ਦੇਸ਼ ''ਚ ਇਲਾਜ ਦੀ ਤਰਸਯੋਗ ਹਾਲਤ 11,000 ਰੋਗੀਆਂ ''ਤੇ 1 ਐਲੋਪੈਥਿਕ ਡਾਕਟਰ

10/06/2015 8:10:38 AM

ਕੇਂਦਰੀ ਸਿਹਤ ਮੰਤਰੀ ਜੇ. ਪੀ. ਨੱਡਾ ਨੇ 24 ਫਰਵਰੀ 2015 ਨੂੰ ਰਾਜ ਸਭਾ ''ਚ ਇਕ ਸਵਾਲ ਦੇ ਜਵਾਬ ''ਚ ਮੰਨਿਆ ਕਿ ''''ਵਿਸ਼ਵ ਸਿਹਤ ਸੰਗਠਨ ਨੇ ਡਾਕਟਰ-ਰੋਗੀ ਦਾ ਅਨੁਪਾਤ ਇਕ ਹਜ਼ਾਰ ਤੈਅ ਕੀਤਾ ਹੈ ਪਰ ਭਾਰਤ ''ਚ ਇਹ ਅਨੁਪਾਤ ਬਹੁਤ ਘੱਟ ਹੈ। ਦੇਸ਼ ਭਰ ''ਚ 14 ਲੱਖ ਡਾਕਟਰਾਂ ਦੀ ਘਾਟ ਹੈ ਅਤੇ ਹਰ ਸਾਲ ਲੱਗਭਗ 5500 ਡਾਕਟਰ ਹੀ ਤਿਆਰ ਹੁੰਦੇ ਹਨ।''''
ਇਕ ਪਾਸੇ ਜਿਥੇ ਦੇਸ਼ ਦੇ ਕਈ ਸਰਕਾਰੀ ਹਸਪਤਾਲ ਸਟਾਫ ਦੀ ਘਾਟ ਕਾਰਨ ਦਮ ਤੋੜ ਰਹੇ ਹਨ, ਉਥੇ ਹੀ ਸਟਾਫ ਨਾ ਹੋਣ ਕਰਕੇ ਕਈ ਰੋਗੀਆਂ ਨੂੰ ਵੀ ਆਪਣੀ ਜਾਨ ਤੋਂ ਹੱਥ ਧੋਣੇ ਪੈ ਰਹੇ ਹਨ। ਇਥੋਂ ਤਕ ਕਿ ਏਮਜ਼ ਵਰਗੇ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ''ਚ ਡਾਕਟਰਾਂ ਦੀ ਘਾਟ ਕਾਰਨ ਗੰਭੀਰ ਰੋਗਾਂ ਤੋਂ ਪੀੜਤ ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਲੰਬੀ ਉਡੀਕ ਕਰਨ ਲਈ ਕਿਹਾ ਜਾ ਰਿਹਾ ਹੈ। ਕੁਝ ਮਰੀਜ਼ਾਂ ਨੂੰ ਤਾਂ 6 ਤੋਂ 10 ਸਾਲਾਂ ਬਾਅਦ ਤਕ ਦੀਆਂ ਤਰੀਕਾਂ ਦਿੱਤੀਆਂ ਜਾ ਰਹੀਆਂ ਹਨ।
ਦੇਸ਼ ''ਚ ਇਸ ਸਮੇਂ 412 ਮੈਡੀਕਲ ਕਾਲਜ ਹਨ, ਜਿਨ੍ਹਾਂ ''ਚੋਂ 45 ਫੀਸਦੀ ਸਰਕਾਰੀ ਖੇਤਰ ''ਚ ਅਤੇ 55 ਫੀਸਦੀ ਨਿੱਜੀ ਖੇਤਰ ''ਚ ਹਨ। ਐੱਮ. ਬੀ. ਬੀ. ਐੱਸ. ਦੀਆਂ ਸਿਰਫ 53 ਹਜ਼ਾਰ ਸੀਟਾਂ ਹੀ ਹਨ। ਦੇਸ਼ ਭਰ ਦੇ ਸਰਕਾਰੀ ਹਸਪਤਾਲਾਂ ''ਚ ਇਸ ਸਮੇਂ ਮਾਹਿਰ ਡਾਕਟਰਾਂ ਦੇ 80 ਫੀਸਦੀ, ਡਾਕਟਰਾਂ ਦੇ 70 ਫੀਸਦੀ, ਟੈਕਨੀਸ਼ੀਅਨਾਂ ਦੇ 60 ਫੀਸਦੀ ਤੋਂ ਜ਼ਿਆਦਾ ਅਤੇ ਨਰਸਾਂ, ਏ. ਐੱਨ. ਐੱਮ. ਦੇ 50 ਫੀਸਦੀ ਤੋਂ ਜ਼ਿਆਦਾ ਅਹੁਦੇ ਖਾਲੀ ਹਨ।
ਕੇਂਦਰ ਸਰਕਾਰ ਦੇ ਅੰਕੜਿਆਂ ਮੁਤਾਬਕ 2014 ''ਚ ਭਾਰਤ ਵਿਚ ਕੁਲ ਐਲੋਪੈਥਿਕ ਡਾਕਟਰਾਂ ਦੀ ਗਿਣਤੀ 9,38,861, ਆਯੁਸ਼ ਡਾਕਟਰਾਂ ਦੀ 7,36,538, ਦੰਦਾਂ ਦੇ ਡਾਕਟਰਾਂ ਦੀ 1,54,436, ਨਰਸਾਂ ਦੀ 25,66,067 ਅਤੇ ਫਾਰਮਾਸਿਸਟਾਂ ਦੀ ਗਿਣਤੀ 6,64,176 ਸੀ।
ਉਕਤ ਰਿਪੋਰਟ ਅਨੁਸਾਰ ਦੇਸ਼ ''ਚ 61,011 ਰੋਗੀਆਂ ''ਤੇ ਇਕ ਸਰਕਾਰੀ ਹਸਪਤਾਲ, 1833 ਰੋਗੀਆਂ ''ਤੇ ਇਕ ਬੈੱਡ, ਔਸਤਨ 11528 ਰੋਗੀਆਂ ''ਤੇ ਇਕ ਐਲੋਪੈਥਿਕ ਡਾਕਟਰ ਹੈ। ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬੇ ਬਿਹਾਰ, ਛੱਤੀਸਗੜ੍ਹ ਅਤੇ ਮਹਾਰਾਸ਼ਟਰ ਹਨ।
ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ''ਚ ਤਾਂ ਡਾਕਟਰੀ ਸੇਵਾਵਾਂ ਦਾ ਹੋਰ ਵੀ ਬੁਰਾ ਹਾਲ ਹੈ। ਇਕ ਪਾਸੇ ਵੱਡੀ ਗਿਣਤੀ ''ਚ ਪਿੰਡ ਡਾਕਟਰਾਂ ਦੀ ਘਾਟ ਨਾਲ ਜੂਝ ਰਹੇ ਹਨ ਤੇ ਦੂਜੇ ਪਾਸੇ ਡਾਕਟਰ ਸ਼ਹਿਰ ਛੱਡ ਕੇ ਪਿੰਡਾਂ ''ਚ ਜਾਣਾ ਹੀ ਨਹੀਂ ਚਾਹੁੰਦੇ।
ਕਹਿਣ ਨੂੰ ਤਾਂ ਦੇਸ਼ ''ਚ ਇਸ ਸਮੇਂ 9.4 ਲੱਖ ਤੋਂ ਜ਼ਿਆਦਾ ਐੱਮ. ਬੀ. ਬੀ. ਐੱਸ. ਡਾਕਟਰ ਰਜਿਸਟਰਡ ਹਨ ਪਰ ਅਸਲ ''ਚ ਦੇਸ਼ ਵਿਚ ਪ੍ਰੈਕਟਿਸ ਕਰਨ ਵਾਲੇ ਡਾਕਟਰਾਂ ਦੀ ਗਿਣਤੀ 6 ਤੋਂ ਸਾਢੇ 6 ਲੱਖ ਦੇ ਦਰਮਿਆਨ ਹੀ ਹੈ।
ਜਿਥੋਂ ਤਕ ਦੇਸ਼ ''ਚ ਡਾਕਟਰਾਂ ਦੀ ਘਾਟ ਪੂਰੀ ਕਰਨ ਲਈ ਜ਼ਿਲਾ ਹਸਪਤਾਲਾਂ ਨੂੰ ਮੈਡੀਕਲ ਕਾਲਜਾਂ ਦੇ ਰੂਪ ''ਚ ਵਿਕਸਿਤ ਕਰਨ ਅਤੇ ਨਵੇਂ ਮੈਡੀਕਲ ਕਾਲਜ ਖੋਲ੍ਹਣ ਦਾ ਸੰਬੰਧ ਹੈ, ਇਹ ਪ੍ਰਕਿਰਿਆ ਬਹੁਤ ਮੁਸ਼ਕਿਲ ਤੇ ਖਰਚੀਲੀ ਹੈ।
ਇਕ ਮੈਡੀਕਲ ਕਾਲਜ ਖੋਲ੍ਹਣ ''ਤੇ 200 ਕਰੋੜ ਰੁਪਏ ਤੋਂ ਜ਼ਿਆਦਾ ਖਰਚਾ ਆਉਂਦਾ ਹੈ। ਇਸ ਦੇ ਲਈ 20 ਏਕੜ ਜ਼ਮੀਨ ਤੇ 300 ਬਿਸਤਰਿਆਂ ਦਾ ਚਾਲੂ ਹਸਪਤਾਲ ਵੀ ਚਾਹੀਦਾ ਹੈ। ਜ਼ਮੀਨ ਮਹਿੰਗੀ ਹੋਣ ਕਰਕੇ ਸ਼ਹਿਰਾਂ ''ਚ ਮੈਡੀਕਲ ਕਾਲਜ ਖੋਲ੍ਹਣਾ ਹੋਰ ਵੀ ਮੁਸ਼ਕਿਲ ਹੈ।
