ਬਾਬਾ ਰਾਮਦੇਵ ਨੇ ਕਿਹਾ ਸਿਆਸਤ ''ਚ 99 ਫੀਸਦੀ ਲੋਕ ਬੇਈਮਾਨ

11/16/2017 7:31:43 AM

ਯੋਗਾ ਗੁਰੂ ਬਾਬਾ ਰਾਮਦੇਵ ਦੇ ਬਚਪਨ ਨੇ ਉਨ੍ਹਾਂ ਦੇ ਭਵਿੱਖ ਦੇ ਜੀਵਨ 'ਤੇ ਚਿਰਸਥਾਈ ਪ੍ਰਭਾਵ ਪਾਇਆ। ਉਨ੍ਹਾਂ ਮੁਤਾਬਕ ਯੋਗਾ ਦੇ ਜ਼ਰੀਏ ਹੀ ਉਨ੍ਹਾਂ ਨੇ ਆਪਣੇ ਸਰੀਰ ਦੀ ਪੂਰੀ ਤਰ੍ਹਾਂ ਸਰਗਰਮੀ ਹਾਸਿਲ ਕੀਤੀ।ਬਚਪਨ 'ਚ ਸਿੱਖਿਆ ਦੌਰਾਨ ਉਨ੍ਹਾਂ ਨੇ ਇਕ ਹੁਸ਼ਿਆਰ ਵਿਦਿਆਰਥੀ ਵਜੋਂ ਆਪਣਾ ਸਥਾਨ ਬਣਾਇਆ। ਉਨ੍ਹਾਂ ਨੇ ਮਿੱਟੀ ਦੇ ਤੇਲ ਨਾਲ ਜਗਣ ਵਾਲੇ ਲੈਂਪ ਦੀ ਰੌਸ਼ਨੀ 'ਚ ਪੜ੍ਹਾਈ ਕੀਤੀ। ਉਨ੍ਹਾਂ ਦੇ ਪਿਤਾ ਵਲੋਂ ਖਰੀਦੀਆਂ ਗਈਆਂ ਪੁਰਾਣੀਆਂ ਪਾਠ-ਪੁਸਤਕਾਂ ਹੀ ਉਨ੍ਹਾਂ ਦੀ ਪੜ੍ਹਨ ਸਮੱਗਰੀ ਹੁੰਦੀ ਸੀ। ਗੰਗੋਤਰੀ ਗਲੇਸ਼ੀਅਰ ਨੇੜੇ ਗੁਫਾ 'ਚ ਤਪੱਸਿਆ ਦੌਰਾਨ ਉਨ੍ਹਾਂ ਦੀ ਮੁਲਾਕਾਤ ਆਪਣੇ ਭਵਿੱਖ ਦੇ ਸਹਿਯੋਗੀਆਂ ਆਚਾਰੀਆ ਬਾਲਕ੍ਰਿਸ਼ਨ ਅਤੇ ਆਚਾਰੀਆ ਕਰਮਵੀਰ ਨਾਲ ਹੋਈ। ਸੰਨ 1993 'ਚ ਬਾਬਾ ਰਾਮਦੇਵ ਨੇ ਹਿਮਾਲਿਆ ਛੱਡਿਆ ਤੇ ਹਰਿਦੁਆਰ ਆ ਗਏ।
ਉਹ ਸੰਨ 1995 'ਚ ਕਿਰਪਾਲੂ ਬਾਗ ਆਸ਼ਰਮ ਦੇ ਮੁਖੀ ਸਵਾਮੀ ਸ਼ੰਕਰਦੇਵ ਦੇ ਚੇਲੇ ਬਣ ਗਏ ਤੇ ਦੀਕਸ਼ਾ ਪ੍ਰਾਪਤੀ ਤੋਂ ਬਾਅਦ ਲੋਕਾਂ ਦਰਮਿਆਨ ਯੋਗਾ ਅਤੇ ਇਸ ਦੇ ਸਿਹਤ ਲਈ ਲਾਭਾਂ ਦੇ ਪ੍ਰਚਾਰ-ਪ੍ਰਸਾਰ ਦਾ ਕੰਮ  ਛੋਟੇ ਪੱਧਰ 'ਤੇ ਸ਼ੁਰੂ ਕੀਤਾ, ਜੋ ਅੱਜ ਇਕ ਵਿਸ਼ਾਲ ਰੂਪ ਅਖਤਿਆਰ ਕਰ ਚੁੱਕਾ ਹੈ।
ਅੱਜ ਇਕ ਯੋਗਾ ਪ੍ਰਚਾਰਕ ਵਜੋਂ ਆਪਣੀ ਵਿਸ਼ੇਸ਼ ਪਛਾਣ ਬਣਾ ਚੁੱਕੇ ਯੋਗਾ ਗੁਰੂ ਬਾਬਾ ਰਾਮਦੇਵ ਆਪਣੀ ਸਾਫਗੋਈ ਲਈ ਪ੍ਰਸਿੱਧ ਹਨ ਅਤੇ ਕਿਸੇ ਦਾ ਵੀ ਲਿਹਾਜ਼ ਕੀਤੇ ਬਿਨਾਂ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਕਹਿ ਦਿੰਦੇ ਹਨ। ਇਸੇ ਸਾਫਗੋਈ ਦਾ ਸਬੂਤ ਦਿੰਦਿਆਂ ਬਾਬਾ ਰਾਮਦੇਵ ਨੇ 10 ਨਵੰਬਰ ਨੂੰ ਰੇਵਾੜੀ ਦੇ ਕਿਸ਼ਨਗ਼ੜ੍ਹ-ਘਾਸੇੜਾ ਗੁਰੂਕੁਲ, ਜਿਸ ਦੇ ਉਹ ਮੁਖੀ ਹਨ, ਵਿਚ ਗੁਰੂਕੁਲ ਮਹਾਉਤਸਵ ਮੌਕੇ ਭਾਸ਼ਣ ਦਿੰਦਿਆਂ ਭਵਿੱਖ ਜਾਣਨ ਦਾ ਦਾਅਵਾ ਕਰਨ ਵਾਲੇ ਬਾਬਿਆਂ ਤੇ ਸਿਆਸਤਦਾਨਾਂ ਬਾਰੇ ਖੁੱਲ੍ਹ ਕੇ ਵਿਚਾਰ ਪ੍ਰਗਟਾਏ। 
ਉਨ੍ਹਾਂ ਨੇ ਲੋਕਾਂ ਨੂੰ ਇਨ੍ਹਾਂ ਤੋਂ ਬਚਣ ਦੀ ਸਲਾਹ ਦਿੰਦਿਆਂ ਕਿਹਾ, ''ਜੇ ਕੋਈ ਬਾਬਾ ਤੁਹਾਡਾ ਭਵਿੱਖ ਜਾਣਨ ਦਾ ਦਾਅਵਾ ਕਰਦਾ ਹੈ ਤਾਂ ਉਸ ਦੀਆਂ ਜੁੱਤੀਆਂ ਲੁਕੋ ਦਿਓ ਅਤੇ ਉਸ ਨੂੰ ਕਹੋ ਕਿ ਕੀ ਉਹ ਦੱਸ ਸਕਦਾ ਹੈ ਕਿ ਜੁੱਤੀਆਂ ਕਿੱਥੇ ਲੁਕੋਈਆਂ ਗਈਆਂ ਹਨ। ਉਸ ਨੂੰ ਤਾਂ ਆਪਣਾ ਭਵਿੱਖ ਹੀ ਨਹੀਂ ਪਤਾ ਪਰ ਉਹ ਤੁਹਾਡਾ ਭਵਿੱਖ ਦੱਸ ਕੇ ਮੂਰਖ ਬਣਾਉਂਦਾ ਹੈ।''
ਉਨ੍ਹਾਂ ਇਹ ਵੀ ਕਿਹਾ, ''ਜੇ ਲੋਕਾਂ ਨੇ ਵਿਗਿਆਨਕ ਵਿਚਾਰਧਾਰਾ ਨਾ ਅਪਣਾਈ ਤਾਂ ਉਨ੍ਹਾਂ ਨੂੰ ਰਾਮ ਰਹੀਮ ਵਰਗੇ ਬਾਬਿਆਂ ਵਲੋਂ ਮੂਰਖ ਬਣਾਇਆ ਜਾਂਦਾ ਰਹੇਗਾ। ਚਾਹੇ ਰਾਮ ਰਹੀਮ ਹੋਵੇ ਜਾਂ ਆਸਾ ਰਾਮ, ਸਭ ਚਰਿੱਤਰ ਦੀ ਗੱਲ ਹੈ। ਜੇ ਕੋਈ ਸੰਤ ਸਨਮਾਨ ਹਾਸਿਲ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਇਕ ਸੰਤ ਵਾਂਗ ਹੀ ਆਚਰਣ ਕਰਨਾ ਚਾਹੀਦਾ ਹੈ।''
''ਧਰਮ ਅਤੇ ਆਸਥਾ ਦੇ ਨਾਂ 'ਤੇ ਪਾਖੰਡ ਕਰਨਾ ਠੀਕ ਨਹੀਂ। ਸਾਰੇ ਪਾਖੰਡੀ ਬਾਬਿਆਂ ਅਤੇ ਉਨ੍ਹਾਂ ਦੀਆਂ ਔਲਾਦਾਂ ਨੂੰ ਆਉਣ ਵਾਲੇ ਦਿਨਾਂ 'ਚ ਬੁਰੇ ਦਿਨ ਦੇਖਣੇ ਪੈਣਗੇ। ਸਰਕਾਰ ਢੋਂਗੀ ਬਾਬਿਆਂ 'ਤੇ ਬੈਨ ਲਾਵੇ।''
ਇਸ ਦੇ ਨਾਲ ਹੀ ਸਿਆਸਤ 'ਚ ਫੈਲੀ ਗੰਦਗੀ ਸਬੰਧੀ ਆਪਣੇ ਵਿਚਾਰ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ''ਮੈਂ ਨਾ ਸਿਆਸਤ 'ਚ ਹਾਂ, ਨਾ ਸਿਆਸਤ 'ਚ ਸੀ ਅਤੇ ਨਾ ਹੀ ਸਿਆਸਤ 'ਚ ਰਹਾਂਗਾ।''
