ਇਹ ਹੈ... ‘ਭਾਰਤ ਦੇਸ਼ ਅਸਾਡਾ!’ ਜਿੱਥੇ ਮਰਿਆਦਾਵਾਂ ਹੋ ਰਹੀਆਂ ਤਾਰ-ਤਾਰ

07/06/2022 2:36:46 AM

ਸਾਡੇ ਦੇਸ਼ ’ਚ ਕੁਝ ਕੁ ਲੋਕਾਂ ਦੇ ਨੈਤਿਕ ਅਤੇ ਚਰਿੱਤਰ ਦੇ ਪਤਨ ਦੀਆਂ ਨਿੱਤ ਨਵੀਆਂ ਉਦਾਹਰਣਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿੱਥੇ ਕਈ ਔਰਤਾਂ ਆਪਣੇ ਪਤੀਆਂ ਅਤੇ ਸਹੁਰਿਆਂ ਦੇ ਹੱਥੋਂ ਵੀ ਸੁਰੱਖਿਅਤ ਨਹੀਂ ਹਨ, ਉੱਥੇ ਹੀ ਬੱਚੀਆਂ ਨਾ ਸਿਰਫ ਵੇਚੀਆਂ ਜਾ ਰਹੀਆਂ ਹਨ, ਸਗੋਂ ਉਹ ਬਾਹਰੀ ਲੋਕਾਂ ਤੋਂ ਇਲਾਵਾ ਆਪਣੇ ਸਕੇ-ਸੰਬੰਧੀਆਂ ਦੀ ਸੈਕਸ ਹਿੰਸਾ ਦਾ ਸ਼ਿਕਾਰ ਵੀ ਹੋ ਰਹੀਆਂ ਹਨ, ਜੋ ਸਿਰਫ ਪਿਛਲੇ 10 ਦਿਨਾਂ ਦੀਆਂ ਹੇਠਲੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 26 ਜੂਨ ਨੂੰ ਰਾਜਸਥਾਨ ਦੇ ‘ਪਾਲੀ’ ਜ਼ਿਲ੍ਹੇ ’ਚ ਆਪਣੀ ਨਾਬਾਲਗ ਧੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ’ਚ ਉਸ ਦੇ ਪਿਤਾ ਅਤੇ ਚਾਚੇ ਨੂੰ ਫੜਿਆ ਗਿਆ।
* 28 ਜੂਨ ਨੂੰ ਲਖੀਮਪੁਰ ਖੀਰੀ ਦੇ ਇਕ ਪਿੰਡ ’ਚ 12 ਸਾਲਾ ਬੱਚੀ ਨੂੰ ਆਪਣੀ ਵੱਡੀ ਭੈਣ ਨੂੰ ਨਾਜਾਇਜ਼ ਸੰਬੰਧ ਬਣਾਉਂਦੇ ਦੇਖਣਾ ਬੜਾ ਮਹਿੰਗਾ ਪਿਆ। ਛੋਟੀ ਭੈਣ ਘਰ ਵਾਲਿਆਂ ਨੂੰ ਇਹ ਗੱਲ ਦੱਸ ਨਾ ਦੇਵੇ, ਇਸ ਡਰੋਂ ਵੱਡੀ ਭੈਣ ਨੇ ਪਹਿਲਾਂ ਤਾਂ ਆਪਣੇ ਦੋਸਤਾਂ ਕੋਲੋਂ ਉਸ ਦਾ ਜਬਰ-ਜ਼ਿਨਾਹ ਕਰਵਾਇਆ, ਫਿਰ ਉਸ ਦੀ ਹੱਤਿਆ ਕਰਵਾ ਦਿੱਤੀ। ਪੁਲਸ ਨੇ ਇਸ ਸਿਲਸਿਲੇ ’ਚ ਵੱਡੀ ਭੈਣ ਸਮੇਤ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 
