ਅੰਮ੍ਰਿਤਸਰ ਦੇ ਹਾਦਸੇ ਲਈ ਪ੍ਰਸ਼ਾਸਨ, ਰੇਲਵੇ, ਆਯੋਜਕ ਅਤੇ ਲੋਕ ਵੀ ਕੁਝ ਜ਼ਿੰਮੇਵਾਰ

Sunday, Oct 21, 2018 - 06:15 AM (IST)

ਅੰਮ੍ਰਿਤਸਰ ਦੇ ਹਾਦਸੇ ਲਈ ਪ੍ਰਸ਼ਾਸਨ, ਰੇਲਵੇ, ਆਯੋਜਕ ਅਤੇ ਲੋਕ ਵੀ ਕੁਝ ਜ਼ਿੰਮੇਵਾਰ

19 ਅਕਤੂਬਰ ਨੂੰ ਦੁਸਹਿਰੇ ਮੌਕੇ ਜਦੋਂ ਅੰਮ੍ਰਿਤਸਰ ’ਚ ਜੌੜਾ ਫਾਟਕ ਤੋਂ 60 ਫੁੱਟ ਦੂਰ ਧੋਬੀਘਾਟ ’ਚ ਰੇਲ ਦੀ ਪਟੜੀ ’ਤੇ ਖੜ੍ਹੇ ਹੋ ਕੇ ਲੋਕ ‘ਰਾਵਣ ਦਹਿਨ’ ਦਾ ਪ੍ਰੋਗਰਾਮ ਦੇਖ ਰਹੇ ਸਨ, ਉਦੋਂ ਹੀ ਇਹ ਦਿਲ-ਕੰਬਾਊ ਅਣਹੋਣੀ ਵਾਪਰ ਗਈ।
ਰੇਲ ਦੀ ਪਟੜੀ ’ਤੇ ਆ ਗਈ ਹਾਵੜਾ ਮੇਲ ਤੋਂ ਬਚਣ ਲਈ ਲੋਕ ਦੂਜੇ ਟਰੈਕ ’ਤੇ ਭੱਜੇ ਪਰ ਉਸ ’ਤੇ ਵੀ ਤੇਜ਼ ਰਫਤਾਰ ਨਾਲ ਡੀ. ਐੱਮ. ਯੂ. ਆ ਰਹੀ ਸੀ, ਜੋ ਰੇਲ ਦੀ ਪਟੜੀ ’ਤੇ ਖੜ੍ਹੇ ਹੋ ਕੇ ਐੱਲ. ਈ. ਡੀ. ’ਤੇ ‘ਰਾਵਣ ਦਹਿਨ’ ਦੇਖ ਰਹੇ ਲੋਕਾਂ ਦੇ ਉੱਪਰੋਂ ਲੰਘ ਗਈ। ਸਰਕਾਰੀ ਸੂਤਰਾਂ ਮੁਤਾਬਕ ਇਸ ਨਾਲ ਘੱਟੋ-ਘੱਟ 61 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਸੈਂਕੜੇ ਲੋਕ ਜ਼ਖਮੀ ਹੋ ਗਏ ਅਤੇ 100 ਮੀਟਰ ਤੋਂ 150 ਮੀਟਰ ਦੇ ਦਾਇਰੇ ’ਚ ਥਾਂ-ਥਾਂ ਲਾਸ਼ਾਂ ਹੀ ਲਾਸ਼ਾਂ ਖਿੱਲਰ ਗਈਆਂ। 
ਇਸ ਘਟਨਾ ਦੇ ਸਬੰਧ ’ਚ ਕਈ ਸਵਾਲ ਉਠਾਏ ਜਾ ਰਹੇ ਹਨ :
* ਲੋਕਾਂ Ûਦਾ ਕਹਿਣਾ ਹੈ ਕਿ ਭੀੜ-ਭੜੱਕੇ ਵਾਲਾ ਇਲਾਕਾ ਹੋਣ ਕਾਰਨ ਇਥੋਂ ਲੰਘਣ ਵਾਲੀਆਂ ਰੇਲ ਗੱਡੀਆਂ ਦੀ ਰਫਤਾਰ ਘੱਟ ਹੋਣੀ ਚਾਹੀਦੀ ਸੀ।
* ਜੇਕਰ ਰਾਵਣ ਸਾੜਨ ਦਾ ਪ੍ਰੋਗਰਾਮ ਸਮੇਂ ਸਿਰ ਹੁੰਦਾ ਤਾਂ ਸਾਰਿਆਂ ਦੀ ਜਾਨ ਬਚ ਸਕਦੀ ਸੀ। ‘ਕਾਤਿਲ ਗੱਡੀ’ ਦਾ ਸਮਾਂ 6.50 ਵਜੇ ਸੀ ਪਰ ਉਹ ਵੀ ਪੰਜ ਮਿੰਟ ਲੇਟ ਆਈ।
