ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦਾ ਭਾਜਪਾ ਵਲੋਂ ਸਮਰਥਨ ਵੀ ਅਤੇ ਵਿਰੋਧ ਵੀ

Tuesday, May 18, 2021 - 03:20 AM (IST)

ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦਾ ਭਾਜਪਾ ਵਲੋਂ ਸਮਰਥਨ ਵੀ ਅਤੇ ਵਿਰੋਧ ਵੀ

ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ 14 ਮਈ ਨੂੰ ਈਦ ਵਾਲੇ ਦਿਨ ਮਾਲੇਰਕੋਟਲਾ ਨੂੰ ਜ਼ਿਲਾ ਬਣਾਉਣ ਦਾ ਐਲਾਨ ਕਰਨ ਦੇ ਨਾਲ ਹੀ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੂੰ ਇਸ ਦੇ ਪ੍ਰਸ਼ਾਸਨਿਕ ਦਫਤਰ ਦਾ ਕੰਮ ਸ਼ੁਰੂ ਕਰਨ ਦੇ ਲਈ ਢੁੱਕਵੀਂ ਇਮਾਰਤ ਲੱਭਣ ਦੇ ਹੁਕਮ ਨਾਲ ਪੰਜਾਬ ’ਚ ਜ਼ਿਲਿਅਾਂ ਦੀ ਗਿਣਤੀ ਵਧ ਕੇ 23 ਹੋ ਗਈ ਹੈ।

ਇਸ ਦੇ ਨਾਲ ਹੀ ਅਮਰਿੰਦਰ ਸਿੰਘ ਨੇ ਮਾਲੇਰਕੋਟਲਾ ਦੇ ਨਵਾਬ ਸ਼ੇਰ ਖਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਉਨ੍ਹ ਾਂ ਦੇ ਨਾਂ ’ਤੇ 500 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਮੈਡੀਕਲ ਕਾਲਜ ਜਲਦੀ ਸਥਾਪਿਤ ਕਰਨ ਦਾ ਐਲਾਨ ਵੀ ਕੀਤਾ, ਜਿਸ ਦੇ ਲਈ ਰਾਏਕੋਟ ਰੋਡ ’ਤੇ 25 ਏਕੜ ਜ਼ਮੀਨ ਪਹਿਲਾਂ ਹੀ ਅਲਾਟ ਕੀਤੀ ਜਾ ਚੁੱਕੀ ਹੈ।

ਜਿਥੇ ਮੁੱਖ ਮੰਤਰੀ ਦੇ ਉਕਤ ਐਲਾਨ ਨਾਲ ਮਾਲੇਰਕੋਟਲਾ ਵਾਸੀਅਾਂ ’ਚ ਖੁਸ਼ੀ ਦੀ ਲਹਿਰ ਦੌੜ ਗਈ ਹੈ, ਓਥੇ ਭਾਜਪਾ ਵਲੋਂ ਇਸ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (ਭਾਜਪਾ) ਨੇ ਇਸ ’ਤੇ ਸਵਾਲ ਖੜ੍ਹੇ ਕਰਦੇ ਹੋਏ ਟਵੀਟ ਕੀਤਾ ਹੈ ਕਿ ‘‘ਮਾਲੇਰਕੋਟਲਾ ਨੂੰ ਜ਼ਿਲਾ ਬਣਾਉਣਾ ਕਾਂਗਰਸ ਦੀ ਫੁੱਟ ਪਾਊ ਨੀਤੀ ਦਾ ਸੂਚਕ ਹੈ ਕਿਉਂਕਿ ਵੋਟ ਅਤੇ ਮਜ਼੍ਹਬ ਦੇ ਆਧਾਰ ’ਤੇ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਕਰਨਾ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ।’’

