ਗੁਜਰਾਤ ’ਚ ਭਾਜਪਾ, ਦਿੱਲੀ ਨਗਰ ਨਿਗਮ ’ਚ ‘ਆਪ’ ਅਤੇ ਹਿਮਾਚਲ ’ਚ ਭਾਜਪਾ-ਕਾਂਗਰਸ ’ਚ ਕਾਂਟੇ ਦੀ ਟੱਕਰ

Tuesday, Dec 06, 2022 - 01:00 AM (IST)

ਗੁਜਰਾਤ ’ਚ ਭਾਜਪਾ, ਦਿੱਲੀ ਨਗਰ ਨਿਗਮ ’ਚ ‘ਆਪ’ ਅਤੇ ਹਿਮਾਚਲ ’ਚ ਭਾਜਪਾ-ਕਾਂਗਰਸ ’ਚ ਕਾਂਟੇ ਦੀ ਟੱਕਰ

ਅੱਜਕਲ ਦੇਸ਼ ’ਚ ਚੋਣਾਂ ਦਾ ਮੌਸਮ ਚੱਲ ਰਿਹਾ ਹੈ। ਹਿਮਾਚਲ ’ਚ ਵਿਧਾਨ ਸਭਾ ਦੀਆਂ ਚੋਣਾਂ ਲਈ ਪੋਲਿੰਗ ਦੇ 12 ਨਵੰਬਰ ਨੂੰ ਸੰਪੰਨ ਹੋਣ ਪਿੱਛੋਂ ਗੁਜਰਾਤ ’ਚ 1 ਅਤੇ 5 ਦਸੰਬਰ ਨੂੰ ਦੋ ਪੜਾਵਾਂ ’ਚ ਵੋਟਾਂ ਪਈਆਂ, ਜਦੋਂ ਕਿ ਇਸੇ ਦੌਰਾਨ 4 ਦਸੰਬਰ ਨੂੰ ਦਿੱਲੀ ਨਗਰ ਨਿਗਮ (ਐੱਮ. ਸੀ. ਡੀ.) ਦੀਆਂ ਚੋਣਾਂ ਲਈ ਵੋਟਾਂ ਪਾਈਆਂ ਗਈਆਂ। ਜਿਥੇ ਹਿਮਾਚਲ ਅਤੇ ਗੁਜਰਾਤ ’ਚ ‘ਆਮ ਆਦਮੀ ਪਾਰਟੀ’ (ਆਪ) ਪਹਿਲੀ ਵਾਰ ਕਿਸਮਤ ਅਜ਼ਮਾ ਰਹੀ ਹੈ, ਉਥੇ ਸਭ ਪਾਰਟੀਆਂ ਨੇ ਆਪਣੇ ਚੋਟੀ ਦੇ ਆਗੂਆਂ ਦੀ ਪੂਰੀ ਦੀ ਪੂਰੀ ਫੌਜ ਉਤਾਰ ਦਿੱਤੀ ਅਤੇ ਵੱਡੀ ਗਿਣਤੀ ’ਚ ਰੈਲੀਆਂ ਕੀਤੀਆਂ ਗਈਆਂ।

ਹਿਮਾਚਲ ਪ੍ਰਦੇਸ਼ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ 4 ਲੰਬੀਆਂ ਰੈਲੀਆਂ ਸਮੇਤ ਭਾਜਪਾ ਦੇ ਕੇਂਦਰੀ ਅਤੇ ਸੂਬਾਈ ਆਗੂਆਂ ਨੇ 100 ਤੋਂ ਵੱਧ ਰੈਲੀਆਂ ਕੀਤੀਆਂ। ਯੋਗੀ ਆਦਿੱਤਿਆਨਾਥ ਭਾਜਪਾ ਵਲੋਂ ਮੁੱਖ ਪ੍ਰਚਾਰਕ ਰਹੇ ਜਦੋਂਕਿ ਕਾਂਗਰਸ ਵਲੋਂ ਕਾਂਗਰਸ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ , ਪ੍ਰਿਯੰਕਾ ਗਾਂਧੀ ਅਤੇ ਸਚਿਨ ਪਾਇਲਟ ਸਮੇਤ ਹੋਰਨਾਂ ਆਗੂਆਂ ਨੇ 70 ਤੋਂ ਵੱਧ ਰੈਲੀਆਂ ਕੀਤੀਆਂ। ‘ਆਪ’ ਵਲੋਂ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਰੈਲੀਆਂ ਦੀ ਝੜੀ ਲਾ ਦਿੱਤੀ।

