ਨਕਲੀ ਅਤੇ ਜ਼ਹਿਰੀਲੀ ਸ਼ਰਾਬ ਦੇ ਧੰਦੇਬਾਜ਼ਾਂ ਨੂੰ ਹੁਣ ਯੂ. ਪੀ. ਸਰਕਾਰ ਫਾਂਸੀ ''ਤੇ ਲਟਕਾਏਗੀ

09/22/2017 7:13:43 AM

ਇਹ ਗੱਲ ਤਾਂ ਸਾਰੇ ਜਾਣਦੇ ਹਨ ਕਿ ਸ਼ਰਾਬ ਜ਼ਹਿਰ ਹੈ ਤੇ ਇਸ ਦੇ ਬੁਰੇ ਅਸਰਾਂ ਨਾਲ ਲਿਵਰ ਸਿਰੋਸਿਸ, ਹਾਈ ਬਲੱਡਪ੍ਰੈਸ਼ਰ, ਤਣਾਅ, ਅਨੀਮੀਆ, ਗਠੀਆ, ਨਾੜੀ ਰੋਗ, ਮੋਟਾਪਾ, ਦਿਲ ਦੀ ਬੀਮਾਰੀ ਆਦਿ ਰੋਗਾਂ ਤੋਂ ਇਲਾਵਾ ਔਰਤਾਂ ਵਿਚ ਗਰਭਪਾਤ, ਗਰਭ ਵਿਚਲੇ ਬੱਚੇ ਦੀ ਸਿਹਤ 'ਤੇ ਉਲਟਾ ਅਸਰ ਅਤੇ ਵੱਖ-ਵੱਖ ਵਿਕਾਰਾਂ ਤੋਂ ਪੀੜਤ ਬੱਚਿਆਂ ਦਾ ਜਨਮ ਹੋਣ ਵਰਗੀਆਂ ਸਮੱਸਿਆਵਾਂ ਦਾ ਹੋਣਾ ਆਮ ਗੱਲ ਹੈ। ਸ਼ਰਾਬ ਕਾਰਨ ਵੱਡੀ ਗਿਣਤੀ ਵਿਚ ਮੌਤਾਂ ਦੇ ਸਿੱਟੇ ਵਜੋਂ ਘਰ ਉੱਜੜ ਰਹੇ ਹਨ ਪਰ ਇਸ ਦੇ ਬਾਵਜੂਦ ਜਿੱਥੇ ਲੋਕਾਂ ਨੇ ਸ਼ਰਾਬ ਪੀਣੀ ਜਾਰੀ ਰੱਖੀ ਹੋਈ ਹੈ, ਉਥੇ ਹੀ ਸੂਬਾਈ ਸਰਕਾਰਾਂ ਵੀ ਇਸ ਦੀ ਵਿਕਰੀ ਤੋਂ ਹੋਣ ਵਾਲੀ ਮੋਟੀ ਆਮਦਨ ਨੂੰ ਗੁਆਉਣਾ ਨਹੀਂ ਚਾਹੁੰਦੀਆਂ ਤੇ ਇਸ ਦੀ ਪੈਦਾਵਾਰ ਵਿਚ ਵਾਧੇ ਨੂੰ ਲਗਾਤਾਰ ਉਤਸ਼ਾਹਿਤ ਕਰ ਰਹੀਆਂ ਹਨ। 
ਇਕ ਪਾਸੇ ਸਰਕਾਰਾਂ ਸ਼ਰਾਬ ਦੀ ਵਿਕਰੀ ਨੂੰ ਵਧਾ ਰਹੀਆਂ ਹਨ ਤਾਂ ਦੂਜੇ ਪਾਸੇ ਨਕਲੀ ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਦੇਸ਼ ਵਿਚ ਵੱਡੀ ਗਿਣਤੀ ਵਿਚ ਮੌਤਾਂ ਹੋ ਰਹੀਆਂ ਹਨ, ਜਿਸ ਦੀਆਂ ਕੁਝ ਮਿਸਾਲਾਂ ਹੇਠਾਂ ਦਰਜ ਹਨ :
