ਕਰਨਾਟਕ ''ਚ ਵੋਟਰਾਂ ਨੂੰ ਵੰਡੀ ਜਾ ਰਹੀ ਸ਼ਰਾਬ, ਕੋਕੀਨ ਅਤੇ ਸਾੜ੍ਹੀਆਂ ਤੋਂ ਇਲਾਵਾ ਕਰੰਸੀ

04/21/2018 1:04:53 AM

224 ਮੈਂਬਰੀ ਕਰਨਾਟਕ ਵਿਧਾਨ ਸਭਾ ਦੀਆਂ 12 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ ਅਤੇ ਵੋਟਰਾਂ ਨੂੰ ਲੁਭਾਉਣ ਲਈ ਨਕਦ ਰਕਮ, ਸੋਨਾ, ਨਸ਼ਾ, ਕੁੱਕਰ, ਸਾੜ੍ਹੀਆਂ ਤੇ ਮੋਟਰਸਾਈਕਲ ਤਕ ਵੰਡੇ ਜਾ ਰਹੇ ਹਨ। 
- ਵੋਟਿੰਗ ਵਾਲੇ ਦਿਨ 12 ਮਈ ਨੂੰ ਸ਼ਨੀਵਾਰ ਅਤੇ ਨਤੀਜੇ ਐਲਾਨੇ ਜਾਣ ਵਾਲੇ ਦਿਨ 15 ਮਈ ਨੂੰ ਮੱਸਿਆ ਹੋਣ ਕਾਰਨ ਕਈ ਉਮੀਦਵਾਰਾਂ ਦੀ ਚਿੰਤਾ ਵਧ ਗਈ ਹੈ ਕਿਉਂਕਿ ਇਨ੍ਹਾਂ ਦੋਹਾਂ ਹੀ ਦਿਨਾਂ ਨੂੰ 'ਸ਼ੁੱਭ' ਨਹੀਂ ਮੰਨਿਆ ਜਾਂਦਾ।
ਇਸੇ ਕਾਰਨ 'ਅਣਹੋਣੀ' ਤੋਂ ਬਚਣ ਲਈ ਕਈ ਆਗੂ ਨਾਮਜ਼ਦਗੀ ਪੱਤਰ ਭਰਨ ਅਤੇ ਚੋਣ ਮੁਹਿੰਮ ਸ਼ੁਰੂ ਕਰਨ ਦਾ ਸ਼ੁੱਭ ਸਮਾਂ ਜਾਣਨ ਲਈ ਜੋਤਿਸ਼ੀਆਂ ਤੇ ਭਵਿੱਖ ਦੱਸਣ ਵਾਲਿਆਂ ਦੀ ਪਨਾਹ 'ਚ ਪਹੁੰਚ ਰਹੇ ਹਨ।
- ਕਰਨਾਟਕ 'ਚ ਚੋਣਾਂ ਲੜ ਰਹੇ ਘੱਟੋ-ਘੱਟ 3 ਸਾਬਕਾ ਮੰਤਰੀਆਂ ਦੀ ਬੇਵਫਾਈ ਦਾ ਸ਼ਿਕਾਰ ਹੋਈਆਂ ਔਰਤਾਂ ਉਨ੍ਹਾਂ ਵਿਰੁੱਧ ਮੈਦਾਨ 'ਚ ਉਤਰ ਆਈਆਂ ਹਨ। ਪ੍ਰੇਮ ਕੁਮਾਰੀ ਨਾਮੀ ਇਕ ਸਰਕਾਰੀ ਮੁਲਾਜ਼ਮ ਦਾ ਦਾਅਵਾ ਹੈ ਕਿ ਭਾਜਪਾ ਸਰਕਾਰ 'ਚ ਮੰਤਰੀ ਰਹਿ ਚੁੱਕੇ ਸੰਘ ਦੇ ਸਾਬਕਾ ਪ੍ਰਚਾਰਕ ਰਾਮਦਾਸ ਨੇ ਵਿਧਾਇਕ ਬਣਨ ਤੋਂ ਪਹਿਲਾਂ ਉਸ ਨਾਲ 'ਗੁਪਤ ਵਿਆਹ' ਕਰਵਾਇਆ ਹੋਇਆ ਸੀ ਅਤੇ ਉਸ ਨੇ ਰਾਮਦਾਸ ਵਿਰੁੱਧ ਚੋਣਾਂ ਲੜਨ ਦਾ ਐਲਾਨ ਕੀਤਾ ਹੈ।
