ਸਬਰੀਮਾਲਾ ’ਤੇ ਸਿਆਸੀ ਰੋਟੀਅਾਂ ਸੇਕ ਰਹੀਅਾਂ ਸਾਰੀਅਾਂ ਪਾਰਟੀਅਾਂ

Monday, Nov 19, 2018 - 06:49 AM (IST)

ਲਗਭਗ ਇਕ ਮਹੀਨਾ ਪਹਿਲਾਂ ਚੀਫ ਜਸਟਿਸ ਦੀਪਕ ਮਿਸ਼ਰਾ ਨੇ ਸਬਰੀਮਾਲਾ ਮੰਦਰ ’ਚ ਔਰਤਾਂ ਦੇ ਦਾਖਲੇ ਦੀ ਇਜਾਜ਼ਤ ਦਿੰਦਿਅਾਂ ਆਪਣੇ ਹੁਕਮ ’ਚ ਕਿਹਾ ਸੀ,‘‘ਧਰਮ ਵਿਅਕਤੀ ਦੇ ਸਨਮਾਨ ਤੇ ਪਛਾਣ ਲਈ ਹੈ’’ ਅਤੇ ‘‘ਧਰਮ ਦੀ ਪਾਲਣਾ ਕਰਨ ਦਾ ਅਧਿਕਾਰ ਮਰਦ ਤੇ ਔਰਤ ਦੋਵਾਂ ਨੂੰ ਹੈ।’’ ਪਰ ਉਨ੍ਹਾਂ ਦੇ ਹੁਕਮ ਦਾ ਸਭ ਤੋਂ ਅਹਿਮ ਹਿੱਸਾ ਸੀ ਕਿ ‘‘ਜਦ ਭਗਵਾਨ  ਹੀ ਲਿੰਗ-ਭੇਦ ਨਹੀਂ ਕਰਦੇ ਤਾਂ ਅਜਿਹਾ ਕਰਨ ਵਾਲੇ ਅਸੀਂ ਕੌਣ ਹੁੰਦੇ ਹਾਂ?’’
ਜਿਸ ਮੰਦਰ ਨੂੰ ਉਨ੍ਹਾਂ ਔਰਤਾਂ ਲਈ, ਜਿਨ੍ਹਾਂ ਨੂੰ ਮਾਹਵਾਰੀ ਆਉਂਦੀ ਹੋਵੇ, ਆਪਣੇ ਦਰਵਾਜ਼ੇ ਖੋਲ੍ਹਣ ਦਾ ਇਹ ਹੁਕਮ ਦਿੱਤਾ ਗਿਆ, ਉਹ ਇਕ ਅਜਿਹੇ ਸੂਬੇ ’ਚ ਹੈ, ਜਿੱਥੇ ਸਾਖਰਤਾ ਦੀ ਦਰ 100 ਫੀਸਦੀ ਹੈ, ਔਰਤਾਂ ਨੂੰ ਮਰਦਾਂ ਵਾਂਗ ਉੱਤਰਾਧਿਕਾਰ ਦਾ ਹੱਕ ਬਹੁਤ ਸਮੇਂ ਤੋਂ ਮਿਲਿਆ ਹੋਇਆ ਹੈ ਤੇ ਕੁਝ ਹੱਦ ਤਕ ਇਸ ਨੂੰ ਮਾਤ੍ਰ-ਸੱਤਾਤਮਕ ਸਮਾਜ ਮੰਨਿਆ ਜਾਂਦਾ ਰਿਹਾ ਹੈ। 
ਔਰਤਾਂ ਦੇ ਮੰਦਰ ’ਚ ਦਾਖਲੇ ਦੀ ਪਾਬੰਦੀ ਹਟਾਇਅਾਂ ਲਗਭਗ ਇਕ ਮਹੀਨਾ ਹੋਣ ਵਾਲਾ ਹੈ ਤੇ ਭਾਰਤ ’ਚ ਧਰਮ ਅਤੇ ਸੂਬੇ ਦਰਮਿਆਨ ਸਬੰਧਾਂ ਨੂੰ ਲੈ ਕੇ ਕੁਝ ਪ੍ਰੇਸ਼ਾਨ ਕਰਨ ਵਾਲੇ ਸਵਾਲ ਖੜ੍ਹੇ ਹੋ ਚੁੱਕੇ ਹਨ। 
