ਵੱਧ ਬੱਚੇ ਪੈਦਾ ਕਰਨ ਬਾਰੇ 2 ਆਗੂਆਂ ਦੇ ‘ਬੇਤੁਕੇ’ ਬਿਆਨ
Friday, Jan 12, 2024 - 06:08 AM (IST)
7 ਜਨਵਰੀ ਨੂੰ ਕਰਨਾਟਕ ਦੇ ਉਡੁਪੀ ਤੋਂ ਭਾਜਪਾ ਵਿਧਾਇਕ ‘ਹਰੀਸ਼ ਪੂੰਜਾ’ ਨੇ ਇਕ ਧਾਰਮਿਕ ਸਮਾਗਮ ’ਚ ਇਹ ਿਬਆਨ ਦੇ ਕੇ ਵਿਵਾਦ ਖੜਾ ਕਰ ਦਿੱਤਾ ਕਿ ‘‘ਜੇ ਹਿੰਦੂ ਸਿਰਫ ਇਕ ਜਾਂ ਦੋ ਬੱਚੇ ਪੈਦਾ ਕਰਦੇ ਹਨ ਤਾਂ ਇਹ ਕਾਫੀ ਨਹੀਂ ਹੋਵੇਗਾ ਅਤੇ ਭਾਰਤ ’ਚ ਮੁਸਲਮਾਨਾਂ ਦੀ ਆਬਾਦੀ ਹਿੰਦੂਆਂ ਨਾਲੋਂ ਵੱਧ ਹੋ ਜਾਵੇਗੀ।’’
‘‘ਕੁਝ ਲੋਕ ਸੋਚਦੇ ਹਨ ਕਿ ਭਾਰਤ ’ਚ ਹਿੰਦੂਆਂ ਦੀ ਆਬਾਦੀ 80 ਕਰੋੜ ਅਤੇ ਮੁਸਲਮਾਨਾਂ ਦੀ ਆਬਾਦੀ ਸਿਰਫ 20 ਕਰੋੜ ਹੈ ਪਰ ਤੁਹਾਨੂੰ ਦੂਜੀ ਦਿਸ਼ਾ ’ਚ ਸੋਚਣ ਦੀ ਲੋੜ ਹੈ। ਮੁਸਲਮਾਨ 4-4 ਬੱਚੇ ਪੈਦਾ ਕਰ ਰਹੇ ਹਨ ਅਤੇ ਅਸੀਂ (ਹਿੰਦੂ) ਜ਼ਿਆਦਾਤਰ ਇਕ ਜਾਂ ਦੋ ਬੱਚੇ ਪੈਦਾ ਕਰਦੇ ਹਾਂ। ਜੇ 20 ਕਰੋੜ ਮੁਸਲਮਾਨ 4-4 ਬੱਚੇ ਪੈਦਾ ਕਰਨ ਤਾਂ ਉਨ੍ਹਾਂ ਦੀ ਆਬਾਦੀ ਵਧ ਕੇ 80 ਕਰੋੜ ਹੋ ਜਾਵੇਗੀ ਅਤੇ ਸਾਡੀ ਆਬਾਦੀ ਘੱਟ ਕੇ 20 ਕਰੋੜ ਰਹਿ ਜਾਵੇਗੀ।’’
ਇਸੇ ਤਰ੍ਹਾਂ 9 ਜਨਵਰੀ ਨੂੰ ਰਾਜਸਥਾਨ ਦੀ ਭਾਜਪਾ ਸਰਕਾਰ ’ਚ ਮੰਤਰੀ ‘ਬਾਬੂ ਲਾਲ ਖਰਾੜੀ’ ਨੇ ਉਦੈਪੁਰ ਦੀ ਇਕ ਸਭਾ ’ਚ ਇਕ ਬੇਤੁਕਾ ਬਿਆਨ ਦਿੰਦੇ ਹੋਏ ਕਿਹਾ,‘‘ਲੋਕਾਂ ਨੂੰ ਖੂਬ ਬੱਚੇ ਪੈਦਾ ਕਰਨੇ ਚਾਹੀਦੇ ਹਨ। ਮਕਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਣਗੇ ਅਤੇ ਗੈਸ ਵੀ ਸਸਤੀ ਮਿਲੇਗੀ ਕਿਉਂਕਿ ਪ੍ਰਧਾਨ ਮੰਤਰੀ ਦਾ ਸੁਫਨਾ ਹੈ ਕਿ ਕੋਈ ਵੀ ਭੁੱਖਾ ਅਤੇ ਸਿਰ ’ਤੇ ਛੱਤ ਦੇ ਬਿਨਾਂ ਨਹੀਂ ਰਹੇਗਾ ਤਾਂ ਫਿਰ ਚਿੰਤਾ ਕਿਸ ਗੱਲ ਦੀ!’’