* ਰੇਲਵੇ ਅਤੇ ਪ੍ਰਸ਼ਾਸਨ ਨੂੰ ਪਤਾ ਸੀ ਕਿ ਹਰ ਸਾਲ ਰੇਲ ਪਟੜੀ ਦੇ ਕੰਢੇ ‘ਰਾਵਣ ਦਹਿਨ’ ਹੁੰਦਾ ਹੈ ਪਰ ਇਸ ਦੇ ਬਾਵਜੂਦ ਕੋਈ ਚਿਤਾਵਨੀ ਜਾਰੀ ਨਾ ਕਰਨ ਕਰਕੇ ਗੱਡੀ ਤੇਜ਼ ਰਫਤਾਰ ਨਾਲ ਆਈ ਅਤੇ ਇੰਜਣ ਦਾ ਡਰਾਈਵਰ ਵੀ ਚੌਕਸ ਨਹੀਂ ਸੀ।
* ਰੇਲ ਟਰੈਕ ਦੇ ਇੰਨਾ ਨੇੜੇ ਰਾਵਣ ਸਾੜਨ ਦੀ ਇਜਾਜ਼ਤ ਪ੍ਰਸ਼ਾਸਨ ਨੇ ਕਿਵੇਂ ਦਿੱਤੀ ਅਤੇ ਉਥੇ ਤਸੱਲੀਬਖਸ਼ ਸੁਰੱਖਿਆ ਪ੍ਰਬੰਧ ਕਿਉਂ ਨਹੀਂ ਕੀਤੇ ਗਏ? ਨਗਰ ਨਿਗਮ ਦੇ ਨਾਲ-ਨਾਲ ਪੁਲਸ ਪ੍ਰਸ਼ਾਸਨ ਦੀ ਭੂਮਿਕਾ ਵੀ ਕਟਹਿਰੇ ’ਚ ਹੈ।
* ਦੁਸਹਿਰੇ ਨੂੰ ਲੈ ਕੇ ਹਾਈ ਅਲਰਟ ਹੋਣ ਦੇ ਬਾਵਜੂਦ ਪੁਲਸ ਨੇ ਕੋਈ ਸੁਰੱਖਿਆ ਪ੍ਰਬੰਧ ਨਹੀਂ ਕੀਤਾ। ਹਾਲਾਂਕਿ 4000 ਤੋਂ ਜ਼ਿਆਦਾ ਭੀੜ ਪਹੁੰਚਣ ਵਾਲੀ ਸੀ ਪਰ ਪੁਲਸ ਮਹਿਕਮੇ ਨੇ ਕੁਝ ਪੁਲਸ ਮੁਲਾਜ਼ਮਾਂ ਦੇ ਸਹਾਰੇ ਹੀ ਪੂਰਾ ਆਯੋਜਨ ਛੱਡ ਦਿੱਤਾ।
* ਨਿਗਮ ਕਮਿਸ਼ਨਰ ਸੋਨਾਲੀ ਗਿਰੀ ਅਨੁਸਾਰ ਆਯੋਜਕਾਂ ਨੇ ‘ਰਾਵਣ ਦਹਿਨ’ ਵਾਸਤੇ ਇਜਾਜ਼ਤ ਨਹੀਂ ਲਈ ਸੀ, ਜਦਕਿ ਆਯੋਜਕ ਕੌਂਸਲਰ ਵਿਜੇ ਮਦਾਨ ਅਨੁਸਾਰ ਉਨ੍ਹਾਂ ਨੇ ਇਸ ਦੀ ਜਾਣਕਾਰੀ ਡੀ. ਸੀ. ਪੀ. ਨੂੰ ਦਿੱਤੀ ਸੀ।
* ਹਰੀ ਬੱਤੀ ਹੋਣ ’ਤੇ ਵੀ ਲੋਕ ਪਟੜੀ ’ਤੇ ਹੀ ਰਹੇ ਅਤੇ ਸਥਾਨਕ ਪ੍ਰਸ਼ਾਸਨ ਤੇ ਪੁਲਸ ਵਾਲੇ ਘਟਨਾ ਵਾਲੀ ਥਾਂ ’ਤੇ ਦੇਰ ਨਾਲ ਪਹੁੰਚੇ।
* ਹਮੇਸ਼ਾ ਵਾਂਗ ਇਸ ਵਾਰ ਵੀ ਕਿਸੇ ਅਚਨਚੇਤੀ ਆਫਤ ਨਾਲ ਨਜਿੱਠਣ ਦੇ ਮਾਮਲੇ ’ਚ ਮੈਡੀਕਲ ਪ੍ਰਬੰਧ ਨਾਕਾਫੀ ਸਿੱਧ ਹੋਏ।
