‘ਦੁਨੀਆ ਦਾ ਸਭ ਤੋਂ ਵੱਧ ਖਤਰਨਾਕ ਦੇਸ਼’ ਬਣਿਆ ਹੁਣ ਅਫਗਾਨਿਸਤਾਨ

Thursday, Nov 22, 2018 - 06:35 AM (IST)

ਅਫਗਾਨਿਸਤਾਨ ਇਸਲਾਮੀ ਗਣਰਾਜ ਦੀ ਗਿਣਤੀ ਮੱਧ ਏਸ਼ੀਆ ਦੇ ਦੇਸ਼ਾਂ ’ਚ ਹੁੰਦੀ ਹੈ। ਆਧੁਨਿਕ ਕਾਲ ’ਚ 1933-1973  ਵਿਚਕਾਰਲਾ ਸਮਾਂ ਇਸ ਦਾ ਸੁਨਹਿਰੀ ਕਾਲ ਅਤੇ ਸ਼ਾਂਤ ਸਮਾਂ ਰਿਹਾ, ਜਦੋਂ ਇਥੇ ਜ਼ਹੀਰ ਸ਼ਾਹ ਦਾ ਸ਼ਾਸਨ ਸੀ। ਇਸ ਤੋਂ ਬਾਅਦ ਪਹਿਲਾਂ ਇਥੇ ਜ਼ਹੀਰ ਸ਼ਾਹ ਦੇ ਜੀਜਾ ਅਤੇ ਬਾਅਦ ’ਚ ਕਮਿਊਨਿਸਟ ਪਾਰਟੀ ਵਲੋਂ ਸੱਤਾ ਪਲਟਣ ਕਾਰਨ ਇਹ ਅਸਥਿਰਤਾ ਦਾ ਸ਼ਿਕਾਰ ਹੋ ਗਿਆ ਅਤੇ ਅੱਜ ਤਕ ਇਸ ਤੋਂ ਉੱਭਰ ਨਹੀਂ ਸਕਿਆ।
ਸੋਵੀਅਤ ਫੌਜਾਂ ਨੇ ਕਮਿਊਨਿਸਟ ਪਾਰਟੀ ਦੀ ਮਦਦ ਨਾਲ ਇਥੇ ਕਦਮ ਰੱਖਿਆ ਅਤੇ ਮੁਜਾਹਿਦੀਨ ਨੇ ਇਨ੍ਹਾਂ ਵਿਰੁੱਧ ਜੰਗ ਛੇੜ ਦਿੱਤੀ ਪਰ ਬਾਅਦ ’ਚ ਅਮਰੀਕਾ ਅਤੇ ਪਾਕਿਸਤਾਨ ਦੇ ਸਾਂਝੇ ਯਤਨਾਂ ਨਾਲ ਸੋਵੀਅਤਾਂ ਨੂੰ ਇਥੋਂ ਵਾਪਿਸ ਜਾਣਾ ਪਿਆ। 
11 ਸਤੰਬਰ 2001 ਨੂੰ ਅਮਰੀਕਾ ਦੇ ‘ਟਵਿਨ ਟਾਵਰ’ ਉਤੇ ਹਮਲੇ ’ਚ ਮੁਜਾਹਿਦੀਨ ਦਾ ਸਹਿਯੋਗ ਹੋਣ ਦੀ ਖ਼ਬਰ ਤੋਂ ਬਾਅਦ ਅਮਰੀਕਾ ਨੇ ਅਫਗਾਨਿਸਤਾਨ ਦੇ ਜ਼ਿਆਦਾਤਰ ਹਿੱਸੇ ’ਤੇ ਸੱਤਾਧਾਰੀ ਮੁਜਾਹਿਦੀਨ (ਤਾਲਿਬਾਨ) ਵਿਰੁੱਧ ਜੰਗ ਛੇੜ ਦਿੱਤੀ। 