ਮੰਤਰੀ ‘ਬਾਬੂ ਲਾਲ ਖਰਾੜੀ’ ਦਾ ਇਹ ‘ਸੁਝਾਅ’ ਸੁਣ ਕੇ ਸਭਾ ’ਚ ਮੌਜੂਦਾ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਸਮੇਤ ਹੋਰ ਲੋਕ ਪ੍ਰਤੀਨਿਧੀ ਇਕ-ਦੂਜੇ ਦਾ ਮੂੰਹ ਵੇਖਣ ਲੱਗੇ ਅਤੇ ਲੋਕ ਹੱਸਣ ਲੱਗੇ। ਵਰਨਣਯੋਗ ਹੈ ਕਿ ‘ਬਾਬੂ ਲਾਲ ਖਰਾੜੀ’ ਦੀਆਂ 2 ਪਤਨੀਆਂ ’ਚੋਂ 4 ਧੀਆਂ ਅਤੇ 4 ਪੁੱਤਰਾਂ ਸਮੇਤ 8 ਬੱਚੇ ਹਨ।
ਅੱਜ ਦੇ ਹਾਲਾਤ ’ਚ ਦੋਵੇਂ ਹੀ ਬਿਆਨ ਕਿਸੇ ਵੀ ਨਜ਼ਰੀਏ ਨਾਲ ਪ੍ਰਾਸੰਗਿਕ ਅਤੇ ਸਹੀ ਨਹੀਂ ਹਨ। ਜਿੱਥੇ ਭਾਰਤ ਗਰੀਬੀ, ਬੇਰੋਜ਼ਗਾਰੀ ਅਤੇ ਮਹਿੰਗਾਈ ਆਦਿ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਉੱਥੇ ਇਕ ਵੱਡੀ ਸਮੱਸਿਆ ਆਬਾਦੀ ਧਮਾਕਾ ਵੀ ਹੈ।
ਆਜ਼ਾਦੀ ਦੇ ਸਮੇਂ ਭਾਰਤ ਦੀ ਆਬਾਦੀ ਲਗਭਗ 34 ਕਰੋੜ ਸੀ, ਜੋ ਹੁਣ ਵੱਧ ਕੇ ਲਗਭਗ 140 ਕਰੋੜ ਹੋ ਗਈ ਹੈ। ਇਸੇ ਨੂੰ ਦੇਖਦੇ ਹੋਏ 1975 ’ਚ ਇੰਦਰਾ ਗਾਂਧੀ ਦੇ ਬੇਟੇ ਸੰਜੇ ਗਾਂਧੀ ਨੇ ਪਰਿਵਾਰ ਨਿਯੋਜਨ ਮੁਹਿੰਮ ਸ਼ੁਰੂ ਕਰਵਾਈ ਸੀ ਅਤੇ ਇਸ ਨੂੰ ਹੁਲਾਰਾ ਦੇਣ ਲਈ ‘ਅਸੀਂ ਦੋ, ਸਾਡੇ ਦੋ’ ਦਾ ਨਾਅਰਾ ਦਿੱਤਾ ਗਿਆ ਸੀ।
ਇਸ ਤੋਂ ਪਹਿਲਾਂ 1965 ਦੇ ਭਾਰਤ-ਪਾਕਿਸਤਾਨ ਜੰਗ ਦੇ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਸਵ. ਲਾਲ ਬਹਾਦੁਰ ਸ਼ਾਸਤਰੀ ਨੇ ‘ਜੈ ਜਵਾਨ, ਜੈ ਕਿਸਾਨ’ ਨਾਅਰਾ ਦਿੱਤਾ ਸੀ। ਇਸ ਨਾਲ ਦੇਸ਼ ਦੀ ਰੱਖਿਆ ’ਚ ਜਵਾਨ (ਫੌਜੀ) ਅਤੇ ਦੇਸ਼ ਦਾ ਅੰਨ ਭੰਡਾਰ ਭਰਨ ’ਚ ਯੋਗਦਾਨ ਲਈ ਕਿਸਾਨ ਦੀ ਕਿਰਤ ਦਾ ਮਹੱਤਵ ਦੱਸਿਆ ਗਿਆ ਸੀ। ਵਰਨਣਯੋਗ ਹੈ ਕਿ ਉਨ੍ਹੀਂ ਦਿਨੀਂ ਦੇਸ਼ ਅੰਨ ਸੰਕਟ ਦੇ ਕਾਰਨ ਅਨਾਜ ਲਈ ਅਮਰੀਕਾ ਵਰਗੇ ਦੇਸ਼ਾਂ ’ਤੇ ਨਿਰਭਰ ਸੀ।
ਇਨ੍ਹੀਂ ਦਿਨੀਂ ਸਿੱਖਿਆ ਦੇ ਪਸਾਰ ਕਾਰਨ ਲੋਕ ਵਿਆਹ ਵੱਡੀ ਉਮਰ ’ਚ ਕਰਨ ਦੇ ਇਲਾਵਾ ਬੱਚੇ ਵੀ ਕੁਝ ਦੇਰ ਨਾਲ ਹੀ ਪੈਦਾ ਕ ਰ ਰਹੇ ਹਨ ਅਤੇ ਵਧੇਰੇ ਜੋੜੇ ਹੁਣ 1 ਜਾਂ ਜ਼ਿਆਦਾਤਰ 2 ਬੱਚਿਆਂ ਨੂੰ ਹੀ ਤਰਜੀਹ ਦਿੰਦੇ ਹਨ ਤਾਂ ਕਿ ਬੱਚਿਆਂ ਦੀ ਪੜ੍ਹਾਈ ਅਤੇ ਪਾਲਣ-ਪੋਸ਼ਣ ਵੀ ਚੰਗੀ ਤਰ੍ਹਾਂ ਹੋਵੇ ਅਤੇ ਔਰਤਾਂ ਦੀ ਸਿਹਤ ਵੀ ਠੀਕ ਰਹੇ।
ਘੱਟ ਬੱਚੇ ਹੋਣ ਕਾਰਨ ਪਰਿਵਾਰ ’ਚ ਖੁਸ਼ਹਾਲੀ ਵੀ ਆਉਂਦੀ ਹੈ। ਇਹੀ ਕਾਰਨ ਹੈ ਕਿ ਹੁਣ ਪੜ੍ਹੇ-ਲਿਖੇ ਮੁਸਲਮਾਨ ਜੋੜੇ ਵੀ ਇਕ ਹੀ ਵਿਆਹ ਕਰਨ ਅਤੇ ਬੱਚੇ ਵੀ ਇਕ ਜਾਂ ਦੋ ਪੈਦਾ ਕਰਨ ਨੂੰ ਹੀ ਤਰਜੀਹ ਦੇਣ ਲੱਗੇ ਹਨ।
ਕਿਉਂਕਿ ਆਬਾਦੀ ਵਾਧੇ ਦਾ ਇਕ ਵੱਡਾ ਕਾਰਨ ਅਨਪੜ੍ਹਤਾ ਹੈ, ਇਸ ਲਈ ਅਨਪੜ੍ਹ ਹੀ, ਭਾਵੇਂ ਉਹ ਕਿਸੇ ਵੀ ਧਰਮ ਦੇ ਹੋਣ, ਵੱਧ ਬੱਚੇ ਪੈਦਾ ਕਰਦੇ ਹਨ। ਇਸ ਨਾਲ ਜ਼ਿੰਦਗੀ ਲੰਘਾਉਣ ’ਚ ਔਖਿਆਈ ਹੋਣ ਦੇ ਨਾਲ-ਨਾਲ ਉਨ੍ਹਾਂ ਦੀ ਉਮਰ ਵੀ ਘੱਟ ਹੋ ਜਾਂਦੀ ਹੈ।
