਮੁਲਜ਼ਮਾਂ ਦੇ ਆਫਿਸ ਪ੍ਰਤੀਕ ਅਪਾਰਟਮੈਂਟ, ਪਸ਼ਚਿਮ ਵਿਹਾਰ ’ਚ ਛਾਪੇ ਮਾਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ।
* 13 ਅਗਸਤ ਨੂੰ ਦਿੱਲੀ ਦੇ ਕੋਟਲਾ ਮੁਬਾਰਕਪੁਰ ਥਾਣਾ ਪੁਲਸ ਨੇ 25 ਤੋਂ 30 ਹਜ਼ਾਰ ਰੁਪਏ ’ਚ ਉੱਚ ਸਿੱਖਿਆ ਦੀ ਫਰਜ਼ੀ ਡਿਗਰੀ ਬਣਾ ਕੇ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਕੇ 2 ਔਰਤਾਂ ਸਮੇਤ 5 ਜਾਲਸਾਜ਼ਾਂ ਨੂੰ ਗ੍ਰਿਫਤਾਰ ਕੀਤਾ ਜੋ ਹੁਣ ਤਕ 100 ਤੋਂ ਵੱਧ ਲੋਕਾਂ ਨੂੰ ਠੱਗ ਚੁੱਕੇ ਸਨ।
* 12 ਅਗਸਤ ਨੂੰ ਉੱਤਰ ਪ੍ਰਦੇਸ਼ ’ਚ ਗ੍ਰੇਟਰ ਨੋਇਡਾ ਦੀ ਪੁਲਸ ਨੇ ਐੱਮ. ਬੀ. ਬੀ. ਐੱਸ. ਦੀ ਫਰਜ਼ੀ ਡਿਗਰੀ ਦੇ ਆਧਾਰ ’ਤੇ ਕਈ ਕੁੜੀਆਂ ਨਾਲ ਵਿਆਹ ਕਰ ਚੁੱਕੇ ਪੂਰਣਵ ਸ਼ੰਕਰਸ਼ਿੰਦੇ ਨਾਮੀ ਇਕ ਠੱਗ ਨੂੰ ਗ੍ਰਿਫਤਾਰ ਕੀਤਾ।
ਪੁਲਸ ਨੇ ਉਸ ਕੋਲੋਂ ਐੱਮ. ਬੀ. ਬੀ. ਐੱਸ. ਦੀਆਂ ਕਈ ਫਰਜ਼ੀ ਡਿਗਰੀਆਂ, ਇਕ ਮੰਦਰ ਦਾ ਫਰਜ਼ੀ ਸਰਟੀਫਿਕੇਟ, ਆਧਾਰ ਕਾਰਡ ਸਮੇਤ ਇਕ ਐਂਬੂਲੈਂਸ ਅਤੇ ਭਾਰਤ ਸਰਕਾਰ ਤੇ ਭਾਜਪਾ ਦਾ ਸਟਿੱਕਰ ਲੱਗੀ ਇਕ ਕਾਰ ਵੀ ਬਰਾਮਦ ਕੀਤੀ।
* 3 ਅਗਸਤ ਨੂੰ ਇੰਦੌਰ ’ਚ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਫਰਜ਼ੀ ਮਾਰਕਸ਼ੀਟ ਬਣਾ ਕੇ ਲੱਖਾਂ ਰੁਪਇਆਂ ’ਚ ਵੇਚਣ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰ ਕੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ।
