ਤਮਿਲਨਾਡੂ ਚੋਣਾਂ ’ਚ ਅੰਨਾਦ੍ਰਮੁਕ ਦੇ ਦੋਵਾਂ ਧੜਿਆਂ ਦਾ ਮੇਲ ਕਰਵਾਉਣ ਰੁੱਝੀ ਭਾਜਪਾ

09/28/2020 3:33:02 AM

ਆਰਟੀਕਲ

6 ਵਾਰ ਤਮਿਲਨਾਡੂ ਦੀ ਮੁੱਖ ਮੰਤਰੀ ਰਹੀ ਜੈਲਲਿਤਾ ਨੇ ਫਿਲਮਾਂ ’ਚ ਆਪਣੇ ਸਾਥੀ ਅਭਿਨੇਤਾ ਅਤੇ ਸਿਆਸੀ ਗੁਰੂ ਐੱਮ. ਜੀ. ਰਾਮਚੰਦਰਨ ਦੇ ਨਾਲ ਆਪਣਾ ਸਿਆਸੀ ਕਰੀਅਰ ਸ਼ੁਰੂ ਕੀਤਾ ਸੀ। ਉਨ੍ਹਾਂ ਦੇ ਨਾਲ 28 ਫਿਲਮਾਂ ’ਚ ਅਭਿਨੈ ਕਰਨ ਵਾਲੀ ਜੈਲਲਿਤਾ ਉਨ੍ਹਾਂ ਨੂੰ ਆਪਣਾ ‘ਸਭ ਕੁਝ’ ਮੰਨਦੀ ਸੀ। ਹੌਲੀ-ਹੌਲੀ ਉਹ ਐੱਮ. ਜੀ. ਆਰ. ਦੀ ਪ੍ਰੇਮਿਕਾ ਬਣ ਗਈ ਅਤੇ ਐੱਮ. ਜੀ. ਰਾਮਚੰਦਰਨ ਦੀ ਮੌਤ ਤੋਂ ਬਾਅਦ ਪਾਰਟੀ ਦੇ ਉੱਤਰਾਧਿਕਾਰ ਦੇ ਸੰਘਰਸ਼ ’ਚ ਉਨ੍ਹਾਂ ਦੀ ਪਤਨੀ ਜਾਨਕੀ ਰਾਮਚੰਦਰਨ ਨੂੰ ਪਛਾੜ ਕੇ ‘ਅੰਨਾਦ੍ਰਮੁਕ’ ਦੀ ਸੁਪਰੀਮੋ ਬਣ ਗਈ।

ਆਪਣੇ ਪ੍ਰਸ਼ੰਸਕਾਂ ’ਚ ‘ਅੰਮਾ’ ਕਹੀ ਜਾਣ ਵਾਲੀ ਜੈਲਲਿਤਾ 1991 ’ਚ ਪਹਿਲੀ ਵਾਰ ਸੂਬੇ ਦੀ ਮੁੱਖ ਮੰਤਰੀ ਬਣੀ ਸੀ, ਜਿਨ੍ਹਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ’ਚ ਬੈਂਗਲੁਰੂ ਅਦਾਲਤ ਨੇ ਸਾਰੇ ਮਾਮਲਿਅਾਂ ’ਚ ਦੋਸ਼ੀ ਕਰਾਰ ਦਿੰਦੇ ਹੋਏ 27 ਸਤੰਬਰ 2014 ਨੂੰ 4 ਸਾਲ ਕੈਦ ਅਤੇ 100 ਕਰੋੜ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ।

ਇਸ ਤੋਂ ਬਾਅਦ ਜੈਲਲਿਤਾ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਰ 11 ਮਈ 2015 ਨੂੰ ਕਰਨਾਟਕ ਹਾਈਕੋਰਟ ਵਲੋਂ ਬਰੀ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੇ 23 ਮਈ 2016 ਨੂੰ ਮੁੜ 6ਵੀਂ ਵਾਰ ਸੂਬੇ ਦੀ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ।