* 06 ਜੁਲਾਈ ਨੂੰ ਯੂ. ਪੀ. ਦੇ ਆਜ਼ਮਗੜ੍ਹ ਦੇ ਰੌਨਾਪਾਰ ਥਾਣਾ ਖੇਤਰ ਦੇ ਪਿੰਡਾਂ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ 8 ਵਿਅਕਤੀਆਂ ਦੀ ਮੌਤ ਅਤੇ 10 ਬੀਮਾਰ।
* 09 ਜੁਲਾਈ ਨੂੰ ਲਖਨਊ ਵਿਚ ਕੱਚੀ ਸ਼ਰਾਬ ਪੀਣ ਨਾਲ 2 ਵਿਅਕਤੀਆਂ ਦੀ ਮੌਤ ਹੋ ਗਈ। ਪਿਛਲੇ ਸਾਲ ਵੀ ਕੱਚੀ ਸ਼ਰਾਬ ਪੀਣ ਨਾਲ ਲਖਨਊ ਅਤੇ ਆਸਪਾਸ ਦੇ ਇਲਾਕਿਆਂ ਵਿਚ ਕਈ ਲੋਕਾਂ ਦੀ ਮੌਤ ਹੋ ਗਈ ਸੀ।
* 12 ਸਤੰਬਰ ਨੂੰ ਫਿਰੋਜ਼ਾਬਾਦ ਦੇ ਥਾਣਾ ਫਰਿਹਾ ਦੇ ਫਾਜ਼ਿਲਪੁਰ ਜਰੈਲਾ ਪਿੰਡ ਵਿਚ ਪ੍ਰਚੂਨ ਦੀ ਦੁਕਾਨ 'ਤੇ ਵਿਕਣ ਵਾਲੀ ਦੇਸੀ ਸ਼ਰਾਬ ਪੀਣ ਨਾਲ 1 ਵਿਅਕਤੀ ਦੀ ਮੌਤ ਹੋ ਗਈ, ਜਿਸ ਕਾਰਨ 6 ਬੱਚਿਆਂ ਦੇ ਸਿਰ ਉਤੋਂ ਪਿਤਾ ਦਾ ਸਾਇਆ ਉੱਠ ਗਿਆ।
* ਯੂ. ਪੀ. ਵਿਚ ਆਜ਼ਮਗੜ੍ਹ ਜ਼ਿਲੇ ਦੇ ਆਜ਼ਮਗੜ੍ਹ ਰੌਨਾਪਾਰ, ਜੀਯਨਪੁਰ, ਬਿਲਾਰੀਆਗੰਜ ਤੇ ਮੁਬਾਰਕਪੁਰ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ 2013 ਤੋਂ ਹੁਣ ਤਕ 86 ਵਿਅਕਤੀਆਂ ਦੀ ਹੋਈ ਮੌਤ ਦੇ ਮੁੱਖ ਜ਼ਿੰਮੇਵਾਰ ਮੁਲਾਇਮ ਉਰਫ ਸੁਰਿੰਦਰ ਯਾਦਵ ਦੀ ਪੌਣੇ ਦੋ ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਨ ਬਾਰੇ ਐੱਸ. ਪੀ. ਦੀ ਰਿਪੋਰਟ 'ਤੇ ਜ਼ਿਲਾ ਮੈਜਿਸਟ੍ਰੇਟ ਨੇ 19 ਸਤੰਬਰ ਨੂੰ ਮੋਹਰ ਲਾ ਦਿੱਤੀ। 
ਜ਼ਿਕਰਯੋਗ ਹੈ ਕਿ ਜਨਵਰੀ 2016 ਤੋਂ ਜੂਨ 2017 ਤਕ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਕੱਲੇ ਯੂ. ਪੀ. ਵਿਚ ਹੀ 41 ਵਿਅਕਤੀਆਂ ਦੀ ਮੌਤ ਹੋਈ ਸੀ। ਇਸੇ ਨੂੰ ਦੇਖਦਿਆਂ ਹੁਣ ਯੂ. ਪੀ. ਸਰਕਾਰ ਨੇ ਨਕਲੀ ਤੇ ਜ਼ਹਿਰੀਲੀ ਸ਼ਰਾਬ ਕਾਰਨ ਹੋਣ ਵਾਲੀਆਂ ਮੌਤਾਂ ਜਾਂ ਇਸ ਦੇ ਸਿੱਟੇ ਵਜੋਂ ਸਥਾਈ ਅਪੰਗਤਾ ਲਈ ਜ਼ਿੰਮੇਵਾਰ ਲੋਕਾਂ ਵਾਸਤੇ ਮੌਤ ਦੀ ਸਜ਼ਾ ਜਾਂ ਉਮਰਕੈਦ ਅਤੇ 10 ਲੱਖ ਰੁਪਏ ਜੁਰਮਾਨਾ ਜਾਂ ਦੋਹਾਂ ਦੀ ਵਿਵਸਥਾ ਕਰਨ ਦਾ ਫੈਸਲਾ ਕੀਤਾ ਹੈ। 
ਇਸ ਸੰਬੰਧ ਵਿਚ ਕਾਨੂੰਨ ਨੂੰ ਜ਼ਿਆਦਾ ਸਖ਼ਤ ਬਣਾਉਣ ਲਈ ਯੂ. ਪੀ. ਆਬਕਾਰੀ ਕਾਨੂੰਨ ਵਿਚ ਸੋਧਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਇਸ ਦੇ ਲਈ ਮੌਜੂਦਾ ਕਾਨੂੰਨ ਵਿਚ ਧਾਰਾ 60-ਏ ਜੋੜੀ ਜਾ ਰਹੀ ਹੈ। ਇਸ ਦੇ ਜ਼ਰੀਏ ਅਪਰਾਧ ਨੂੰ ਜ਼ਮਾਨਤ ਦੇ ਅਯੋਗ ਵੀ ਕਰਾਰ ਦੇ ਦਿੱਤਾ ਜਾਵੇਗਾ। 
ਇਸ ਬਾਰੇ ਯੂ. ਪੀ. ਕੈਬਨਿਟ ਦੀ 19 ਸਤੰਬਰ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਉਕਤ ਕਾਨੂੰਨ ਵਿਚ 20 ਤੋਂ ਜ਼ਿਆਦਾ ਸੋਧਾਂ ਜੋੜਨ ਦਾ ਫੈਸਲਾ ਕੀਤਾ ਗਿਆ ਹੈ। ਸੂਬੇ ਦੇ ਆਬਕਾਰੀ ਮੰਤਰੀ ਜੈਪ੍ਰਕਾਸ਼ ਸਿੰਘ ਅਨੁਸਾਰ ਇਸ ਨਾਲ ਸੂਬੇ ਵਿਚ ਨਕਲੀ ਸ਼ਰਾਬ ਦਾ ਧੰਦਾ ਰੋਕਣ ਵਿਚ ਮਦਦ ਮਿਲੇਗੀ। 
ਉਨ੍ਹਾਂ ਇਹ ਵੀ ਕਿਹਾ ਕਿ ਇਸ ਸਮੇਂ ਵਿਧਾਨ ਸਭਾ ਦਾ ਸੈਸ਼ਨ ਨਾ ਹੋਣ ਕਾਰਨ ਆਰਡੀਨੈਂਸ ਲਿਆਂਦਾ ਜਾਵੇਗਾ। ਸ਼੍ਰੀ ਸਿੰਘ ਅਨੁਸਾਰ ਮੌਤ ਦੀ ਸਜ਼ਾ ਦੀ ਵਿਵਸਥਾ ਨੂੰ ਅਮਲੀ ਜਾਮਾ ਪਹਿਨਾਉਣਾ ਕੇਸ ਦੀ ਗੰਭੀਰਤਾ ਦੇ ਆਧਾਰ 'ਤੇ ਨਿਰਭਰ ਕਰੇਗਾ।
