ਵਿਦੇਸ਼ੀ ਔਰਤਾਂ ਨਾਲ ਵੀ ਹੋ ਰਹੇ ਹਨ ਘਿਨੌਣੇ ਬਲਾਤਕਾਰ

10/29/2018 6:17:54 AM

ਬੇਸ਼ੱਕ ਬਲਾਤਕਾਰ ਦੇ ਵਿਰੁੱਧ ਹਾਲੀਆ ਸਾਲਾਂ ’ਚ ਸਖਤ ਕਾਨੂੰਨ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹੋਣ ਪਰ ਅੰਕੜਿਅਾਂ ’ਤੇ ਨਜ਼ਰ ਮਾਰਦਿਅਾਂ ਹੀ ਪਤਾ ਲੱਗ ਜਾਂਦਾ ਹੈ ਕਿ ਸਖਤ ਕਾਨੂੰਨਾਂ ਦੇ ਬਾਵਜੂਦ ਬਲਾਤਕਾਰ ਦੀਅਾਂ ਵਾਰਦਾਤਾਂ ਜ਼ਰਾ ਵੀ ਘੱਟ ਨਹੀਂ ਹੋ ਰਹੀਅਾਂ ਹਨ। ਅਜਿਹੀ  ਹਾਲਤ  ’ਚ ਇਹ ਅੰਕੜੇ ਕਾਨੂੰਨ ਅਤੇ ਮਹਿਲਾ ਸੁਰੱਖਿਆ ਦੇ ਤਮਾਮ ਦਾਅਵਿਅਾਂ ਦਾ ਮਜ਼ਾਕ ਉਡਾਉਂਦੇ ਪ੍ਰਤੀਤ ਹੁੰਦੇ ਹਨ। ਇੰਨਾ ਹੀ ਨਹੀਂ, ਬਲਾਤਕਾਰ ਦੀਅਾਂ ਸ਼ਿਕਾਰ ਸਿਰਫ ਹਰ ਉਮਰ ਦੀਅਾਂ ਭਾਰਤੀ ਔਰਤਾਂ ਹੀ ਨਹੀਂ ਹੋ ਰਹੀਅਾਂ ਹਨ, ਸਗੋਂ ਭਾਰਤ ਆਈਅਾਂ ਵਿਦੇਸ਼ੀ ਔਰਤਾਂ ਦੇ ਨਾਲ ਵੀ ਬਲਾਤਕਾਰ ਦੀਅਾਂ ਘਟਨਾਵਾਂ ਲਗਾਤਾਰ ਵਧ ਰਹੀਅਾਂ ਹਨ। 
ਹਾਲ ਹੀ ’ਚ ਵਿਦੇਸ਼ੀ ਔਰਤਾਂ ਦੇ ਨਾਲ ਹੋਈਅਾਂ ਬਲਾਤਕਾਰ ਦੀਅਾਂ ਘਟਨਾਵਾਂ ਦਾ ਵਰਣਨ ਕੀਤਾ ਜਾਵੇ ਤਾਂ ਹਿਮਾਚਲ ਪ੍ਰਦੇਸ਼ ਦੇ ਲੋਕਪ੍ਰਿਯ ਹਿਲ ਸਟੇਸ਼ਨ ਮਨਾਲੀ ’ਚ ਕੁਝ ਹੀ ਮਹੀਨਿਅਾਂ ’ਚ ਦੂਜੀ ਵਿਦੇਸ਼ੀ ਔਰਤ ਨਾਲ ਬਲਾਤਕਾਰ ਹੋਇਆ ਹੈ। 