ਦੱਸਿਆ ਜਾਂਦਾ ਹੈ ਕਿ ਇਹ ਗਿਰੋਹ ਹੁਣ ਤੱਕ ਬੀ. ਐੱਚ. ਐੱਮ. ਐੱਸ., ਬੀ. ਏ. ਐੱਮ. ਐੱਸ., ਬੀ. ਫਾਰਮਾ, ਐੱਮ. ਫਾਰਮਾ, ਲੈਬ ਜੀ. ਐੱਨ. ਐੱਮ., ਲੈਬ ਟੈਕਨੀਸ਼ੀਅਨ ਤੋਂ ਲੈ ਕੇ 8ਵੀਂ, 10ਵੀਂ ਅਤੇ 12ਵੀਂ ਤੱਕ ਦੇ ਵੱਖ-ਵੱਖ ਸੂਬਿਆਂ ਦੇ ਵਿੱਦਿਅਕ ਅਦਾਰਿਆਂ ਦੀਆਂ ਫਰਜ਼ੀ ਮਾਰਕਸ਼ੀਟਾਂ ਬਣਾ ਕੇ ਹਜ਼ਾਰਾਂ-ਲੱਖਾਂ ਰੁਪਏ ’ਚ ਵੇਚ ਰਿਹਾ ਸੀ ਅਤੇ ਹੁਣ ਤੱਕ ਅਜਿਹੀਆਂ 1000 ਫਰਜ਼ੀ ਮਾਰਕਸ਼ੀਟਾਂ ਬਣਾ ਕੇ ਵੇਚ ਚੁੱਕਾ ਹੈ।
ਅਧਿਕਾਰੀਆਂ ਨੇ ਇਨ੍ਹਾਂ ਦੇ ਕਬਜ਼ੇ ’ਚੋਂ 50-60 ਫਰਜ਼ੀ ਮਾਰਕਸ਼ੀਟਾਂ ਜ਼ਬਤ ਕੀਤੀਆਂ ਹਨ। ਇਹ ਵੀ ਪਤਾ ਲੱਗਾ ਹੈ ਕਿ ਲੋਕ ਦੁਬਈ ਆਦਿ ’ਚ ਛੋਟੀ-ਮੋਟੀ ਨੌਕਰੀ ਲਈ ਵੀ ਇਸ ਗਿਰੋਹ ਤੋਂ ਮਾਰਕਸ਼ੀਟਾਂ ਬਣਵਾਇਆ ਕਰਦੇ ਸਨ।
* 15 ਜੁਲਾਈ ਨੂੰ ਨੋਇਡਾ ਪੁਲਸ ਨੇ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਫਰਜ਼ੀ ਮਾਰਕਸ਼ੀਟਾਂ ਅਤੇ ਡਿਗਰੀਆਂ ਵੇਚਣ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰ ਕੇ ਇਨ੍ਹਾਂ ਦੇ ਕਬਜ਼ੇ ’ਚੋਂ ਵੱਖ-ਵੱਖ ਸੂਬਿਆਂ ਦੇ ਵਿੱਦਿਅਕ ਅਦਾਰਿਆਂ ਦੀਆਂ ਫਰਜ਼ੀ ਮਾਰਕਸ਼ੀਟਾਂ, ਮਾਈਗ੍ਰੇਸ਼ਨ ਸਰਟੀਫਿਕੇਟ, ਐਡਮਿਟ ਕਾਰਡ ਅਤੇ ਕਰੈਕਟਰ ਸਰਟੀਫਿਕੇਟ ਆਦਿ ਸਮੇਤ ਮਾਰਕਸ਼ੀਟ ਛਾਪਣ ਵਾਲੇ ਪ੍ਰਿੰਟਰ ਅਤੇ ਹੋਰ ਮਸ਼ੀਨਾਂ ਬਰਾਮਦ ਕੀਤੀਆਂ।
ਇਹ ਤਾਂ ਕੁਝ ਉਦਾਹਰਣਾਂ ਹੀ ਹਨ, ਦੇਸ਼ ’ਚ ਪਤਾ ਨਹੀਂ ਅਜਿਹੇ ਕਿੰਨੇ ਗਿਰੋਹ ਚੱਲ ਰਹੇ ਹਨ। ਜਾਅਲੀ ਡਿਗਰੀਆਂ ਦੇ ਸਹਾਰੇ ਨੌਕਰੀਆਂ ਲੈਣ ਵਾਲੇ ਜਿੱਥੇ ਯੋਗ ਉਮੀਦਵਾਰਾਂ ਦਾ ਅਧਿਕਾਰ ਖੋਂਹਦੇ ਹਨ ਉੱਥੇ ਇਹ ਘੋਰ ਅਪਰਾਧ ਵੀ ਹੈ।
ਇਸ ਲਈ ਜਾਅਲੀ ਡਿਗਰੀਆਂ ਅਤੇ ਮਾਰਕਸ਼ੀਟਾਂ ਆਦਿ ਦਾ ਧੰਦਾ ਕਰਨ ਵਾਲਿਆਂ ਅਤੇ ਇਨ੍ਹਾਂ ਨੂੰ ਖਰੀਦਣ ਵਾਲਿਆਂ ਦੋਹਾਂ ਹੀ ਵਿਰੁੱਧ ਸਖਤ ਤੋਂ ਸਖਤ ਅਤੇ ਸਿੱਖਿਆਦਾਇਕ ਸਜ਼ਾਯੋਗ ਕਾਰਵਾਈ ਕਰਨ ਦੀ ਲੋੜ ਹੈ।
-ਵਿਜੇ ਕੁਮਾਰ