''ਮੇਰਾ ਸਿਆਸਤ 'ਚ ਜਾਣ ਦਾ ਕੋਈ ਇਰਾਦਾ ਨਹੀਂ ਹੈ ਕਿਉਂਕਿ ਸਿਆਸਤ 'ਚ 99 ਫੀਸਦੀ ਲੋਕ ਬੇਈਮਾਨ ਹਨ ਪਰ ਜਿਥੇ ਕਿਤੇ ਵੀ ਮੈਨੂੰ ਮੌਕਾ ਮਿਲੇਗਾ, ਮੈਂ ਭ੍ਰਿਸ਼ਟ ਸਿਆਸਤਦਾਨਾਂ ਨੂੰ ਬੇਨਕਾਬ ਕਰਨ ਤੋਂ ਝਿਜਕਾਂਗਾ ਨਹੀਂ ਤੇ ਉਮਰ ਭਰ ਸਿਆਸਤ ਤੋਂ ਦੂਰ ਰਹਿ ਕੇ ਲੋਕਾਂ ਦੀ ਸੇਵਾ ਕਰਾਂਗਾ ਪਰ ਇਸ ਦੇ ਬਾਵਜੂਦ ਸਿਆਸਤ 'ਚ ਜਦੋਂ ਵੀ ਕੋਈ ਵੱਡੀ ਹਲਚਲ ਹੋਵੇਗੀ ਤਾਂ ਮੈਂ ਚੁੱਪ ਨਹੀਂ ਬੈਠਾਂਗਾ।''
ਯੋਗਾ ਗੁਰੂ ਬਾਬਾ ਰਾਮਦੇਵ ਦਾ ਉਕਤ ਬਿਆਨ ਕਿਸੇ ਟਿੱਪਣੀ ਦਾ ਮੁਥਾਜ ਨਹੀਂ ਹੈ। ਅਜਿਹੀਆਂ ਗੱਲਾਂ ਉਹੀ ਆਦਮੀ ਕਹਿ ਸਕਦਾ ਹੈ, ਜਿਹੜਾ ਸਿਆਸੀ ਪਾਰਟੀਆਂ ਅਤੇ ਨੇਤਾਵਾਂ ਦੇ ਬਹੁਤ ਨੇੜੇ ਰਿਹਾ ਹੋਵੇ। 
ਇਕ ਵਪਾਰੀ ਹੋਣ ਦੇ ਬਾਵਜੂਦ ਬਾਬਾ ਰਾਮਦੇਵ ਨੇ ਇਹ ਕੌੜੀਆਂ ਗੱਲਾਂ ਕਹਿਣ ਦੀ ਹਿੰਮਤ ਕੀਤੀ ਹੈ, ਜਿਨ੍ਹਾਂ ਬਾਰੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਇਹ ਸੱਚਾਈ ਦੇ ਕਾਫੀ ਨੇੜੇ ਹਨ। ਉਨ੍ਹਾਂ ਨੇ ਪੂਰੀ ਸਾਫਗੋਈ ਨਾਲ ਬਾਬਿਆਂ ਅਤੇ ਸਿਆਸਤਦਾਨਾਂ ਦੇ ਇਕ ਵਰਗ ਦੀਆਂ ਕਮਜ਼ੋਰੀਆਂ ਜ਼ਾਹਿਰ ਕਰ ਦਿੱਤੀਆਂ ਹਨ।
ਇਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਕਿਸੇ ਵੀ ਪਾਰਟੀ ਦੀ ਟਿੱਪਣੀ ਬਾਬਾ ਰਾਮਦੇਵ ਦੇ ਉਕਤ ਬਿਆਨਾਂ ਦੇ ਸਬੰਧ 'ਚ ਅਜੇ ਤਕ ਨਹੀਂ ਆਈ, ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਜੋ ਕੁਝ ਉਨ੍ਹਾਂ ਨੇ ਕਿਹਾ ਹੈ, ਉਹ ਸੱਚ ਹੀ ਹੈ।                    
—ਵਿਜੇ ਕੁਮਾਰ


Related News