ਅਮਰੀਕਾ ਵਲੋਂ ਤਾਲਿਬਾਨ ’ਤੇ ਹਮਲਾ ਕੀਤੇ ਜਾਣ ਤੋਂ ਬਾਅਦ ਹਿੰਸਾ ਨਾਲ ਲਹੂ-ਲੁਹਾਨ ਅਫਗਾਨਿਸਤਾਨ ’ਚ ਇਸ ਸਮੇਂ ਮਿੱਤਰ ਦੇਸ਼ਾਂ ‘ਨਾਟੋ’ ਦੀਅਾਂ ਫੌਜਾਂ ਮੌਜੂਦ ਹਨ। ਹਾਲਾਂਕਿ ਉਥੇ ਦੇਸ਼ ’ਚ ਲੋਕਤੰਤਰਿਕ ਸਰਕਾਰ ਦਾ ਸ਼ਾਸਨ ਹੈ ਪਰ ਤਾਲਿਬਾਨ ਨੇ ਮੁੜ ਤੋਂ ਕੁਝ ਖੇਤਰਾਂ ’ਤੇ ਕਬਜ਼ਾ ਕਰ ਲਿਆ ਹੈ ਅਤੇ ਅਮਰੀਕਾ ਦਾ ਦੋਸ਼ ਹੈ ਕਿ ਪਾਕਿਸਤਾਨ ਦੀ ਧਰਤੀ ’ਤੇ ਤਾਲਿਬਾਨ ਨੂੰ ਵਧਣ-ਫੁੱਲਣ ਦਿੱਤਾ ਜਾ ਰਿਹਾ ਹੈ। 
ਪਿਛਲੇ ਕੁਝ ਸਮੇਂ ਦੌਰਾਨ ਅਫਗਾਨਿਸਤਾਨ ’ਚ ਕਈ ਹਿੰਸਕ ਹਮਲੇ ਹੋਏ ਹਨ, ਜਿਨ੍ਹਾਂ ’ਚ ਸੈਂਕੜੇ ਲੋਕ ਆਪਣੀਅਾਂ ਜਾਨਾਂ ਗੁਆ ਚੁੱਕੇ ਹਨ, ਜਦਕਿ ਰਾਜਧਾਨੀ ਕਾਬੁਲ ਨੂੰ ਦੁਨੀਆ ਦਾ ਸਭ ਤੋਂ ਵੱਧ ਅੱਤਵਾਦ ਪੀੜਤ ਅਤੇ ਅੱਤਵਾਦ ਤੋਂ ਪ੍ਰਭਾਵਿਤ ਸ਼ਹਿਰ ਕਿਹਾ ਜਾਂਦਾ ਹੈ। 
ਇਸ ਸਾਲ ਉਥੇ ਹੁਣ ਤਕ 20 ਤੋਂ ਜ਼ਿਆਦਾ ਆਤਮਘਾਤੀ ਹਮਲੇ ਹੋ ਚੁੱਕੇ ਹਨ। ਸ਼ਹਿਰ ਦੇ ਹਾਲਾਤ ਇੰਨੇ ਨਾਜ਼ੁਕ ਹਨ ਕਿ ਇਥੇ ਲੱਗਭਗ ਹਰੇਕ 2 ਹਫਤਿਅਾਂ ’ਚ ਧਮਾਕਾ ਹੋ ਹੀ ਜਾਂਦਾ ਹੈ। ਜਦੋਂ ਰਾਜਧਾਨੀ ਦਾ ਇਹ ਹਾਲ ਹੈ ਤਾਂ ਦੇਸ਼ ਦੇ ਹੋਰ ਹਿੱਸਿਅਾਂ ਦੀ ਹਾਲਤ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। 
ਕਾਬੁਲ ’ਚ ਲੋਕ ਮਜ਼ਾਕ ’ਚ ਕਹਿੰਦੇ ਹਨ ਹਨ ਕਿ ਕਾਬੁਲ ਦਾ ਚਿੜੀਆਘਰ ਇਥੋਂ ਦਾ ਸਭ ਤੋਂ  ਵੱਧ ਸੁਰੱਖਿਅਤ ਸਥਾਨ ਹੈ, ਜਿੱਥੇ ਸਿਵਾਏ ਇਕ ਵਾਰ ਦੇ ਕਦੇ ਕੋਈ ਹਿੰਸਕ ਘਟਨਾ ਨਹੀਂ ਹੋਈ। 