* ਹਸਪਤਾਲਾਂ ’ਚ ਖੂਨ ਤੇ ਜੀਵਨ ਰੱਖਿਅਕ ਦਵਾਈਆਂ ਦੀ ਘਾਟ ਸੀ। ਗੁਰੂ ਨਾਨਕ ਦੇਵ ਹਸਪਤਾਲ ਅਤੇ ਸਿਵਲ ਹਸਪਤਾਲ ਰੋਗੀਆਂ ਦੀ ਮੱਲ੍ਹਮ ਪੱਟੀ ਤਕ ਹੀ ਸੀਮਤ ਰਹੇ।
ਹਾਲਾਂਕਿ ਰੇਲਵੇ ਨੇ ਘਟਨਾ ਦੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਲਿਆ ਹੈ ਪਰ ਦੇਖਿਆ ਜਾਵੇ ਤਾਂ ਇਸ ਦੇ ਲਈ ਰੇਲਵੇ ਦੇ ਨਾਲ-ਨਾਲ ਬਾਕੀ ਸਾਰੇ ਲੋਕ ਵੀ ਜ਼ਿੰਮੇਵਾਰ ਹਨ। ਰੇਲਵੇ ਪ੍ਰਸ਼ਾਸਨ ਵਲੋਂ ਵੀ ਇਥੋਂ ਲੰਘਣ ਵਾਲੀਆਂ ਗੱਡੀਆਂ ਦੇ ਡਰਾਈਵਰਾਂ ਨੂੰ ਰਫਤਾਰ ਹੌਲੀ ਰੱਖਣ ਸਬੰਧੀ ਚਿਤਾਵਨੀ ਦਿੱਤੀ ਜਾਣੀ ਚਾਹੀਦੀ ਸੀ।
ਆਯੋਜਕ ਰੇਲ ਲਾਈਨਾਂ ਨੇੜੇ ‘ਰਾਵਣ ਦਹਿਨ’ ਆਯੋਜਿਤ ਕਰਨ ਲਈ ਅਤੇ ਆਮ ਲੋਕ ਰੇਲ ਲਾਈਨਾਂ ’ਤੇ ਖੜ੍ਹੇ ਹੋ ਕੇ ‘ਰਾਵਣ ਦਹਿਨ’ ਦੇਖਣ ਦੀ ਆਪਣੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ।
ਬੇਸ਼ੱਕ ਹੀ ਇਹ ਹਾਦਸਾ ਅੰਮ੍ਰਿਤਸਰ ’ਚ ਹੋਇਆ ਹੈ ਪਰ ਦੇਸ਼ ’ਚ ਕਈ ਥਾਵਾਂ ਹੋਣਗੀਆਂ ਜਿਥੇ ਰੇਲ ਲਾਈਨਾਂ ਨੇੜੇ ਅਜਿਹੇ ਆਯੋਜਨ ਹੁੰਦੇ ਹੋਣਗੇ। ਲੁਧਿਆਣਾ ’ਚ ਵੀ ਕਈ ਜਗ੍ਹਾ  ਬਿਨਾਂ ਇਜਾਜ਼ਤ ਦੇ ਰੇਲ ਲਾਈਨਾਂ ਨੇੜੇ ਦੁਸਹਿਰਾ ਮਨਾਇਆ ਜਾਂਦਾ ਹੈ।
ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਜਿਹੇ ਆਯੋਜਨਾਂ ਲਈ ਅਗਾਊਂ ਇਜਾਜ਼ਤ ਲੈਣੀ ਲਾਜ਼ਮੀ ਕੀਤੀ ਜਾਵੇ ਤੇ ਜਿਥੇ ਰੇਲ ਲਾਈਨਾਂ ਆਦਿ ਨੇੜੇ ਹੋਣ ਕਾਰਨ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵਾਪਰਨ ਦਾ ਖਤਰਾ ਹੋਵੇ, ਉਥੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।