5 ਦਸੰਬਰ 2016 ਨੂੰ ਜੈਲਲਿਤਾ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਗੂੜ੍ਹੀ ਸਹਿਯੋਗੀ ਅਤੇ ਪੱਕੀ ਸਹੇਲੀ ਵੀ. ਕੇ. ਸ਼ਸ਼ੀਕਲਾ ਨੂੰ 31 ਦਸੰਬਰ 2016 ਨੂੰ ਅੰਨਾਦ੍ਰਮੁਕ ਦੀ ਜਨਰਲ ਸਕੱਤਰ ਚੁਣ ਲਿਆ ਗਿਆ ਅਤੇ ਇਸ ਤਰ੍ਹਾਂ ਉਨ੍ਹਾਂ ਦਾ ਸਿਆਸੀ ਕਰੀਅਰ ਸ਼ੁਰੂ ਹੋਇਆ।

ਇਸ ਦੇ ਕੁਝ ਹੀ ਸਮੇਂ ਬਾਅਦ ਮੁੱਖ ਮੰਤਰੀ ਪਨੀਰਸੇਲਵਮ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਕੇ ਮੁੱਖ ਮੰਤਰੀ ਲਈ ਸ਼ਸ਼ੀਕਲਾ ਦੇ ਨਾਂ ਦੀ ਤਜਵੀਜ਼ ਕਰ ਦਿੱਤੀ ਸੀ ਜਿਸ ਨੂੰ ਸਰਵਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ ਪਰ ਤਦ ਆਮਦਨ ਤੋਂ ਵੱਧ ਜਾਇਦਾਦ ਦੇ ਕੇਸ ’ਚ ਸੁਪਰੀਮ ਕੋਰਟ ਨੇ ਸ਼ਸ਼ੀਕਲਾ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ ਅਤੇ ਮੁੱਖ ਮੰਤਰੀ ਬਣਨ ਦਾ ਉਨ੍ਹਾਂ ਦਾ ਸੁਪਨਾ ਅਧੂਰਾ ਹੀ ਰਹਿ ਗਿਆ।

ਸ਼ਸ਼ੀਕਲਾ ਅਜੇ ਬੈਂਗਲੁਰੂ ਜੇਲ ’ਚ ਬੰਦ ਹਨ। ਉਨ੍ਹਾਂ ਦੇ 27 ਜਨਵਰੀ 2021 ਨੂੰ ਰਿਹਾਅ ਹੋਣ ਦੀ ਆਸ ਹੈ ਅਤੇ ਉਸੇ ਸਾਲ ਮਈ ’ਚ ਸੂਬੇ ’ਚ ਚੋਣਾਂ ਹੋਣ ਵਾਲੀਅਾਂ ਹਨ।

ਤਮਿਲਨਾਡੂ ’ਚ ਇਸ ਸਮੇਂ ਅੰਨਾਦ੍ਰਮੁਕ ਸਰਕਾਰ ਦਾ ਲਗਾਤਾਰ ਦੂਸਰਾ ਕਾਰਜਕਾਲ ਹੈ ਪਰ ਇਸ ਵਾਰ ਚੋਣਾਂ ’ਚ ਦ੍ਰਮੁਕ ਦੀ ਭਾਰੀ ਚੁਣੌਤੀ ਦਿੱਤੇ ਜਾਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਇਨ੍ਹਾਂ ਚੋਣਾਂ ਦੀ ਤਿਆਰੀ ਲਈ ਸ਼ਸ਼ੀਕਲਾ ਦੀ ਅਗਵਾਈ ਵਾਲੇ ਬਾਗੀ ਧੜੇ ‘ਅੰਮਾ ਮੁਕੱਲ ਮੁਨੇਤਰ ਕਸ਼ਗਮ’ (ਏ. ਐੱਮ. ਐੱਮ. ਕੇ.) ਨੇ ਅੰਨਾਦ੍ਰਮੁਕ ’ਚ ਰਲੇਵੇਂ ਦੇ ਯਤਨ ਸ਼ੁਰੂ ਕਰ ਦਿੱਤੇ ਹਨ ਅਤੇ ਇਸ ’ਚ ਭਾਜਪਾ ਵੀ ਕੁੱਦ ਪਈ ਹੈ।