ਇਕ ਰਿਸਰਚ ਗਰੁੱਪ ਦੇ ਨਾਲ ਮਨਾਲੀ ਪਹੁੰਚੀ 33 ਸਾਲਾ ਰੂਸੀ ਔਰਤ ਨਾਲ 2 ਮਰਦਾਂ ਨੇ ਗੈਂਗਰੇਪ ਕੀਤਾ। ਆਪਣੀ ਸ਼ਿਕਾਇਤ ’ਚ ਉਸ ਨੇ ਦੱਸਿਆ ਕਿ ਬਲਾਤਕਾਰੀਅਾਂ ਨੇ ਉਸ ਨੂੰ ਗੈਸਟ ਹਾਊਸ ਤਕ ਛੱਡਣ ਆਏ ਇਕ ਸਥਾਨਕ ਨੌਜਵਾਨ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਖਿੱਚ ਕੇ ਆਪਣੀ ਕਾਰ ’ਚ ਬਿਠਾ ਕੇ ਇਕ ਅਣਜਾਣ ਜਗ੍ਹਾ ਲਿਜਾ ਕੇ ਉਸ ਨਾਲ ਵਾਰੀ-ਵਾਰੀ ਬਲਾਤਕਾਰ ਕੀਤਾ। ਇਸੇ ਸਾਲ ਮਈ ’ਚ ਇਕ ਜਾਪਾਨੀ ਔਰਤ ਦੇ ਨਾਲ ਮਨਾਲੀ ’ਚ ਹੀ ਇਕ ਸਥਾਨਕ ਟੈਕਸੀ ਡਰਾਈਵਰ ਨੇ ਬਲਾਤਕਾਰ ਕੀਤਾ ਸੀ। 
ਮਈ ’ਚ ਹੀ ਡਿਪ੍ਰੈਸ਼ਨ ਦਾ ਇਲਾਜ ਕਰਵਾਉਣ ਲਈ ਕੇਰਲ ਆਈ ਇਕ ਆਇਰਿਸ਼ ਔਰਤ ਦੀ ਬੇਹੱਦ ਜ਼ਾਲਿਮਾਨਾ ਅਤੇ ਅਣਮਨੁੱਖੀ ਢੰਗ ਨਾਲ ਬਲਾਤਕਾਰ ਤੋਂ ਬਾਅਦ ਹੱਤਿਆ ਕਰ ਦਿੱਤੀ ਸੀ। ਪੁਲਸ ਦਾ ਕਹਿਣਾ ਹੈ ਕਿ ਕੇਰਲ ਦੇ ਇਕ ਲੋਕਪ੍ਰਿਯ ਆਯੁਰਵੈਦਿਕ ਸੈਂਟਰ ’ਚ ਡਿਪ੍ਰੈਸ਼ਨ ਦੇ ਇਲਾਜ ਲਈ ਆਈ 33 ਸਾਲਾ ਲੀਗਾ ਨਾਂ ਦੀ ਇਸ ਔਰਤ ਨੂੰ 2 ਸਥਾਨਕ ਮਰਦਾਂ ਨੇ ਬਹਿਲਾ ਕੇ ਧੋਖੇ ਨਾਲ ਪਹਿਲਾਂ ਨਸ਼ਾ ਦੇ ਕੇ ਬਲਾਤਕਾਰ ਕੀਤਾ ਅਤੇ ਫਿਰ ਵਿਰੋਧ ਕਰਨ ’ਤੇ ਸਿਰ ਕੱਟਣ ਤੋਂ ਬਾਅਦ ਉਸ ਦੀ ਲਾਸ਼ ਨੂੰ ਜੰਗਲ ’ਚ ਉਲਟਾ ਲਟਕਾ ਦਿੱਤਾ ਸੀ। 
ਜੂਨ ’ਚ ਦਿੱਲੀ ਵਿਚ ਕੈਨੇਡਾ ਦੀ ਇਕ ਔਰਤ ਨੂੰ ਨਸ਼ੇ  ਵਾਲਾ  ਪਦਾਰਥ ਖੁਆ ਕੇ ਉਸ ਨਾਲ ਬਲਾਤਕਾਰ ਤੋਂ ਬਾਅਦ ਉਸ ਨੂੰ ਏਮਜ਼  ਦੇ ਬਾਹਰ ਸੁੱਟ ਕੇ ਅਪਰਾਧੀ ਫਰਾਰ ਹੋ ਗਿਆ ਸੀ। ਜੂਨ ’ਚ ਹੀ ਕੀਨੀਆ ਦੀ ਇਕ ਔਰਤ ਨੂੰ ਲਿਫਟ ਦੇਣ ਦੇ ਬਹਾਨੇ ਗੁੜਗਾਓਂ  ਦੇ 5 ਵਿਅਕਤੀਅਾਂ ਨੇ ਗੈਂਗਰੇਪ ਕੀਤਾ ਸੀ। 