ਘੱਟ ਬੱਚੇ ਹੋਣ ਨਾਲ ਨਾ ਸਿਰਫ ਮਰਦਾਂ, ਔਰਤਾਂ ਅਤੇ ਬੱਚਿਆਂ ਦੀ ਸਿਹਤ ’ਚ ਸੁਧਾਰ ਹੋਵੇਗਾ ਸਗੋਂ ਰੋਜ਼ਗਾਰ ਦੇ ਵੱਧ ਮੌਕੇ ਪ੍ਰਾਪਤ ਹੋਣ ਨਾਲ ਬੱਚਿਆਂ ਦਾ ਭਵਿੱਖ ਵੀ ਰੋਸ਼ਨ ਬਣੇਗਾ ਅਤੇ ਦੇਸ਼ ਤੇਜ਼ੀ ਨਾਲ ਅੱਗੇ ਵਧੇਗਾ।
ਭਾਰਤ ਵਰਗੇ ਦੇਸ਼ ’ਚ ਜਿੱਥੇ ਵੱਡੀ ਗਿਣਤੀ ’ਚ ਜਨਤਾ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੀ ਹੈ, ਜੇ ਲੋਕ ਆਬਾਦੀ ਧਮਾਕੇ ਤੋਂ ਪੈਦਾ ਹੋਣ ਵਾਲੇ ਖਤਰੇ ਨੂੰ ਮਹਿਸੂਸ ਕਰਨ ਅਤੇ ਇਸ ਨੂੰ ਰੋਕਣ ਲਈ ਇਮਾਨਦਾਰੀ ਪੂਰਵਕ ਯਤਨ ਕਰਨ ਤਾਂ ਵਧਦੀ ਆਬਾਦੀ ਦੇ ਭੈੜੇ ਪ੍ਰਭਾਵਾਂ ਤੋਂ ਕੁਝ ਹੱਦ ਤੱਕ ਬਚਿਆ ਜਾ ਸਕਦਾ ਹੈ।
ਇਸ ਦਰਮਿਆਨ ‘ਕ੍ਰੇਡਾਈ ਲਾਇਸਿਸ ਫੋਰਾਸ’ ਦੀ ਇਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ ‘‘ਲਗਾਤਾਰ ਵਧ ਰਹੀ ਆਬਾਦੀ ਦੀ ਮੰਗ ਨੂੰ ਪੂਰਾ ਕਰਨ ਲਈ ਦੇਸ਼ ’ਚ 2036 ਤੱਕ ਹੋਰ 6.4 ਕਰੋੜ ਮਕਾਨਾਂ ਦੀ ਲੋੜ ਪਵੇਗੀ।’’
ਉਪਰੋਕਤ ਤੱਥਾਂ ਨੂੰ ਦੇਖਦੇ ਹੋਏ ਕੁਝ ਆਗੂਆਂ ਦੇ ਵੱਧ ਬੱਚੇ ਪੈਦਾ ਕਰਨ ਦੀ ਸਲਾਹ ਦੇਣ ਵਾਲੇ ਬਿਆਨਾਂ ’ਤੇ ਲੋਕਾਂ ਨੂੰ ਧਿਆਨ ਨਹੀਂ ਦੇਣਾ ਚਾਹੀਦਾ। ਮਕਾਨ ਬਣਨਗੇ ਤਾਂ ਖੇਤੀ ਦੀ ਜ਼ਮੀਨ ਵੀ ਘੇਰਨਗੇ, ਜਿਸ ਨਾਲ ਫਸਲਾਂ ਦੀ ਉਪਜ ਪ੍ਰਭਾਵਿਤ ਹੋਵੇਗੀ। ਇਸ ਲਈ ਸਾਰੀਆਂ ਪਾਰਟੀਆਂ ਨੂੰ ਆਪਣੇ ਆਗੂਆਂ ਨੂੰ ਇਸ ਤਰ੍ਹਾਂ ਦੇ ਗੈਰ-ਪ੍ਰਾਸੰਗਿਕ ਬਿਆਨ ਦੇਣ ਤੋਂ ਸਖਤੀ ਨਾਲ ਰੋਕਣਾ ਚਾਹੀਦਾ ਹੈ।
- ਵਿਜੇ ਕੁਮਾਰ