ਮਣੀਪੁਰ ਦੇ ਅੰਦੋਲਨਕਾਰੀ : ਉਖਾੜੇ ਗਏ ਬਿਜਲੀ ਦੇ ਖੰਭਿਆਂ ਤੋਂ ਤੋਪਾਂ ਤੇ ਹੋਰ ਹਥਿਆਰ ਬਣਾਉਣ ਲੱਗੇ

07/18/2023 4:55:14 AM

ਪੂਰਬ-ਉੱਤਰ ਵਿਚ ਭਾਰਤ ਦਾ ਸਰਹੱਦੀ ਸੂਬਾ ਮਣੀਪੁਰ ਬੀਤੇ 73 ਦਿਨਾਂ ਤੋਂ ਮੈਤੇਈ ਭਾਈਚਾਰੇ ਨੂੰ ਜਨਜਾਤੀ ਦਰਜਾ ਦਿੱਤੇ ਜਾਣ ਸਬੰਧੀ ਹਾਈ ਕੋਰਟ ਦੇ ਹੁਕਮ ਤੋਂ ਬਾਅਦ ਹਿੰਸਾ ਅਤੇ ਅੱਗਜ਼ਨੀ ਦੀ ਲਪੇਟ ਵਿਚ ਆਇਆ ਹੋਇਆ ਹੈ। ਨਤੀਜੇ ਵਜੋਂ ਹੁਣ ਤੱਕ ਜਾਇਦਾਦ ਦੀ ਭਾਰੀ ਤਬਾਹੀ ਤੋਂ ਇਲਾਵਾ 150 ਦੇ ਲਗਭਗ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਬੀਤੇ ਮਹੀਨੇ ਸੂਬੇ ਦੇ ਦੌਰੇ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ, ਪੀੜਤ ਪਰਿਵਾਰਾਂ ਦੇ ਇਕ-ਇਕ ਮੈਂਬਰ ਨੂੰ ਨੌਕਰੀ ਦਾ ਐਲਾਨ ਅਤੇ ਹਿੰਸਾ ਦੇ ਕਾਰਨਾਂ ਦੀ ਜਾਂਚ ਲਈ ਨਿਅਾਇਕ ਕਮਿਸ਼ਨ ਗਠਿਤ ਕਰਨ ਦੇ ਭਰੋਸੇ ਦੇ ਬਾਵਜੂਦ ਹਿੰਸਾ ਰੁਕ ਨਹੀਂ ਰਹੀ।

ਹੁਣ ਤਾਂ ਅੰਦੋਲਨਕਾਰੀ ਸੂਬੇ ਵਿਚ ਉਖਾੜੇ ਗਏ ਬਿਜਲੀ ਦੇ ਖੰਭਿਆਂ ਅਤੇ ਪਾਣੀ ਦੀਆਂ ਪਾਈਪਾਂ ਤੋਂ ਹਥਿਆਰ ਬਣਾ ਕੇ ਉਨ੍ਹਾਂ ਦੀ ਵਰਤੋਂ ਕਰਨ ਲੱਗੇ ਹਨ। ਸੁਰੱਖਿਆ ਫੋਰਸਾਂ ਵਲੋਂ ਹਾਲ ਹੀ ਵਿਚ ਵਿਖਾਵਾਕਾਰੀਆਂ ਕੋਲੋਂ ਜ਼ਬਤ ਹਥਿਅਾਰਾਂ ਵਿਚ ਇਕ ਵੱਡਾ ਹਿੱਸਾ ਅਜਿਹੇ ਹਥਿਆਰਾਂ ਦਾ ਹੈ।

ਬਿਜਲੀ ਦੇ ਖੰਭਿਆਂ ਦੀ ਵਰਤੋਂ ਤੋਪ ਬਣਾਉਣ ਵਿਚ ਕੀਤੀ ਜਾ ਰਹੀ ਹੈ। ਇਸ ਵਿਚ ਗੋਲੀਆਂ ਜਾਂ ਛੱਰਿਆਂ ਦੇ ਰੂਪ ਵਿਚ ਹੋਰ ਧਾਤੂ ਦੀਆਂ ਵਸਤੂਆਂ ਭਰੀਆਂ ਜਾਂਦੀਆਂ ਹਨ। ਮਣੀਪੁਰ ਦੇ ਸੁਗਨੂ ਸ਼ਹਿਰ ਦੇ ਅਧਿਕਾਰੀਆਂ ਮੁਤਾਬਕ ਇਸ ਪਹਾੜੀ ਭਾਈਚਾਰੇ ਦੇ ਲੋਕ ਪ੍ਰੰਪਰਿਕ ਰੂਪ ਨਾਲ ਸ਼ਿਕਾਰੀ ਅਤੇ ਘਾਤਕ ਹਥਿਆਰ ਬਣਾਉਣ ਵਿਚ ਮਾਹਿਰ ਹਨ।

ਮਣੀਪੁਰ ਵਰਗੇ ਸਰਹੱਦੀ ਸੂਬੇ ਵਿਚ ਇੰਨੇ ਲੰਮੇ ਸਮੇਂ ਤੋਂ ਹਿੰਸਾ ਦਾ ਜਾਰੀ ਰਹਿਣਾ ਖਤਰਨਾਕ ਸੰਕੇਤ ਹੈ। ਇਸ ਨਾਲ ਨਾ ਸਿਰਫ ਮਣੀਪੁਰ ਦਾ ਸਮਾਜਿਕ ਤਾਣਾ-ਬਾਣਾ ਖਿੱਲਰ ਰਿਹਾ ਹੈ ਅਤੇ ਸਮਾਜ ਵਿਚ ਤਣਾਅ ਤੇ ਮਾੜੀ ਭਾਵਨਾ ਪੈਦਾ ਹੋ ਰਹੀ ਹੈ, ਸਗੋਂ ਇਹ ਦੇਸ਼ ਦੀ ਸੁਰੱਖਿਆ ਲਈ ਵੀ ਵੱਡਾ ਖਤਰਾ ਬਣਦਾ ਜਾ ਰਿਹਾ ਹੈ।
–ਵਿਜੇ ਕੁਮਾਰ
 


Manoj

Content Editor

Related News