ਚਰਚਾ ਹੈ ਕਿ ਇਸੇ ਲੜੀ ’ਚ ਏ. ਐੱਮ. ਐੱਮ. ਕੇ. ਦੇ ਨੇਤਾ ਦਿਨਾਕਰਨ, ਜੋ ਸ਼ਸ਼ੀਕਲਾ ਦੀ ਗੈਰ-ਹਾਜ਼ਰੀ ’ਚ ਪਾਰਟੀ ਚਲਾ ਰਹੇ ਹਨ, ਨੇ ਹਾਲ ਹੀ ’ਚ ਦਿੱਲੀ ’ਚ ਚੋਟੀ ਦੇ ਭਾਜਪਾ ਨੇਤਾਵਾਂ ਨਾਲ ਮੁਲਾਕਾਤ ਕੀਤੀ ਹੈ ਜੋ ਇਸ ਯਤਨ ’ਚ ਦਿਨਾਕਰਨ ਦੀ ਮਦਦ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਜੈਲਲਿਤਾ ਦੀ ਮੌਤ ਤੋਂ ਬਾਅਦ ਤਮਿਲਨਾਡੂ ’ਚ ਪਹਿਲੀ ਵਾਰ ਚੋਣਾਂ ਹੋ ਰਹੀਅਾਂ ਹਨ ਅਤੇ ਉਥੇ ਅੰਨਾਦ੍ਰਮੁਕ ਦਾ ਸੱਤਾ ’ਚ ਦੂਸਰਾ ਕਾਰਜਕਾਲ ਹੈ।

ਇਹ ਜਾਣਨਾ ਵੀ ਦਿਲਚਸਪ ਹੋਵੇਗਾ ਕਿ ਇਸ ਵਾਰ ਅੰਨਾਦ੍ਰਮੁਕ ਦੇ ਦੋਵਾਂ ਧੜਿਅਾਂ ’ਚ ਮਿਲਾਪ ਕਰਵਾਉਣ ਦਾ ਯਤਨ ਕਰ ਰਹੀ ਭਾਜਪਾ ਨੇ ਹੀ 2016 ’ਚ ਇਨ੍ਹਾਂ ’ਚ ਫੁੱਟ ਪਾਉਣ ’ਚ ਯੋਗਦਾਨ ਪਾਇਆ ਸੀ। ਉਦੋਂ ਅੰਨਾਦ੍ਰਮੁਕ ਅਤੇ ਭਾਜਪਾ ਦੋਵਾਂ ਨੇ ਹੀ ਜੈਲਲਿਤਾ ਦੀ ਮੌਤ ’ਚ ਸ਼ਸ਼ੀਕਲਾ ਦਾ ਹੱਥ ਹੋਣ ਦਾ ਸੰਕੇਤ ਦਿੱਤਾ ਸੀ ਅਤੇ ਸ਼ਸ਼ੀਕਲਾ ਨੂੰ ਅੱਖੋਂ-ਪਰੋਖੇ ਕਰ ਕੇ ਪਨੀਰਸੇਲਵਮ ਮੁੱਖ ਮੰਤਰੀ ਬਣਨ ’ਚ ਸਫਲ ਹੋਏ ਸਨ।