ਇਸਲਾਮਿਕ ਸਟੇਟ, ਜਿਸ ਨੂੰ ਅਫਗਾਨਿਸਤਾਨ ’ਚ ‘ਇਸਲਾਮਿਕ ਸਟੇਟ ਖੁਰਾਸਾਨ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਤਾਲਿਬਾਨ ਨੇ ਹਾਲ ਹੀ ਦੇ ਦਿਨਾਂ ’ਚ ਇਨ੍ਹਾਂ ਹਮਲਿਅਾਂ ਦੀ ਜ਼ਿੰਮੇਵਾਰੀ ਲਈ ਹੈ, ਜਿਨ੍ਹਾਂ ਦੇ  ਕੁਝ ਤਾਜ਼ਾ ਹਮਲੇ ਹੇਠਾਂ ਦਰਜ ਹਨ :
* 05 ਸਤੰਬਰ ਨੂੰ ਕਾਬੁਲ ਦੇ ਇਕ ਕੁਸ਼ਤੀ ਕਲੱਬ ’ਚ ਤਾਲਿਬਾਨ ਦੇ ਜੁੜਵਾਂ ਬੰਬ ਧਮਾਕੇ ’ਚ ਘੱਟੋ-ਘੱਟ 26 ਵਿਅਕਤੀ ਮਾਰੇ ਗਏ।
* 18 ਅਕਤੂਬਰ ਨੂੰ  ਕੰਧਾਰ ਦੇ ਗਵਰਨਰ, ਪੁਲਸ ਮੁਖੀ ਤੇ ਇੰਟੈਲੀਜੈਂਸ ਚੀਫ ਦੀ ਹੱਤਿਆ ਕਰ ਦਿੱਤੀ ਗਈ। 
* 20 ਅਕਤੂਬਰ ਨੂੰ ਕਾਬੁਲ ’ਚ ਹੋਏ ਆਤਮਘਾਤੀ ਹਮਲੇ ’ਚ 15 ਵਿਅਕਤੀ ਮਾਰੇ ਗਏ। 
* 29 ਅਕਤੂਬਰ ਨੂੰ ਕਾਬੁਲ ’ਚ ਇਸਲਾਮਿਕ ਸਟੇਟ ਵਲੋਂ ਚੋਣ ਦਫਤਰ ’ਤੇ ਕੀਤੇ ਆਤਮਘਾਤੀ ਹਮਲੇ ’ਚ ਇਕ ਪੁਲਸ ਅਧਿਕਾਰੀ ਮਾਰਿਆ ਗਿਆ।
* 31 ਅਕਤੂਬਰ ਨੂੰ ਪੁਲ-ਏ-ਚਰਖੀ ਜੇਲ ਦੀ ਗੱਡੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ’ਚ 7 ਵਿਅਕਤੀ ਮਾਰੇ ਗਏ ਤੇ ਕਈ ਜ਼ਖ਼ਮੀ ਹੋ ਗਏ। 
* 08 ਨਵੰਬਰ ਨੂੰ ਅਫਗਾਨਿਸਤਾਨ ’ਚ ਖਵਾਜ਼ਾਗੜ੍ਹ ਜ਼ਿਲੇ ’ਚ ਫੌਜ ਦੀ ਚੌਕੀ ’ਤੇ ਤਾਲਿਬਾਨ ਦੇ ਹਮਲੇ ’ਚ 10 ਜਵਾਨਾਂ ਦੀ ਮੌਤ ਹੋ ਗਈ। ਇਸੇ ਦਿਨ ਫਰਾਹ ਸੂਬੇ ’ਚ ਤਾਲਿਬਾਨ ਨੇ ਹਮਲਾ ਕਰਕੇ 7 ਪੁਲਸ ਮੁਲਾਜ਼ਮਾਂ ਦੀ ਹੱਤਿਆ ਕਰ ਦਿੱਤੀ।