ਔਰਤਾਂ ਤੋਂ ਆਪਣੇ ਭਗਵਾਨ ਦੀ ਰੱਖਿਆ ਦੇ ਨਾਂ ’ਤੇ, ਜੋ ਉਹ ਮੰਨਦੇ ਹਨ ਕਿ ਉਨ੍ਹਾਂ ਦੇ ਬ੍ਰਹਮਚਾਰਿਆ ਲਈ ਖਤਰਾ ਹਨ, ਵਿਖਾਵਾਕਾਰੀਅਾਂ ਨੇ ਔਰਤਾਂ ਨੂੰ ਮੰਦਰ ’ਚ ਦਾਖਲ ਹੋਣ ਤੋਂ ਰੋਕਣ ਲਈ ਸੜਕਾਂ ਬੰਦ ਕਰ ਦਿੱਤੀਅਾਂ, ਮਹਿਲਾ ਸ਼ਰਧਾਲੂਅਾਂ ’ਤੇ ਹਮਲੇ ਕੀਤੇ, ਬੱਸਾਂ ਸਮੇਤ ਹੋਰ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ।
ਇਹ ਮੰਦਰ ਕੇਰਲ ਦੇ ਪੇਰਿਆਰ ਟਾਈਗਰ ਰਿਜ਼ਰਵ ’ਚ 18 ਪਹਾੜੀਅਾਂ ਦਰਮਿਆਨ ਇਕ ਪਹਾੜੀ ਦੀ ਚੋਟੀ ’ਤੇ ਸਥਿਤ ਹੈ। ਸਬਰੀਮਾਲਾ ਨੂੰ ਘੇਰਨ ਵਾਲੀ ਹਰ ਪਹਾੜੀ ’ਤੇ ਮੰਦਰ ਹਨ। ਸਭ ਤੋਂ ਪਵਿੱਤਰ ਅਸਥਾਨਾਂ ’ਚੋਂ ਇਕ ਮੰਨੇ ਜਾਣ ਵਾਲੇ ਸਬਰੀਮਾਲਾ ’ਚ ਹਰ ਸਾਲ 1 ਕਰੋੜ 70 ਲੱਖ ਤੋਂ ਲੈ ਕੇ 3 ਕਰੋੜ ਤਕ ਸ਼ਰਧਾਲੂ ਪਹੁੰਚਦੇ ਹਨ। 
10ਵੀਂ ਸਦੀ ’ਚ ਬਣੇ ਸਬਰੀਮਾਲਾ ਮੰਦਰ ਤਕ ਸਿਰਫ 12ਵੀਂ ਸਦੀ ’ਚ ਪਹੁੰਚਣਾ ਸੰਭਵ ਹੋਇਆ। ਇਹ ਮੰਦਰ ਖੁਸ਼ਹਾਲੀ ਦੇ ਦੇਵਤਾ ਭਗਵਾਨ ਅਯੱਪਨ ਨੂੰ ਸਮਰਪਿਤ ਹੈ, ਜਿਨ੍ਹਾਂ ਨੂੰ ਕੇਰਲ ’ਚ ਵਿਸ਼ੇਸ਼ ਤੌਰ ’ਤੇ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਭਗਵਾਨ ਸ਼ਿਵ ਅਤੇ ਮੋਹਿਨੀ (ਵਿਸ਼ਨੂੰ ਜੀ ਦੇ ਮਹਿਲਾ ਅਵਤਾਰ) ਦੀ ਔਲਾਦ ਅਯੱਪਨ ’ਚ  ਦੋਵਾਂ ਦੇਵਤਿਅਾਂ ਦੀਅਾਂ ਸ਼ਕਤੀਅਾਂ ਹਨ ਤਾਂ ਹੀ ਉਹ ਰਾਖਸ਼ਸੀ ਤਾਕਤਾਂ ਨੂੰ ਹਰਾ ਸਕੇ ਸਨ। 
ਹਾਲਾਂਕਿ 28 ਸਤੰਬਰ ਨੂੰ ਸੁਪਰੀਮ ਕੋਰਟ ’ਚ ਇਕ ਸਮੀਖਿਆ ਪਟੀਸ਼ਨ ਦਾਇਰ ਹੋਈ ਸੀ ਪਰ ਕੋਰਟ ਨੇ ਮੰਦਰ ’ਚ ਔਰਤਾਂ ਦੇ ਦਾਖਲੇ ’ਤੇ ਰੋਕ ਨਹੀਂ ਲਾਈ ਸੀ। ਅਜਿਹੀ ਸਥਿਤੀ ’ਚ ਕੀ ਸੁਪਰੀਮ ਕੋਰਟ ਦੇ ਹੁਕਮ, ਜੋ ਸੰਵਿਧਾਨ ’ਤੇ ਆਧਾਰਿਤ ਹਨ, ਨੂੰ ਮੰਨਣਾ ਨਾਗਰਿਕਾਂ ਤੇ ਸਿਆਸੀ ਪਾਰਟੀਅਾਂ ਦਾ ਸਭ ਤੋਂ ਪਹਿਲਾ ਫਰਜ਼ ਨਹੀਂ ਹੋਣਾ ਚਾਹੀਦਾ? ਅਜਿਹਾ ਪ੍ਰਤੀਤ ਤਾਂ ਨਹੀਂ ਹੋਇਆ, ਜਦੋਂ ਬੀਤੇ ਸ਼ੁੱਕਰਵਾਰ ਮੰਦਰ ’ਚ ਦਾਖਲ ਹੋਣ ਲਈ ਪਹੁੰਚੀ ਪੁਣੇ ਦੀ ਭੂਮਾਤਾ ਬ੍ਰਿਗੇਡ ਦੀ ਲੀਡਰ ਤ੍ਰਿਪਤੀ ਦੇਸਾਈ ਅਤੇ ਹੋਰ 6 ਔਰਤਾਂ ਦਾ ਹਵਾਈ ਅੱਡੇ ’ਤੇ ਹੀ ਭਾਰੀ ਵਿਰੋਧ ਸ਼ੁਰੂ ਹੋ ਗਿਆ। ਉਨ੍ਹਾਂ ਨੂੰ ਸਬਰੀਮਾਲਾ ਤਕ ਲਿਜਾਣ ਤੋਂ ਟੈਕਸੀ ਡਰਾਈਵਰਾਂ ਨੇ ਇਨਕਾਰ ਕੀਤਾ ਅਤੇ ਪੁਲਸ ਤੇ ਪ੍ਰਸ਼ਾਸਨ ਵਲੋਂ ਇਸ ’ਚ ਉਨ੍ਹਾਂ ਦੀ ਮਦਦ ਕਰਨ ’ਚ ਕੋਈ ਦਿਲਚਸਪੀ ਨਹੀਂ ਦਿਖਾਈ ਗਈ।
ਇਥੇ ਮੰਦਰ ਦੇ ਨਿਰਦੇਸ਼ਕਾਂ ਤੇ ਸੰਚਾਲਕਾਂ ਨੂੰ ਮੰਦਰ ਦੀ ਆਮਦਨ (ਮਾਲੀਆ) ਘਟਣ ਦੀ ਚਿੰਤਾ ਜ਼ਿਆਦਾ ਸੀ, ਨਾ ਕਿ ਸ਼ਰਧਾਲੂਅਾਂ ਦੀ ਸੁਰੱਖਿਆ ਦੀ। ਇਹੋ ਵਜ੍ਹਾ ਸੀ ਕਿ ਉਨ੍ਹਾਂ ਨੇ ਰਾਤ ਨੂੰ ਵੀ ਦੁਕਾਨਾਂ ਖੁੱਲ੍ਹੀਅਾਂ ਰੱਖੀਅਾਂ, ਜਦਕਿ ਸੁਰੱਖਿਆ ਬਲ ਰਾਤ 11 ਵਜੇ ਤੋਂ ਬਾਅਦ ਦੁਕਾਨਾਂ ਖੁੱਲ੍ਹਣ ਅਤੇ ਸ਼ਰਧਾਲੂਅਾਂ ਦੇ ਉਥੇ ਰੁਕਣ ਦੇ ਹੱਕ ’ਚ ਨਹੀਂ ਸਨ। 
ਸਿਆਸੀ ਪਾਰਟੀਅਾਂ ਦੀ ਗੱਲ ਕਰੀਏ ਤਾਂ ਹਮੇਸ਼ਾ ਵਾਂਗ ਇਸ ਮੁੱਦੇ ’ਤੇ ਵੀ ਵੱਖ-ਵੱਖ ਪਾਰਟੀਅਾਂ ਆਪੋ-ਆਪਣੀਅਾਂ ਸਿਆਸੀ ਰੋਟੀਅਾਂ ਸੇਕ ਰਹੀਅਾਂ ਹਨ। ਭਾਜਪਾ ਨੇ ਪਹਿਲਾਂ ਤਾਂ ਇਸ ਹੁਕਮ ਦਾ ਸਵਾਗਤ ਕੀਤਾ ਪਰ ਸੂਬੇ ’ਚ ਵਿਰੋਧ ਸ਼ੁਰੂ ਹੁੰਦਿਅਾਂ ਹੀ ਕੇਰਲ ’ਚ ਆਪਣੀ ਸਿਆਸੀ ਪੈਠ ਬਣਾਉਣ ਲਈ ਇਸ ਮਸਲੇ ਨੂੰ ਹਵਾ ਦੇ ਰਹੀ ਹੈ। 
ਦੂਜੇ ਪਾਸੇ ਕੇਰਲ ’ਚ ਕਾਂਗਰਸ ਦਾ ਜ਼ਿਆਦਾਤਰ ਮੁਸਲਿਮ ਵੋਟ ਬੈਂਕ ਹੈ। ਅਜਿਹੀ ਸਥਿਤੀ ’ਚ ਉਸ ਨੇ ਇਸ ਫੈਸਲੇ ਦਾ ਸਵਾਗਤ ਤਾਂ ਕੀਤਾ ਹੈ ਪਰ ਇਸ ’ਤੇ ਚੁੱਪ ਵੱਟੀ ਹੋਈ ਹੈ। 
