‘ਕੋਰੋਨਾ’ ਸੁਰੱਖਿਆ ਕਵਚ ਅਤੇ ਹੋਰ ਮੈਡੀਕਲ ਸਮੱਗਰੀ ਦੇ ਨਿਰਮਾਣ ’ਚ ਤੇਜ਼ੀ ਲਿਆਂਦੀ ਜਾਵੇ

04/08/2020 2:04:15 AM

ਦੇਸ਼ ਦੇ ਕੁਝ ਹਿੱਸਿਆਂ ਵਿਚ ‘ਕੋਰੋਨਾ’ ਤੀਸਰੀ ਸਟੇਜ ’ਚ ਪਹੁੰਚ ਗਿਆ ਹੈ, ਜਿਸ ਨੂੰ ਬਾਕੀ ਦੇਸ਼ ’ਚ ਫੈਲਣ ਤੋਂ ਰੋਕਣ ਲਈ ਮੈਡੀਕਲ ਸਟਾਫ ਨੂੰ ਵਧੇੇਰੇ ਚੁਸਤ ਕਰਨ ਅਤੇ ਨਿੱਜੀ ਸੁਰੱਖਿਆ ਕਵਚ PPE (personal protection equipment), ਹੋਰ ਲੋੜੀਂਦੇ ਸ੍ਰੋਤਾਂ ਅਤੇ ਦਵਾਈਆਂ ਨਾਲ ਲੈਸ ਕਰਨ ਦੀ ਤੁਰੰਤ ਲੋੜ ਹੈ ਕਿਉਂਕਿ ਇਨ੍ਹਾਂ ਦੀ ਘਾਟ ਨਾਲ ਰੋਗੀਆਂ, ਡਾਕਟਰਾਂ ਅਤੇ ਹੋਰ ਮੈਡੀਕਲ ਸਟਾਫ ’ਚ ਇਨਫੈਕਸ਼ਨ ਦਾ ਖਤਰਾ ਵਧ ਰਿਹਾ ਹੈ। ਸਾਰੇ ਸਰਕਾਰੀ ਭਰੋਸਿਆਂ ਦੇ ਬਾਵਜੂਦ ਕੋਰੋਨਾ ਦੀ ਚੁਣੌਤੀ ਨਾਲ ਨਜਿੱਠਣ ’ਚ ਡਾਕਟਰਾਂ ਅਤੇ ਹੋਰ ਮੈਡੀਕਲ ਸਟਾਫ ਨੂੰ ਹੋਰ ਵਸਤੂਆਂ ਤੋਂ ਇਲਾਵਾ ਨਿੱਜੀ ਸੁਰੱਖਿਆ ਕਵਚ (ਡਾਕਟਰਾਂ ਵਲੋਂ ਪਹਿਨੀ ਜਾਣ ਵਾਲੀ ਪੋਸ਼ਾਕ) ਵੀ ਮੰਗ ਦੇ ਹਿਸਾਬ ਨਾਲ ਮੁਹੱਈਆ ਨਹੀਂ ਹੋ ਰਹੇ। ‘ਕੋਰੋਨਾ’ ਵਿਰੁੱਧ ਲੜਾਈ ’ਚ ਨੋਡਲ ਸੈਂਟਰ ਬਣਾਏ ਗਏ ਦਿੱਲੀ ਦੇ ਸਫਦਰਜੰਗ ਹਸਪਤਾਲ ਦੀ ‘ਰੈਜ਼ੀਡੈਂਟ ਡਾਕਟਰਸ ਐਸੋਸੀਏਸ਼ਨ’ ਦੇ ਅਨੁਸਾਰ ‘ਕੋਰੋਨਾ’ ਨਾਲ ਲੜਨ ਦੇ ਲਈ ਡਾਕਟਰਾਂ ਅਤੇ ਹੋਰ ਮੈਡੀਕਲ ਸਟਾਫ ਦੇ ਲਈ ਲੱਗਭਗ 50,000 ਪੀ. ਪੀ. ਈ. ਕਿੱਟਸ, 50,000 ਐੱਨ-95 ਮਾਸਕ, 3 ਲੱਖ ਟ੍ਰਿਪਲ ਲੇਅਰ ਮਾਸਕ ਅਤੇ ਲੱਗਭਗ 10,000 ਬੋਤਲ ਸੈਨੇਟਾਈਜ਼ਰ (500 ਐੱਮ. ਐੱਲ.) ਦੀ ਲੋੜ ਹੈ। ਵੱਖ-ਵੱਖ ਹਸਪਤਾਲਾਂ ਦਾ ਮੈਡੀਕਲ ਸਟਾਫ ਘਟੀਆ ਪੀ. ਪੀ. ਈ. ਅਤੇ ਐੱਨ.