* 29 ਜੂਨ ਨੂੰ ਮੱਧ ਪ੍ਰਦੇਸ਼ ਦੇ ‘ਰੀਵਾ’ ਜ਼ਿਲ੍ਹੇ ’ਚ ਅੰਬ ਖਾਣ ਦੀ ਜ਼ਿੱਦ ਕਰ ਰਹੀ ਆਪਣੇ ਨਾਨਕੇ ਆਈ 4 ਸਾਲਾ ਮਾਸੂਮ ਬੱਚੀ ਨੂੰ ਅੰਬ ਖਵਾਉਣ ਦੇ ਬਹਾਨੇ ਲਿਜਾ ਕੇ ਉਸ ਨਾਲ ਜਬਰ-ਜ਼ਿਨਾਹ ਕਰਕੇ ਗੰਭੀਰ ਤੌਰ ’ਤੇ ਜ਼ਖਮੀ ਕਰ ਦੇਣ ਦੇ ਦੋਸ਼ ’ਚ ਉਸ ਦੇ 50 ਸਾਲਾ ਮਾਮੇ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ। 
* 30 ਜੂਨ ਨੂੰ ਕਰਤਾਰਪੁਰ ਦੇ ਪਿੰਡ ਬਿਸ਼ਰਾਮਪੁਰ ’ਚ ਪ੍ਰਵਾਸੀ ਮਜ਼ਦੂਰ ਨੇ ਕਿਸੇ ਘਰੇਲੂ ਵਿਵਾਦ ਦੇ ਕਾਰਨ ਆਪਣੀ ਭੈਣ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। 
* 30 ਜੂਨ ਵਾਲੇ ਦਿਨ ਹੀ ਨਵੀਂ ਦਿੱਲੀ ਦੇ ਜੈਤਪੁਰ ਇਲਾਕੇ ’ਚ ਝਗੜੇ ਦੇ ਦੌਰਾਨ ਇਕ ਵਿਅਕਤੀ ਨੇ ਰੋਟੀ ਸੇਕਣ ਵਾਲਾ ਤਵਾ ਮਾਰ ਕੇ ਆਪਣੀ ਪਤਨੀ ਦੀ ਜਾਨ ਲੈ ਲਈ।
* 30 ਜੂਨ ਨੂੰ ਹੀ ਕਰਨਾਟਕ ਦੇ ‘ਕੋਲਾਰ’ ਜ਼ਿਲ੍ਹੇ ’ਚ ਇਕ 32 ਸਾਲਾ ਵਿਅਕਤੀ ਨੇ ਆਪਣੇ 12 ਸਾਲਾ ਮਾਸੂਮ ਬੇਟੇ ਦੀ ਗਲਾ ਘੁੱਟ ਕੇ ਹੱਤਿਆ ਕਰਨ ਤੋਂ ਬਾਅਦ ਉਸ ਦੀ ਲਾਸ਼ ਪਾਣੀ ਦੀ ਟੈਂਕੀ ’ਚ ਸੁੱਟ ਦਿੱਤੀ ਕਿਉਂਕਿ ਉਸ ਨੇ ਆਪਣੀ ਮਾਂ ਨੂੰ ਆਪਣੇ ਪਿਤਾ ਦੀ ਸੱਟੇਬਾਜ਼ੀ ਦੀ ਆਦਤ ਬਾਰੇ ਦੱਸ ਦਿੱਤਾ ਸੀ।
* 30 ਜੂਨ ਵਾਲੇ ਦਿਨ ਹੀ ਰਾਜਸਥਾਨ ’ਚ ਬਾੜਮੇਰ ਦੇ ‘ਕੇਰਾਵਾ’ ਪਿੰਡ ’ਚ ਪ੍ਰੇਮ ਪ੍ਰਸੰਗ ਦੇ ਕਾਰਨ ਇਕ 38 ਸਾਲਾ ਔਰਤ ਰਾਸ਼ਨ ਖਰੀਦਣ ਦੇ ਬਹਾਨੇ ਘਰੋਂ ਨਿਕਲ ਕੇ ਆਪਣੇ 22 ਸਾਲਾ ਜਵਾਈ ਨਾਲ ਭੱਜ ਗਈ ਅਤੇ ਅਗਲੀ ਸਵੇਰ ਦੋਵਾਂ ਦੀਆਂ ਲਾਸ਼ਾਂ ਰੁੱਖ ਨਾਲ ਲਟਕੀਆਂ ਹੋਈਆਂ ਮਿਲੀਆਂ।