ਸੀ. ਪੀ. ਆਈ. ਕਿਉਂਕਿ ਆਪਣੇ ਰਵਾਇਤੀ ਹਿੰਦੂ ਵੋਟਰਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ, ਇਸ ਲਈ ਬੇਸ਼ੱਕ ਉਹ ਸੁਪਰੀਮ ਕੋਰਟ ਦੇ ਹੁਕਮ ਨੂੰ ਲਾਗੂ ਕਰਨ ਅਤੇ ਔਰਤਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੀਅਾਂ ਗੱਲਾਂ ਜ਼ਰੂਰ ਕਰ ਰਹੀ ਹੈ ਪਰ ਅਸਲ ’ਚ ਕੋਈ ਪੁਖਤਾ ਕਦਮ ਚੁੱਕਣ ’ਚ ਉਸ ਦੀ ਦਿਲਚਸਪੀ ਨਜ਼ਰ ਨਹੀਂ ਆ ਰਹੀ। ਇਹੋ ਵਜ੍ਹਾ ਹੈ ਕਿ ਭਾਰੀ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਉਹ ਇਕ ਵੀ ਔਰਤ ਨੂੰ ਮੰਦਰ ’ਚ ਦਾਖਲ ਨਹੀਂ ਕਰਵਾ ਸਕੇ। 
ਅਜਿਹੀ ਸਥਿਤੀ ’ਚ ਹੈਰਾਨੀ ਹੁੰਦੀ ਹੈ ਕਿ ਕਈ ਸੌ ਸਾਲ ਪਹਿਲਾਂ ਦੇਸ਼ ’ਚ ਸਮਾਜਿਕ  ਰਵਾਇਤਾਂ ਤੇ ਧਾਰਮਿਕ ਪ੍ਰਥਾਵਾਂ ’ਚ ਸੁਧਾਰ ਕਿਵੇਂ ਹੋਏ ਹੋਣਗੇ? ਕਬੀਰ ਤੇ ਤੁਲਸੀ ਵਰਗੇ ਕਵੀ 15ਵੀਂ ਸਦੀ ਦੇ ਭਾਰਤ ’ਚ ਕਿਸ ਤਰ੍ਹਾਂ ਉਦਾਰ ਵਿਚਾਰਾਂ ਤੇ ਪ੍ਰਥਾਵਾਂ ਨੂੰ ਲਿਆਏ ਹੋਣਗੇ? ਇਹ ਵੀ ਅਧਿਐਨ ਕਰਨ ਦਾ ਵਿਸ਼ਾ ਹੈ ਕਿ 18ਵੀਂ ਅਤੇ 19ਵੀਂ ਸਦੀ ’ਚ ਸਵਾਮੀ ਦਇਆਨੰਦ ਸਰਸਵਤੀ, ਰਾਜਾ ਰਾਮਮੋਹਨ ਰਾਏ, ਸਵਾਮੀ ਵਿਵੇਕਾਨੰਦ ਦੇਸ਼ ਦੇ ਰੂੜੀਵਾਦੀ ਸਮਾਜਿਕ ਢਾਂਚੇ ’ਚ ਕਿਵੇਂ ਸੁਧਾਰ ਲਿਆ ਸਕੇ? ਉਨ੍ਹਾਂ ਨੇ ਔਰਤਾਂ ਨੂੰ ਮਜ਼ਬੂਤ ਬਣਾਉਣ ਲਈ ਨਾ ਸਿਰਫ ਨਵੇਂ ਕਾਨੂੰਨ ਬਣਵਾਏ, ਸਗੋਂ ਸਮਾਜ ’ਚ ਉਨ੍ਹਾਂ ਨੂੰ ਮਨਜ਼ੂਰੀ ਜਾਂ ਮਾਨਤਾ ਦਿਵਾਉਣ ’ਚ ਵੀ ਸਫਲ ਰਹੇ ਸਨ। ਸ਼ਾਇਦ ਉਨ੍ਹਾਂ ਨੂੰ ਵੋਟ ਬੈਂਕ ਦੀ ਪ੍ਰਵਾਹ ਨਹੀਂ ਸੀ ਅਤੇ ਉਹ ਮਜ਼ਬੂਤ ਇਰਾਦਿਅਾਂ ਤੇ ਉੱਚ ਨੈਤਿਕ ਕਦਰਾਂ-ਕੀਮਤਾਂ ਵਾਲੇ ਪੁਰਸ਼ ਸਨ।


Related News