ਗੁਜਰਾਤ ਦੀਆਂ ਚੋਣਾਂ ’ਚ ਸਭ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਇਕ ਦੂਜੇ ’ਤੇ ਖੂਬ ਦੋਸ਼ -ਜਵਾਬੀ ਦੋਸ਼ ਲਾਏ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸ਼ੰਕਰ ਸਿੰਘ ਵਘੇਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਮੌਤ ਦਾ ਸੌਦਾਗਰ’ ਦੱਸ ਕੇ ਵਿਵਾਦ ਖੜ੍ਹਾ ਕਰ ਦਿੱਤਾ ਤਾਂ ਆਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਚਿਹਰਾ ਸੱਦਾਮ ਹੁਸੈਨ ਵਰਗਾ ਦਿਖਾਈ ਨਹੀਂ ਦੇਣਾ ਚਾਹੀਦਾ। ਮੱਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਰਾਵਣ ਨਾਲ ਕਰ ਦਿੱਤੀ ਜਿਸ ’ਤੇ ਰੌਲਾ ਪੈਣ ਪਿੱਛੋਂ ਇਸ ਵਿਵਾਦ ’ਚ ਸਾਬਕਾ ਐੱਮ. ਪੀ. ਰੇਣੂਕਾ ਚੌਧਰੀ ਦੀ ਐਂਟਰੀ ਵੀ ਹੋ ਗਈ ਅਤੇ ਉਨ੍ਹਾਂ ਕਿਹਾ, ‘‘ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ’ਚ  ਮੇਰੀ ਤੁਲਨਾ ਸਰੂਪਨਖਾ ਨਾਲ ਕੀਤੀ ਸੀ ਤਾਂ ਇਹ ਮੁੱਦਾ ਕਿਉਂ ਨਹੀਂ ਉਠਾਇਆ ਗਿਆ?’’

ਗੁਜਰਾਤ ’ਚ ਨਰਿੰਦਰ ਮੋਦੀ ਨੇ 31 ਰੈਲੀਆਂ ਅਤੇ 3 ਵੱਡੇ ਰੋਡ ਸ਼ੋਅ ਕੀਤੇ ਜਦੋਂ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੋਂ ਇਲਾਵਾ ਅਮਿਤ ਸ਼ਾਹ ਸਮੇਤ 6 ਕੇਂਦਰੀ ਅਤੇ ਸੂਬਾਈ ਮੰਤਰੀਆਂ ਨੇ ਵੱਡੀ ਗਿਣਤੀ ’ਚ ਰੈਲੀਆਂ ਕੀਤੀਆਂ। ਕਾਂਗਰਸ ਵਲੋਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਹੋਰ ਆਗੂਆਂ ਨੇ ਪ੍ਰਚਾਰ ਦੀ ਕਮਾਂਡ ਸੰਭਾਲੀ ਜਦੋਂਕਿ ‘ਆਮ ਆਦਮੀ ਪਾਰਟੀ’ ਵਲੋਂ ਸਥਾਨਕ ਆਗੂਆਂ ਤੋਂ ਇਲਾਵਾ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਰੈਲੀਆਂ ਕੀਤੀਆਂ ਪਰ ਹਿਮਾਚਲ ’ਚ ਪੋਲਿੰਗ ਦੇ ਆਖਰੀ ਦਿਨਾਂ ’ਚ ‘ਆਪ’ ਚੋਣ ਪ੍ਰਚਾਰ ’ਚ ਥੋੜ੍ਹਾ ਪਿੱਛੇ ਹਟ ਗਈ।

ਐੱਮ. ਸੀ. ਡੀ. ਦੀਆਂ ਚੋਣਾਂ ਦੇ ਨਤੀਜੇ ਅਧਿਕਾਰਤ ਤੌਰ ’ਤੇ 7 ਦਸੰਬਰ ਨੂੰ ਆਉਣਗੇ, ਜਦੋਂਕਿ ਹਿਮਾਚਲ ਅਤੇ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ 8 ਦਸੰਬਰ ਨੂੰ ਐਲਾਨੇ ਜਾਣਗੇ ਪਰ ਇਸ ਤੋਂ ਪਹਿਲਾਂ ਹੀ ਜਿੱਤ-ਹਾਰ ਦਾ ਅਨੁਮਾਨ ਲਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਕਿਉਂਕਿ ਹਿਮਾਚਲ ’ਚ ਹੁਣ ਤਕ ਬਦਲ-ਬਦਲ ਕੇ ਕਾਂਗਰਸ ਅਤੇ ਭਾਜਪਾ ਦੀਆਂ ਸਰਕਾਰਾਂ ਆਉਂਦੀਆਂ ਰਹੀਆਂ ਹਨ ਅਤੇ ਇਸ ਪੱਖੋਂ ਇਸ ਵਾਰ ਕਾਂਗਰਸ ਦੀ ਵਾਰੀ ਹੈ। ਉਥੇ ਕਾਂਗਰਸ ਅਤੇ ਭਾਜਪਾ ਦਰਮਿਆਨ ਤਿੱਖੀ ਟੱਕਰ ਦੱਸੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਦੋਹਾਂ ਹੀ ਪਾਰਟੀਆਂ ਦਰਮਿਆਨ ਜਿੱਤ-ਹਾਰ ਦਾ ਫਰਕ ਬਹੁਤ ਘੱਟ ਰਹੇਗਾ।

ਗੁਜਰਾਤ ’ਚ ਮੁੜ ਭਾਜਪਾ ਨੂੰ ਸੱਤਾ ਹਾਸਲ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਉਥੇ ਲਗਾਤਾਰ 27 ਸਾਲ ਤੋਂ ਸੱਤਾਧਾਰੀ ਭਾਜਪਾ ਨੇ ਸੱਤਵੀਂ ਵਾਰ ਵੀ ਸੱਤਾ ’ਚ ਟਿਕੇ ਰਹਿਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਹੈ। ਹਿਮਾਚਲ ਅਤੇ ਗੁਜਰਾਤ ਦੋਹਾਂ ਹੀ ਸੂਬਿਆਂ ’ਚ ਕੁਝ ਨੇਤਾ ਲਗਾਤਾਰ ਚੋਣ ਪ੍ਰਚਾਰ ਸਬੰਧੀ ਡਟੇ ਰਹੇ। ਜਿਥੋਂ ਤਕ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜਿਆਂ ਦਾ ਸੰਬੰਧ ਹੈ, ਉਥੇ ਮੌਜੂਦਾ ਸਮੇਂ ’ਚ ਸੱਤਾਧਾਰੀ ਭਾਜਪਾ, ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਧੂੰਆਂ-ਧਾਰ ਪ੍ਰਚਾਰ ਕੀਤਾ ਪਰ ਉਥੇ ਇਸ ਵਾਰ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰ ਕੇ ਆਮ ਆਦਮੀ ਪਾਰਟੀ ਵਲੋਂ ਕਾਬਜ਼ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ।

