ਦੇਸ਼ ’ਚ ਲਗਾਤਾਰ ਵਧ ਰਹੇ ਔਰਤਾਂ ਅਤੇ ਮਰਦਾਂ ’ਤੇ ‘ਐਸਿਡ ਅਟੈਕ’

Sunday, Dec 18, 2022 - 03:03 AM (IST)

ਦੇਸ਼ ’ਚ ਪਿਛਲੇ ਕੁਝ ਸਮੇਂ ਤੋਂ ਅਪਰਾਧਾਂ ’ਚ ਵਾਧਾ ਹੋਇਆ ਹੈ। ਇਸੇ ਲੜੀ ’ਚ ਐਸਿਡ ਅਟੈਕ (ਤੇਜ਼ਾਬ ਨਾਲ ਹਮਲੇ) ਦਾ ਮਾੜਾ ਰੁਝਾਨ ਵੀ ਵਧ ਰਿਹਾ ਹੈ। ਵਧੇਰੇ ਕਰ ਕੇ ਪ੍ਰੇਮ ਸਬੰਧਾਂ ’ਚ ਅਸਫਲਤਾ ਜਾਂ ਸੈਕਸ ਤੋਂ ਇਨਕਾਰ, ਦਾਜ ਅਤੇ ਜ਼ਮੀਨ ਸਬੰਧੀ ਵਿਵਾਦ ਅਤੇ ਚੋਰੀ-ਚਕਾਰੀ ਆਦਿ ਨੂੰ ਲੈ ਕੇ ਐਸਿਡ ਹਮਲੇ ਤੇਜ਼ ਹੋਏ ਹਨ।

* 4 ਅਗਸਤ ਨੂੰ ਚਤਰਾ (ਝਾਰਖੰਡ) ’ਚ ਆਪਣੀ ਸਹਿਪਾਠਨ ਤੋਂ ਨਾਰਾਜ਼ ਇਕ ਨੌਜਵਾਨ ਨੇ ਉਸ ਸਮੇਂ ਉਸ ’ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ ਜਦੋਂ ਉਹ ਘਰ ’ਚ ਆਪਣੀ ਮਾਂ ਨਾਲ ਇਕ ਹੀ ਮੰਜੀ ’ਤੇ ਸੁੱਤੀ ਹੋਈ ਸੀ। ਇਸ ਕਾਰਨ ਮੁਟਿਆਰ ਅਤੇ ਉਸ ਦੀ ਮਾਂ ਦੋਵੇਂ ਹੀ ਬੁਰੀ ਤਰ੍ਹਾਂ ਝੁਲਸ ਗਈਆਂ। 
* 8 ਅਗਸਤ ਨੂੰ ਕੌਸ਼ਾਂਬੀ (ਉੱਤਰ ਪ੍ਰਦੇਸ਼) ਦੇ ‘ਸਰਾਵਾ’ ਪਿੰਡ ਦੇ ਬੈਂਕ ’ਚ ਦਲਾਲੀ ਅਤੇ ਫਰਜ਼ੀ ਢੰਗ ਨਾਲ ਕਰਜ਼ਾ ਪਾਸ ਕਰਵਾਉਣ ਵਾਲੇ ਬਦਮਾਸ਼ਾਂ ਦੇ ਗਿਰੋਹ ਨੇ ਬੈਂਕ ਮੈਨੇਜਰ ‘ਦੀਕਸ਼ਾ ਸੋਨਕਰ’ ਵੱਲੋਂ ਉਨ੍ਹਾਂ ਦੀ ਗੱਲ ਨਾ ਮੰਨਣ ਕਾਰਨ ਉਸ ’ਤੇ ਤੇਜ਼ਾਬ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। 
* 15 ਅਕਤੂਬਰ ਨੂੰ ਲੁਧਿਆਣਾ ਦੇ ਜਮਾਲਪੁਰ ਇਲਾਕੇ ’ਚ ‘ਚੰਦਾ ਦੇਵੀ’ ਨਾਮੀ ਔਰਤ ਨੂੰ ਆਪਣੇ ਪ੍ਰੇਮੀ ਦੇ ਉਕਸਾਵੇ ’ਚ ਆ ਕੇ ਇਕ ਵਿਅਕਤੀ ’ਤੇ ਤੇਜ਼ਾਬ ਨਾਲ ਹਮਲਾ ਕਰਨ ਦੇ ਦੋਸ਼ ਹੇਠ ਫੜਿਆ ਗਿਆ। 
* 28 ਅਕਤੂਬਰ ਨੂੰ ਸੋਨੀਪਤ ’ਚ ਇਕ ਵਿਅਕਤੀ ਵੱਲੋਂ ਇਕ ਔਰਤ ਦੇ ਵਿਆਹ ਦਾ ਪ੍ਰਸਤਾਵ ਠੁਕਰਾਉਣ ’ਤੇ ਔਰਤ ਨੇ ਉਸ ’ਤੇ ਤੇਜ਼ਾਬ ਸੁੱਟ ਕੇ ਜ਼ਖਮੀ ਕਰ ਦਿੱਤਾ। 
* 2 ਨਵੰਬਰ ਨੂੰ ਸੁਪੌਲ (ਬਿਹਾਰ) ਵਿਖੇ ਇਕ ਨਸ਼ਾ ਸਮੱਗਲਰ ਨੇ ਆਪਣੇ ਗਾਹਕ ਵੱਲੋਂ ਉਧਾਰ ਲਏ ਹੋਏ ਗਾਂਜੇ ਦੇ ਪੈਸੇ ਅਦਾ ਨਾ ਕਰਨ ’ਤੇ ਗਾਹਕ ਅਤੇ ਉਸ ਦੀ ਬੇਟੀ ’ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਪਿਤਾ-ਬੇਟੀ ਦੋਵੇਂ ਝੁਲਸ ਗਏ। 
* 5 ਨਵੰਬਰ ਨੂੰ ਕੇਰਲ ਦੇ ਮੱਲਾਪੁਰਮ ’ਚ ‘ਫਸਾਨਾ ਸ਼ੇਰਿਨ’ ਨਾਮੀ ਔਰਤ ’ਤੇ ਉਸ ਤੋਂ ਵੱਖ ਰਹਿ ਰਹੇ ਪਤੀ ‘ਸ਼ਾਹਨਵਾਜ਼’ ਨੇ ਜ਼ਬਰਦਸਤੀ ਘਰ ’ਚ ਦਾਖਲ ਹੋ ਕੇ ਤੇਜ਼ਾਬ ਡੋਲ੍ਹ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ’ਚ ਝੁਲਸ ਗਈ ਅਤੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ 12 ਨਵੰਬਰ ਨੂੰ ਉਸ ਦੀ ਮੌਤ ਹੋ ਗਈ। 
* 15 ਨਵੰਬਰ ਨੂੰ ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼) ਵਿਖੇ ਗੈਰ-ਕਾਨੂੰਨੀ ਸਬੰਧਾਂ ਦੇ ਸ਼ੱਕ ’ਚ ‘ਰਵਿੰਦਰ’ ਨਾਮੀ ਇਕ ਨੌਜਵਾਨ ਨੇ ਆਪਣੀ ਪਤਨੀ ‘ਨੀਰਜ ਦੇਵੀ’ ਨੂੰ ਕੁੱਟਣ ਪਿੱਛੋਂ ਉਸ ’ਤੇ ਤੇਜ਼ਾਬ ਸੁੱਟ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਝੁਲਸ ਗਈ।  
* 16 ਨਵੰਬਰ ਨੂੰ ਸੁਪੌਲ (ਬਿਹਾਰ) ਦੇ ਇਕ ਪਿੰਡ ’ਚ ਜ਼ਮੀਨ ਦੇ ਵਿਵਾਦ ਨੂੰ ਲੈ ਕੇ ‘ਰਾਜਕੁਮਾਰ ਸਾਹ’ ਅਤੇ ਉਸ ਦੇ ਸਾਥੀ ਨੇ ‘ਸੁਮਿਤ ਸਿੰਘ’ ਨਾਮੀ ਇਕ 35 ਸਾਲਾ ਵਿਅਕਤੀ ’ਤੇ ਉਸ ਸਮੇਂ ਤੇਜ਼ਾਬ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਜਦੋਂ ਉਹ ਖੇਤ ’ਚ ਕੰਮ ਕਰ ਰਿਹਾ ਸੀ। 
* 6 ਦਸੰਬਰ ਨੂੰ ਨਾਗਪੁਰ (ਮਹਾਰਾਸ਼ਟਰ) ’ਚ ਆਪਣੇ ਢਾਈ ਸਾਲ ਦੇ ਬੇਟੇ ਨਾਲ ਜਾ ਰਹੀ ‘ਲਤਾ’ ਨਾਮੀ ਇਕ ਔਰਤ ’ਤੇ ਬੁਰਕਾ ਪਾਈ 2 ਮੁਲਜ਼ਮਾਂ ਨੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਪੁਲਸ ਮੁਤਾਬਕ ਹਮਲਾਵਰਾਂ ਨੇ ਔਰਤ ਦੇ ਪਤੀ ਨਾਲ ਵਿਵਾਦ ਦਾ ਬਦਲਾ ਲੈਣ ਲਈ ਮਾਂ-ਬੇਟੇ ਨੂੰ ਨਿਸ਼ਾਨਾ ਬਣਾਇਆ। 
* ਅਤੇ ਹੁਣ 14 ਦਸੰਬਰ ਨੂੰ ਸਵੇਰ ਵੇਲੇ ਦਿੱਲੀ ਦੇ ਉੱਤਮ ਨਗਰ ’ਚ ਇਕ ਮੁਟਿਆਰ ਨਾਲ ਦੋਸਤੀ ਟੁੱਟਣ ਤੋਂ ਨਾਰਾਜ਼ ਪ੍ਰੇਮੀ ਨੇ ਉਸ ’ਤੇ ਤੇਜ਼ਾਬ ਵਰਗਾ ਪਦਾਰਥ ਸੁੱਟ ਦਿੱਤਾ। ਇਸ ਕਾਰਨ ਮੁਟਿਆਰ ਦਾ ਚਿਹਰਾ ਅਤੇ ਸਰੀਰ ਲਗਭਗ 10 ਫੀਸਦੀ ਝੁਲਸ ਗਏ ਅਤੇ ਅੱਖਾਂ ਨੂੰ ਵੀ ਨੁਕਸਾਨ ਪੁੱਜਾ।

