ਚੀਨ ’ਚ ਆਉਣ ਵਾਲੀ ਹੈ ਸਾਲ 1929 ਤੋਂ ਵੀ ਵੱਡੀ ਆਰਥਿਕ ਮੰਦੀ

11/21/2022 6:27:26 PM

ਚੀਨ ਇਕ ਵੱਡੇ ਆਰਥਿਕ ਸੰਕਟ ਵੱਲ ਵਧ ਰਿਹਾ ਹੈ, ਅਜਿਹਾ ਮੰਨਣਾ ਹੈ ਵਿਸ਼ਵ ਦੇ ਵੱਡੇ ਅਰਥਸ਼ਾਸਤਰੀਆਂ ਦਾ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜਿਸ ਆਰਥਿਕ ਸੰਕਟ ’ਚ ਚੀਨ ਘਿਰਦਾ ਜਾ ਰਿਹਾ ਹੈ, ਉਹ ਸਾਲ 1929 ’ਚ ਅਮਰੀਕਾ ’ਚ ਆਈ ਮਹਾਮੰਦੀ ਤੋਂ ਵੱਡਾ ਸੰਕਟ ਹੋਵੇਗਾ ਜਿਸਨੇ ਪੂਰੇ ਯੂਰਪ ਨੂੰ ਆਪਣੀ ਲਪੇਟ ’ਚ ਲੈ ਲਿਆ ਸੀ। ਆਉਣ ਵਾਲੇ ਸਮੇਂ ’ਚ ਚੀਨ ਦੇ ਅੰਦਰ 50 ਕਰੋੜ ਲੋਕ ਆਪਣੀਆਂ ਨੌਕਰੀਆਂ ਗੁਆ ਬੈਠਣਗੇ ਅਤੇ ਇੰਨੇ ਹੀ ਲੋਕ ਭੁੱਖ ਤੋਂ ਪ੍ਰੇਸ਼ਾਨ ਹੋਣਗੇ ਕਿਉਂਕਿ ਲੰਬੀ ਅਤੇ ਭਿਆਨਕ ਗਰਮੀ ਕਾਰਨ ਕਿਸਾਨ ਆਪਣੀ ਫਸਲ ਨਹੀਂ ਬਚਾ ਪਾ ਰਹੇ ਹਨ।

ਚੀਨ ਨੇ ਆਪਣੇ ਵਾਤਾਵਰਣ ਨੂੰ ਇੰਨਾ ਨੁਕਸਾਨ ਪਹੁੰਚਾਇਆ ਹੈ ਕਿ ਹੁਣ ਉਥੇ ਮੌਸਮ ਬਦਲਣ ਲੱਗਾ ਹੈ, ਇਸ ਕਾਰਨ ਲੰਬੀ ਅਤੇ ਭਿਆਨਕ ਗਰਮੀ ਨਾਲ ਉਥੋਂ ਦੀਆਂ ਨਦੀਆਂ, ਝੀਲਾਂ ਅਤੇ ਤਲਾਬ ਸੁੱਕਦੇ ਜਾ ਰਹੇ ਹਨ। ਇਸ ਨਾਲ ਕਿਸਾਨਾਂ ਦੀ ਫਸਲ ਬਰਬਾਦ ਹੋ ਰਹੀ ਹੈ। ਇਸ ਨਾਲ ਚੀਨ ਦੇ ਵੱਡੇ-ਵੱਡੇ ਹਾਈਡ੍ਰੋ ਪ੍ਰਾਜੈਕਟਾਂ ਲਈ ਪਾਣੀ ਨਹੀਂ ਮਿਲ ਰਿਹਾ ਜਿਸ ਨਾਲ ਬਿਜਲੀ ਦੀ ਕਮੀ ਹੋ ਗਈ ਹੈ ਅਤੇ ਇਸ ਦਾ ਖਰਾਬ ਅਸਰ ਚੀਨ ਦੇ ਵਿਨਿਰਮਾਣ ਖੇਤਰ ’ਚ ਸਾਫ ਦੇਖਿਆ ਜਾ ਸਕਦਾ ਹੈ।

