ਵੱਖ-ਵੱਖ ਬੇਨਿਯਮੀਆਂ ਦੀ ਸ਼ਿਕਾਰ ''ਏਅਰ ਇੰਡੀਆ'' ਦਾ ਪਹਿਲਾਂ ਵਾਲਾ ਮਾਣ ਕਿਵੇਂ ਬਹਾਲ ਹੋਵੇ

03/16/2017 8:28:44 AM

85 ਸਾਲ ਪੁਰਾਣੀ ''ਏਅਰ ਇੰਡੀਆ'' ਭਾਰਤ ਦੀ ਕੌਮੀ ਹਵਾਈ ਸੇਵਾ ਹੈ ਪਰ ਕੇਂਦਰ ਸਰਕਾਰ ਵਲੋਂ ਭਾਰੀ ਆਰਥਿਕ ਮਦਦ ਦੇਣ ਦੇ ਬਾਵਜੂਦ ਇਸ ਨੂੰ ਲਗਾਤਾਰ ਪੈਣ ਵਾਲੇ ਘਾਟੇ, ਹਵਾਈ ਅੱਡਿਆਂ ''ਤੇ ''ਲੇਟ-ਲਤੀਫੀ'' ਦੇ ਚਾਰਜ ਅਤੇ ਰਨ-ਵੇ ''ਚ ਖੜ੍ਹੇ ਹੋਣ ਦੀ ਫੀਸ ਆਦਿ ਕਾਰਨ ਇਸ ਦੇ ਸਿਰ ਚੜ੍ਹੇ ਕਰਜ਼ੇ ''ਚ ਲਗਾਤਾਰ ਵਾਧਾ ਹੋ ਰਿਹਾ ਹੈ।
ਇਸੇ ਕਾਰਨ ਇਹ ਆਰਥਿਕ ਨਜ਼ਰੀਏ ਤੋਂ ਇੰਨੀ ਖਸਤਾਹਾਲ ਹੋ ਚੁੱਕੀ ਹੈ ਕਿ ਕੇਂਦਰ ਸਰਕਾਰ ਇਸ ਨੂੰ ਨਵਾਂ ਜੀਵਨ ਦੇਣ ਲਈ ਚਾਰ ਸਾਲਾਂ ''ਚ 22280 ਕਰੋੜ ਰੁਪਏ ਦੀ ਸਹਾਇਤਾ ਦੇ ਚੁੱਕੀ ਹੈ। ਮਾੜੇ ਪ੍ਰਬੰਧਾਂ, ਸਟਾਫ ਦੀਆਂ ਮਨਮਰਜ਼ੀਆਂ ਤੇ ਜਹਾਜ਼ਾਂ ''ਚ ਤਕਨੀਕੀ ਖਰਾਬੀ ਆਦਿ ਕਾਰਨ ਮੁਸਾਫਿਰਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ  ਦੀਆਂ ਕੁਝ ਮਿਸਾਲਾਂ ਹੇਠਾਂ ਦਰਜ ਹਨ :
* 15 ਜੁਲਾਈ 2016 ਨੂੰ ਗਯਾ ਤੋਂ ਨਵੀਂ ਦਿੱਲੀ ਜਾਣ ਵਾਲੀ ਫਲਾਈਟ ਨੰਬਰ ਏ. ਆਈ.-433 ਦੇ ਇਕ ਲੈਂਡਿੰਗ ਵ੍ਹੀਲ ''ਚ ਤੇਲ ਲੀਕ ਹੋਣ ਕਾਰਨ ਉਡਾਣ ਭਰਨ ਤੋਂ ਕੁਝ ਹੀ ਸਮੇਂ ਬਾਅਦ ਜਹਾਜ਼ ਮੁੜ ਹਵਾਈ ਅੱਡੇ ''ਤੇ ਹੰਗਾਮੀ ਸਥਿਤੀ ''ਚ ਉਤਾਰਨਾ ਪਿਆ।
