ਪੰਜਾਬ ਦਾ ਅੱਧਾ ਹਿੱਸਾ ਭੂਚਾਲ ਦੀ ਲਪੇਟ ’ਚ
Friday, Feb 10, 2023 - 01:22 AM (IST)
ਕੁਝ ਸਮੇਂ ਤੋਂ ਭਾਰਤ ਸਮੇਤ ਵਿਸ਼ਵ ਦੇ ਆਲੇ-ਦੁਆਲੇ ਲਗਾਤਾਰ ਭੂਚਾਲ ਆ ਰਹੇ ਹਨ, ਜੋ ਲੋਕਾਂ ਨੂੰ ਚਿਤਾਵਨੀ ਦੇ ਰਹੇ ਹਨ ਕਿ ਧਰਤੀ ਦੇ ਹੇਠਾਂ ਜਾਰੀ ਕੰਬਣੀ ਕਿਸੇ ਵੀ ਸਮੇਂ ਵੱਡੀ ਤਬਾਹੀ ਲਿਆ ਸਕਦੀ ਹੈ। ਜਿੱਥੋਂ ਤੱਕ ਭਾਰਤ ਦਾ ਸਬੰਧ ਹੈ, ਉਂਝ ਵੀ ਦੇਸ਼ ਦਾ ਲਗਭਗ 59 ਫੀਸਦੀ ਹਿੱਸਾ ਵੱਖ-ਵੱਖ ਤੀਬਰਤਾਵਾਂ ਵਾਲੇ ਭੂਚਾਲਾਂ ਦੇ ਜੋਖਮ ’ਤੇ ਹੈ।
ਇਸ ਦਰਮਿਆਨ 6 ਫਰਵਰੀ ਨੂੰ ਤੁਰਕੀ ਅਤੇ ਸੀਰੀਆ ’ਚ ਆਏ ਭੂਚਾਲ ਨੇ ਸਾਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਵਿਸ਼ਵ ਦੇ 24 ਦੇਸ਼ਾਂ ਦੀਆਂ ਟੀਮਾਂ ਉੱਥੇ ਮ੍ਰਿਤਕਾਂ ਦੀ ਭਾਲ ’ਚ ਲੱਗ ਗਈਆਂ ਹਨ।
ਇਸ ਤਬਾਹੀ ਨੇ ਜਿੱਥੇ ਵਿਸ਼ਵ ਭਾਈਚਾਰੇ ਦੇ ਲੋਕਾਂ ਨੂੰ ਕੁਦਰਤ ਨਾਲ ਛੇੜਛਾੜ ਦੇ ਭੈੜੇ ਨਤੀਜਿਆਂ ਪ੍ਰਤੀ ਜਾਗਰੂਕ ਕੀਤਾ ਹੈ ਉੱਥੇ ਹੀ ਭਾਰਤ ’ਚ ਵੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ’ਚ ਭੂਚਾਲ ਦੇ ਖਤਰੇ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ।
ਇਸੇ ਕਾਰਨ ਸੀਸਿਮਕ ਜ਼ੋਨ-4 ’ਚ ਸਥਿਤ ਹੋਣ ਦੇ ਕਾਰਨ ਦਿੱਲੀ ਦੀ ਭੂਚਾਲਾਂ ਦੇ ਪ੍ਰਤੀ ਸੰਵੇਦਨਸ਼ੀਲਤਾ ਦੇ ਮੱਦੇਨਜ਼ਰ ਸਵਾਲ ਉੱਠਣ ਲੱਗੇ ਹਨ ਕਿ ਕੋਈ ਵੱਡਾ ਭੂਚਾਲ ਆਉਣ ਦੀ ਸਥਿਤੀ ’ਚ ਇਹ ਕਿੰਨੀ ਸੁਰੱਖਿਅਤ ਹੈ।