ਉਥੇ ਹੀ ਦੂਜੇ ਪਾਸੇ ਚੀਨ ਦਾ ਰੀਅਲ ਅਸਟੇਟ ਬੁਲਬੁਲਾ ਫੁੱਟ ਚੁੱਕਾ ਹੈ, ਇਸ ਕਾਰਨ ਚੀਨ ਦੀ ਆਮ ਜਨਤਾ ਮਕਾਨ ਖਰੀਦਣ ਲਈ ਜੋ ਪੈਸੇ ਬੈਂਕਾਂ ਨੂੰ ਅਦਾ ਕਰ ਰਹੀ ਸੀ, ਉਹ ਅਦਾ ਕਰਨਾ ਹੁਣ ਬੰਦ ਕਰ ਚੁੱਕੀ ਹੈ। ਇਸ ਨਾਲ ਚੀਨ ਦੇ ਬੈਂਕਾਂ ਦੀ ਕਮਾਈ ਖਤਮ ਹੋ ਰਹੀ ਹੈ ਅਤੇ ਬੈਂਕ ਦਿਵਾਲੀਆ ਹੋ ਰਹੇ ਹਨ। ਕਈ ਲੋਕਾਂ ਨੇ ਬੈਂਕਾਂ ’ਚੋਂ ਆਪਣਾ ਜਮ੍ਹਾ ਪੈਸਾ ਕਢਵਾਉਣ ਦੇ ਸਮਰੱਥ ਨਾ ਹੋਣ ਕਾਰਨ ਬੈਂਕਾਂ ਖਿਲਾਫ ਬਗਾਵਤ ਕਰ ਦਿੱਤੀ ਹੈ ਕਿਉਂਕਿ ਉਹ ਆਪਣੇ ਵਲੋਂ ਜਮ੍ਹਾ ਕੀਤੇ ਗਏ ਪੈਸੇ ਬੈਂਕਾਂ ਤੋਂ ਕਢਵਾ ਨਹੀਂ ਪਾ ਰਹੇ ਹਨ।

ਚੀਨ ਦੀ ਅਰਥਵਿਵਸਥਾ ’ਤੇ ਇਨ੍ਹਾਂ ਸਾਰਿਆਂ ਦਾ ਮਿਲਿਆ-ਜੁਲਿਆ ਅਸਰ ਇੰਨਾ ਖਰਾਬ ਪਿਆ ਹੈ ਕਿ ਕੁਲ ਘਰੇਲੂ ਉਤਪਾਦ ਸਿਰਫ 0.4 ਫੀਸਦੀ ਦੀ ਰਫਤਾਰ ’ਤੇ ਸਿਮਟ ਗਈ ਹੈ ਜਦਕਿ ਸਰਕਾਰ ਨੇ ਸਾਲ 2022 ’ਚ ਇਸ ਦੇ 5.5 ਫੀਸਦੀ ਦੀ ਰਫਤਾਰ ਨਾਲ ਵਧਣ ਦਾ ਐਲਾਨ ਕੀਤਾ ਸੀ। ਚੀਨ ਦਾ ਕਰਜ਼ਾ ਸੰਕਟ ਵੀ ਫੁੱਟਣ ਦੇ ਕੰਢੇ ’ਤੇ ਹੈ, ਇਸ ਸੰਕਟ ਕਾਰਨ ਚੀਨ ਦੇ 8 ਖਰਬ ਡਾਲਰ ਡੁੱਬ ਚੁੱਕੇ ਹਨ।