-95 ਮਾਸਕ ਅਤੇ ਸੈਨੇਟਾਈਜ਼ਰਾਂ ਵਰਗੀਆਂ ਮੁੱਢਲੀਆਂ ਚੀਜ਼ਾਂ ਦੀ ਕਮੀ ਦੀ ਸ਼ਿਕਾਇਤ ਵੀ ਕਰ ਰਿਹਾ ਹੈ। ਕੋਲਕਾਤਾ ’ਚ ਇਕ ਪ੍ਰਮੁੱਖ ਡਾਕਟਰ ‘ਇੰਦਰਨੀਲ ਖਾਨ’ ਨੂੰ 29 ਮਾਰਚ ਨੂੰ ਇਹ ਸ਼ਿਕਾਇਤ ਕਰਨ ’ਤੇ ਹਿਰਾਸਤ ’ਚ ਲੈ ਲਿਆ ਗਿਆ ਸੀ ਕਿ : ‘‘ਹਸਪਤਾਲਾਂ ਨੂੰ ਸਪਲਾਈ ਕੀਤੀ ਜਾਣ ਵਾਲੀ ਸਮੱਗਰੀ ਘਟੀਆ ਅਤੇ ਲੋੜ ਤੋਂ ਘੱਟ ਹੈ। ‘ਕੋੋਰੋਨਾ’ ਦਾ ਮੁਕਾਬਲਾ ਕਰਨਾ ਕੋਈ ਖੇਡ ਨਹੀਂ ਹੈ...ਸਰਕਾਰੀ ਹਸਪਤਾਲ ਸ੍ਰੋਤਾਂ ਨਾਲ ਬਿਲਕੁਲ ਲੈਸ ਨਹੀਂ ਹਨ, ਜਿਸ ਕਾਰਣ ਡਾਕਟਰਾਂ ’ਚ ਹੀ ਨਹੀਂ ਸਗੋਂ ਹੋਰ ਰੋਗੀਆਂ ’ਚ ਵੀ ਇਨਫੈਕਸ਼ਨ ਫੈਲਣ ਦਾ ਖਤਰਾ ਹੈ। ਇਸੇ ਤਰ੍ਹਾਂ ਬੈਂਗਲੁਰੂ ਦੇ ਇਕ ਹਸਪਤਾਲ ਦੇ ਆਈ. ਸੀ. ਯੂ. ’ਚ ਤਾਇਨਾਤ ਡਾ. ਰਵਿੰਦਰ ਰੈੱਡੀ ਦੇ ਅਨੁਸਾਰ, ‘‘ਡਾਕਟਰਾਂ ਨੂੰ ਰੋਗੀ ਦੇ ਸਰੀਰ ’ਚੋਂ ਨਿਕਲੇ ਕਿਸੇ ਵੀ ਕਿਸਮ ਦੇ ਤਰਲ ਦੇ ਸਪਰਸ਼ ’ਚ ਆਉਣ ਤੋਂ ਬਚਣ ਲਈ ਕੋੋੋਰੋਨਾ ਵਰਗੇ ਲੱਛਣਾਂ ਵਾਲੇ ਅਤੇ ਇਥੋਂ ਤਕ ਕਿ ਕੋਰੋਨਾ ਦੇ ਲੱਛਣਾਂ ਤੋਂ ਰਹਿਤ ਰੋਗੀਆਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੂੰ ਗੌਗਲਜ਼ ਅਤੇ ਐੱਨ-95 ਮਾਸਕ, ਚਿਹਰਾ ਢਕਣ ਵਾਲੇ ‘ਸ਼ੀਲਡ’ ਅਤੇ ਪੀ. ਪੀ. ਈ. ਗਾਊਨਜ਼ ਦੀ ਲੋੜ ਹੁੰਦੀ ਹੈ।’’ ਇਸ ਸਮੇਂ ਜਦਕਿ ਭਾਰਤ ਵਿਚ ਆਪਣੀਆਂ ਮੈਡੀਕਲ ਸਮੱਗਰੀ ਸਬੰਧੀ ਲੋੜਾਂ ਦੀ ਪੂਰਤੀ ਕਰਨ ਦੇ ਨਾਲ-ਨਾਲ ਹੋਰ ਲੋੜਵੰਦ ਦੇਸ਼ਾਂ ਨੂੰ ਕੋੋਰੋਨਾ ਦੇ ਇਲਾਜ ਵਿਚ ਜ਼ਰੂਰੀ ਦਵਾਈਆਂ ਅਤੇ ਉਪਕਰਨ ਦਰਾਮਦ ਕਰਨ ਨੂੰ ਲੈ ਕੇ ਬਹਿਸ ਛਿੜੀ ਹੋਈ ਹੈ। ਭਾਰਤ ਵਿਚ ਘਰੇਲੂ ਲੋੜ ਲਈ ਮੈਡੀਕਲ ਸਮੱਗਰੀ ਦੀ ਕਮੀ ਗੰਭੀਰ ਸਮੱਸਿਆ ਬਣੀ ਹੋਈ ਹੈ । ਹਾਲਾਂਕਿ ਦੇਸ਼ ਵਿਚ ਪੀ. ਪੀ. ਈ. ਅਤੇ ਹੋਰ ਮੈਡੀਕਲ ਸਮੱਗਰੀ ਇੰਨੀ ਮਾਤਰਾ ’ਚ ਮੁਹੱਈਆ ਨਹੀਂ ਹੈ, ਜਿਸ ਨਾਲ ਘਰੇਲੂ ਮੰਗ ਪੂਰੀ ਹੋ ਸਕੇ ਪਰ ਲੋੜਵੰਦ ਦੇਸ਼ ਇਸ ਆਸ ਨਾਲ ਭਾਰਤ ਵੱਲ ਤੱਕ ਰਹੇ ਹਨ ਕਿ ਭਾਰਤ ਸਰਕਾਰ ਇਸ ਮਹਾਮਾਰੀ ਦੇ ਦੌਰ ਵਿਚ ਉਨ੍ਹਾਂ ਦੀ ਵੱਖ-ਵੱਖ ਮੈਡੀਕਲ ਯੰਤਰਾਂ ਆਦਿ ਦੀ ਲੋੜ ਪੂਰੀ ਕਰੇਗੀ। ਜੇਕਰ ਭਾਰਤ ਨੇ ਆਪਣਾ ਮੋਹਰੀ ਦਵਾਈ ਉਤਪਾਦਕ ਅਤੇ ਬਰਾਮਦਕਾਰ ਦਾ ਦਰਜਾ ਕਾਇਮ ਰੱਖਣਾ ਹੈ ਤਾਂ ਹਰੇਕ ਦਵਾਈ ਨਿਰਮਾਤਾ ਨੂੰ ਆਪਣੇ ਘਰੇਲੂ ਬਾਜ਼ਾਰ ਲਈ ਮੈਡੀਕਲ ਸਮੱਗਰੀ ਹਾਈਡ੍ਰੋਕਸੀਕਲੋਰੋਕੁਈਨ, ਟੈਸਟਿੰਗ ਕਿੱਟਾਂ ਅਤੇ ਪੀ. ਪੀ. ਈ. ਆਦਿ ਦੇ ਨਿਰਮਾਣ ਵਿਚ ਤੇਜ਼ੀ ਲਿਆ ਕੇ ਘਰੇਲੂ ਖਪਤ ਲਈ ਇਸ ਦਾ ਕੋਟਾ ਨਿਰਧਾਰਿਤ ਕਰਨਾ ਅਤੇ ਬਾਕੀ ਸਮੱਗਰੀ ਦੂਸਰੇ ਦੇਸ਼ਾਂ ਨੂੰ ਭੇਜਣ ’ਚ ਸਰਗਰਮ ਭੂਮਿਕਾ ਨਿਭਾਉਣੀ ਹੋਵੇਗੀ। ਕੋਰੋਨਾ ਦੇ ਇਲਾਜ ’ਚ ਕਥਿਤ ਤੌਰ ’ਤੇ ਇਕ ਹੋਰ ਸੰਭਾਵਨਾਪੂਰਨ ਦਵਾਈ ‘ਇਵੇਰਮੈਕਿਟਨ’, ਜੋ ਆਮ ਤੌਰ ’ਤੇ ਸਕੈਬੀਜ਼ ਅਤੇ ਸੂਤਰਕ੍ਰਮਿ (ਰਾਊਂਡ ਵਰਮ) ਦੇ ਇਲਾਜ ’ਚ ਵਰਤੀ ਜਾਂਦੀ ਹੈ। ਇਸ ਲਈ ਹੋਰ ‘ਘੱਟ ਜ਼ਰੂਰੀ’ ਦਵਾਈਆਂ ਦਾ ਉਤਪਾਦਨ ਆਰਜ਼ੀ ਤੌਰ ’ਤੇ ਬੰਦ ਕਰ ਕੇ ਕੋਰੋਨਾ ਦੇ ਇਲਾਜ ’ਚ ਢੁੱਕਵੀਆਂ ਸੰਭਾਵਿਤ ਦਵਾਈਆਂ ਦਾ ਉਤਪਾਦਨ ਤੇਜ਼ ਕੀਤਾ ਜਾਵੇ। ਭਾਰਤ ਵਿਚ ਅਮਰੀਕਾ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡਾਂ ਅਨੁਸਾਰ ਕੰਮ ਕਰਨ ਵਾਲੀਆਂ ਸਭ ਤੋਂ ਵੱਧ (1300 ਤੋਂ ਵੱਧ) ਦਵਾਈ ਨਿਰਮਾਤਾ ਇਕਾਈਆਂ ਹਨ, ਨਾਲ ਹੀ ਜਨਤਕ ਖੇਤਰ ਦੀਆਂ ਬੀਮਾਰ ਪਈਆਂ ਦਵਾਈ ਨਿਰਮਾਤਾ ਇਕਾਈਆਂ ‘ਇੰਡੀਅਨ ਡਰੱਗਜ਼ ਐਂਡ ਫਾਰਮਾਸਿਊਟੀਕਲਜ਼ ਲਿਮਟਿਡ’ ਅਤੇ ‘ਹਿੰਦੁਸਤਾਨ ਐਂਟੀਬਾਇਓਟਿਕਸ ਲਿਮਟਿਡ’ ਆਦਿ ਨੂੰ ਵੱਖ-ਵੱਖ ਦਵਾਈਆਂ ਅਤੇ ਉਨ੍ਹਾਂ ’ਚ ਵਰਤੇ ਜਾਂਦੇ ਬੁਨਿਆਦੀ ਤੱਤਾਂ ਦਾ ਨਿਰਮਾਣ ਤੇਜ਼ ਕਰਨ ਲਈ ਪੁਨਰ-ਜੀਵਤ ਕੀਤਾ ਜਾ ਸਕਦਾ ਹੈ, ਜਿਸ ਦੀ ਇਸ ਸਮੇਂ ਬਹੁਤ ਲੋੜ ਹੈ। ਭਾਰਤ ਇਸ ਸਮੇਂ ਦਵਾਈਆਂ ਦੇ ਨਿਰਮਾਣ ’ਚ ਵਰਤੇ ਜਾਣ ਵਾਲੇ ਲੱਗਭਗ 60 ਫੀਸਦੀ ਬੁਨਿਆਦੀ ਤੱਤ ਵਿਦੇਸ਼ਾਂ ਤੋਂ ਮੰਗਵਾਉਂਦਾ ਹੈ, ਇਸ ਲਈ ਇਸ ਦਰਾਮਦ ’ਤੇ ਨਿਰਭਰਤਾ ਘਟਾਉਣ ਲਈ ਇਨ੍ਹਾਂ ਦੇ ਘਰੇਲੂ ਉਤਪਾਦਨ ਵਿਚ ਵੀ ਤੇਜ਼ੀ ਲਿਆਉਣ ਦੀ ਇਕ ਨਵੀਂ ਪ੍ਰਭਾਵਸ਼ਾਲੀ ਨੀਤੀ ਬਣਾਉਣ ਦੀ ਲੋੜ ਹੈ, ਤਾਂ ਹੀ ਅਸੀਂ ਘੱਟ ਲਾਗਤ ’ਤੇ ਜ਼ਰੂਰੀ ਦਵਾਈਅਾਂ ਦਾ ਉਤਪਾਦਨ ਕਰ ਕੇ ਆਪਣੀ ਅਤੇ ਬਾਕੀ ਵਿਸ਼ਵ ਦੀ ਲੋੜ ਪੂਰੀ ਕਰ ਸਕਾਂਗੇ।

-ਵਿਜੇ ਕੁਮਾਰ\\\


Bharat Thapa

Content Editor

Related News