ਜੈਲਕਸ਼ਮੀ ਨਾਮੀ ਨਰਸ, ਜਿਸ ਦੀਆਂ ਭਾਜਪਾ ਸਰਕਾਰ 'ਚ ਸਾਬਕਾ ਮੰਤਰੀ ਐੱਮ. ਪੀ. ਰੇਣੁਕਾਚਾਰੀਆ ਨਾਲ ਇਤਰਾਜ਼ਯੋਗ ਤਸਵੀਰਾਂ ਨੇ ਭਾਰੀ ਵਿਵਾਦ ਪੈਦਾ ਕਰ ਦਿੱਤਾ ਸੀ, ਨੇ ਰੇਣੁਕਾਚਾਰੀਆ ਵਿਰੁੱਧ ਚੋਣਾਂ ਲੜਨ ਦੀ ਇੱਛਾ ਪ੍ਰਗਟਾਈ ਹੈ।  
ਵਿਜੇ ਲਕਸ਼ਮੀ ਨਾਮੀ ਔੌਰਤ ਵਲੋਂ 'ਸੈਕਸੁਅਲ ਫੇਵਰ' ਦਾ ਦੋਸ਼ ਲਾਉਣ 'ਤੇ ਕਾਂਗਰਸ ਸਰਕਾਰ ਤੋਂ ਅਸਤੀਫਾ ਦੇਣ ਵਾਲੇ ਮੰਤਰੀ ਐੱਚ. ਵਾਈ. ਮੈਤੀ ਨੂੰ ਸਬਕ ਸਿਖਾਉਣ ਲਈ ਵਿਜੇ ਲਕਸ਼ਮੀ ਨੇ ਉਸ ਵਿਰੁੱਧ ਚੋਣਾਂ ਲੜਨ ਦਾ ਐਲਾਨ ਕੀਤਾ ਹੈ।
- ਵੋਟਰਾਂ ਨੂੰ ਲੁਭਾਉਣ ਲਈ ਨਕਦ ਰਕਮ ਅਤੇ ਤੋਹਫੇ ਵੰਡਣ ਦਾ ਸਿਲਸਿਲਾ ਜ਼ੋਰਾਂ 'ਤੇ ਹੈ। ਹੁਣ ਤਕ 62.3 ਕਰੋੜ ਰੁਪਏ ਦੀਆਂ ਚੀਜ਼ਾਂ ਜ਼ਬਤ ਕੀਤੀਆਂ ਗਈਆਂ ਹਨ। ਇਨ੍ਹਾਂ 'ਚ ਵੱਡੀ ਮਾਤਰਾ 'ਚ ਸ਼ਰਾਬ ਤੇ ਕੋਕੀਨ ਤੋਂ ਇਲਾਵਾ 116 ਕੁੱਕਰ, 89 ਬਾਲਟੀਆਂ, ਤਿੰਨ ਮੋਟਰਸਾਈਕਲ, 5173 ਪੇਂਟਿੰਗਜ਼, 420 ਸਾੜ੍ਹੀਆਂ, 61 ਸ਼ਾਲ, 7 ਕਿਲੋ ਸੋਨਾ ਤੇ 2.6 ਕਰੋੜ ਰੁਪਏ ਨਕਦ ਆਦਿ ਸ਼ਾਮਲ ਹਨ।
ਬੇਲਾਗਾਵੀ ਪੁਲਸ ਨੇ ਇਕ ਮਕਾਨ 'ਚ ਛਾਪਾ ਮਾਰ ਕੇ 2000-2000 ਰੁਪਏ ਵਾਲੇ ਨੋਟਾਂ ਦੇ 24 ਬੰਡਲ ਜ਼ਬਤ ਕੀਤੇ ਹਨ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਨੋਟ ਚੋਣਾਂ 'ਚ ਵੋਟਰਾਂ ਨੂੰ ਵੰਡਣ ਲਈ ਰੱਖੇ ਗਏ ਸਨ। 
- ਨਾਸਤਿਕ ਹੋਣ ਦੇ ਬਾਵਜੂਦ ਮੁੱਖ ਮੰਤਰੀ ਸਿੱਧਰਮੱਈਆ ਖੁਦ ਨੂੰ ਧਾਰਮਿਕ ਸਿੱਧ ਕਰਨ ਲਈ ਮਹਾਦੇਵਪੁਰਾ ਪਿੰਡ ਦੇ ਚਾਮੁੰਡੇਸ਼ਵਰੀ ਮੰਦਰ 'ਚ ਪਹੁੰਚੇ ਤੇ ਆਰਤੀ ਕੀਤੀ। 