ਇੰਸਟੀਚਿਊਟ ਆਫ ਇੰਟਰਨੈਸ਼ਨਲ ਫਾਈਨਾਂਸ ਦੀ ਰਿਪੋਰਟ ਦੇ ਅਨੁਸਾਰ ਚੀਨ ਦੇ ਉੱਪਰ ਇਸ ਸਮੇਂ ਕਾਰਪੋਰੇਟ, ਘਰੇਲੂ ਅਤੇ ਸਰਕਾਰੀ ਕਰਜ਼ਾ ਉਸ ਦੇ ਕੁਲ ਘਰੇਲੂ ਉਤਪਾਦ ਦਾ 303 ਫੀਸਦੀ ਤੋਂ ਵੀ ਵੱਧ ਹੋ ਗਿਆ ਹੈ, ਪੂਰੇ ਵਿਸ਼ਵ ਦੇ ਕਰਜ਼ੇ ਦਾ ਇਹ 15 ਫੀਸਦੀ ਹੈ। ਚੀਨ ’ਚ ਸਾਲ 2018 ਦੀ ਪਹਿਲੀ ਤਿਮਾਹੀ ਦੀ ਤੁਲਨਾ ’ਚ ਇਹ 297 ਫੀਸਦੀ ਵੱਧ ਹੈ। ਉਥੇ ਹੀ ਜੁਲਾਈ ਮਹੀਨੇ ’ਚ ਮਾਪੀ ਗਈ ਨੌਜਵਾਨ ਬੇਰੋਜ਼ਗਾਰੀ ਦਰ ਇਸ ਸਮੇਂ ਸਭ ਤੋਂ ਵੱਧ ਭਾਵ 20 ਫੀਸਦੀ ਹੈ, ਇਹ ਕੋਵਿਡ ਦਾ ਅਸਰ ਹੈ।

ਪਿਛਲੇ 3 ਦਹਾਕਿਆਂ ਤੋਂ ਚੀਨ ਦਾ ਰੀਅਲ ਅਸਟੇਟ ਚੀਨ ਦੀ ਅਰਥਵਿਵਸਥਾ ਦੀ ਰੀੜ੍ਹ ਬਣਿਆ ਹੋਇਆ ਹੈ। ਸਾਲ 2022 ’ਚ ਵੀ ਚੀਨ ਦੀ ਅਰਥਵਿਵਸਥਾ ’ਚ ਇਸ ਦਾ ਯੋਗਦਾਨ 30 ਫੀਸਦੀ ਰਿਹਾ ਹੈ ਜੋ ਅਮਰੀਕਾ ਦੀ 15 ਫੀਸਦੀ ਤੋਂ ਦੁੱਗਣਾ ਹੈ ਅਤੇ ਪੂਰੇ ਯੂਰਪ ਦੇ ਰੀਅਲ ਅਸਟੇਟ ਅਰਥਵਿਵਸਥਾ ਦਾ ਤਿੰਨ ਗੁਣਾ ਤੋਂ ਵੱਧ ਹੈ।

ਚੀਨ ਦੇ ਨਿਵੇਸ਼ਕ ਆਪਣੀ ਬੱਚਤ ਦਾ 70 ਫੀਸਦੀ ਹਿੱਸਾ ਰੀਅਲ ਅਸਟੇਟ ’ਚ ਲਗਾਉਂਦੇ ਹਨ। ਕੁਝ ਸਾਲ ਪਹਿਲਾਂ ਤਕ ਚੀਨ ’ਚ ਪ੍ਰਾਪਰਟੀ ਬਾਜ਼ਾਰ ਇੰਨਾ ਗਰਮ ਸੀ ਕਿ ਬਿਲਡਰ ਜ਼ਮੀਨ ’ਤੇ ਇਮਾਰਤ ਦਾ ਢਾਂਚਾ ਖੜ੍ਹਾ ਕੀਤੇ ਬਿਨਾਂ ਹੀ ਲੋਕਾਂ ਤੋਂ ਪੈਸੇ ਨਿਵੇਸ਼ ਕਰਵਾਉਣ ਲੱਗੇ ਜਿਸ ਨਾਲ ਪ੍ਰਾਪਰਟੀ ਬਾਜ਼ਾਰ ਦਾ ਬੁਲਬੁਲਾ ਇਕ ਦਿਨ ਫੁੱਟ ਗਿਆ ਅਤੇ ਲੋਕਾਂ ਦਾ ਭਰੋਸਾ ਇਸ ਖੇਤਰ ਤੋਂ ਉੱਠ ਗਿਆ। ਇਸ ਤੋਂ ਬਾਅਦ ਲੋਕਾਂ ਨੇ ਪ੍ਰਾਪਰਟੀ ਬਾਜ਼ਾਰ ’ਚ ਨਿਵੇਸ਼ ਕਰਨਾ ਬੰਦ ਕਰ ਦਿੱਤਾ ਜਿਸ ਨਾਲ ਮੰਗ ਖਤਮ ਹੋ ਗਈ ਅਤੇ ਕੀਮਤਾਂ ਹੇਠਾਂ ਆ ਡਿੱਗੀਆਂ।