ਮੀਟਿੰਗ ਤੋਂ ਬਾਅਦ ਰਾਜ ਮੰਤਰੀ ਅਤੇ ਸਰਕਾਰੀ ਬੁਲਾਰੇ ਸ਼੍ਰੀਕਾਂਤ ਸ਼ਰਮਾ ਨੇ ਕਿਹਾ, ''ਆਜ਼ਮਗੜ੍ਹ ਸ਼ਰਾਬ ਕਾਂਡ ਵਰਗੀਆਂ ਘਟਨਾਵਾਂ ਤੋਂ ਸਬਕ ਲੈ ਕੇ ਸਰਕਾਰ ਨੇ ਨਾਜਾਇਜ਼ ਸ਼ਰਾਬ ਦੇ ਧੰਦੇਬਾਜ਼ਾਂ ਵਿਰੁੱਧ ਸਖ਼ਤ ਰਵੱਈਆ ਅਪਣਾਉਣ ਦਾ ਫੈਸਲਾ ਲੈਂਦਿਆਂ ਕਾਨੂੰਨ ਜ਼ਿਆਦਾ ਕਠੋਰ ਬਣਾਏ ਹਨ।''
ਸਰਕਾਰੀ ਬਿਆਨ ਅਨੁਸਾਰ ਸੂਬੇ ਵਿਚ ਆਬਕਾਰੀ ਮਹਿਕਮਾ ਦੂਜਾ ਸਭ ਤੋਂ ਵੱਧ ਕਮਾਈ ਕਰਨ ਵਾਲਾ ਮਹਿਕਮਾ ਹੈ ਅਤੇ 2016-17 'ਚ ਇਸ ਨੂੰ ਇਸ ਮਦ ਤੋਂ 14272 ਕਰੋੜ ਰੁਪਏ ਦੀ ਆਮਦਨ ਹੋਈ ਸੀ। 
ਅੱਜ ਜਿੰਨੀ ਵੱਡੀ ਗਿਣਤੀ ਵਿਚ ਸ਼ਰਾਬ ਪੀਣ ਦਾ ਰੁਝਾਨ ਵਧ ਰਿਹਾ ਹੈ ਤੇ ਨਕਲੀ ਸ਼ਰਾਬ ਪੀਣ ਨਾਲ ਮੌਤਾਂ ਦੇ ਸਿੱਟੇ ਵਜੋਂ ਪਰਿਵਾਰ ਤਬਾਹ ਹੋ ਰਹੇ ਹਨ, ਉਸ ਨੂੰ ਦੇਖਦਿਆਂ ਨਕਲੀ ਸ਼ਰਾਬ ਦੇ ਵਪਾਰੀਆਂ ਨੂੰ ਜਿੰਨੀ ਵੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ, ਘੱਟ ਹੀ ਹੋਵੇਗੀ। ਅਜਿਹੀ ਸਥਿਤੀ ਵਿਚ ਹੋਰਨਾਂ ਸੂਬਿਆਂ ਦੀਆਂ ਸਰਕਾਰਾਂ ਨੂੰ ਵੀ ਨਕਲੀ ਤੇ ਜ਼ਹਿਰੀਲੀ ਸ਼ਰਾਬ ਦੇ ਧੰਦੇਬਾਜ਼ਾਂ ਵਿਰੁੱਧ ਸਖ਼ਤ ਨਿਯਮ ਬਣਾਉਣ ਦੀ ਲੋੜ ਹੈ। 
ਜ਼ਿਕਰਯੋਗ ਹੈ ਕਿ ਦਿੱਲੀ ਤੇ ਗੁਜਰਾਤ ਤੋਂ ਬਾਅਦ ਯੂ. ਪੀ. ਦੇਸ਼ ਦਾ ਤੀਜਾ ਸੂਬਾ ਹੋਵੇਗਾ, ਜਿੱਥੇ ਨਕਲੀ ਸ਼ਰਾਬ ਦੇ ਧੰਦੇਬਾਜ਼ਾਂ ਲਈ ਮੌਤ ਦੀ ਸਜ਼ਾ ਦੀ ਵਿਵਸਥਾ ਕੀਤੀ ਜਾ ਰਹੀ ਹੈ।                        —ਵਿਜੇ ਕੁਮਾਰ


Vijay Kumar Chopra

Chief Editor

Related News