* 1 ਜੁਲਾਈ ਨੂੰ ਪੱਛਮੀ ਬੰਗਾਲ ਦੇ ਨਾਡੀਆ ਜ਼ਿਲ੍ਹੇ ਦੇ ‘ਡਾਂਗਾ’ ਪਿੰਡ ’ਚ ਦਾਜ ਦੇ ਲਾਲਚੀ ਸੱਸ-ਸਹੁਰੇ ਨੇ ਆਪਣੀ ਨੂੰਹ ਨੂੰ ਉਸ ਦੀ 8 ਸਾਲਾ ਮਾਸੂਮ ਧੀ ਦੇ ਸਾਹਮਣੇ ਬਿਜਲੀ ਦੀਆਂ ਨੰਗੀਆਂ ਤਾਰਾਂ ਨਾਲ ਬੰਨ੍ਹ ਕੇ ਕਰੰਟ ਲਾਇਆ, ਜਿਸ ਦੇ ਨਤੀਜੇ ਵਜੋਂ ਇਕ ਘੰਟੇ ਤੱਕ ਤੜਫਣ ਤੋਂ ਬਾਅਦ ਉਸ ਦੀ ਮੌਤ ਹੋ ਗਈ।
* 1-2 ਜੁਲਾਈ ਦੀ ਦਰਮਿਆਨੀ ਰਾਤ ਨੂੰ ਪਟਨਾ ’ਚ ਬਿਹਾਰ ਦੇ ਇਕ ਸਾਬਕਾ ਵਿਧਾਇਕ ਨੂੰ ਭਾੜੇ ਦੇ ਹੱਤਿਆਰਿਆਂ ਕੋਲੋਂ ਆਪਣੀ ਹੀ ਧੀ ਦੀ ਹੱਤਿਆ ਕਰਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ।
* 2 ਜੁਲਾਈ ਨੂੰ ਮਲੋਟ ਦੇ ਪਿੰਡ ‘ਬਾਮ’ ’ਚ ਕੰਧ ਦੇ ਝਗੜੇ ਨੂੰ ਲੈ ਕੇ ਇਕ ਨੌਜਵਾਨ ਨੇ ਗੋਲੀ ਮਾਰ ਕੇ ਆਪਣੇ ਦਾਦੇ ਅਤੇ ਤਾਏ ਦੀ ਹੱਤਿਆ ਕਰ ਦਿੱਤੀ।
* 2 ਜੁਲਾਈ ਨੂੰ ਹੀ ਸੰਗਰੂਰ ਸ਼ਹਿਰ ’ਚ ਆਪਣੇ ਪਤੀ ਦੇ ਕਿਸੇ ਹੋਰ ਔਰਤ ਦੇ ਨਾਲ ਨਾਜਾਇਜ਼ ਸੰਬੰਧਾਂ ਤੋਂ ਦੁਖੀ ਔਰਤ ਨੇ ਆਪਣੀ 5 ਸਾਲਾ ਧੀ ਦੀ ਹੱਤਿਆ ਕਰਨ ਤੋਂ ਬਾਅਦ ਫਾਹਾ ਲਗਾ ਕੇ ਆਪਣੀ ਜੀਵਨਲੀਲਾ ਵੀ ਖਤਮ ਕਰ ਲਈ।
* 3 ਜੁਲਾਈ ਨੂੰ ਮੱਧ ਪ੍ਰਦੇਸ਼ ’ਚ ‘ਬੀਨਾ’ ਜ਼ਿਲ੍ਹੇ ਦੇ ‘ਖੁਰਈ’ ਪਿੰਡ ’ਚ ਇਕ ਵਿਅਕਤੀ ਨੂੰ ਆਪਣੀ 17 ਸਾਲਾ ਨਾਬਾਲਗ ਧੀ ਨੂੰ ਬਹਿਲਾ-ਫੁਸਲਾ ਕੇ ਲਿਜਾ ਕੇ ਉਸ ਦੇ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ। 