ਇਸ ਲਈ ਡਾਕਟਰਾਂ ਦੀ ਘਾਟ ਪੂਰੀ ਕਰਨ ਦਾ ਇਕ ਉਪਾਅ ਭਾਰਤੀ ਡਾਕਟਰਾਂ ਦਾ ਵਿਦੇਸ਼ਾਂ ਨੂੰ ਪਲਾਇਨ ਰੋਕਣਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ 34 ਪੱਛਮੀ ਦੇਸ਼ਾਂ, ਜਿਨ੍ਹਾਂ ''ਚ ਅਮਰੀਕਾ, ਯੂਰਪੀ ਸੰਘ ਦੇ ਦੇਸ਼, ਸਵਿਟਜ਼ਰਲੈਂਡ ਅਤੇ ਆਸਟ੍ਰੇਲੀਆ ਸ਼ਾਮਿਲ ਹਨ, ਨੂੰ ਭਾਰਤ ਸਭ ਤੋਂ ਜ਼ਿਆਦਾ ਡਾਕਟਰਾਂ ਦੀ ਸਪਲਾਈ ਕਰਦਾ ਹੈ।
''ਇੰਟਰਨੈਸ਼ਨਲ ਮਾਈਗ੍ਰੇਸ਼ਨ ਆਊਟਲੁਕ (2015)'' ਅਨੁਸਾਰ  ਉਕਤ ਦੇਸ਼ਾਂ ''ਚ ਕੰਮ ਕਰਦੇ ਭਾਰਤੀ ਡਾਕਟਰਾਂ ਦੀ ਗਿਣਤੀ ਸੰਨ 2000-01 ''ਚ 56 ਹਜ਼ਾਰ ਸੀ, ਜੋ 2010-11 ''ਚ 55 ਫੀਸਦੀ ਵਧ ਕੇ 86680 ਹੋ ਗਈ। ਇਨ੍ਹਾਂ ''ਚੋਂ 60 ਫੀਸਦੀ ਭਾਰਤੀ ਡਾਕਟਰ ਸਿਰਫ ਅਮਰੀਕਾ ''ਚ ਹੀ ਕੰਮ ਕਰਦੇ ਹਨ।
ਵਿਦੇਸ਼ਾਂ ''ਚ ਕੰਮ ਕਰਦੇ ਭਾਰਤੀ ਮੂਲ ਦੇ ਡਾਕਟਰਾਂ ਨੂੰ ਵਾਪਸ ਲਿਆਉਣਾ ਤਾਂ ਕਿਸੇ ਵੀ ਨਜ਼ਰੀਏ ਤੋਂ ਸੰਭਵ ਨਹੀਂ ਲੱਗਦਾ, ਇਸ ਲਈ ਭਾਰਤ ਸਰਕਾਰ ਇਸ ਸਮੇਂ ਤਿਆਰ ਹੋ ਰਹੇ ਡਾਕਟਰਾਂ ਨੂੰ ਵਿਦੇਸ਼ਾਂ ''ਚ ਪਲਾਇਨ ਕਰਨ ਤੋਂ ਰੋਕ ਕੇ ਇਸ ਘਾਟ ਨੂੰ ਕੁਝ ਹੱਦ ਤਕ ਪੂਰਾ ਜ਼ਰੂਰ ਕਰ ਸਕਦੀ ਹੈ ਪਰ ਇਸ ਦੇ ਲਈ ਸਰਕਾਰੀ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਅਤੇ ਉਥੋਂ ਦੀਆਂ ਕੰਮ ਵਾਲੀਆਂ ਸਥਿਤੀਆਂ ''ਚ ਸੁਧਾਰ ਕਰਨਾ ਪਵੇਗਾ।
ਫੌਰੀ ਤੌਰ ''ਤੇ ਤਾਂ ਡਾਕਟਰਾਂ ਦੀ ਘਾਟ ਪੂਰੀ ਹੋਣ ਦੀ ਕੋਈ ਸੰਭਾਵਨਾ ਨਜ਼ਰ ਹੀ ਨਹੀਂ ਆਉਂਦੀ, ਇਸ ਲਈ ਸਪੱਸ਼ਟ ਹੈ ਕਿ ਰੋਗੀ ਵੀ ਇਸੇ ਤਰ੍ਹਾਂ ਇਲਾਜ ਲਈ ਤਰਸਦੇ ਰਹਿਣਗੇ ਤੇ ਬੇਵਕਤੀ ਮੌਤ ਦੇ ਮੂੰਹ ''ਚ ਜਾਂਦੇ ੇਰਹਿਣਗੇ।  
- ਵਿਜੇ ਕੁਮਾਰ


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Vijay Kumar Chopra

Chief Editor

Related News