ਰਾਜਸਥਾਨ ’ਚ ਬਸਪਾ ਦੇ ਸਾਰੇ 6 ਵਿਧਾਇਕ ਕਾਂਗਰਸ ’ਚ ਸ਼ਾਮਲ

Thursday, Sep 19, 2019 - 02:04 AM (IST)

ਰਾਜਸਥਾਨ ’ਚ ਬਸਪਾ ਦੇ ਸਾਰੇ 6 ਵਿਧਾਇਕ ਕਾਂਗਰਸ ’ਚ ਸ਼ਾਮਲ

ਇਨ੍ਹੀਂ ਦਿਨੀਂ ਦੇਸ਼ ’ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾਵਾਂ ’ਚ ਦਲ-ਬਦਲੀ ਦਾ ਰੁਝਾਨ ਜ਼ੋਰਾਂ ’ਤੇ ਹੈ। ਇਸ ਦੀ ਤਾਜ਼ਾ ਉਦਾਹਰਣ ਪਿਛਲੀ 16 ਸਤੰਬਰ ਨੂੰ ਮਿਲੀ, ਜਦੋਂ ਰਾਜਸਥਾਨ ’ਚ ਬਸਪਾ ਦੇ ਸਾਰੇ 6 ਵਿਧਾਇਕਾਂ ਨੇ ਬਸਪਾ ਨੂੰ ਅਲਵਿਦਾ ਕਹਿ ਕੇ ਕਾਂਗਰਸ ਦਾ ਹੱਥ ਫੜ ਲਿਆ।

ਜਿਥੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਬਸਪਾ ਵਿਧਾਇਕਾਂ ਨੂੰ ਪਾਰਟੀ ’ਚ ਸ਼ਾਮਲ ਕਰਨ ਲਈ ਕਾਂਗਰਸ ਵਲੋਂ ਕੋਈ ਦਬਾਅ ਨਹੀਂ ਪਾਇਆ ਗਿਆ, ਉਥੇ ਹੀ ਬਸਪਾ ਸੁਪਰੀਮੋ ਮਾਇਆਵਤੀ ਨੇ ਇਸ ਨੂੰ ਕਾਂਗਰਸ ਦਾ ਵਿਸ਼ਵਾਸਘਾਤ ਦੱਸਦੇ ਹੋਏ ਕਿਹਾ ਹੈ ਕਿ ‘‘ਕਾਂਗਰਸ ਵਿਸ਼ਵਾਸ ਦੇ ਕਾਬਿਲ ਪਾਰਟੀ ਨਹੀਂ ਹੈ ਅਤੇ ਇਸ ਦੇ ਨੇਤਾ ‘ਮੁੱਖ ਵਿਰੋਧੀ’ ਦਾ ਮੁਕਾਬਲਾ ਕਰਨ ਦੀ ਬਜਾਏ ਹਮੇਸ਼ਾ ਉਨ੍ਹਾਂ ਲੋਕਾਂ ਨੂੰ ਠੇਸ ਪਹੁੰਚਾਉਂਦੇ ਹਨ, ਜੋ ਇਸ ਦਾ ਸਮਰਥਨ ਕਰਦੇ ਹਨ।’’ ਮਾਇਆਵਤੀ ਨੇ ਇਹ ਵੀ ਕਿਹਾ ਕਿ ਲੋਕ ਸਭਾ ਚੋਣਾਂ ’ਚ ਬਸਪਾ ਵਲੋਂ ਕਾਂਗਰਸ ਨੂੰ ਬਿਨਾਂ ਸ਼ਰਤ ਹਮਾਇਤ ਦੇਣ ਦੇ ਬਾਵਜੂਦ ਕਾਂਗਰਸ ਨੇ ਇਸ ਦੇ ਨਾਲ ਵਿਸ਼ਵਾਸਘਾਤ ਕੀਤਾ ਹੈ।

ਅਸਲ ’ਚ ਨੇਤਾ ਸੱਤਾ ਦੇ ਮੋਹ ’ਚ ਹੀ ਆਪਣੀ ਮੂਲ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ ’ਚ ਸ਼ਾਮਲ ਹੁੰਦੇ ਹਨ ਅਤੇ ਇਨ੍ਹਾਂ ਬਸਪਾ ਵਿਧਾਇਕਾਂ ਦੇ ਮਾਮਲੇ ’ਚ ਵੀ ਅਜਿਹਾ ਹੀ ਹੋਇਆ ਹੈ, ਜਿਨ੍ਹਾਂ ’ਚੋਂ ਦੋ ਵਿਧਾਇਕਾਂ ਨੂੰ ਮੰਤਰੀ ਅਤੇ ਚਾਰ ਵਿਧਾਇਕਾਂ ਨੂੰ ਸੰਸਦੀ ਸਕੱਤਰ ਬਣਾਉਣ ਦਾ ਪ੍ਰਦੇਸ਼ ਕਾਂਗਰਸ ਲੀਡਰਸ਼ਿਪ ਨੇ ਵਾਅਦਾ ਕੀਤਾ ਹੈ।

ਇਸ ਸੰਦਰਭ ’ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ 1 ਸਤੰਬਰ ਨੂੰ ਕਿਹਾ ਸੀ ਕਿ ‘‘ਨੇਤਾਵਾਂ ਨੂੰ ਆਪਣੀ ਵਿਚਾਰਧਾਰਾ ’ਤੇ ਟਿਕੇ ਰਹਿਣਾ ਚਾਹੀਦਾ ਹੈ ਅਤੇ ਪਾਰਟੀ ਬਦਲਣ ਤੋਂ ਬਚਣਾ ਚਾਹੀਦਾ ਹੈ।’’

ਅਸੀਂ ਵੀ ਅਕਸਰ ਲਿਖਦੇ ਰਹਿੰਦੇ ਹਾਂ ਕਿ ਆਪਣੇ ਸਿਧਾਂਤਾਂ ਅਤੇ ਆਦਰਸ਼ਾਂ ਨੂੰ ਛੱਡ ਕੇ ਸਿਰਫ ਸੱਤਾ ਲਈ ਕਿਸੇ ਦੂਸਰੀ ਪਾਰਟੀ ਦਾ ਪੱਲਾ ਫੜਨਾ ਬਿਲਕੁਲ ਉਚਿਤ ਨਹੀਂ ਹੈ ਅਤੇ ਦਲ-ਬਦਲੂ ਨੇਤਾਵਾਂ ਨੂੰ ਦੂਸਰੇ ਦਲਾਂ ’ਚ ਸਵੀਕਾਰ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਅਜਿਹਾ ਕਰਨ ਨਾਲ ਉਨ੍ਹਾਂ ਦੀ ਭਰੋਸੇਯੋਗਤਾ ਖਤਮ ਹੋ ਜਾਂਦੀ ਹੈ।

–ਵਿਜੇ ਕੁਮਾਰ


author

Bharat Thapa

Content Editor

Related News