ਜੁਲਾਈ ’ਚ ਮੁੰਬਈ ਦਰਸ਼ਨ ਦੌਰਾਨ 37 ਸਾਲਾ ਇਤਾਲਵੀ ਔਰਤ ਨਾਲ ਟੂਰਿਸਟ ਗਾਈਡ ਨੇ ਟੈਕਸੀ ’ਚ ਹੀ ਬਲਾਤਕਾਰ ਕੀਤਾ। ਜੁਲਾਈ ’ਚ ਤਾਮਿਲਨਾਡੂ ਦੇ ਧਾਰਮਿਕ ਨਗਰ ਤਿਰੂਵੰਨਾਮਲਈ ’ਚ ਘੁੰਮਣ ਲਈ ਆਈ ਇਕ ਅਮਰੀਕੀ ਔਰਤ ਨਾਲ ਕੁਝ ਲੋਕਾਂ ਨੇ ਗੈਂਗਰੇਪ ਕੀਤਾ ਤੇ ਉਸ ਨੂੰ ਤਸੀਹੇ ਵੀ ਦਿੱਤੇ ਗਏ ਸਨ। ਉਸ ਦੇ ਚਿਹਰੇ, ਹੱਥਾਂ ਤੇ ਸਰੀਰ ’ਤੇ ਕਈ ਜਗ੍ਹਾ ਕੱਟ ਦੇ  ਨਿਸ਼ਾਨ ਵੀ ਸਨ। 
ਇਹ ਵੀ ਇਕ ਤ੍ਰਾਸਦੀ ਹੀ ਹੈ ਕਿ ਇਕ ਪਾਸੇ ਵਿਦੇਸ਼ੀ ਔਰਤਾਂ ਨਾਲ ਬਲਾਤਕਾਰ ਦੀਅਾਂ ਘਟਨਾਵਾਂ ਲਗਾਤਾਰ ਵਧ ਰਹੀਅਾਂ ਹਨ, ਜਦਕਿ ਦੂਜੇ ਪਾਸੇ ਕੇਂਦਰੀ ਸੈਰ-ਸਪਾਟਾ ਮੰਤਰੀ ਕੇ. ਜੀ. ਐਲਫੋਂਸ ਦਾ ਕਹਿਣਾ ਹੈ ਕਿ ਭਾਰਤ ਨੂੰ 2020 ਤਕ 2 ਕਰੋੜ ਵਿਦੇਸ਼ੀ ਸੈਲਾਨੀਅਾਂ ਦਾ ਟੀਚਾ ਰੱਖਣਾ ਚਾਹੀਦਾ ਹੈ। ਉਨ੍ਹਾਂ ਅਨੁਸਾਰ ਸੈਰ-ਸਪਾਟਾ ਉਦਯੋਗ ਦੇਸ਼ ਦੇ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ’ਚ 6.8 ਫੀਸਦੀ ਦਾ ਯੋਗਦਾਨ ਦੇਣ ਦੇ ਨਾਲ 8 ਕਰੋੜ 40 ਲੱਖ ਲੋਕਾਂ ਨੂੰ ਰੋਜ਼ਗਾਰ ਵੀ ਦੇ ਰਿਹਾ ਹੈ। 
ਉਹ ਕਹਿੰਦੇ ਹਨ, ‘‘ਬੀਤੇ ਸਾਲ ਦੇਸ਼ ’ਚ 1 ਕਰੋੜ ਵਿਦੇਸ਼ੀ ਸੈਲਾਨੀ ਆਏ ਸਨ  ਪਰ ਇਹ ਕੁਝ ਵੀ ਨਹੀਂ ਹੈ। ਭਾਰਤ ਨੇ ਸੈਰ-ਸਪਾਟੇ ’ਚ ਬਹੁਤ ਕੁਝ ਕਰਦੇ ਹੋਏ 2020 ਤਕ 2 ਕਰੋੜ ਸੈਲਾਨੀਅਾਂ ਦੇ ਟੀਚੇ ਨੂੰ ਹਾਸਿਲ ਕਰਨਾ ਹੈ।’’