* 01 ਅਗਸਤ ਨੂੰ ਅਮਰੀਕਾ ''ਚ ਨੇਵਾਰਕ ਤੋਂ 300 ਮੁਸਾਫਿਰਾਂ ਨਾਲ ਮੁੰਬਈ ਆਉਣ ਵਾਲੇ ਜਹਾਜ਼ ਦੇ ਸਾਰੇ ਟਾਇਲਟਾਂ ਦੀ ਫਲੱਸ਼ਿੰਗ ਪ੍ਰਣਾਲੀ ਖਰਾਬ ਹੋ ਗਈ।
* 27 ਅਗਸਤ ਨੂੰ ਕੋਚੀ ਤੋਂ ਜੇੱਦਾ ਜਾਣ ਵਾਲੇ ਜਹਾਜ਼ ਦੀ ਉਡਾਣ ਗੰਭੀਰ ਤਕਨੀਕੀ ਖਰਾਬੀ ਕਾਰਨ ਰੋਕਣੀ ਪਈ।
* 02 ਅਤੇ 03 ਅਕਤੂਬਰ ਨੂੰ ਲਗਾਤਾਰ ਦੋ ਦਿਨ ਪੁਣੇ ਤੋਂ ਨਵੀਂ ਦਿੱਲੀ ਜਾਣ ਵਾਲੀਆਂ ਏਅਰ ਇੰਡੀਆ ਦੀਆਂ ਦੋ ਉਡਾਣਾਂ ਕੁਝ ਤਕਨੀਕੀ ਕਾਰਨਾਂ ਕਰਕੇ ਰੱਦ ਕੀਤੀਆਂ ਗਈਆਂ।
* 24 ਨਵੰਬਰ ਨੂੰ ਮੈਂਗਲੁਰੂ ਤੋਂ ਦਮਾਮ ਜਾ ਰਹੇ ''ਏਅਰ ਇੰਡੀਆ ਐਕਸਪ੍ਰੈੱਸ'' ਜਹਾਜ਼ ''ਚੋਂ ਚੰਗਿਆੜੀਆਂ ਨਿਕਲਣ ''ਤੇ ਇਸ ਨੂੰ ਹੰਗਾਮੀ ਸਥਿਤੀ ''ਚ ਕੋਚੀ ਵਿਚ ਉਤਾਰਿਆ ਗਿਆ।
* 27 ਫਰਵਰੀ 2017 ਨੂੰ ਮੁੰਬਈ ਤੋਂ ਕੋਚੀ ਜਾ ਰਹੇ ''ਏਅਰ ਇੰਡੀਆ'' ਦੇ ਜਹਾਜ਼ ਏ-320 ਕਲਾਸਿਕ ਦੇ ਕੈਬਿਨ ''ਚ ਪ੍ਰੈਸ਼ਰ ਸੰਬੰਧੀ ਸਮੱਸਿਆ ਪੈਦਾ ਹੋ ਜਾਣ ਨਾਲ ਜਹਾਜ਼ ਨੂੰ ਮੈਂਗਲੁਰੂ ਡਾਇਵਰਟ ਕਰ ਕੇ ਹੰਗਾਮੀ ਸਥਿਤੀ ''ਚ ਉਤਾਰਨਾ ਪਿਆ।
* 09 ਮਾਰਚ ਨੂੰ ਅਹਿਮਦਾਬਾਦ-ਲੰਡਨ ਫਲਾਈਟ ਦਾ ਹੰਗਰੀ ਉੱਪਰ ਉਡਾਣ ਭਰਦੇ ਸਮੇਂ ਕੁਝ ਦੇਰ ਲਈ ਏ. ਟੀ. ਸੀ. ਨਾਲੋਂ ਸੰਪਰਕ ਟੁੱਟ ਗਿਆ।
* ਅਤੇ ਹੁਣ 11 ਮਾਰਚ ਨੂੰ ਦਿੱਲੀ ਤੋਂ ਸ਼ਿਕਾਗੋ ਜਾ ਰਹੇ ਬੋਇੰਗ-777 ਜਹਾਜ਼ ਦੇ ਮੁਸਾਫਿਰਾਂ ਨੂੰ 16 ਘੰਟਿਆਂ ਤਕ ''ਜਾਮ ਟਾਇਲਟ'' ਦੀ ਸਮੱਸਿਆ ਨਾਲ ਜੂਝਣਾ ਪਿਆ। ਇਸ ਦੇ ਚਾਰ ਟਾਇਲਟ ਤਾਂ ਪਹਿਲਾਂ ਹੀ ਬੰਦ ਸਨ, ਜਦਕਿ ਬਾਕੀ ਚੱਲ ਰਹੇ ਅੱਠ ਟਾਇਲਟਾਂ ਦੇ ਵੀ ਪਾਈਪ ਛੇਤੀ ਹੀ ਜਾਮ ਹੋ ਜਾਣ ਨਾਲ ਇਹ ਵੀ ਇਸਤੇਮਾਲ ਦੇ ਕਾਬਿਲ ਨਹੀਂ ਰਹੇ। ਲਿਹਾਜ਼ਾ ਸ਼ਿਕਾਗੋ ਦੇ ਓ ''ਹਾਰਾ ਹਵਾਈ ਅੱਡੇ ''ਤੇ ਪਹੁੰਚਣ ਤੋਂ ਬਾਅਦ ਹੀ ਮੁਸਾਫਿਰਾਂ ਨੂੰ ''ਰਾਹਤ'' ਮਿਲ ਸਕੀ।
ਇਸ ਸਮੇਂ ਜਦੋਂ ਹਵਾਬਾਜ਼ੀ ਦੇ ਖੇਤਰ ''ਚ ਉਤਰੀਆਂ ਪ੍ਰਾਈਵੇਟ ਕੰਪਨੀਆਂ ''ਏਅਰ ਇੰਡੀਆ'' ਨੂੰ ਸਖਤ ਚੁਣੌਤੀ ਦੇ ਰਹੀਆਂ ਹਨ, ਇਸ ਦੇ ਜਹਾਜ਼ਾਂ ''ਚ ਤਕਨੀਕੀ ਖਰਾਬੀਆਂ ਇਸ ਦੀ ਮੈਨੇਜਮੈਂਟ ''ਚ ਕਮੀਆਂ ਤੇ ਗਲਤੀਆਂ ਵੱਲ ਹੀ ਇਸ਼ਾਰਾ ਕਰਦੀਆਂ ਹਨ।
''ਏਅਰ ਇੰਡੀਆ'' ਨੇ 2015-16 ''ਚ 105 ਕਰੋੜ ਰੁਪਏ ਦਾ ਆਪ੍ਰੇਟਿੰਗ ਮੁਨਾਫਾ ਦਿਖਾਉਂਦਿਆਂ ਕਿਹਾ ਸੀ ਕਿ ''''ਇਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ''ਚ ਇਹ ਕੰਪਨੀ ਦਾ ਪਹਿਲਾ ਆਪ੍ਰੇਟਿੰਗ ਮੁਨਾਫਾ ਹੈ।''''
ਪਰ ''ਕੰਪਟ੍ਰੋਲਰ ਐਂਡ ਆਡਿਟਰ ਜਨਰਲ'' (ਕੈਗ) ਨੇ ਆਪਣੀ ਰਿਪੋਰਟ ''ਚ ਉਕਤ ਦਾਅਵੇ ਨੂੰ ਝੁਠਲਾਉਂਦਿਆਂ ਕਿਹਾ ਹੈ ਕਿ ''''ਇਸ ਨੂੰ ਉਕਤ ਵਰ੍ਹੇ ''ਚ ਆਪ੍ਰੇਟਿੰਗ ਮੁਨਾਫੇ ਦੀ ਬਜਾਏ ਅਸਲ ''ਚ 321.4 ਕਰੋੜ ਰੁਪਏ ਦਾ ਆਪ੍ਰੇਟਿੰਗ ਘਾਟਾ ਪਿਆ ਹੈ।''''
ਜਨਤਕ ਫੰਡ ''ਚੋਂ ਹੋਰ ਯੋਜਨਾਵਾਂ ਦੇ ਬਜਟ ''ਚ ਕਟੌਤੀ ਕਰ ਕੇ ਕੇਂਦਰ ਸਰਕਾਰ ਨੇ ਏਅਰ ਇੰਡੀਆ ਨੂੰ ਮੁੜ ਸੁਰਜੀਤ ਕਰਨ ਲਈ 2012 ''ਚ ਇਸ ਦੇ ਲਈ 30 ਹਜ਼ਾਰ ਕਰੋੜ ਰੁਪਏ ਦਾ ਪੈਕੇਜ ਦੇਣਾ ਮੰਨਿਆ ਸੀ।