ਆਮ ਤੌਰ ’ਤੇ ਸਟੇਸ਼ਨ ਤੋਂ ਰਵਾਨਾ ਹੁੰਦੇ ਸਮੇਂ ਗੱਡੀ ਦੀ ਰਫਤਾਰ ਘੱਟ ਰੱਖੀ ਜਾਂਦੀ ਹੈ। ਖਾਸ ਤੌਰ ’ਤੇ ਤਿਉਹਾਰਾਂ ਦੇ ਦਿਨਾਂ ’ਚ ਤਾਂ ਇਸ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤੇ ਸ਼ਹਿਰ ਦੀ ਹੱਦ ’ਚ ਗੱਡੀ ਦੀ ਰਫਤਾਰ ਘੱਟ ਰੱਖੀ ਜਾਵੇ।
ਆਮ ਲੋਕਾਂ ਨੂੰ ਵੀ ਰੇਲ ਲਾਈਨਾਂ ’ਤੇ  ਖੜ੍ਹੇ ਹੋਣ ਅਤੇ ਲਾਪਰਵਾਹੀ ਵਰਤਣ ਤੋਂ ਸੰਕੋਚ ਕਰਨਾ ਚਾਹੀਦਾ ਹੈ। ਰੇਲਵੇ ਪਟੜੀਆਂ ’ਤੇ ਖੜ੍ਹੇ ਹੋ ਕੇ ਵੀਡੀਓ ਬਣਾਉਣਾ ਅਤੇ ਸੈਲਫੀ ਲੈਣਾ ਵੀ ਠੀਕ ਨਹੀਂ ਹੈ, ਜਿਵੇਂ ਕਿ ਇਥੇ ਦੇਖਿਆ ਗਿਆ।
ਫਿਲਹਾਲ ਅੰਮ੍ਰਿਤਸਰ ‘ਰਾਵਣ ਦਹਿਨ ਕਾਂਡ’ ਦੇ ਪੀੜਤਾਂ ਦੇ ਜ਼ਖਮਾਂ ’ਤੇ ‘ਮੱਲ੍ਹਮ’ ਲਾਉਂਦਿਆਂ ਪੰਜਾਬ ਸਰਕਾਰ ਨੇ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਅਤੇ ਕੇਂਦਰ ਸਰਕਾਰ ਨੇ 2-2 ਲੱਖ ਰੁਪਏ ਮੁਆਵਜ਼ਾ ਦੇਣ ਤੋਂ ਇਲਾਵਾ ਜ਼ਖਮੀਆਂ ਦੇ ਮੁਫਤ ਇਲਾਜ ਦਾ ਐਲਾਨ ਕੀਤਾ ਹੈ ਪਰ ਇੰਨਾ ਹੀ ਕਾਫੀ ਨਹੀਂ ਹੈ।
ਨਾ ਸਿਰਫ ਅਜਿਹੀਆਂ ਘਟਨਾਵਾਂ ਨੂੰ ਮੁੜ ਹੋਣ ਤੋਂ ਰੋਕਣ ਲਈ ਪੁਖਤਾ ਪ੍ਰਬੰਧ ਕਰਨ ਦੀ ਲੋੜ ਹੈ ਸਗੋਂ ਮਰਨ ਵਾਲਿਆਂ ਤੇ ਜ਼ਖਮੀਆਂ ਦੇ ਪਰਿਵਾਰਾਂ ਨੂੰ ਕੇਂਦਰ ਤੇ ਪੰਜਾਬ ਸਰਕਾਰ ਅਤੇ ਰੇਲ ਮੰਤਰਾਲੇ ਵਲੋਂ ਨੌਕਰੀ ਦੇਣ ਦੀ ਵੀ ਲੋੜ ਹੈ ਤਾਂ ਕਿ ਉਹ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰ ਸਕਣ।                            

–ਵਿਜੇ ਕੁਮਾਰ


Related News