ਪਾਕਿਸਤਾਨ, ਸ਼੍ਰੀਲੰਕਾ ਅਤੇ ਨੇਪਾਲ ਦੇ ਬਾਅਦ ਹੁਣ ‘ਬੰਗਲਾਦੇਸ਼ ’ਤੇ ਚੀਨ ਦੇ ਡੋਰੇ’

06/23/2020 3:26:15 AM

ਭਾਰਤ ਨਾਲ ਦੁਸ਼ਮਣੀ ਅਤੇ ਭਾਰਤ ਨੂੰ ਗੁਆਂਢੀਆਂ ਨਾਲੋਂ ਅਲੱਗ-ਥਲੱਗ ਕਰ ਕੇ ਘੇਰਨ ਦੀ ਸਾਜ਼ਿਸ਼ ਦੇ ਤਹਿਤ ਚੀਨੀ ਹਾਕਮ ਭਾਰਤ ਦੇ ਸਾਰੇ ਗੁਆਂਢੀ ਦੇਸ਼ਾਂ ਨਾਲ ਆਪਣੇ ਸਬੰਧ ਸੁਧਾਰਨ ਅਤੇ ਉਨ੍ਹਾਂ ਨੂੰ ਭਾਰਤ ਵਿਰੋਧੀ ਸਰਗਰਮੀਆਂ ਲਈ ਅਨੇਕ ਲਾਲਚ ਦੇ ਰਹੇ ਹਨ। ਇਸੇ ਮਕਸਦ ਨਾਲ ਚੀਨ ਨੇ ‘ਚੀਨ-ਪਾਕਿਸਤਾਨ ਆਰਥਿਕ ਕਾਰੀਡੋਰ ਪ੍ਰਾਜੈਕਟ’ ਦੇ ਅਧੀਨ ਪਾਕਿਸਤਾਨ ’ਚ ਸੜਕ, ਰੇਲ ਅਤੇ ਬਿਜਲੀ ਪ੍ਰਾਜਕੈਟਾਂ ’ਤੇ 60 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਸ਼੍ਰੀਲੰਕਾ ਸਰਕਾਰ ਨੂੰ ਵੀ ਚੀਨ ਦੇ ਸਰਕਾਰੀ ਬੈਂਕਾਂ ਦਾ ਕਰਜ਼ਾ ਨਾ ਮੋੜ ਸਕਣ ਦੇ ਕਾਰਨ ਆਪਣੀ ਹੰਬਨਨੋਟਾ ਬੰਦਰਗਾਹ 100 ਸਾਲ ਦੇ ਲਈ ਚੀਨ ਨੂੰ ਲੀਜ਼ ’ਤੇ ਦੇਣੀ ਪੈ ਰਹੀ ਹੈ, ਜਿਸ ਨਾਲ ਉਹ ਚੀਨ ਦੇ ਦਬਾਅ ’ਚ ਆ ਗਈ ਹੈ। ਦੂਰ-ਦੁਰੇਡੇ ਮਾਲਦੀਵ ਦੇ ਨਾਲ ਕਦੀ ਭਾਰਤ ਦੇ ਚੰਗੇ ਸਬੰਧ ਸਨ ਅਤੇ ਉਥੇ 1988 ’ਚ ਭਾਰਤ ਨੇ ਆਪਣਾ ਕਮਾਂਡੋ ਦਸਤਾ ਭੇਜ ਕੇ ਤਖਤਾ ਪਲਟਣ ਦੀ ਕੋਸ਼ਿਸ਼ ਅਸਫਲ ਕੀਤੀ ਸੀ ਪਰ ਹੁਣ ਉਥੇ ਵੀ ਚੀਨ ਨੇ ਆਪਣਾ ਪ੍ਰਭਾਵ ਵਧਾ ਲਿਆ ਹੈ ਅਤੇ ਉਥੇ ਚੀਨ ਦੀ ਸਹਾਇਤਾ ਨਾਲ ਅਨੇਕਾਂ ਪ੍ਰਾਜੈਕਟਾਂ ’ਤੇ ਕੰਮ ਚੱਲ ਰਿਹਾ ਹੈ। ਹਾਲਾਂਕਿ ਭਾਰਤ ਸਰਕਾਰ ਨੇ ਬੰਗਲਾਦੇਸ਼ ਨੂੰ ਪਾਕਿਸਤਾਨ ਦੀ ਗੁਲਾਮੀ ਤੋਂ ਮੁਕਤ ਕਰਵਾਉਣ ’ਚ ਵੱਡੀ ਭੂਮਿਕਾ ਨਿਭਾਈ ਅਤੇ ਉਸ ਸਮੇਂ ਚੀਨ ਦੇ ਸ਼ਾਸਕਾਂ ਨੇ ਪਾਕਿਸਤਾਨ ਦਾ ਸਾਥ ਦਿੱਤਾ ਪਰ 1975 ਦੀ ਫੌਜੀ ਬਗਾਵਤ ’ਚ ਬੰਗਬੰਧੂ ਸ਼ੇਖ ਮੁਜੀਬੁਰਹਿਮਾਨ ਦੀ ਹੱਤਿਆ ਦੇ ਬਾਅਦ ਬੰਗਲਾਦੇਸ਼ ਦੇ ਸ਼ਾਸਕ ਵੀ ਚੀਨ ਦੀ ਗੋਦ ’ਚ ਜਾ ਬੈਠੇ। ਚੀਨ ਇਕੋ-ਇਕ ਦੇਸ਼ ਹੈ, ਜਿਸ ਦੇ ਨਾਲ ਬੰਗਲਾਦੇਸ਼ ਨੇ ਰੱਖਿਆ ਸਮਝੌਤਾ ਕੀਤਾ ਹੈ।