ਭੂਚਾਲਾਂ ਦੇ ਖਤਰੇ ਨੂੰ ਲੈ ਕੇ ਪੰਜਾਬ ਦੇ ਲਈ ਵੀ ਚਿੰਤਾਜਨਕ ਸਥਿਤੀ ਪੈਦਾ ਹੋ ਗਈ ਹੈ। ਪਿਛਲੇ ਭੂਚਾਲਾਂ ਦੇ ਰਿਕਾਰਡ ਦੇ ਅਨੁਸਾਰ ਪੰਜਾਬ ਦਾ ਅੱਧਾ ਹਿੱਸਾ ਉੱਚ ਨੁਕਸਾਨ ਜੋਖਮ ਵਾਲੇ ਸੀਸਿਮਕ ਜ਼ੋਨ-4 ’ਚ ਅਤੇ 45 ਫੀਸਦੀ ਹਿੱਸਾ ਕੁਝ ਘੱਟ ਨੁਕਸਾਨ ਜੋਖਮ ਵਾਲੇ ਭਾਗ (ਜ਼ੋਨ-3) ’ਚ ਪੈਂਦਾ ਹੈ ਪਰ ਗੁਆਂਢੀ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਣ ਵਾਲੀ ਸੂਬੇ ਦੀ ਹੱਦ ਦਾ ਖੇਤਰ ਬੜੇ ਵੱਧ ਨੁਕਸਾਨ ਦੇ ਜੋਖਮ ਵਾਲੇ ਸੀਸਿਮਕ ਜ਼ੋਨ-5 ਦੇ ਬੇਹੱਦ ਨੇੜੇ ਹੈ।
ਇਹੀ ਨਹੀਂ ‘ਮੋਡੀਫਾਈਡ ਮਰਸੇਲੀ ਇੰਟੈਸਿਟੀ’ (ਐੱਮ. ਐੱਮ. ਆਈ.) ਦੇ ਪੈਮਾਨੇ ’ਤੇ ਜ਼ੋਨ 3 ਅਤੇ 4 ’ਚ ਆਉਣ ਵਾਲੇ ਇਲਾਕੇ ਸਿਸਿਮਕ ਤੀਬਰਤਾ 7 ਅਤੇ 8 ਵਾਲੇ ਭੂਚਾਲਾਂ ਵਰਗੀ ਤਬਾਹੀ ਦੇ ਜੋਖਮ ’ਤੇ ਹਨ।
ਉੱਚ ਨੁਕਸਾਨ ਦੇ ਜੋਖਮ ਵਾਲੇ ਖੇਤਰਾਂ ’ਚ ਅੰਮ੍ਰਿਤਸਰ, ਕਪੂਰਥਲਾ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਨਵਾਂਸ਼ਹਿਰ, ਰੋਪੜ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਸ਼ਾਮਲ ਹਨ।
ਇਸੇ ਤਰ੍ਹਾਂ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੋਗਾ, ਮੁਕਤਸਰ, ਬਠਿੰਡਾ, ਬਰਨਾਲਾ, ਮਾਨਸਾ, ਸੰਗਰੂਰ, ਮਾਲੇਰਕੋਟਲਾ ਅਤੇ ਪਟਿਆਲਾ ਕੁਝ ਘੱਟ (ਮਾਡਰੇਟ) ਨੁਕਸਾਨ ਦੇ ਜੋਖਮ ਵਾਲੇ ਖੇਤਰ ’ਚ ਸ਼ਾਮਲ ਹਨ।
ਪਿਛਲੇ ਰਿਕਾਰਡਾਂ ਦੇ ਅਨੁਸਾਰ ਸੂਬੇ ਦਾ ਵਧੇਰੇ ਹਿੱਸਾ ਸਰਗਰਮ ਭੂ-ਗਰਭੀ ਸਰਗਰਮੀਆਂ ਵਾਲੇ ਖੇਤਰ ’ਚ ਪੈਣ ਦੇ ਕਾਰਨ ਸੂਬੇ ਦੇ ਕਈ ਹਿੱਸਿਆਂ ’ਚ 4.00 ਤੋਂ 5.00 ਤੀਬਰਤਾ ਦੇ ਭੂਚਾਲ ਆ ਚੁੱਕੇ ਹਨ।