ਇਸ ਦੇ ਜਵਾਬ ’ਚ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਭਾਜਪਾ ਦੀ ਫੁੱਟ ਪਾਊ ਨੀਤੀ ਕਰਾਰ ਦਿੰਦੇ ਹੋਏ ਕਿਹਾ ਕਿ, ‘‘ਯੋਗੀ ਆਦਿੱਤਿਆਨਾਥ ਦਾ ਉਕਤ ਬਿਆਨ ਪੰਜਾਬ ਵਰਗੇ ਸ਼ਾਂਤ ਸੂਬੇ ’ਚ ਫਿਰਕੂ ਬਖੇੜਾ ਖੜ੍ਹਾ ਕਰਨ ਦੀ ਸ਼ਰਮਨਾਕ ਕੋਸ਼ਿਸ਼ ਅਤੇ ਪੰਜਾਬ ’ਚ ਨਫਰਤ ਫੈਲਾਉਣ ਦੀ ਸਾਜ਼ਿਸ਼ ਹੈ।’’

‘‘ਸਿੱਖ ਧਰਮ ਅਤੇ ਗੁਰੂ ਸਾਹਿਬਾਨ ਦੇ ਨਾਲ ਮਾਲੇਰਕੋਟਲਾ ਦਾ ਰਿਸ਼ਤਾ ਹਰ ਪੰਜਾਬੀ ਜਾਣਦਾ ਹੈ। ਉਹ (ਯੋਗੀ ਆਦਿੱਤਿਆਨਾਥ) ਭਾਰਤੀ ਸੰਵਿਧਾਨ ਨੂੰ ਕੀ ਸਮਝਦਾ ਹੈ, ਜਿਸ ਨੂੰ ਉਸ ਦੀ ਉੱਤਰ ਪ੍ਰਦੇਸ਼ ਸਰਕਾਰ ਰੋਜ਼ ਬੇਰਹਿਮੀ ਨਾਲ ਦਰੜ ਰਹੀ ਹੈ।’’

‘‘ਅਾਦਿੱਤਿਆਨਾਥ ਨੂੰ ਪੰਜਾਬ ਦੇ ਮਾਮਲਿਅਾਂ ਤੋਂ ਦੂਰ ਹੀ ਰਹਿ ਕੇ ਆਪਣੇ ਸੂਬੇ ਦੇ ਲੋਕਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਸਾਡੇ ਇਥੇ ਉੱਤਰ ਪ੍ਰਦੇਸ਼ ਭਾਜਪਾ ਦੀ ਫੁੱਟ ਪਾਊ ਅਤੇ ਤਬਾਹਕੁੰਨ ਸਰਕਾਰ ਦੇ ਮੁਕਾਬਲੇ ਕਿਤੇ ਵਧੀਆ ਵਾਤਾਵਰਣ ਹੈ।’’

ਯੋਗੀ ਆਦਿੱਤਿਆਨਾਥ ਦੇ ਵਿਰੋਧ ਦੇ ਦਰਮਿਆਨ ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰ ਸਰਕਾਰ ’ਚ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਨੇ ਯੋਗੀ ਆਦਿੱਤਿਆਨਾਥ ਨੇ ਬਿਆਨ ਨਾਲੋਂ ਵੱਖਰੀ ਰਾਏ ਪ੍ਰਗਟ ਕਰਦੇ ਹੋਏ ਮਾਲੇਰਕੋਟਲਾ ਨੂੰ ਭਾਈਚਾਰਕ ਸਾਂਝ ਦਾ ਪ੍ਰਤੀਕ ਦੱਸਿਆ ਅਤੇ ਇਸ ਨੂੰ ਜ਼ਿਲਾ ਬਣਾਉਣ ਦਾ ਸਵਾਗਤ ਕੀਤਾ ਹੈ।

ਉਨ੍ਹਾਂ ਨੇ ਇਕ ਟਵੀਟ ’ਚ ਕਿਹਾ, ‘‘ਮੈਂ ਮਾਲੇਰਕੋਟਲਾ ਨੂੰ ਜ਼ਿਲਾ ਐਲਾਨਣ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਧੰਨਵਾਦ ਕਰਦਾ ਹਾਂ ਅਤੇ ਮਾਲੇਰਕੋਟਲਾ ਦੇ ਲੋਕਾਂ ਨੂੰ ਇਸ ਦੇ ਲਈ ਵਧਾਈ ਦਿੰਦਾ ਹਾਂ।’’