ਹੁਣ ਮਕਾਨਾਂ ਦੀਆਂ ਕੀਮਤਾਂ ਇੰਨੀਆਂ ਹੇਠਾਂ ਆ ਗਈਆਂ ਸਨ ਕਿ ਚੀਨ ਦੀ ਜਨਤਾ ਬੈਂਕਾਂ ਨੂੰ ਇਸ ਤੋਂ ਵੱਧ ਪੈਸੇ ਦੇ ਚੁੱਕੀ ਸੀ, ਇਸ ਤੋਂ ਵੱਧ ਪੈਸੇ ਨਹੀਂ ਦੇਣੇ ਚਾਹੁੰਦੀ ਸੀ, ਉਸ ਨੇ ਬਿਲਡਰਾਂ ਨੂੰ ਹੋਰ ਪੈਸੇ ਦੇਣ ਤੋਂ ਨਾਂਹ ਕਰ ਦਿੱਤੀ। ਲੋਕ ਚੀਨ ਦੇ 99 ਸ਼ਹਿਰਾਂ ’ਚ ਮਾਰਟਗੇਜ ਪੈਸੇ ਦੇਣ ਤੋਂ ਨਾਂਹ ਕਰ ਚੁੱਕੇ ਸਨ ਅਤੇ ਅੰਦੋਲਨ ’ਤੇ ਉਤਰ ਆਏ, ਜਿਸਦਾ ਅਸਰ ਚੀਨ ਦੇ 320 ਨਵੇਂ ਪ੍ਰਾਜੈਕਟਾਂ ’ਤੇ ਪਿਆ। ਇਕ ਰਿਪੋਰਟ ਅਨੁਸਾਰ ਇਸ ਅੰਦੋਲਨ ਨਾਲ ਹੁਣ ਤਕ ਚੀਨ ਦੇ ਬੈਂਕਾਂ ਨੂੰ 350 ਅਰਬ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ।

ਲੋਕਾਂ ਨੇ ਜਦੋਂ ਹੋਰ ਪੈਸੇ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਬਿਲਡਰਾਂ ਨੂੰ ਆਪਣੇ ਅੱਧੇ-ਅਧੂਰੇ ਮਕਾਨਾਂ ਨੂੰ ਡੇਗ ਕੇ ਜ਼ਮੀਨ ਵੇਚਣੀ ਪਈ ਜਿਸ ਨਾਲ ਉਹ ਆਪਣਾ ਕਰਜ਼ਾ ਉਤਾਰ ਸਕਣ। ਇਸ ਸਮੇਂ ਚੀਨ ’ਚ 6 ਕਰੋੜ 50 ਲੱਖ ਮਕਾਨ ਖਾਲੀ ਪਏ ਹਨ, ਇਹ ਇੰਨੀ ਵੱਡੀ ਗਿਣਤੀ ਹੈ ਕਿ ਇਨ੍ਹਾਂ ਮਕਾਨਾਂ ’ਚ ਪੂਰੇ ਫਰਾਂਸ ਦੀ ਆਬਾਦੀ ਰਹਿ ਸਕਦੀ ਹੈ। ਇਸ ਦੇ ਇਲਾਵਾ ਹਜ਼ਾਰਾਂ ਦੀ ਗਿਣਤੀ ’ਚ ਅਧੂਰੀਆਂ ਬਣੀਆਂ ਇਮਾਰਤਾਂ ਖਾਲੀ ਪਈਆਂ ਹਨ। ਇਸ ਕਾਰਨ ਜਲਦੀ ਹੀ ਚੀਨ ਦੀਆਂ 20 ਫੀਸਦੀ ਭਵਨ ਨਿਰਮਾਣ ਕੰਪਨੀਆਂ ਦਿਵਾਲੀਆਂ ਹੋ ਜਾਣਗੀਆਂ।


Anmol Tagra

Content Editor

Related News