* 3 ਜੁਲਾਈ ਨੂੰ ਹੀ ਓਡਿਸ਼ਾ ਦੇ ਜਾਜਪੁਰ ਜ਼ਿਲ੍ਹੇ ’ਚ ਗਰੀਬੀ ਤੋਂ ਤੰਗ ਇਕ ਪਤੀ-ਪਤਨੀ ਦੇ ਵਿਰੁੱਧ ਆਪਣੀ ਨਵਜਨਮੀ ਬੱਚੀ ਨੂੰ ਕਿਸੇ ਬੇਔਲਾਦ ਜੋੜੇ ਨੂੰ 7000 ਰੁਪਏ ’ਚ ਵੇਚਣ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ। 
* 3 ਜੁਲਾਈ ਵਾਲੇ ਦਿਨ ਹੀ ਗਾਜ਼ੀਪੁਰ ਦੇ ਪਿੰਡ ‘ਲੋਚਾਈਨ’ ’ਚ ਇਕ ਬਜ਼ੁਰਗ ਦੀ ਉਸ ਦੇ ਬੇਟੇ ਅਤੇ ਦੋਹਤੇ ਨੇ 4 ਏਕੜ ਜ਼ਮੀਨ ਦੇ ਲਈ ਧੌਣ ਵੱਢ ਕੇ ਹੱਤਿਆ ਕਰ ਦਿੱਤੀ।
* 4 ਜੁਲਾਈ ਨੂੰ ਨਵੀਂ ਦਿੱਲੀ ਦੇ ਜੈਤਪੁਰ ਇਲਾਕੇ ’ਚ ਇਕ 13 ਸਾਲਾ ਨਾਬਾਲਗ ਨਾਲ ਜਬਰ-ਜ਼ਨਾਹ ਦਾ ਵੀਡੀਓ ਬਣਾ ਕੇ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਦੇ ਨਾਲ ਵਾਰ-ਵਾਰ ਜਬਰ-ਜ਼ਿਨਾਹ ਕਰਨ ਦੇ ਦੋਸ਼ ’ਚ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ।
ਇਸ ਤਰ੍ਹਾਂ ਦਾ ਵਿਵਹਾਰ ਸਾਡੇ ਦੇਸ਼ ਦੇ ਉਸ ਸੱਭਿਆਚਾਰ ਦਾ ਪ੍ਰਤੀਕ ਕਿਸੇ ਵੀ ਤਰ੍ਹਾਂ ਨਹੀਂ ਹੈ ਜਿਸ ਉਤੇ ਅਸੀਂ ਮਾਣ ਕਰਦੇ ਹਾਂ। ਇਹੀ ਨਹੀਂ, ਇਸ ਤਰ੍ਹਾਂ ਦਾ ਅਸ਼ੋਭਨੀਕ ਆਚਰਣ ਕਿਸੇ ਪੱਛਮੀ ਦੇਸ਼ ’ਚ ਵੀ ਦੇਖਣ ਨੂੰ ਨਹੀਂ ਮਿਲਦਾ।
ਇਸ ਲਈ ਅਜਿਹਾ ਕਰਨ ਵਾਲੇ ਲੋਕ ਸਖਤ ਤੋਂ ਸਖਤ ਸਜ਼ਾ ਦੇ ਅਧਿਕਾਰੀ ਹੀ ਹਨ। ਲਿਹਾਜ਼ਾ ਇਸ ਗਲਤ ਰੁਝਾਨ ਨੂੰ ਖਤਮ ਕਰਨ ਲਈ ਸਾਡੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੇਤਾਵਾਂ ਨੂੰ ਅਜਿਹੀਆਂ ਘਟਨਾਵਾਂ ਦੀ ਡੂੰਘਾਈ ’ਚ ਜਾ ਕੇ ਇਨ੍ਹਾਂ ਦੇ ਵਿਰੁੱਧ ਸਮਾਜ ’ਚ ਪ੍ਰਚਾਰ ਕਰਨ ਅਤੇ ਇਸ ਮਾਮਲੇ ’ਚ ਲੋਕਾਂ ਨੂੰ ਸਿੱਖਿਅਤ ਕਰਨ ਦੀ ਲੋੜ ਹੈ।
-ਵਿਜੇ ਕੁਮਾਰ


Mukesh

Content Editor

Related News