‘‘ਉਨ੍ਹਾਂ ਦਾ ਇਹ ਕਦਮ ਮਾਲੇਰਕੋਟਲਾ ਦੇ ‘ਨਵਾਬ ਸ਼ੇਰ ਮੁਹੰਮਦ ਖਾਨ’ ਨੂੰ ਸੱਚੀ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਅਾਂ ਨੂੰ ਸ਼ਹੀਦ ਕਰਨ ਦਾ ਭਾਰੀ ਵਿਰੋਧ ਕੀਤਾ ਸੀ।’’

ਵਰਣਨਯੋਗ ਹੈ ਕਿ ਉਕਤ ਘਟਨਾ ਦੇ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਵਾਬ ਸ਼ੇਰ ਮੁਹੰਮਦ ਖਾਨ ਅਤੇ ਮਾਲੇਰਕੋਟਲਾ ਦੇ ਲੋਕਾਂ ਨੂੰ ਆਸ਼ੀਰਵਾਦ ਦਿੱਤਾ ਸੀ ਕਿ ਇਹ ਸ਼ਹਿਰ ਸਦਾ ਸ਼ਾਂਤੀ ਅਤੇ ਖੁਸ਼ੀ ਨਾਲ ਰਹੇਗਾ।

1947 ’ਚ ਦੇਸ਼ ਦੀ ਵੰਡ ਦੇ ਸਮੇਂ ਇਥੇ ਕੋਈ ਦੰਗਾ ਨਹੀਂ ਹੋਇਆ। ਇਸ ਸ਼ਹਿਰ ’ਤੇ ਸੂਫੀ ਸੰਤ ਬਾਬਾ ਹੈਦਰ ਸ਼ਾਹ ਦੀ ਵੀ ਕਿਰਪਾ ਹੈ, ਜਿਨ੍ਹਾਂ ਦੀ ਇਥੇ ਮਜ਼ਾਰ ਬਣੀ ਹੋਈ ਹੈ।

ਮਾਲੇਰਕੋਟਲਾ ਨੂੰ ਜ਼ਿਲਾ ਬਣਾਉਣ ਦੇ ਸਮਰਥਨ ਅਤੇ ਵਿਰੋਧ ਨੂੰ ਲੈ ਕੇ ਭਾਜਪਾ ’ਚ ਦੋ ਵਿਚਾਰ ਧਾਰਾਵਾਂ ਪੈਦਾ ਹੋ ਗਈਅਾਂ ਹਨ ਅਤੇ ਪਾਠਕ ਹੈਰਾਨ ਹਨ ਕਿ ਇਸ ਮਾਮਲੇ ’ਚ ਕੌਣ ਸਹੀ ਅਤੇ ਕੌਣ ਗਲਤ ਹੈ! ਇਸ ਸੰਬੰਧ ’ਚ ਅੰਤਿਮ ਫੈਸਲਾ ਤਾਂ ਭਾਜਪਾ ਹਾਈਕਮਾਨ ਹੀ ਲੈ ਸਕਦੀ ਹੈ ਪਰ ਇਹ ਚੰਗੀ ਗੱਲ ਹੈ ਕਿ ਭਾਜਪਾ ਅਤੇ ਰਾਸ਼ਟਰੀ ਸਵੈਮ-ਸੇਵਕ ਸੰਘ ’ਚ ਲੋਕ ਖੁੱਲ੍ਹ ਕੇ ਆਪਣੇ ਵਿਚਾਰ ਰੱਖ ਰਹੇ ਹਨ।