ਜਾਣਕਾਰ ਸੂਤਰਾਂ ਅਨੁਸਾਰ ਰਲੇਵੇਂ ਦੀ ਗੱਲਬਾਤ ਸਫਲ ਹੋਣ ’ਤੇ ਸ਼ਸ਼ੀਕਲਾ ਦੀ ਜਲਦੀ ਰਿਹਾਈ ਦਾ ਵਾਅਦਾ ਵੀ ਕੀਤਾ ਗਿਆ ਹੈ ਅਤੇ ਦਿਨਾਕਰਨ ਨੇ, ਜੋ ਖੁਦ ਵੀ ਭ੍ਰਿਸ਼ਟਾਚਾਰ ਦੇ ਦੋਸ਼ ਝੱਲ ਰਹੇ ਹਨ, ਆਪਣੀ ਚਾਚੀ (ਸ਼ਸ਼ੀਕਲਾ) ਲਈ ਪਾਰਟੀ ਜਨਰਲ ਸਕੱਤਰ ਦੇ ਅਹੁਦੇ ਅਤੇ ਆਪਣੇ ਲਈ ਸਰਕਾਰ ’ਚ ਮਹੱਤਵਪੂਰਨ ਅਹੁਦੇ ਦੀ ਮੰਗ ਰੱਖੀ ਹੈ। ਪਲਾਨੀਸਵਾਮੀ ਅਤੇ ਪਨੀਰਸੇਲਵਮ ਕ੍ਰਮਵਾਰ ਉਪ-ਮੁੱਖ ਮੰਤਰੀ ਅਤੇ ਮੁੱਖ ਮੰਤਰੀ ਬਣੇ ਰਹਿਣਗੇ ਜਦਕਿ ਪਾਰਟੀ ਦੀ ਵਾਗਡੋਰ ਸ਼ਸ਼ੀਕਲਾ ਦੇ ਹੱਥਾਂ ’ਚ ਰਹੇਗੀ।

ਅੰਨਾਦ੍ਰਮੁਕ ਦੇ ਇਕ ਸੀਨੀਅਰ ਮੰਤਰੀ ਦੇ ਅਨੁਸਾਰ ਸੱਤਾ ਦਾ ਉਕਤ ਬਟਵਾਰਾ ਪਾਰਟੀ ਦੇ ਵਧੇਰੇ ਮੈਂਬਰਾਂ ਨੂੰ ਪ੍ਰਵਾਨ ਹੈ ਅਤੇ ਭਾਜਪਾ ਲੀਡਰਸ਼ਿਪ ਪਿਛਲੇ ਲਗਭਗ ਇਕ ਸਾਲ ਤੋਂ ਦੋਵਾਂ ਧੜਿਅਾਂ ਦੇ ਰਲੇਵੇਂ ਲਈ ਦਬਾਅ ਪਾਉਂਦੀ ਆ ਰਹੀ ਹੈ। ਸ਼ਸ਼ੀਕਲਾ ਦਾ ਧੜਾ ਇਸ ਨੂੰ ਮੰਨਣ ਲਈ ਤਿਆਰ ਜਾਪਦਾ ਹੈ ਕਿਉਂਕਿ ਇਸ ਨਾਲ ਸ਼ਸ਼ੀਕਲਾ ਜਲਦੀ ਜੇਲ ’ਚੋਂ ਬਾਹਰ ਆ ਸਕੇਗੀ।

ਪ੍ਰਦੇਸ਼ ਭਾਜਪਾ ਦੇ ਇਕ ਸੀਨੀਅਰ ਨੇਤਾ ਦੇ ਅਨੁਸਾਰ ਕਿਉਂਕਿ ਸ਼ਸ਼ੀਕਲਾ ਨੇ ਆਪਣੀ ਸਜ਼ਾ ਭੁਗਤ ਲਈ ਹੈ, ਇਸ ਲਈ ਉਹ ਅਛੂਤ ਨਹੀਂ ਰਹੀ ਹੈ ਅਤੇ ਦ੍ਰਮੁਕ ਦਾ ਮੁਕਾਬਲਾ ਕਰਨ ਲਈ ਅੰਨਾਦ੍ਰਮੁਕ ਦੇ ਦੋਵਾਂ ਧੜਿਅਾਂ ’ਚ ਏਕਤਾ ਦੀ ਜ਼ਰੂਰਤ ਹੈ।