ਇਸੇ ਤਰ੍ਹਾਂ ਇੰਗਲੈਂਡ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਦੇ ਲਿੰਗਾਇਤ ਭਾਈਚਾਰੇ ਦੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਲੰਡਨ 'ਚ ਸੰਤ ਬਸਵੇਸ਼ਵਰ ਦੀ ਮੂਰਤੀ ਦੇ ਦਰਸ਼ਨ ਕੀਤੇ ਅਤੇ ਫੁੱਲਾਂ ਦਾ ਹਾਰ ਚੜ੍ਹਾਇਆ ਤੇ ਅਮਿਤ ਸ਼ਾਹ ਨੇ ਵੀ ਬੈਂਗਲੁਰੂ 'ਚ ਸੰਤ ਬਸਵੇਸ਼ਵਰ ਨੂੰ ਸ਼ਰਧਾਂਜਲੀ ਭੇਟ ਕੀਤੀ। 
- ਕਾਂਗਰਸ ਤੇ ਭਾਜਪਾ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਐੱਚ. ਡੀ. ਦੇਵੇਗੌੜਾ ਦੀ ਪਾਰਟੀ ਜਨਤਾ ਦਲ (ਸੈਕੁਲਰ) ਇਸ ਚੋਣ ਅਖਾੜੇ 'ਚ ਕਿਸਮਤ ਅਜ਼ਮਾਉਣ ਵਾਲੀ ਤੀਜੀ ਮੁੱਖ ਪਾਰਟੀ ਹੈ, ਜਿਸ ਦੀਆਂ ਵੋਟਾਂ ਕੱਟਣ ਲਈ ਮਹਿਲਾ ਐਂਪਾਵਰਮੈਂਟ ਪਾਰਟੀ, ਕਰਨਾਟਕ ਪ੍ਰਗਨੀਵਤਾ ਜਨਤਾ ਪਾਰਟੀ ਤੇ ਭਾਰਤੀ ਜਨ ਸ਼ਕਤੀ ਕਾਂਗਰਸ ਮੈਦਾਨ 'ਚ ਹਨ। 
- ਹੁਣ ਤਕ ਕਾਂਗਰਸ, ਭਾਜਪਾ ਅਤੇ ਜਨਤਾ ਦਲ (ਐੱਸ) ਵਲੋਂ ਐਲਾਨੇ ਗਏ 498 ਉਮੀਦਵਾਰਾਂ ਦੀ ਸੂਚੀ 'ਚ ਔਰਤਾਂ ਤੇ ਮੁਸਲਮਾਨਾਂ ਦੀ ਅਣਦੇਖੀ ਕੀਤੀ ਗਈ ਹੈ ਤੇ ਸਿਰਫ 22 ਔਰਤਾਂ ਤੇ 23 ਮੁਸਲਿਮ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। 
- ਭਾਜਪਾ ਦੇ ਉਮੀਦਵਾਰਾਂ ਦੀ ਦੂਜੀ ਸੂਚੀ 'ਚ ਦਲ-ਬਦਲੂਆਂ ਤੇ ਭਾਜਪਾ ਦੇ ਸ਼ਾਸਨ ਦੌਰਾਨ ਜੇਲ ਗਏ ਚਾਰ ਵਿਧਾਇਕਾਂ ਨੂੰ ਵੀ ਟਿਕਟ ਦਿੱਤੀ ਗਈ ਹੈ, ਜਿਨ੍ਹਾਂ 'ਚ ਮਾਈਨਿੰਗ ਮਾਫੀਆ ਜੀ. ਸੋਮਸ਼ੇਖਰ ਰੈੱਡੀ ਵੀ ਸ਼ਾਮਲ ਹੈ। ਸੋਮਸ਼ੇਖਰ ਨੂੰ ਜ਼ਮਾਨਤ ਦਿਵਾਉਣ ਲਈ ਜੱਜ ਨੂੰ ਰਿਸ਼ਵਤ ਦੇਣ ਦੇ ਦੋਸ਼ ਹੇਠ ਉਸ ਦੇ ਛੋਟੇ ਭਰਾ ਨੂੰ ਵੀ ਜੇਲ ਜਾਣਾ ਪਿਆ ਸੀ।