ਕੁਝ ਹੀ ਦਿਨ ਪਹਿਲਾਂ ‘ਰਾਸ਼ਟਰੀ ਸਵੈਮ-ਸੇਵਕ ਸੰਘ’ ਦੇ ਮੁੱਖਪੱਤਰ ‘ਪਾਂਚਜਨਯ’ ਨੇ ਬੰਗਾਲ ਦੀ ਹਾਰ ਦੇ ਲਈ ਭਾਜਪਾ ਲੀਡਰਸ਼ਿਪ ਨੂੰ ਇਸ ਸੰਬੰਧ ’ਚ ਅਾਤਮਮੰਥਨ ਕਰਨ ਦੀ ਸਲਾਹ ਦਿੱਤੀ ਸੀ । ਅਤੇ ਹੁਣ ‘ਸੰਘ ਦੇ ਮੁਖੀ ਸ਼੍ਰੀ ਮੋਹਨ ਭਾਗਵਤ ਜੀ ਨੇ ਕਿਹਾ ਕਿ ‘‘ਕੋਰੋਨਾ ਦੀ ਪਹਿਲੀ ਲਹਿਰ ਦੇ ਬਾਅਦ ਅਸੀਂ ਸਾਰੇ ਲਾਪਰਵਾਹ ਹੋ ਗਏ ਸੀ ਅਤੇ ਝਾਂਸੇ ’ਚ ਆ ਗਏ ਸੀ। ਇਸ ’ਚ ਆਮ ਲੋਕ, ਸਰਕਾਰ ਜਾਂ ਪ੍ਰਸ਼ਾਸਨ ਸ਼ਾਮਲ ਹੈ ਪਰ ਇਸ ਦੇ ਬਾਵਜੂਦ ਸਾਨੂੰ ਇਕ ਦੂਸਰੇ ’ਤੇ ਦੋਸ਼ ਲਗਾਉਣ ਦੀ ਨਹੀਂ, ਇਕਜੁਟਤਾ ਨਾਲ ਇਕ ਟੀਮ ਬਣ ਕੇ ਸਥਿਤੀ ਦਾ ਮੁਕਾਬਲਾ ਕਰਨ ਦੀ ਲੋੜ ਹੈ।’’ ਇਸ ਲਈ ਸ਼੍ਰੀ ਸੋਮ ਪ੍ਰਕਾਸ਼ ਨੇ, ਜੋ ਇਕ ਤਜਰਬੇਕਾਰ ਸਿਆਸਤਦਾਨ ਦੇ ਨਾਲ-ਨਾਲ ਆਈ.ਏ.ਐੱਸ. ਅਧਿਕਾਰੀ ਅਤੇ ਫਰੀਦਕੋਟ, ਹੁਸ਼ਿਆਰਪੁਰ ਅਤੇ ਜਲੰਧਰ ਜ਼ਿਲਿਅਾਂ ਦੇ ਡਿਪਟੀ ਕਮਿਸ਼ਨਰ ਰਹਿ ਚੁੱਕੇ ਹਨ, ਆਪਣੀ ਸਹੀ ਰਾਏ ਪ੍ਰਗਟ ਕੀਤੀ ਹੈ।

ਜਿਥੇ ਭਾਜਪਾ ਵਲੋਂ ਮਾਲੇਰਕੋਟਲਾ ਨੂੰ ਜ਼ਿਲਾ ਬਣਾਉਣ ਦਾ ਵਿਰੋਧ ਕਰਨ ਨਾਲ ਮੁਸਲਿਮ ਵੋਟਰਾਂ ਦੇ ਨਾਰਾਜ਼ ਹੋਣ ਦਾ ਖਦਸ਼ਾ ਹੈ, ਉਥੇ ਇਸ ਦਾ ਸਮਰਥਨ ਕਰਨ ਨਾਲ ਭਾਜਪਾ ਨੂੰ ਕੁਝ ਲਾਭ ਹੀ ਮਿਲ ਸਕਦਾ ਹੈ।

–ਵਿਜੇ ਕੁਮਾਰ


author

Bharat Thapa

Content Editor

Related News