ਅੰਨਾਦ੍ਰਮੁਕ ਦੇ ਇਕ ਮੰਤਰੀ ਦੇ ਅਨੁਸਾਰ ‘ਭਾਜਪਾ ਨੂੰ ਤਮਿਲਨਾਡੂ ਦੇ ਮਾਮਲਿਆਂ ’ਚ ਲੱਤ ਅੜਾਉਣ ਵਾਲੀ ਦਿੱਲੀ ਦੀ ਇਕ ਪਾਰਟੀ’ ਦੇ ਰੂਪ ਵਿਚ ਦੇਖੇ ਜਾਣ ਦੇ ਕਾਰਨ

ਉਹ ਤਮਿਲਨਾਡੂ ’ਚ ਅੰਨਾਦ੍ਰਮੁਕ ਲਈ ਬੋਝ ਸਾਬਿਤ ਹੋ ਸਕਦੀ ਹੈ, ਇਸ ਲਈ ਸ਼ਸ਼ੀਕਲਾ ਵਾਲੇ ਧੜੇ ਨੂੰ ਨਾਲ ਮਿਲਾਉਣਾ ਹੀ ਸਹੀ ਹੈ।

ਸ਼ਸ਼ੀਕਲਾ ਦੇ ਇਕ ਵਫਾਦਾਰ ਦਾ ਕਹਿਣਾ ਹੈ ਕਿ, ‘‘ਪਾਰਟੀ ਨੂੰ ਸਿਰਫ ਸ਼ਸ਼ੀਕਲਾ ਅਤੇ ਦਿਨਾਕਰਨ ਹੀ ਜ਼ਿੰਦਾ ਰੱਖ ਸਕਦੇ ਹਨ ਕਿਉਂਕਿ ਅੰਨਾਦ੍ਰਮੁਕ ’ਚ ਕੋਈ ਵੀ ਨੇਤਾ ਮੁੱਖ ਮੰਤਰੀ ਚਿਹਰੇ ਦੇ ਰੂਪ ’ਚ ਪੇਸ਼ ਕਰਨ ਲਾਇਕ ਨਹੀਂ ਹੈ। ਅੰਨਾਦ੍ਰਮੁਕ ਦੀ ਦੁਸ਼ਮਣ ਭਾਜਪਾ ਨਹੀਂ ਦ੍ਰਮੁਕ ਸਥਾਈ ਦੁਸ਼ਮਣ ਹੈ ਅਤੇ ਚੋਣਾਂ ’ਚ ਹਾਰ ਦੀ ਸਥਿਤੀ ’ਚ ਅੰਨਾਦ੍ਰਮੁਕ ਪੂਰੀ ਤਰ੍ਹਾਂ ਢਹਿ-ਢੇਰੀ ਹੋ ਜਾਵੇਗੀ।’’

ਕੁਲ ਮਿਲਾ ਕੇ ਤਮਿਲਨਾਡੂ ’ਚ ਵੀ ਚੋਣਾਂ ਦੇ ਜੋੜ-ਤੋੜ ਦੀ ਖੇਡ ਸ਼ੁਰੂ ਹੋ ਚੁੱਕੀ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਅਜੇ ਤੱਕ ਭਾਜਪਾ ਦੀ ਪਹੁੰਚ ਤੋਂ ਦੂਰ ਰਹੇ ਇਸ ਸੂਬੇ ’ਚ ਸਿਆਸੀ ਸਰਗਰਮੀਅਾਂ ਕੀ ਰੰਗ ਲਿਆਉਂਦੀਅਾਂ ਹਨ।

–ਵਿਜੇ ਕੁਮਾਰ


Bharat Thapa

Content Editor

Related News