‘ਏਮਜ਼’ ਨਵੀਂ ਦਿੱਲੀ ’ਚ 300 ਰੁਪਏ ਤੱਕ ਦੀਆਂ ਜਾਂਚਾਂ ਮੁਫਤ ਕਰਨ ਦਾ ਫ਼ੈਸਲਾ
Saturday, May 21, 2022 - 12:22 AM (IST)

ਨਵੀਂ ਦਿੱਲੀ ਸਥਿਤ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਜ਼) ਸਾਡਾ ਸਭ ਤੋਂ ਪੁਰਾਣਾ ਅਤੇ ਸਰਵੋਤਮ ਮੈਡੀਕਲ ਸੰਸਥਾਨ ਹੈ ਜਿੱਥੇ ਸਾਰੇ ਪਾਸਿਓਂ ਨਿਰਾਸ਼ ਵੱਖ-ਵੱਖ ਰੋਗਾਂ ਨਾਲ ਗ੍ਰਸਤ ਸਾਰੇ ਵਰਗਾਂ ਦੇ ਲੋਕ ਇਲਾਜ ਕਰਵਾਉਣ ਲਈ ਦੇਸ਼ ਦੇ ਕੋਨੇ-ਕੋਨੇ ਤੋਂ ਹੀ ਨਹੀਂ ਸਗੋਂ ਵਿਸ਼ਵ ਭਰ ਤੋਂ ਉੱਥੇ ਆਉਂਦੇ ਹਨ।ਕਿਉਂਕਿ ਇੱਥੇ ਬਹੁਤ ਸਾਰੇ ਅਜਿਹੇ ਰੋਗੀ ਵੀ ਪਹੁੰਚਦੇ ਹਨ ਜਿਨ੍ਹਾਂ ਲਈ ਥੋੜ੍ਹੀ ਜਿਹੀ ਰਕਮ ਦੇਣਾ ਵੀ ਮੁਸ਼ਕਲ ਹੁੰਦਾ ਹੈ, ਇਸ ਲਈ ਸੰਸਥਾਨ ਨੇ ਰੋਗੀਆਂ ਨੂੰ ਰਾਹਤ ਦਿੰਦੇ ਹੋਏ 300 ਰੁਪਏ ਤੱਕ ਦੀਆਂ ਸਾਰੀਆਂ ਜਾਂਚਾਂ ਮੁਫਤ ਕਰਨ ਦਾ ਫੈਸਲਾ ਕੀਤਾ ਹੈ।
ਏਮਜ਼ ’ਚ ਹੁਣ ਐਕਸਰੇ, ਅਲਟਰਾਸਾਊਂਡ, ਹਾਰਮੋਨ ਦੀ ਸਾਰੀ ਜਾਂਚ, ਵਧੇਰੇ ਬਲੱਡ ਜਾਂਚ, ਹਿਸਟੋਪੈਥੋਲਾਜੀਕਲ ਜਾਂਚ, ਐਫਨੇਸੀ, ਬਾਇਓਪਸੀ, ਲੀਵਰ ਫੰਕਸ਼ਨ, ਕਿਡਨੀ ਫੰਕਸ਼ਨ, ਮੈਮੋਗ੍ਰਾਫੀ ਆਦਿ ਮੁਫਤ ਹੋ ਗਏ ਹਨ।ਹਾਲਾਂਕਿ ਇਸ ਘਾਟੇ ਨੂੰ ਪੂਰਾ ਕਰਨ ਲਈ ਸੰਸਥਾਨ ਦੇ ਪ੍ਰਾਈਵੇਟ ਅਤੇ ਡੀਲਕਸ ਵਾਰਡਾਂ ’ਚ ਫੀਸ ਅਤੇ ਪ੍ਰਾਈਵੇਟ ਕਮਰਿਆਂ ਦਾ ਕਿਰਾਇਆ ਕੁਝ ਵਧਾ ਦਿੱਤਾ ਗਿਆ ਹੈ। ਇਸ ਸਬੰਧ ’ਚ ਕੁਝ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸੀ. ਟੀ. ਸਕੈਨ, ਐੱਮ. ਆਰ. ਆਈ. ਅਤੇ ਪੈਟ ਸਕੈਨ ਵਰਗੇ ਮਹਿੰਗੇ ਟੈਸਟਾਂ ’ਤੇ ਵੀ ਕੁਝ ਛੋਟ ਦੇ ਿਦੱਤੀ ਜਾਵੇ ਤਾਂ ਰੋਗੀਆਂ ਨੂੰ ਕਾਫੀ ਹੱਦ ਤੱਕ ਰਾਹਤ ਮਿਲ ਸਕਦੀ ਹੈ।