- ਕਾਂਗਰਸ ਦੀ ਪਹਿਲੀ ਸੂਚੀ ਜਾਰੀ ਹੋਣ ਮਗਰੋਂ ਇਸ ਦੀ ਟਿਕਟ ਦੇ ਚਾਹਵਾਨਾਂ ਦੇ ਬਾਗੀ ਤੇਵਰ ਨਜ਼ਰ ਆਉਣ ਲੱਗੇ ਹਨ। ਟਿਕਟ ਕੱਟਣ ਤੋਂ ਨਾਰਾਜ਼ ਕਾਂਗਰਸੀ ਆਗੂਆਂ ਨੇ 16 ਅਪ੍ਰੈਲ ਨੂੰ ਸੂਬੇ 'ਚ ਜਗ੍ਹਾ-ਜਗ੍ਹਾ ਮੁਜ਼ਾਹਰੇ ਕੀਤੇ ਅਤੇ ਇਕ ਕਾਂਗਰਸੀ ਆਗੂ ਰਵੀ ਕੁਮਾਰ ਦੇ ਸਮਰਥਕਾਂ ਨੇ ਤਾਂ ਮਾਂਡਾਯਾ 'ਚ ਪਾਰਟੀ ਦੇ ਦਫਤਰ 'ਚ ਖੂਬ ਭੰਨ-ਤੋੜ ਵੀ ਕੀਤੀ।
- ਅਮਿਤ ਸ਼ਾਹ ਵਲੋਂ ਮਹੀਨਾ ਭਰ ਕੀਤੇ ਗਏ ਚੋਣ ਪ੍ਰਚਾਰ ਦਾ ਆਸ ਮੁਤਾਬਕ ਪ੍ਰਭਾਵ ਨਾ ਪੈਂਦਾ ਦੇਖ ਕੇ ਸੂਬਾਈ ਭਾਜਪਾ ਚਾਹੁੰਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ 12 ਦਿਨਾਂ ਤਕ ਇਥੇ ਸਾਰੇ 30 ਜ਼ਿਲਿਆਂ 'ਚ ਰੈਲੀਆਂ ਕਰਨ ਪਰ ਉਹ 5-6 ਦਿਨਾਂ 'ਚ 12 ਰੈਲੀਆਂ ਕਰਨ ਲਈ ਹੀ ਸਹਿਮਤ ਹੋਏ ਹਨ, ਜਿਨ੍ਹਾਂ ਦੀ ਸ਼ੁਰੂਆਤ ਸ਼ਾਇਦ 27 ਅਪ੍ਰੈਲ ਨੂੰ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖਰੀ ਦਿਨ ਹੋਵੇਗੀ।
ਕੁਲ ਮਿਲਾ ਕੇ ਇਸ ਸਮੇਂ ਕਰਨਾਟਕ ਦੀਆਂ ਚੋਣਾਂ 'ਚ ਕੁਝ ਅਜਿਹੇ ਦ੍ਰਿਸ਼ ਦੇਖਣ ਨੂੰ ਮਿਲ ਰਹੇ ਹਨ। ਭਵਿੱਖ 'ਚ ਇਨ੍ਹਾਂ ਵਿਚ ਹੋਰ ਕੀ ਕੁਝ ਹੁੰਦਾ ਹੈ, ਇਸ ਦੇ ਲਈ ਥੋੜ੍ਹੀ ਉਡੀਕ ਕਰਨੀ ਪਵੇਗੀ।                                                  
—ਵਿਜੇ ਕੁਮਾਰ


Vijay Kumar Chopra

Chief Editor

Related News