ਪਰ ਸਵਾਲ ਉੱਠਦਾ ਹੈ ਕਿ ਜਦੋਂ ਤਕ ਭਾਰਤ ’ਚ ਵਿਦੇਸ਼ੀ ਔਰਤਾਂ ਨਾਲ ਘਿਨੌਣੇ ਬਲਾਤਕਾਰ ਦੀਅਾਂ ਇਕ ਤੋਂ ਬਾਅਦ ਇਕ ਘਟਨਾਵਾਂ ਹੁੰਦੀਅਾਂ ਰਹਿਣਗੀਅਾਂ ਤਾਂ ਭਲਾ ਉਹ ਕਿਸ ਤਰ੍ਹਾਂ ਇਸ ਟੀਚੇ ਨੂੰ ਹਾਸਿਲ ਕਰਨ ਬਾਰੇ ਸੋਚ ਸਕਦੇ ਹਨ। 
ਅਜਿਹੀਅਾਂ ਘਟਨਾਵਾਂ ਕਾਰਨ ਹੀ ਵਿਦੇਸ਼ੀ ਦੂਤਘਰ ਆਪਣੇ ਨਾਗਰਿਕਾਂ ਨੂੰ ਭਾਰਤ ’ਚ ਪ੍ਰਵਾਸ ਦੌਰਾਨ ਬਹੁਤ ਜ਼ਿਆਦਾ ਚੌਕਸੀ ਵਰਤਣ ਦੀ ਹਦਾਇਤ ਦਿੰਦੇ ਰਹੇ ਹਨ। ਅਜਿਹੇ ਮਾਹੌਲ ’ਚ ਵਿਦੇਸ਼ੀ ਸੈਲਾਨੀਅਾਂ ’ਚ ਡਰ ਦਾ ਮਾਹੌਲ ਬਣਨਾ ਸੁਭਾਵਿਕ ਹੈ। 
ਵਿਦੇਸ਼ੀਅਾਂ ਨਾਲ ਬਲਾਤਕਾਰ ਦੇ ਜ਼ਿਆਦਾਤਰ ਮਾਮਲਿਅਾਂ ’ਚ ਇਹ ਗੱਲ ਵੀ ਨਜ਼ਰ ਆਉਂਦੀ ਹੈ ਕਿ ਉਨ੍ਹਾਂ ਨੂੰ ਵੀ ਬੇਹੱਦ ਘੱਟ ਮਾਮਲਿਅਾਂ ’ਚ ਹੀ ਨਿਅਾਂ ਮਿਲਦਾ ਹੈ। ਜ਼ਿਆਦਾਤਰ ਅਜਿਹੇ ਮਾਮਲਿਅਾਂ ’ਚ ਮੁਲਜ਼ਮ ਬਰੀ ਹੋ ਜਾਂਦੇ ਹਨ ਕਿਉਂਕਿ ਵਿਦੇਸ਼ੀ ਪੱਖ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ ਉਹ ਵਾਰ-ਵਾਰ ਕੋਰਟ ’ਚ ਸੁੁਣਵਾਈ ਲਈ ਮੌਜੂਦ ਰਹਿਣ। ਉਨ੍ਹਾਂ ਦਾ ਵੀਜ਼ਾ ਵੀ ਸੀਮਤ ਸਮੇਂ ਲਈ ਹੁੰਦਾ ਹੈ, ਜੋ ਅਕਸਰ ਅਦਾਲਤ ’ਚ ਕੁਝ  ਪੇਸ਼ੀਅਾਂ ਪੂਰੀਅਾਂ ਹੁੰਦੇ-ਹੁੰਦੇ ਹੀ ਖਤਮ ਹੋ ਜਾਂਦਾ ਹੈ। 


Related News