ਰੋਸ ਪ੍ਰਦਰਸ਼ਨ ਦਾ ਅਨੋਖਾ ਤਰੀਕਾ, ਚਰਖੀ ਦਾਦਰੀ ਦੇ ਨਾਰਾਜ਼ ਕੌਂਸਲਰਾਂ ਨੇ ਮੁੰਡਨ ਕਰਵਾਏ

Wednesday, Jun 28, 2023 - 04:15 AM (IST)

ਰੋਸ ਪ੍ਰਦਰਸ਼ਨ ਦਾ ਅਨੋਖਾ ਤਰੀਕਾ, ਚਰਖੀ ਦਾਦਰੀ ਦੇ ਨਾਰਾਜ਼ ਕੌਂਸਲਰਾਂ ਨੇ ਮੁੰਡਨ ਕਰਵਾਏ

ਅੱਜ ਦੇਸ਼ ’ਚ ਥਾਂ-ਥਾਂ ’ਤੇ ਰੋਸ ਵਿਖਾਵਿਆਂ ਲਈ ਲੋਕ ਪੋਸਟਰ ਲਾਉਣ, ਪੁਤਲੇ ਫੂਕਣ ਜਾਂ ਭੰਨ-ਤੋੜ ਕਰਨ ਵਰਗੇ ‘ਹਿੰਸਕ’ ਢੰਗ ਅਪਣਾ ਰਹੇ ਹਨ, ਜਿਸ ਕਾਰਨ ਸਮਾਜ ’ਚ ਕੁੜੱਤਣ ਪੈਦਾ ਹੋ ਰਹੀ ਹੈ।

ਇਸ ਦੇ ਉਲਟ ਹਰਿਆਣਾ ’ਚ ਚਰਖੀ ਦਾਦਰੀ ਨਗਰ ਪ੍ਰੀਸ਼ਦ ਦਫਤਰ ’ਚ ਭ੍ਰਿਸ਼ਟਾਚਾਰ ਅਤੇ ਵਾਰਡਾਂ ਦੇ ਵਿਕਾਸ ’ਚ ਵਿਤਕਰੇ ਦੇ ਦੋਸ਼ ਲਾਉਂਦੇ ਹੋਏ ਰੋਸ ਪ੍ਰਗਟ ਕਰਨ ਲਈ 21 ’ਚੋਂ 3 ਭਾਜਪਾ ਕੌਂਸਲਰਾਂ ਸਮੇਤ 12 ਕੌਂਸਲਰਾਂ ਨੇ ਆਪਣੇ ਸਿਰ ਮੁੰਡਵਾ ਲਏ।

ਕੁਝ ਕੌਂਸਲਰਾਂ ਨੇ ਪਰਿਵਾਰਕ ਕਾਰਨਾਂ ਕਾਰਨ ਮੁੰਡਨ ਤਾਂ ਨਹੀਂ ਕਰਵਾਇਆ ਪਰ ਅਸੰਤੁਸ਼ਟ ਕੌਂਸਲਰਾਂ ਨੇ ਦੋਸ਼ਾਂ ਦੀ ਖੁੱਲ੍ਹ ਕੇ ਹਮਾਇਤ ਕੀਤੀ ਹੈ।

ਕੌਂਸਲਰਾਂ ਦਾ ਦੋਸ਼ ਹੈ ਕਿ ਵਧੇਰੇ ਵਾਰਡਾਂ ’ਚ ਵਿਕਾਸ ਦੇ ਨਾਂ ’ਤੇ ਇਕ ਇੱਟ ਤੱਕ ਨਹੀਂ ਲਾਈ ਗਈ। ਹਾਲ ਹੀ ’ਚ ਨਗਰ ਪ੍ਰੀਸ਼ਦ ਨੇ 25 ਲੱਖ ਰੁਪਏ ਦੀ ਲਾਗਤ ਨਾਲ ਕੁਝ ਕੰਮ ਕਰਵਾਏ ਤਾਂ ਹਨ ਪਰ ਉਹ ਜ਼ਿਆਦਾਤਰ ਨਗਰ ਪ੍ਰੀਸ਼ਦ ਦੇ ਪ੍ਰਧਾਨ ਦੇ ਹਮਾਇਤੀ ਕੌਂਸਲਰਾਂ ਦੇ ਵਾਰਡ ’ਚ ਹੀ ਹੋਏ ਹਨ।

ਅਸੰਤੁਸ਼ਟ ਕੌਂਸਲਰਾਂ ਦੇ ਦੋਸ਼ਾਂ ਦੀ ਸੱਚਾਈ ਦਾ ਪਤਾ ਤਾਂ ਜਾਂਚ ਤੋਂ ਬਾਅਦ ਹੀ ਲੱਗ ਸਕਦਾ ਹੈ ਪਰ ਆਪਸ ’ਚ ਲੜਨ-ਝਗੜਣ ਅਤੇ ਇਕ-ਦੂਜੇ ਨੂੰ ਅਪਸ਼ਬਦ ਬੋਲਣ ਅਤੇ ਲਿਖਣ ਦੀ ਬਜਾਏ ਰੋਸ ਪ੍ਰਗਟ ਕਰਨ ਲਈ ਆਪਣੇ ਵਾਲ ਮੁੰਡਵਾ ਕੇ ਇਨ੍ਹਾਂ ਨੇ ਇਕ ਅਨੋਖਾ ਤਰੀਕਾ ਅਪਣਾਇਆ ਹੈ, ਜੋ ਆਮ ਤੌਰ ’ਤੇ ਸੋਗ ਪ੍ਰਗਟ ਕਰਨ ਦਾ ਸੰਕੇਤ ਮੰਨਿਆ ਜਾਂਦਾ ਹੈ।

ਗੰਜੇ ਸਿਰ ਨਾਲ ਇਹ ਲੋਕ ਜਿੱਥੇ ਵੀ ਜਾਣਗੇ, ਆਪਣੇ ਆਪ ਦੇਖਣ ਵਾਲਿਆਂ ਦਾ ਧਿਆਨ ਇਨ੍ਹਾਂ ਵੱਲ ਜਾਵੇਗਾ ਅਤੇ ਉਹ ਸਮਝ ਜਾਣਗੇ ਕਿ ਇਸ ਦਾ ਕਾਰਨ ਪ੍ਰਸ਼ਾਸਨ ਦਾ ਇਨ੍ਹਾਂ ਦੀਆਂ ਮੰਗਾਂ ਪ੍ਰਤੀ ਅਣਡਿੱਠਤਾ ਵਾਲਾ ਵਤੀਰਾ ਹੈ ਅਤੇ ਉਨ੍ਹਾਂ ਨੇ ਲੋਕਾਂ ਲਈ ਆਪਣੇ ਵਾਲਾਂ ਦੀ ਕੁਰਬਾਨੀ ਦਿੱਤੀ ਹੈ।

-ਵਿਜੇ ਕੁਮਾਰ


author

Mukesh

Content Editor

Related News