ਅਤੇ ਹੁਣ 20 ਨਵੰਬਰ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਇਕ ਧਾਰਮਿਕ ਆਯੋਜਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਆਤਮਘਾਤੀ ਧਮਾਕੇ ’ਚ ਘੱਟੋ-ਘੱਟ 50 ਵਿਅਕਤੀਅਾਂ ਦੀ ਮੌਤ ਹੋ ਗਈ ਅਤੇ 83 ਹੋਰ ਜ਼ਖ਼ਮੀ ਹੋ ਗਏ।
ਪੈਗੰਬਰ ਮੁਹੰਮਦ ਦੇ ਜਨਮ ਦਿਨ ਮੌਕੇ ਇਕ ਮੈਰਿਜ ਪੈਲੇਸ ’ਚ ਆਯੋਜਿਤ ਉਲੇਮਾ ਪ੍ਰੀਸ਼ਦ ਦੀ ਇਕ ਸਭਾ ਨੂੰ ਨਿਸ਼ਾਨਾ ਬਣਾਇਆ ਗਿਆ। ਹਮਲੇ ਦੇ ਸਮੇਂ ਇਥੇ ਲੱਗਭਗ 1000 ਲੋਕ ਮੌਜੂਦ ਸਨ। ਕਾਬੁਲ ਪੁਲਸ ਦੇ ਬੁਲਾਰੇ ਬਸ਼ੀਰ ਮੁਜਾਹਿਦ ਅਨੁਸਾਰ, ‘‘ਆਤਮਘਾਤੀ ਹਮਲਾਵਰ ਨੇ ਹਾਲ ’ਚ ਦਾਖਲ ਹੋ ਕੇ ਭੀੜ ਦਰਮਿਆਨ ਪਹੁੰਚ ਕੇ ਖੁਦ ਨੂੰ ਧਮਾਕੇ ਨਾਲ ਉਡਾ ਦਿੱਤਾ। ਧਮਾਕੇ ਨੇ ਲੋਕਾਂ ਨੂੰ ਲੱਗਭਗ ਬੋਲ਼ੇ ਕਰ ਦਿੱਤਾ ਅਤੇ ਹਰ ਕੋਈ ਸਹਾਇਤਾ ਲਈ ਚਿੱਲਾਉਣ ਲੱਗਾ।’’
ਇਸੇ ਮਹੀਨੇ ਤਾਲਿਬਾਨੀ ਅੱਤਵਾਦੀਅਾਂ ਨੇ ਦਹਾਕਿਅਾਂ ਤੋਂ ਚੱਲੇ ਆ ਰਹੇ ਸੰਘਰਸ਼ ਨੂੰ ਖਤਮ ਕਰਨ ’ਤੇ ਚਰਚਾ ਕਰਨ ਲਈ ਰੂਸ ਵਲੋਂ ਆਯੋਜਿਤ ਇਕ ਕੌਮਾਂਤਰੀ ਸੰਮੇਲਨ ’ਚ ਹਿੱਸਾ ਲਿਆ ਸੀ ਪਰ ਅਜੇ ਤਕ ਕੋਈ ਸਮਝੌਤਾ ਨਹੀਂ ਹੋਇਆ ਹੈ।
ਇਹ ਸਿਲਸਿਲਾ ਕਿੱਥੇ ਜਾ ਕੇ ਰੁਕੇਗਾ, ਇਹ ਕਹਿਣਾ ਮੁਸ਼ਕਿਲ ਹੈ। ਅੱਜ ਅਫਗਾਨਿਸਤਾਨ ਆਮ ਲੋਕਾਂ ਲਈ ਹੀ ਨਹੀਂ, ਦੇਸ਼-ਵਿਦੇਸ਼ ਦੇ ਪੱਤਰਕਾਰਾਂ ਲਈ ਵੀ ਦੁਨੀਆ ਦਾ ਸਭ ਤੋਂ ਵੱਧ ਖਤਰਨਾਕ ਦੇਸ਼ ਮੰਨਿਆ ਜਾਣ ਲੱਗਾ ਹੈ।  

 –ਵਿਜੇ ਕੁਮਾਰ


Related News