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਸੰਨ 2016 ’ਚ ਢਾਕਾ ਦੀ ਯਾਤਰਾ ’ਤੇ ਆਏ ਅਤੇ ਉਨ੍ਹਾਂ ਨੇ ਬੰਗਲਾਦੇਸ਼ ਨੂੰ 24 ਬਿਲੀਅਨ ਡਾਲਰ ਸਹਾਇਤਾ ਦੇਣ ਦਾ ਵਾਅਦਾ ਕੀਤਾ। ਚੀਨ ਨੇ ਉਥੇ ਪੁਲਾਂ, ਸੜਕਾਂ, ਰੇਲ ਲਾਈਨਾਂ, ਹਵਾਈ ਅੱਡਿਆਂ ਅਤੇ ਬਿਜਲੀ ਘਰਾਂ ਦਾ ਨਿਰਮਾਣ ਕਰ ਕੇ ਬੰਗਲਾਦੇਸ਼ ਦੇ ਸ਼ਾਸਕਾਂ ’ਤੇ ਕੁਝ ਅਜਿਹੇ ਡੋਰੇ ਪਾਏ ਕਿ ਅੱਜ ਉਹ ਚੀਨ ਨੂੰ ਆਪਣੇ ਦੁੱਖ ਸੁਖ ਦਾ ਸਾਥੀ ਅਤੇ ਸਭ ਤੋਂ ਸਹਿਯੋਗੀ ਮੰਨਣ ਲੱਗੇ ਹਨ। ਇਸ ਸਮੇਂ ਜਦਕਿ ਗਲਵਾਨ ਘਾਟੀ ’ਚ ਚੀਨੀ ਹਮਲੇ ਦੇ ਬਾਅਦ ਦੇਸ਼ ’ਚ ਬਣੇ ਚੀਨੀ ਸਾਮਾਨ ’ਤੇ ਪਾਬੰਦੀ ਲਗਾਉਣ ਦੀ ਮੰਗ ਤੇਜ਼ ਹੋ ਰਹੀ ਹੈ, ਚੀਨੀ ਨੇਤਾਵਾਂ ਨੇ ਭਾਰਤ ਨੂੰ ਘੇਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰਦੇ ਹੋਏ ਬੰਗਲਾਦੇਸ਼ ਨੂੰ ਆਰਥਿਕ ਲਾਲਚਾਂ ਦੇ ਜਾਲ ’ਚ ਫਸਾਉਣ ਲਈ ਮੱਛੀ ਅਤੇ ਚਮੜੇ ਸਮੇਤ ਬੰਗਲਾਦੇਸ਼ ਦੇ 5161 ਉਤਪਾਦਾਂ ਨੂੰ 97 ਫੀਸਦੀ ਤਕ ਟੈਰਿਫ ਮੁਕਤ ਕਰਨ ਦਾ ਐਲਾਨ ਕਰ ਿਦੱਤਾ ਹੈ। ਭਾਰਤ ਇਸ ਖੇਤਰ ’ਚ ਆਪਣੇ ਇਕਲੌਤੇ ਸਾਥੀ ਬੰਗਲਾਦੇਸ਼ ਨੂੰ ਵੀ ਗਵਾਉਂਦਾ ਦਿਖਾਈ ਦੇ ਰਿਹਾ ਹੈ, ਜੋ ਭਾਰਤੀ ਨੇਤਾਵਾਂ ਲਈ ਭਾਰੀ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ :

ਵਤਨ ਕੀ ਫਿਕਰ ਕਰ ਨਾਦਾਂ. ਮੁਸੀਬਤ ਆਨੇ ਵਾਲੀ ਹੈ, ਤੇਰੀ ਬਰਬਾਦੀਆਂ ਕੇ ਮਸ਼ਵਰੇ ਹੈਂ ਆਸਮਾਨੋਂ ਮੇਂ।

-ਵਿਜੇ ਕੁਮਾਰ


Bharat Thapa

Content Editor

Related News