ਇਸੇ ''ਬੇਲ ਆਊਟ ਪੈਕੇਜ'' ਦੇ ਸਹਾਰੇ ਚੱਲ ਰਹੀ ਏਅਰ ਇੰਡੀਆ ਨੂੰ 2016-17 ''ਚ ਕੇਂਦਰ ਸਰਕਾਰ ਨੇ 1713 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਪਰ ਇਸ ਦੀ ਹਾਲਤ ''ਚ ਕੋਈ ਸੁਧਾਰ ਨਹੀਂ ਹੋ ਰਿਹਾ ਅਤੇ ਟੈਕਸ ਦੇਣ ਵਾਲੇ ਲੋਕਾਂ ਦਾ ਦਿੱਤਾ ਹੋਇਆ ਧਨ ਬੇਕਾਰ ਜਾ ਰਿਹਾ ਹੈ।
ਲਿਹਾਜ਼ਾ ਸਮੇਂ ਦੀ ਮੰਗ ਹੈ ਕਿ ਏਅਰ ਇੰਡੀਆ ਨੂੰ ਪ੍ਰਾਈਵੇਟ ਹੱਥਾਂ ''ਚ ਸੌਂਪ ਦਿੱਤਾ ਜਾਵੇ। ਇਸ ਨਾਲ ਸਰਕਾਰ ''ਤੇ ਇਸ ਨੂੰ ਜ਼ਿੰਦਾ ਰੱਖਣ ਦੀ ਨੈਤਿਕ ਜ਼ਿੰਮੇਵਾਰੀ ਵੀ ਨਹੀਂ ਰਹੇਗੀ ਤੇ ਨਾਲ ਹੀ ਬਿਹਤਰ ਮੈਨੇਜਮੈਂਟ ਦੇ ਜ਼ਰੀਏ ਇਹ ਆਪਣਾ ਖੁੱਸਿਆ ਹੋਇਆ ਮਾਣ ਵੀ ਮੁੜ ਹਾਸਿਲ ਕਰ ਸਕੇਗੀ। ਅਜਿਹਾ ਕਰਨਾ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਵੀ ਮੁਤਾਬਕ ਹੋਵੇਗਾ, ਜੋ ਨਿੱਜੀ ਉਦਯੋਗਾਂ ''ਤੇ ਸ਼ੁਰੂ ਤੋਂ ਹੀ ਜ਼ੋਰ ਦੇ ਰਹੇ ਹਨ।
ਚਰਚਾ ਹੈ ਕਿ ਮੁਕਾਬਲੇਬਾਜ਼ੀ ''ਚ ਪੱਛੜ ਰਹੀ ਏਅਰ ਇੰਡੀਆ ਦੇ ਉੱਭਰਨ ਦੀਆਂ ਧੁੰਦਲੀਆਂ ਸੰਭਾਵਨਾਵਾਂ ਤੋਂ ਬਾਅਦ ਪੀ. ਐੱਮ. ਓ. ਨੂੰ ਭੇਜੀ ਤਜਵੀਜ਼ ''ਚ ਇਸ ਦਾ 51 ਫੀਸਦੀ ਹਿੱਸਾ ਪੰਜ ਸਾਲਾਂ ਦੇ ਵਕਫੇ ''ਚ ਵੇਚਣ ਦੀ ਸਲਾਹ ਵੀ ਦਿੱਤੀ ਗਈ ਹੈ, ਜੋ ਇਸ ਨੂੰ ਘਾਟੇ ''ਚੋਂ ਬਾਹਰ ਕੱਢਣ ਦਾ ਇਕ ਬਿਹਤਰ ਬਦਲ ਹੋ ਸਕਦਾ ਹੈ।
—ਵਿਜੇ ਕੁਮਾਰ


Vijay Kumar Chopra

Chief Editor

Related News