ਇਸੇ ਦਰਮਿਆਨ ਪੰਜਾਬ ਦਾ ‘ਆਫਤ ਪ੍ਰਬੰਧਨ ਵਿਭਾਗ’ ਚੰਡੀਗੜ੍ਹ ਸਥਿਤ ‘ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪੰਜਾਬ ਐਡਮਿਨਿਸਟ੍ਰੇਸ਼ਨ’ ਦੀ ਸਹਾਇਤਾ ਨਾਲ ਆਪਣੇ ਆਫਤ ਪ੍ਰਬੰਧਨ ਪਲਾਨ ’ਚ ਜ਼ਰੂਰੀ ਬਦਲਾਅ ਕਰ ਰਿਹਾ ਹੈ। ਇਸ ’ਚ ਵੱਖ-ਵੱਖ ਧਿਰਾਂ ਨੂੰ ਸਿਖਲਾਈ ਦੇਣੀ ਅਤੇ ਸੁਰੱਖਿਅਤ ਇਮਾਰਤਾਂ ਦਾ ਨਿਰਮਾਣ ਯਕੀਨੀ ਬਣਾਉਣਾ ਵੀ ਸ਼ਾਮਲ ਹੈ।
ਭੂਚਾਲਾਂ ਦੇ ਦੌਰਾਨ ਵੱਡੀ ਤਬਾਹੀ ਤੋਂ ਬਚਣ ਲਈ ਮਾਹਿਰਾਂ ਦੀ ਸਲਾਹ ਹੈ ਕਿ ਇਮਾਰਤਾਂ ਦਾ ਨਿਰਮਾਣ ਰਜਿਸਟਰਡ ਕੰਸਟ੍ਰੱਕਸ਼ਨ ਇੰਜੀਨੀਅਰਾਂ ਦੀ ਨਿਗਰਾਨੀ ’ਚ ਹੀ ਕਰਵਾਇਆ ਜਾਵੇ ਪਰ ਸੂਬੇ ਦੇ ਮੁੱਖ ‘ਟਾਊਨ ਪਲਾਨਰ’ ਪੰਕਜ ਬਾਵਾ ਦਾ ਕਹਿਣਾ ਹੈ ਕਿ ਧਨ ਬਚਾਉਣ ਲਈ ਲੋਕ ਆਪਣੀਆਂ ਇਮਾਰਤਾਂ ਦਾ ਡਿਜ਼ਾਈਨ ਮਾਹਿਰ ‘ਸਟ੍ਰੱਕਚਰਲ ਇੰਜੀਨੀਅਰਾਂ’ ਤੋਂ ਨਹੀਂ ਕਰਵਾਉਂਦੇ।
ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ 2021 ’ਚ ਪੰਜਾਬ ਸਰਕਾਰ ਨੇ 15 ਮੀਟਰ ਤੋਂ ਵੱਧ ਉੱਚੀ ਹਰ ਇਮਾਰਤ, ਜਿਸ ਨੂੰ ‘ਹਾਈ ਰਾਈਜ਼’ ਮੰਨਿਆ ਜਾਂਦਾ ਹੈ, ਦੇ ਨਿਰਮਾਣ ਤੋਂ ਪਹਿਲਾਂ ਬਿਲਡਰ ਦੇ ਲਈ ਸਟ੍ਰੱਕਚਰ ਦਾ ਕਿਸੇ ਆਈ. ਆਈ. ਟੀ. ਜਾਂ ਹੋਰ ਮੁਹਾਰਤ ਪ੍ਰਾਪਤ ਇੰਜੀਨੀਅਰਿੰਗ ਸੰਸਥਾਨ ਤੋਂ ਨਿਰੀਖਣ ਕਰਵਾਉਣਾ ਲਾਜ਼ਮੀ ਕਰ ਰੱਖਿਆ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਮੰਨਿਆ ਕਿ ਸਟਾਫ ਦੀ ਕਮੀ ਦੇ ਕਾਰਨ ਅਧਿਕਾਰੀਆਂ ਲਈ ਹਰੇਕ ਇਮਾਰਤ ਦੇ ਨਿਰਮਾਣ ਦਾ ਨਿਰੀਖਣ ਕਰ ਸਕਣਾ ਸੰਭਵ ਨਹੀਂ ਹੈ।