ਤੇਜ਼ਾਬ ਪੀੜਤ ਦਾ ਸਮੇਂ ’ਤੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਸਿਰਫ ਚਮੜੀ ਨੂੰ ਹੀ ਨਹੀਂ, ਸਰੀਰ ਦੇ ਹੋਰਨਾਂ ਅੰਗਾਂ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਪ੍ਰਭਾਵਿਤ ਅੰਗ ਦੇ ਸੁੰਗੜ ਜਾਣ ਕਾਰਨ ਖਾਣਾ-ਪੀਣਾ ਤਾਂ ਕੀ, ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਇਸ ਦਾ ਇਲਾਜ ਬਹੁਤ ਮਹਿੰਗਾ ਹੈ ਅਤੇ ਪਲਾਸਟਿਕ ਸਰਜਰੀ ਵੀ ਪਹਿਲਾਂ ਵਰਗਾ ਚਿਹਰਾ ਅਤੇ ਸਰੀਰ ਨਹੀਂ ਦੇ ਸਕਦੀ। ਇਸੇ ਲਈ ਸੁਪਰੀਮ ਕੋਰਟ ਨੇ ਐਸਿਡ ਅਟੈਕ ਪੀੜਤਾਂ ਨੂੰ ਰਾਹਤ ਦੇਣ ਲਈ ਕੁਝ ਨਿਰਦੇਸ਼ ਜਾਰੀ  ਕੀਤੇ ਹਨ।

ਇਨ੍ਹਾਂ ਅਨੁਸਾਰ ਕੋਈ ਵੀ ਹਸਪਤਾਲ ਤੇਜ਼ਾਬ ਹਮਲੇ ਦੇ ਪੀੜਤ ਦੇ ਇਲਾਜ ਤੋਂ ਨਾਂਹ ਨਹੀਂ ਕਰ ਸਕਦਾ। ਐਸਿਡ ਅਟੈਕ ਪੀੜਤਾਂ ਲਈ ਮੁਫਤ ਇਲਾਜ ਦੀ ਵਿਵਸਥਾ ਹੈ। ਕਾਨੂੰਨ ਦੀ ਧਾਰਾ 326 (ਏ) ਦੇ ਮੁਤਾਬਕ ਤੇਜ਼ਾਬ ਹਮਲੇ ’ਚ ਸਥਾਈ ਜਾਂ ਅੰਸ਼ਿਕ ਰੂਪ ਨਾਲ ਨੁਕਸਾਨ ਨੂੰ ਗੰਭੀਰ ਜੁਰਮ ਮੰਨਦੇ ਹੋਏ ਇਸ ਨੂੰ ਗੈਰ-ਜ਼ਮਾਨਤੀ ਅਪਰਾਧ ਕਰਾਰ ਦਿੱਤਾ ਗਿਆ ਹੈ ਅਤੇ ਇਸ ਅਧੀਨ ਦੋਸ਼ੀ ਨੂੰ ਘੱਟੋ-ਘੱਟ 10 ਸਾਲ ਅਤੇ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।

ਇਸ ਤੋਂ ਇਲਾਵਾ ਤੇਜ਼ਾਬ ਦੀ ਖੁੱਲ੍ਹੀ ਵਿਕਰੀ ’ਤੇ ਰੋਕ ਲਾਉਣ ਦਾ ਨਿਰਦੇਸ਼ ਵੀ ਦਿੱਤਾ ਗਿਆ ਹੈ ਪਰ ਤੇਜ਼ਾਬ ਸ਼ਰੇਆਮ ਵਿਕ ਰਿਹਾ ਹੈ। ਇਸ ਲਈ ਨਾ ਸਿਰਫ ਪੂਰੇ ਦੇਸ਼ ’ਚ ਤੇਜ਼ਾਬ ਦੀ ਵਿਕਰੀ ’ਤੇ ਪਾਬੰਦੀ ’ਤੇ ਸਖਤੀ ਨਾਲ ਅਮਲ ਕਰਵਾਉਣ ਸਗੋਂ ਅਜਿਹਾ ਗੰਭੀਰ ਅਪਰਾਧ ਕਰਨ ਵਾਲਿਆਂ ਨੂੰ ਜਬਰ-ਜ਼ਨਾਹੀਆਂ ਤੋਂ ਵੀ ਵੱਧ ਸਖਤ ਸਜ਼ਾ ਦੇਣ ਦੀ ਲੋੜ ਹੈ।

-ਵਿਜੇ ਕੁਮਾਰ


Mukesh

Content Editor

Related News