ਚੋਣਾਂ ਦਾ ਨਤੀਜਾ ਭਾਵੇਂ ਜੋ ਵੀ ਹੋਵੇ, ਪੋਲਿੰਗ ਸੰਪੰਨ ਹੋਣ ਪਿੱਛੋਂ ਆਮ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ਕਿਉਂਕਿ ਤਿੰਨਾਂ ਹੀ ਥਾਵਾਂ ’ਤੇ ਛੋਟੇ-ਵੱਡੇ ਸਭ ਆਗੂ ਆਪਣੇ ਦਫਤਰੀ ਕੰਮ ਭੁੱਲ ਕੇ ਚੋਣ ਪ੍ਰਚਾਰ ’ਚ ਜੁਟੇ ਰਹੇ, ਜਿਸ ਕਾਰਨ ਦਫਤਰਾਂ ’ਚ ਛੁੱਟੀਆਂ ਵਰਗਾ ਮਾਹੌਲ ਬਣਿਆ ਰਿਹਾ ਅਤੇ ਅਧਿਕਾਰੀਆਂ ਦੇ ਉਪਲਬਧ ਨਾ ਹੋਣ ਕਾਰਨ ਲੋਕਾਂ ਦੇ ਕੰਮ ਰੁਕੇ ਹੋਏ ਸਨ।

ਅੰਤ ਵਿਚ ਅਸੀਂ ਲਿਖਣਾ ਚਾਹਾਂਗੇ ਕਿ ਸਾਡੇ ਅਨੁਮਾਨਾਂ ਮੁਤਾਬਕ ਗੁਜਰਾਤ ਵਿਚ ਭਾਜਪਾ ਸਫਲ ਰਹੇਗੀ, ਹਿਮਾਚਲ ਪ੍ਰਦੇਸ਼ ਵਿਚ ਭਾਜਪਾ ਅਤੇ ਕਾਂਗਰਸ ਦਰਮਿਆਨ ਤਿੱਖੀ ਟੱਕਰ ਹੋਵੇਗੀ ਅਤੇ ਦਿੱਲੀ ਨਗਰ ਨਿਗਮ ’ਤੇ ਇਸ ਵਾਰ ‘ਆਪ’ ਕਬਜ਼ਾ ਕਰ ਲਏਗੀ ਪਰ ਅਨੁਮਾਨ ਤਾਂ ਅਨੁਮਾਨ ਹੀ ਹੁੰਦੇ ਹਨ । ਇਸ ਲਈ ਅਧਿਕਾਰਤ ਤੌਰ ’ਤੇ ਜੇਤੂਆਂ ਦਾ ਪਤਾ ਤਾਂ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜਿਆਂ ਦੇ ਰਸਮੀ ਐਲਾਨ ਪਿੱਛੋਂ ਹੀ ਲੱਗੇਗਾ। ਕਿਉਂਕਿ ਇਸ ਵਾਰ ਚੋਣ ਪ੍ਰਚਾਰ ’ਚ ਵੋਟਰਾਂ ਨੂੰ ਲੁਭਾਉਣ ਲਈ ਸਿਰਫ ਰਿਓੜੀਆਂ ਹੀ ਨਹੀਂ ਸਗੋਂ ਲੱਡੂ ਵੀ ਵੰਡੇ ਗਏ ਹਨ। ਇਸ ਲਈ ਲੋਕਾਂ ਦੀ ਨਜ਼ਰ ਇਸ ਗੱਲ ’ਤੇ ਵੀ ਰਹੇਗੀ ਕਿ ਜੇਤੂ ਪਾਰਟੀਆਂ ਆਪਣੇ ਚੋਣ ਵਾਅਦਿਆਂ ਨੂੰ ਕਿਸ ਹੱਦ ਤਕ ਅਤੇ ਕਿੰਨਾ ਜਲਦੀ ਪੂਰਾ ਕਰਦੀਆਂ ਹਨ।

–ਵਿਜੇ ਕੁਮਾਰ


author

Mandeep Singh

Content Editor

Related News