ਜਹਾਜ਼ਾਂ ਦੇ ਵਾਂਗ ‘ਹੁਣ ਬੱਸਾਂ ’ਚ ਵੀ ਹੋਣ ਲੱਗੀਆਂ ਬੇਹੂਦਾ ਹਰਕਤਾਂ’
Saturday, Feb 25, 2023 - 01:29 AM (IST)
ਪਿਛਲੇ ਦਿਨੀਂ ਜਹਾਜ਼ਾਂ ’ਚ ਯਾਤਰੀਆਂ ਵੱਲੋਂ ਸ਼ਰਾਬ ਦੇ ਨਸ਼ੇ ’ਚ ਦੂਜੇ ਯਾਤਰੀਆਂ ’ਤੇ ਪਿਸ਼ਾਬ ਕਰਨ ਦੀਆਂ ਘਟਨਾਵਾਂ ਨੂੰ ਲੈ ਕੇ ਭਾਰੀ ਵਿਵਾਦ ਪੈਦਾ ਹੋਏ।
ਇਸ ਤਰ੍ਹਾਂ ਦੀ ਪਹਿਲੀ ਘਟਨਾ 26 ਨਵੰਬਰ, 2022 ਨੂੰ ਨਿਊਯਾਰਕ ਤੋਂ ਦਿੱਲੀ ਆ ਰਹੇ ‘ਏਅਰ ਇੰਡੀਆ’ ਦੇ ਜਹਾਜ਼ ’ਚ ਹੋਈ ਜਦੋਂ ਬਿਜ਼ਨੈੱਸ ਕਲਾਸ ’ਚ ਯਾਤਰਾ ਕਰ ਰਹੀ 70 ਸਾਲਾ ਔਰਤ ਯਾਤਰੀ ’ਤੇ ਨਸ਼ੇ ’ਚ ਧੁੱਤ ਇਕ ਯਾਤਰੀ ਨੇ ਪਿਸ਼ਾਬ ਕਰ ਦਿੱਤਾ।
ਉਕਤ ਘਟਨਾ ਦੇ ਬਾਅਦ 6 ਦਸੰਬਰ, 2022 ਨੂੰ ਦੂਜੀ ਘਟਨਾ ’ਚ ‘ਏਅਰ ਇੰਡੀਆ’ ਦੇ ਹੀ ਪੈਰਿਸ ਤੋਂ ਦਿੱਲੀ ਆਉਣ ਵਾਲੇ ਜਹਾਜ਼ ’ਚ ਇਕ ਸ਼ਰਾਬੀ ਯਾਤਰੀ ਨੇ ਇਕ ਔਰਤ ਯਾਤਰੀ ਦੇ ਕੰਬਲ ’ਤੇ ਪਿਸ਼ਾਬ ਕਰ ਦਿੱਤਾ।
ਹੁਣ ਇਹ ਬੁਰਾਈ ਬੱਸਾਂ ’ਚ ਵੀ ਪਹੁੰਚਣ ਲੱਗੀ ਹੈ। ਕਰਨਾਟਕ ’ਚ ਵਿਜੇਪੁਰਾ ਤੋਂ ਮੈਂਗਲੂਰ ਜਾ ਰਹੀ ਸਟੇਟ ਟ੍ਰਾਂਸਪੋਰਟ ਨਿਗਮ ਦੀ ਨਾਨ-ਏ. ਸੀ. ਸਲੀਪਰ ਬੱਸ ’ਚ ਬੀਤੀ 21 ਫਰਵਰੀ ਦੀ ਰਾਤ ਨੂੰ ਨਸ਼ੇ ਦੀ ਹਾਲਤ ’ਚ ਇਕ ਯਾਤਰੀ ਨੇ ਇਕ ਮੁਟਿਆਰ ਦੀ ਸੀਟ ’ਤੇ ਉਸ ਸਮੇਂ ਪਿਸ਼ਾਬ ਕਰ ਦਿੱਤਾ ਜਦੋਂ ਇਕ ਢਾਬੇ ’ਤੇ ਰੁਕੀ ਬੱਸ ’ਚੋਂ ਉਤਰ ਕੇ ਯਾਤਰੀ ਖਾਣਾ ਖਾ ਰਹੇ ਸਨ।
