ਜਲੰਧਰ ਲੋਕ ਸਭਾ ਉਪ ਚੋਣ ’ਚ ‘ਆਪ’ ਦੀ ਜਿੱਤ ਕੀ ਅਸਲ ’ਚ ‘ਕਾਂਗਰਸ’ ਦੀ ਜਿੱਤ ਤਾਂ ਨਹੀਂ !
Sunday, May 14, 2023 - 01:59 AM (IST)

ਸਵ. ਸੰਤੋਖ ਸਿੰਘ ਚੌਧਰੀ (ਕਾਂਗਰਸ) ਦੇ ਅਚਾਨਕ ਦੇਹਾਂਤ ਕਾਰਨ ਖਾਲੀ ਹੋਈ ਜਲੰਧਰ ਲੋਕ ਸਭਾ ਸੀਟ ’ਤੇ ਉਪ ਚੋਣ ਲਈ ਕਾਂਗਰਸ ਨੇ ਉਨ੍ਹਾਂ ਦੀ ਪਤਨੀ ਕਰਮਜੀਤ ਕੌਰ ਨੂੰ, ‘ਆਪ’ ਨੇ ਸੁਸ਼ੀਲ ਰਿੰਕੂ, ਭਾਜਪਾ ਨੇ ਇੰਦਰ ਇਕਬਾਲ ਸਿੰਘ ਅਟਵਾਲ, ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਨੇ ਡਾ. ਸੁਖਵਿੰਦਰ ਕੁਮਾਰ ਸੁੱਖੀ ਨੂੰ ਚੋਣ ਮੈਦਾਨ ’ਚ ਉਤਾਰ ਕੇ ਜਿੱਤ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ।
ਸਾਬਕਾ ਕਾਂਗਰਸ ਵਿਧਾਇਕ ਤੇ ਕੌਂਸਲਰ ਰਹੇ ਸੁਸ਼ੀਲ ਰਿੰਕੂ ਦਾ ਪਰਿਵਾਰ ਬੀਤੇ 45 ਸਾਲਾਂ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਸੀ ਅਤੇ ਉਨ੍ਹਾਂ ਦੇ ਪਿਤਾ ਵੀ 2 ਵਾਰ ਕਾਂਗਰਸ ਦੇ ਕੌਂਸਲਰ ਰਹੇ। ਸੁਸ਼ੀਲ ਰਿੰਕੂ ਕਾਂਗਰਸ ਦੀ ਟਿਕਟ ਨਾ ਮਿਲਣ ਕਾਰਨ ਪਾਰਟੀ ਤੋਂ ਕੁਝ ਨਾਰਾਜ਼ ਸਨ। ਇਸ ਲਈ ਪੋਲਿੰਗ ਤੋਂ ਲੱਗਭਗ ਇਕ ਮਹੀਨਾ ਪਹਿਲਾਂ ਅਚਾਨਕ 5 ਅਪ੍ਰੈਲ ਨੂੰ ਵੱਡੀ ਗਿਣਤੀ ’ਚ ਆਪਣੇ ਸਾਥੀਆਂ ਅਤੇ ਸਹਿਯੋਗੀਆਂ ਨਾਲ ਉਹ ‘ਆਪ’ ’ਚ ਸ਼ਾਮਲ ਹੋ ਗਏ ਅਤੇ ‘ਆਪ’ ਦੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਤੁਰੰਤ ਹੀ ਆਪਣਾ ਉਮੀਦਵਾਰ ਬਣਾ ਲਿਆ।
ਇਸ ਤੋਂ ਬਾਅਦ ਭਾਜਪਾ ਨੇਤਾ ਚੂਨੀ ਲਾਲ ਭਗਤ ਦੇ ਪੁੱਤਰ ਮਹਿੰਦਰ ਭਗਤ ਨੇ ਵੀ ‘ਆਪ’ ਦਾ ਪੱਲਾ ਫੜ ਲਿਆ, ਜਦਕਿ ਇਸ ਤੋਂ ਪਹਿਲਾਂ ਵੀ ਕਾਂਗਰਸ ਦੇ ਕਈ ਨੇਤਾ ਪਾਰਟੀ ਨੂੰ ਛੱਡ ਕੇ ‘ਆਪ’ ਅਤੇ ਭਾਜਪਾ ’ਚ ਜਾ ਚੁੱਕੇ ਹਨ। ਵਰਣਨਯੋਗ ਹੈ ਕਿ ਜਲੰਧਰ ਸੀਟ ’ਤੇ ਵਧੇਰੇ ਕਰਕੇ ਕਾਂਗਰਸ ਦਾ ਹੀ ਕਬਜ਼ਾ ਰਿਹਾ ਹੈ ਅਤੇ ਰਿੰਕੂ ਦੀ ਨਾਰਾਜ਼ਗੀ ਕਾਂਗਰਸ ਨੂੰ ਮਹਿੰਗੀ ਪਈ ਅਤੇ ਉਹ 302279 ਵੋਟਾਂ ਲੈ ਕੇ ਜਿੱਤ ਗਏ, ਜਦਕਿ ਕਰਮਜੀਤ ਕੌਰ (ਕਾਂਗਰਸ) 243588 ਵੋਟਾਂ ਲੈ ਕੇ ਦੂਜੇ ਨੰਬਰ ’ਤੇ ਅਤੇ 158445 ਵੋਟਾਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਡਾ. ਸੁਖਵਿੰਦਰ ਸੁੱਖੀ ਤੀਜੇ ਨੰਬਰ ’ਤੇ ਰਹੇ। ਬੇਸ਼ੱਕ ਤਕਨੀਕੀ ਤੌਰ ’ਤੇ ਇਹ ‘ਆਪ’ ਦੀ ਹੀ ਜਿੱਤ ਹੈ ਪਰ ਇਸ ਨੂੰ ਕਾਂਗਰਸ ਦੀ ਜਿੱਤ ਵੀ ਕਿਹਾ ਜਾ ਸਕਦਾ ਹੈ।
ਇਸ ਹਾਰ ਪਿੱਛੋਂ ਕਾਂਗਰਸ ਦੀ ਲੀਡਰਸ਼ਿਪ ਨੂੰ ਪਾਰਟੀ ’ਚ ਮੌਜੂਦ ਅਸੰਤੋਸ਼ ਦੂਰ ਕਰਨ ਬਾਰੇ ਸੋਚਣਾ ਚਾਹੀਦਾ ਹੈ। ਇਸੇ ਸਾਲ ਰਾਜਸਥਾਨ ’ਚ ਵੀ ਚੋਣਾਂ ਹੋਣ ਵਾਲੀਆਂ ਹਨ ਅਤੇ ਉੱਥੇ ਵੀ ਕਾਂਗਰਸ ਸਰਕਾਰ ਦੇ ਵਿਰੁੱਧ ਕਾਂਗਰਸ ਦੇ ਹੀ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਸੰਘਰਸ਼ ਅਧੀਨ ਪੈਦਲ ਯਾਤਰਾ ਸ਼ੁਰੂ ਕੀਤੀ ਹੋਈ ਹੈ। ਇਸ ਲਈ ਬਿਨਾਂ ਕੋਈ ਸਮਾਂ ਗੁਆਏ ਕਾਂਗਰਸ ਲੀਡਰਸ਼ਿਪ ਨੂੰ ਉਥੋਂ ਦੀ ਸਮੱਸਿਆ ਦਾ ਜਲਦੀ ਹੱਲ ਕੱਢਣਾ ਚਾਹੀਦਾ ਹੈ।
-ਵਿਜੇ ਕੁਮਾਰ