ਵਿਛੜੇ ਘਾਗ ਨੇਤਾਵਾਂ ਨੂੰ ਇਕ ਸ਼ਰਧਾਂਜਲੀ

09/28/2019 1:36:03 AM

ਦੇਵੀ ਚੇਰੀਅਨ

ਪਿੱਛੇ ਜਿਹੇ ਰਾਜਧਾਨੀ ’ਚ ਅਸੀਂ ਚੋਟੀ ਦੇ 3 ਭਾਰਤੀ ਨੇਤਾਵਾਂ ਦੀਆਂ ਸ਼ਵ-ਯਾਤਰਾਵਾਂ ਦੇਖੀਆਂ ਅਤੇ ਉਨ੍ਹਾਂ ’ਚ ਸ਼ਾਮਿਲ ਹੋਏ। ਇਹ ਇਕ ਦੁੱਖ ਦਾ ਪਲ ਸੀ ਕਿਉਂਕਿ ਉਹ ਸਮਰੱਥ, ਮਜ਼ਬੂਤ, ਮਜ਼ਾਕ-ਪਸੰਦ ਅਤੇ ਬਹੁਤ ਸਮਝਦਾਰ ਨੇਤਾ ਸਨ। ਅਜਿਹੇ ਨੇਤਾ, ਜੋ ਆਪਣੇ ਵਾਅਦਿਆਂ ਨੂੰ ਪੂਰਾ ਕਰਨਾ ਪਸੰਦ ਕਰਦੇ ਸਨ।

ਤਿੰਨ ਵਾਰ ਦਿੱਲੀ ਦੀ ਮੁੱਖ ਮੰਤਰੀ ਰਹੀ ਸ਼ੀਲਾ ਦੀਕਸ਼ਿਤ ਸਭ ਨੂੰ ਪਸੰਦ ਸੀ। ਉਹ ਦਿਆਲੂ ਸੁਭਾਅ ਦੀ ਸੀ ਅਤੇ ਉਨ੍ਹਾਂ ’ਚ ਮਿਲਣਸਾਰਤਾ ਵੀ ਸੀ। ਉਹ ਫਿਲਮਾਂ, ਸੰਸਕ੍ਰਿਤੀ ਨਾਲ ਪਿਆਰ ਕਰਦੀ ਸੀ। ਸਿਆਸਤ, ਧਰਮ ਅਤੇ ਸੱਭਿਆਚਾਰਾਂ ਤੋਂ ਪਰ੍ਹੇ ਉਨ੍ਹਾਂ ਦੇ ਸਾਰੇ ