ਸੰਸਦ ’ਚ ਅੜਿੱਕੇ ਦੇ ਲਈ ਸੱਤਾ ਧਿਰ ਅਤੇ ਵਿਰੋਧੀ ਧਿਰ ਦੋਵੇਂ ਜ਼ਿੰਮੇਵਾਰ

08/13/2021 3:33:42 AM

ਸੰਸਦ ਨੂੰ ਲੋਕਤੰਤਰ ਦਾ ਸਭ ਤੋਂ ਵੱਡਾ ਮੰਦਿਰ ਕਿਹਾ ਜਾਂਦਾ ਹੈ। ਇਸ ਦੇ ਦੋਵਾਂ ਸਦਨਾਂ ਲੋਕ ਸਭਾ ਅਤੇ ਰਾਜ ਸਭਾ ਦੀ ਮਰਿਆਦਾ ਨੂੰ ਬਣਾਈ ਰੱਖਣਾ ਸੱਤਾ ਧਿਰ ਅਤੇ ਵਿਰੋਧੀ ਧਿਰ ਦੋਵਾਂ ਦੀ ਜ਼ਿੰਮੇਵਾਰੀ ਹੈ, ਪਰ ਅਜਿਹਾ ਹੋ ਨਹੀਂ ਰਿਹਾ।

ਇਸੇ ਕਾਰਨ ਸੰਸਦ ਦਾ ਮਾਨਸੂਨ ਸੈਸ਼ਨ ਦੋਵਾਂ ਸਦਨਾਂ ’ਚ ਖੇਤੀਬਾੜੀ ਕਾਨੂੰਨਾਂ, ਪੇਗਾਸਸ ਜਾਸੂਸੀ ਕਾਂਡ, ਕੋਵਿਡ-19 ਅਤੇ ਮਹਿੰਗਾਈ ਆਦਿ ਮੁੱਦਿਅਾਂ ’ਤੇ ਸੱਤਾ ਧਿਰ ਅਤੇ ਵਿਰੋਧ ਪਾਰਟੀਆਂ ਦੇ ਦਰਮਿਆਨ ਟਕਰਾਅ ਦੇ ਕਾਰਨ ਅੜਿੱਕੇ ਦੀ ਭੇਟ ਚੜ੍ਹ ਗਿਆ ਅਤੇ ਨਿਰਧਾਰਿਤ ਤੋਂ 2 ਦਿਨ ਪਹਿਲਾਂ ਹੀ 11 ਅਗਸਤ ਨੂੰ ਖਤਮ ਕਰ ਦਿੱਤਾ ਗਿਆ। ਇਸ ਦੌਰਾਨ ਲੋਕ ਸਭਾ ’ਚ ਸਿਰਫ 22 ਫੀਸਦੀ ਅਤੇ ਰਾਜ ਸਭਾ ’ਚ 28 ਫੀਸਦੀ ਕੰਮ ਹੀ ਹੋ ਸਕਿਆ।

19 ਜੁਲਾਈ ਨੂੰ ਸ਼ੁਰੂ ਹੋਣ ਦੇ ਦਿਨ ਤੋਂ ਹੀ ਇਹ ਸੈਸ਼ਨ ਅੜਿੱਕੇ ਦਾ ਸ਼ਿਕਾਰ ਰਿਹਾ ਅਤੇ ਰਾਜ ਸਭਾ ’ਚ 4 ਅਗਸਤ ਨੂੰ ਤ੍ਰਿਣਮੂਲ ਕਾਂਗਰਸ ਦੇ 6 ਮੈਂਬਰਾਂ ਵੱਲੋਂ ਇਸ ਦੀ ਲਾਬੀ ’ਚ ਭਾਰੀ ਰੋਸ ਵਿਖਾਵੇ ਦੇ ਦੌਰਾਨ ਲਾਬੀ ਦੇ ਗੇਟ ਦਾ ਇਕ ਸ਼ੀਸ਼ਾ ਟੁੱਟਣ ਦੇ ਇਲਾਵਾ ਇਕ ਮਹਿਲਾ ਸੁਰੱਖਿਆ ਅਧਿਕਾਰੀ ਨੂੰ ਸੱਟ ਵੀ ਲੱਗੀ।

10 ਅਗਸਤ ਨੂੰ ਰਾਜ ਸਭਾ ’ਚ ਪ੍ਰੀਜ਼ਾਈਡਿੰਗ ਅਫਸਰ ਭੁਵਨੇਸ਼ਵਰ ਕਾਲਿਤਾ ਵੱਲੋਂ ਖੇਤੀਬਾੜੀ ਨਾਲ ਸਬੰਧਤ ਸਮੱਸਿਆਵਾਂ ’ਤੇ ਚਰਚਾ ਸ਼ੁਰੂ ਕਰਾਉਂਦੇ ਹੀ ਵਿਖਾਵਾਕਾਰੀ ਸੰਸਦ ਮੈਂਬਰਾਂ ਨੇ ਰੂਲ ਬੁੱਕ ਪਾੜ ਦਿੱਤੀ ਅਤੇ ‘ਆਪ’ ਦੇ ਸੰਜੇ ਸਿੰਘ, ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਅਤੇ ਹੋਰਨਾਂ ਨੇ ਮੇਜ਼ ’ਤੇ ਖੜ੍ਹੇ ਹੋ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਪ੍ਰੀਜ਼ਾਈਡਿੰਗ ਅਫਸਰ ਵੱਲ ਫਾਈਲਾਂ ਸੁੱਟੀਆਂ।

ਸੰਸਦ ਮੈਂਬਰਾਂ ਦੇ ਉਕਤ ਆਚਰਨ ਤੋਂ ਰਾਜ ਸਭਾ ਦੇ ਸਭਾਪਤੀ ਵੈਂਕਈਆ ਨਾਇਡੂ ਇੰਨੇ ਦੁਖੀ ਹੋਏ ਕਿ 11 ਅਗਸਤ ਨੂੰ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਉਨ੍ਹਾਂ ਨੇ ਕਿਹਾ : ‘‘ਕੱਲ ਜਿਸ ਤਰ੍ਹਾਂ ਕੁਝ ਮੈਂਬਰਾਂ ਨੇ ਇਥੇ ਸਦਨ ਦੇ ਅੰਦਰ ਚੇਅਰ ਵੱਲ ਕਿਤਾਬ ਸੁੱਟੀ, ਖਰਾਬ ਸ਼ਬਦ ਬੋਲੇ ਅਤੇ ਹੰਗਾਮਾ ਕੀਤਾ, ਇਸ ਨਾਲ ਸੰਸਦ ਦੀ ਸ਼ਾਨ ਨੂੰ ਭਾਰੀ ਧੱਕਾ ਲੱਗਾ ਹੈ। ਮੈਂ ਇਸ ਤੋਂ ਬਹੁਤ ਦੁਖੀ ਹਾਂ। ਰਾਜ ਸਭਾ ਦੀ ਪਵਿੱਤਰਤਾ ਚਲੀ ਗਈ। ਮੈਂ ਰਾਤ ਭਰ ਸੌਂ ਨਹੀਂ ਸਕਿਆ।’’ ਇਹ ਕਹਿੰਦੇ ਹੋਏ ਉਨ੍ਹਾਂ ਦਾ ਗਲਾ ਭਰ ਆਇਆ।

11 ਅਗਸਤ ਨੂੰ ਰਾਜ ਸਭਾ ’ਚ ਸਾਧਾਰਨ ਬੀਮਾ ਕਾਰੋਬਾਰ (ਰਾਸ਼ਟਰੀਕਰਨ) ਸੋਧ ਬਿੱਲ ਦੇ ਪਾਸ ਹੁੰਦੇ ਸਮੇਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਭਾਰੀ ਹੰਗਾਮਾ ਕੀਤਾ ਅਤੇ ਬਿੱਲ ਦੇ ਵਿਰੋਧ ’ਚ ਨਾਅਰੇਬਾਜ਼ੀ ਕਰਦੇ-ਕਰਦੇ ਵੈਲ ’ਚ ਆ ਗਏ। ਕੁਝ ਸੰਸਦ ਮੈਂਬਰਾਂ ਨੇ ਤਾਂ ਕਾਗਜ਼ ਪਾੜ ਕੇ ਵੀ ਹਵਾ ’ਚ ਉਛਾਲੇ। ਉਨ੍ਹਾਂ ਦਾ ਦੋਸ਼ ਸੀ ਕਿ ਇਹ ਬਿੱਲ ਬਿਨਾਂ ਪਹਿਲਾਂ ਪ੍ਰੋਗਰਾਮ ਦੇ ਇਕ ਦਿਨ ਪਹਿਲਾਂ ਪੇਸ਼ ਕਰ ਦਿੱਤਾ ਗਿਆ ਹੈ।

ਹੁਣ ਰਾਜ ਸਭਾ ਦਾ ਇਕ ਸੀ. ਸੀ. ਟੀ. ਵੀ. ਵੀਡੀਓ ਜਾਰੀ ਹੋਇਆ ਹੈ ਜਿਸ ’ਚ ਵਿਰੋਧੀ ਧਿਰ ਦੇ ਮੈਂਬਰ ਮਾਰਸ਼ਲਾਂ ਨਾਲ ਜੂਝਦੇ ਦਿਖਾਈ ਦੇ ਰਹੇ ਹਨ।

ਇਸ ਘਟਨਾਕ੍ਰਮ ਨਾਲ ਸਰਕਾਰ ਅਤੇ ਵਿਰੋਧੀ ਧਿਰ ’ਚ ਜੰਗ ਛਿੜ ਗਈ ਹੈ ਅਤੇ 12 ਅਗਸਤ ਨੂੰ ਰਾਹੁਲ ਗਾਂਧੀ ਦੀ ਅਗਵਾਈ ’ਚ 15 ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਰੋਸ ਵਿਖਾਵਾ ਕੀਤਾ। ਬਾਅਦ ’ਚ ਰਾਹੁਲ ਗਾਂਧੀ ਨੇ ਪੱਤਰਕਾਰਾਂ ਨੂੰ ਕਿਹਾ :

‘‘ਸੰਸਦ ਸੈਸ਼ਨ ਦੇ ਦੌਰਾਨ ਲੋਕਤੰਤਰ ਦੀ ਹੱਤਿਆ ਕੀਤੀ ਗਈ। ਵਿਰੋਧੀ ਧਿਰ ਪੇਗਾਸਸ ਜਾਸੂਸੀ ਕਾਂਡ, ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਹੋਰ ਕਈ ਮੁੱਦਿਆਂ ’ਤੇ ਚਰਚਾ ਕਰਾਉਣਾ ਚਾਹੁੰਦੀ ਸੀ ਪਰ ਸਰਕਾਰ ਨੇ ਅਜਿਹਾ ਨਾ ਹੋਣ ਦਿੱਤਾ। ਦੇਸ਼ ਦੇ 60 ਫੀਸਦੀ ਲੋਕਾਂ ਦੀ ਆਵਾਜ਼ ਨੂੰ ਦਬਾਇਆ ਗਿਆ ਹੈ।’’

ਵਿਰੋਧੀ ਨੇਤਾਵਾਂ ਨੇ ਰਾਜ ਸਭਾ ਦੇ ਸਭਾਪਤੀ ਵੈਂਕਈਆ ਨਾਇਡੂ ਨੂੰ ਸ਼ਿਕਾਇਤ ਕਰਦੇ ਹੋਏ ਦੋਸ਼ ਲਾਇਆ ਹੈ ਕਿ ਬਾਹਰੀ ਲੋਕਾਂ ਨੂੰ ਮਹਿਲਾ ਸੰਸਦ ਮੈਂਬਰ ਸਮੇਤ ਵਿਰੋਧੀ ਨੇਤਾਵਾਂ ਅਤੇ ਮੈਂਬਰਾਂ ਦੇ ਨਾਲ ਹੱਥੋਪਾਈ ਕਰਨ ਲਈ ਸੱਦਿਆ ਗਿਆ ਸੀ।

ਸੰਜੇ ਰਾਊਤ ਨੇ ਕਿਹਾ, ‘‘ਮਾਰਸ਼ਲ ਦੀ ਪੋਸ਼ਾਕ ’ਚ 11 ਅਗਸਤ ਨੂੰ ਕੁਝ ਨਿੱਜੀ ਲੋਕਾਂ ਨੇ ਮਹਿਲਾ ਸੰਸਦ ਮੈਂਬਰਾਂ ’ਤੇ ਹਮਲੇ ਕੀਤੇ। ਅਜਿਹਾ ਜਾਪਿਆ ਜਿਵੇਂ ਮਾਰਸ਼ਲ ਲਾਅ ਲੱਗਾ ਹੋਵੇ।’’

ਦੂਸਰੇ ਪਾਸੇ ਭਾਜਪਾ ਨੇ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਝੂਠ ਦੱਸਦੇ ਹੋਏ ਇਸ ਦੇ ਜਵਾਬ ’ਚ ਕਿਹਾ ਹੈ ਕਿ ਰਾਹੁਲ ਗਾਂਧੀ ਵੱਲੋਂ ਸੰਸਦ ਦੇ ਆਖਰੀ ਦਿਨ ਹੋਈ ਕਾਰਵਾਈ ਨੂੰ ਲੋਕਤੰਤਰ ਦੀ ਹੱਤਿਆ ਦੱਸਣ ਦੇ ਲਈ ਦੇਸ਼ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ ਕਿਉਂਕਿ ਉਸ ਦਿਨ ਦੀ ਸੰਸਦ ਦੀ ਕਾਰਵਾਈ ਦੀ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਸੰਸਦ ’ਚ ਕੀ ਹੋਇਆ ਸੀ?