ਪਰ ਮਾਹਿਰਾਂ ਦਾ ਕਹਿਣਾ ਹੈ ਕਿ ਸੰਸਥਾਨ ਵੱਲੋਂ ਵੱਡੀ ਗਿਣਤੀ ’ਚ ਡਾਕਟਰਾਂ ਅਤੇ ਦੂਸਰੀਆਂ ਸਹੂਲਤਾਂ ’ਤੇ ਪਹਿਲਾਂ ਹੀ ਭਾਰੀ ਰਕਮ ਖਰਚ ਕਰਨੀ ਪੈਂਦੀ ਹੈ ਲਿਹਾਜ਼ਾ ਮੁਫਤ ਦੀਆਂ ਸਹੂਲਤਾਂ ਦੇਣ ਨਾਲ ਇਸ ਦੇ ਉਪਰ ਹੋਰ ਆਰਥਿਕ ਬੋਝ ਪੈ ਜਾਵੇਗਾ ਜਿਸ ਨਾਲ ਏਮਜ਼ ਦੇ ਲੜਖੜਾ ਜਾਣ ਦਾ ਖਤਰਾ ਪੈਦਾ ਹੋ ਸਕਦਾ ਹੈ।
ਅਜਿਹੀ ਸਥਿਤੀ ’ਚ ਸਾਡਾ ਸਿਹਤ ਮੰਤਰਾਲਾ ਇੰਗਲੈਂਡ ਤੋਂ ਕਾਫੀ ਕੁਝ ਸਿੱਖ ਸਕਦਾ ਹੈ। ਉੱਥੇ ਸਿਹਤ ਪ੍ਰਣਾਲੀ ਰਾਸ਼ਟਰੀ ਸਿਹਤ ਸੇਵਾ (ਐੱਨ. ਐੱਚ. ਐੱਸ.) ਦੇ ਅਧੀਨ ਹੈ। ਜੋ ਵੱਖ-ਵੱਖ ਸੰਗਠਨਾਂ ਤੋਂ ਪ੍ਰਾਪਤ ਆਰਥਿਕ ਮਦਦ ਨਾਲ ਦੇਸ਼ ਦੀਆਂ ਸਿਹਤ ਸੇਵਾਵਾਂ ਨੂੰ ਧਨ ਮੁਹੱਈਆ ਕਰਵਾਉਂਦੀ ਹੈ ਜਿਸ ਨਾਲ ਬ੍ਰਿਟੇਨ ’ਚ ਸਾਰੇ ਬ੍ਰਿਟਿਸ਼ ਨਾਗਰਿਕਾਂ ਨੂੰ ਮੁਫਤ ਮੈਡੀਕਲ ਸਹੂਲਤ ਦਿੱਤੀ ਜਾ ਰਹੀ ਹੈ ਅਤੇ ਅਜਿਹਾ ਕਰਨ ਵਾਲਾ ਬ੍ਰਿਟੇਨ ਦੁਨੀਆ ਦਾ ਇਕੋ-ਇਕ ਦੇਸ਼ ਹੈ। ਮੰਨਿਆ ਕਿ ਭਾਰਤ ਖੇਤਰਫਲ ਤੇ ਆਬਾਦੀ ਦੇ ਲਿਹਾਜ਼ ਨਾਲ ਇੰਗਲੈਂਡ ਨਾਲੋਂ ਬਹੁਤ ਵੱਡਾ ਦੇਸ਼ ਹੈ ਅਤੇ ਡਾਕਟਰਾਂ ਦੀ ਉਪਲੱਬਧਤਾ ਅਤੇ ਸਿਹਤ ਸਹੂਲਤਾਂ ਦੇ ਮਾਮਲੇ ’ਚ ਅਸੀਂ ਉਸ ਤੋਂ ਬਹੁਤ ਪਿੱਛੇ ਹਾਂ, ਪਰ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਦੇਸ਼ ’ਚ ਵੀ ਲੋਕਾਂ ਨੂੰ ਮੁਫਤ ਤੇ ਉੱਚ ਗੁਣਵੱਤਾ ਦੀ ਮੈਡੀਕਲ ਸਹੂਲਤ ਮਿਲੇ ਤਾਂ ਸਾਨੂੰ ਵੀ ਆਪਣੇ ਦੇਸ਼ ਦੀ ਮੈਡੀਕਲ ਪ੍ਰਣਾਲੀ ’ਚ ਲੋੜੀਂਦੇ ਧਨ ਦੀ ਵਿਵਸਥਾ ਕਰਨ ਦੇ ਲਈ ਇਸ ਦੀ ਸੰਗਠਨਾਤਮਕ ਸਮਰੱਥਾ ਅਤੇ ਫੰਡ ’ਚ ਵਾਧਾ ਕਰਨਾ ਹੋਵੇਗਾ।
ਵਿਜੇ ਕੁਮਾਰ