ਵਰਨਣਯੋਗ ਹੈ ਕਿ ਭੂਚਾਲਾਂ ਦੀ ਤੀਬਰਤਾ, ਸਥਾਨ ਤੇ ਸਮੇਂ ਦਾ ਨਿਸ਼ਚਿਤ ਤੌਰ ’ਤੇ ਅੰਦਾਜ਼ਾ ਤਾਂ ਨਹੀਂ ਲਾਇਆ ਜਾ ਸਕਦਾ, ਫਿਰ ਵੀ ਬੇਹੱਦ ਆਬਾਦੀ ਵਾਲੇ ਇਲਾਕਿਆਂ ’ਚ, ਜਿੱਥੇ ਲੱਖਾਂ ਲੋਕ ਰਹਿੰਦੇ ਹਨ, ਸੁਰੱਖਿਆ ਸਬੰਧੀ ਨਿਯਮਾਂ ਅਤੇ ਮਾਪਦੰਡਾਂ ਦੀ ਅਣਦੇਖੀ ਕਰ ਕੇ ਕੀਤੇ ਗਏ ਅੰਨ੍ਹੇਵਾਹ ਨਾਜਾਇਜ਼ ਤੇ ਅਸੁਰੱਖਿਅਤ ਨਿਰਮਾਣ ਭੂਚਾਲ ਦਾ ਵੱਡਾ ਝਟਕਾ ਝੱਲ ਸਕਣ ’ਚ ਅਸਮਰੱਥ ਹੋਣ ਦੇ ਕਾਰਨ ਭਾਰੀ ਤਬਾਹੀ ਦਾ ਕਾਰਨ ਬਣ ਸਕਦੇ ਹਨ।
ਇਹ ਸਥਿਤੀ ਭਵਨ ਨਿਰਮਾਣ ਨਾਲ ਜੁੜੇ ਅਧਿਕਾਰੀਆਂ ਵੱਲੋਂ ਇਸ ਮਾਮਲੇ ’ਚ ਬੜੀ ਹੀ ਚੌਕਸੀ ਵਰਤਣ ਅਤੇ ਇਮਾਰਤਾਂ ’ਚ ਚੱਲ ਰਹੇ ਨਿਰਮਾਣ ਕਾਰਜਾਂ ’ਚ ਸੁਰੱਖਿਆ ਸਬੰਧੀ ਮਾਪਦੰਡਾਂ ਦਾ ਸਖਤੀ ਨਾਲ ਪਾਲਣ ਯਕੀਨੀ ਬਣਾਉਣ ਅਤੇ ਮੌਜੂਦਾ ਇਮਾਰਤਾਂ ਦੀ ਸਥਿਤੀ ਦੀ ਡੂੰਘੀ ਪੜਤਾਲ ਕਰ ਕੇ ਉਨ੍ਹਾਂ ’ਚ ਸੁਧਾਰ ਕਰਨ ਦੀ ਮੰਗ ਕਰਦੀ ਹੈ।
ਅਜਿਹਾ ਇਸ ਲਈ ਵੱਧ ਜ਼ਰੂਰੀ ਹੋ ਗਿਆ ਹੈ ਕਿਉਂਕਿ ਪਹਿਲਾਂ ਤਾਂ ਰਿਕਟਰ ਪੈਮਾਨੇ ’ਤੇ ਜ਼ਿਆਦਾਤਰ : ਘੱਟ-1, 2 ਜਾਂ 3 ਤੀਬਰਤਾ ਦੇ ਭੂਚਾਲ ਹੀ ਆਉਂਦੇ ਹੁੰਦੇ ਸਨ ਪਰ ਹੁਣ ਵੱਧ ਖਤਰਨਾਕ 4, 5 ਅਤੇ 6 ਹੀ ਨਹੀਂ, ਇਸ ਤੋਂ ਵੀ ਵੱਧ ਤੀਬਰਤਾ ਵਾਲੇ ਭੂਚਾਲ ਆ ਰਹੇ ਹਨ। ਤੁਰਕੀ ਤੇ ਸੀਰੀਆ ’ਚ ਭੂਚਾਲਾਂ ਦੀ ਤੀਬਰਤਾ 7.8 ਤੱਕ ਸੀ।
ਇਸ ਲਈ ਭੂਚਾਲਾਂ ਨਾਲ ਹੋਣ ਵਾਲੀ ਤਬਾਹੀ ਤੋਂ ਬਚਣ ਲਈ ਬੇਹੱਦ ਜ਼ਰੂਰੀ ਹੈ ਕਿ ਸੁਰੱਖਿਆ ਦੇ ਮਾਪਦੰਡਾਂ ਦਾ ਪੂਰੀ ਤਰ੍ਹਾਂ ਸਖਤੀਪੂਰਵਕ ਪਾਲਣ ਕਰਦੇ ਹੋਏ ਹੀ ਇਮਾਰਤਾਂ ਦਾ ਨਿਰਮਾਣ ਕੀਤਾ ਜਾਵੇ ਅਤੇ ਇਹ ਗੱਲ ਸਿਰਫ ਪੰਜਾਬ ਲਈ ਹੀ ਨਹੀਂ ਦੇਸ਼ ਦੇ ਹਰ ਹਿੱਸੇ ’ਤੇ ਲਾਗੂ ਹੁੰਦੀ ਹੈ।
-ਵਿਜੇ ਕੁਮਾਰ