ਸੰਸਦੀ ਮਾਮਲੇ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ, ‘‘ਬੀਤੇ ਦਿਨ ਦੀ ਘਟਨਾ ਤੋਂ ਇਕ ਦਿਨ ਪਹਿਲਾਂ ਕੁਝ ਸੰਸਦ ਮੈਂਬਰ ਮੇਜ਼ਾਂ ’ਤੇ ਚੜ੍ਹ ਕੇ ਖੁਦ ਨੂੰ ਮਾਣਮੱਤੇ ਮਹਿਸੂਸ ਕਰ ਰਹੇ ਸਨ। ਉਨ੍ਹਾਂ ਨੂੰ ਜਾਪਿਆ ਕਿ ਉਨ੍ਹਾਂ ਨੇ ਕੁਝ ਚੰਗਾ ਕੀਤਾ ਹੈ।’’

ਕੁਲ ਮਿਲਾ ਕੇ ਇਸ ਸਾਰੇ ਘਟਨਾਕ੍ਰਮ ਨੂੰ ਕਿਸੇ ਵੀ ਨਜ਼ਰੀਏ ਤੋਂ ਉਚਿਤ ਨਹੀਂ ਕਿਹਾ ਜਾ ਸਕਦਾ। ਭਾਵੇਂ ਸੱਤਾ ਧਿਰ ਦੇ ਹੋਣ ਜਾਂ ਵਿਰੋਧੀ ਧਿਰ ਦੇ, ਸੰਸਦ ਮੈਂਬਰਾਂ ਨੂੰ ਅਧਿਕਾਰ ਨਹੀਂ ਹੈ ਕਿ ਉਹ ਜਨਤਾ ਦੇ ਧਨ ਨੂੰ ਫਜ਼ੂਲ ਦੇ ਵਾਦ-ਵਿਵਾਦ ’ਚ ਨਸ਼ਟ ਕਰਨ।

ਸੰਸਦ ਲੋਕ ਸਮੱਸਿਆਵਾਂ ’ਤੇ ਚਰਚਾ ਕਰਨ ਲਈ ਹੁੰਦੀ ਹੈ ਨਾ ਕਿ ਆਪਸ ’ਚ ਲੜਨ-ਝਗੜਣ ਦੇ ਲਈ। ਅਜਿਹੇ ਆਚਰਨ ਰਾਹੀਂ ਸੰਸਦ ਨੂੰ ਸਿਆਸਤ ਦਾ ਅਖਾੜਾ ਬਣਾਉਣ ਨਾਲ ਨਿਸ਼ਚਿਤ ਤੌਰ ’ਤੇ ਲੋਕਤੰਤਰ ਕਮਜ਼ੋਰ ਹੀ ਹੋਵੇਗਾ। ਸੱਤਾ ਧਿਰ ਵੱਲੋਂ ਵਿਰੋਧੀ ਧਿਰ ਦੇ ਚੁੱਕੇ ਹੋਏ ਮੁੱਦਿਆਂ ਨੂੰ ਦਬਾਉਣਾ ਜਾਂ ਉਨ੍ਹਾਂ ਦੀ ਅਣਦੇਖੀ ਕਰਨੀ ਵੀ ਉਚਿਤ ਨਹੀਂ ਹੈ।

ਸੱਤਾ ’ਚ ਹੋਣ ਦੇ ਨਾਤੇ ਮਹੱਤਵਪੂਰਨ ਸਥਿਤੀ ’ਚ ਹੋਣ ਦੇ ਕਾਰਨ ਸੱਤਾ ਧਿਰ ਦੀ ਜ਼ਿੰਮੇਵਾਰੀ ਹੈ ਵਿਰੋਧੀ ਧਿਰ ਨੂੰ ਆਪਣੇ ਤਰਕ ਨਾਲ ਸੰਤੁਸ਼ਟ ਕਰਨਾ। ਇਸ ਲਈ ਇਸ ਸਥਿਤੀ ਦੇ ਲਈ ਦੋਵੇਂ ਧਿਰਾਂ ਹੀ ਜ਼ਿੰਮੇਵਾਰ ਹਨ ਅਤੇ ਦੋਵਾਂ ਹੀ ਧਿਰਾਂ ਨੂੰ ਇਸ ’ਤੇ ਮੰਥਨ ਕਰਨਾ ਚਾਹੀਦਾ ਹੈ।

ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਸੰਸਦ ’ਚ ਛੋਟੇ-ਮੋਟੇ ਹੰਗਾਮੇ ਤਾਂ ਹੁੰਦੇ ਰਹੇ ਹਨ ਪਰ ਇੰਨੇ ਵੱਡੇ ਪੱਧਰ ’ਤੇ ਸੰਸਦ ’ਚ ਲਗਾਤਾਰ ਹੰਗਾਮਾ ਕੀਤੇ ਜਾਣ ਦਾ ਇਹ ਪਹਿਲਾ ਮੌਕਾ ਹੈ। ਇਸ ਨਾਲ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੀ ਸਾਰੀ ਦੁਨੀਆ ’ਚ ਬਦਨਾਮੀ ਹੋਈ ਹੈ।

-ਵਿਜੇ ਕੁਮਾਰ


Bharat Thapa

Content Editor

Related News