ਖਾਣਾ ਖਾ ਕੇ ਬੱਸ ’ਚ ਪਰਤੀ ਮੁਟਿਆਰ ਨੇ ਉਸ ਨੂੰ ਅਜਿਹਾ ਕਰਦੇ ਦੇਖ ਕੇ ਰੌਲਾ ਪਾਇਆ ਜਿਸ ’ਤੇ ਚਾਲਕ ਟੀਮ ਦੇ ਮੈਂਬਰਾਂ ਨੇ ਹੋਰਨਾਂ ਯਾਤਰੀਆਂ ਦੀ ਸਹਾਇਤਾ ਨਾਲ ਉਸ ਨੂੰ ਫੜ ਕੇ ਬੜੀ ਮੁਸ਼ਕਲ ਨਾਲ ਬੱਸ ’ਚੋਂ ਹੇਠਾਂ ਉਤਾਰਿਆ ਅਤੇ ਇਸ ਦੌਰਾਨ ਸ਼ਰਾਬੀ ਯਾਤਰੀ ਨੇ ਉਨ੍ਹਾਂ ਸਾਰੇ ਲੋਕਾਂ ਨਾਲ ਬਦਤਮੀਜ਼ੀ ਵੀ ਕੀਤੀ।
ਅਜਿਹਾ ਆਚਰਣ ਕੋਈ ਵੀ ਹੋਸ਼-ਹਵਾਸ ਵਾਲਾ ਵਿਅਕਤੀ ਨਹੀਂ ਕਰ ਸਕਦਾ ਅਤੇ ਇਹ ਸ਼ਰਾਬ ਦੀ ਵਰਤੋਂ ਦਾ ਹੀ ਭੈੜਾ ਨਤੀਜਾ ਹੈ ਪਰ ਮੁਸ਼ਕਲ ਇਹ ਹੈ ਕਿ ਦੇਸ਼ ’ਚ ਸ਼ਰਾਬ ’ਤੇ ਰੋਕ ਲਾਉਣੀ ਔਖੀ ਹੈ ਕਿਉਂਕਿ ਸਰਕਾਰਾਂ ਤਾਂ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੀਆਂ।
ਉਂਝ ਤਾਂ ਸਾਰੀਆਂ ਸਿਆਸੀ ਪਾਰਟੀਆਂ ਨਸ਼ਿਆਂ ਦੇ ਵਿਰੁੱਧ ਗੱਲਾਂ ਕਰਦੀਆਂ ਹਨ ਪਰ ਸੱਤਾ ’ਚ ਆਉਣ ’ਤੇ ਆਪਣਾ ਮਾਲੀਆ ਵਧਾਉਣ ਲਈ ਸ਼ਰਾਬ ਦਾ ਉਤਪਾਦਨ ਅਤੇ ਕੋਟਾ ਹੋਰ ਵਧਾ ਦਿੰਦੀਆਂ ਹਨ ਕਿਉਂਕਿ ਆਮ ਤੌਰ ’ਤੇ ਸਰਕਾਰਾਂ ਨਸ਼ਿਆਂ ਦੀ ਵਿਕਰੀ ਤੋਂ ਪ੍ਰਾਪਤ ਮਾਲੀਏ ਨਾਲ ਹੀ ਚੱਲਦੀਆਂ ਹਨ।
ਇਸ ਲਈ ਜਿਸ ਤਰ੍ਹਾਂ ਜਹਾਜ਼ਾਂ ’ਚ ਯਾਤਰੀਆਂ ਦਾ ਖਰੂਦ ਰੋਕਣ ਦੇ ਲਈ ਸਖਤੀ ਵਰਤਣੀ ਸ਼ੁਰੂ ਕੀਤੀ ਗਈ ਹੈ, ਉਵੇਂ ਹੀ ਬੱਸਾਂ ’ਚ ਵੀ ਅਜਿਹੀ ਕੁਝ ਵਿਵਸਥਾ ਕਰਨੀ ਚਾਹੀਦੀ ਹੈ ਤਾਂ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਜਿਨ੍ਹਾਂ ਨੂੰ ਦੇਖ ਕੇ ਅਜਿਹਾ ਜਾਪਦਾ ਹੈ ਜਿਵੇਂ ਲੋਕ ਆਮ ਸ਼ਿਸ਼ਟਾਚਾਰ ਦੇ ਸੰਸਕਾਰ ਹੀ ਭੁੱਲ ਗਏ ਹਨ।
-ਵਿਜੇ ਕੁਮਾਰ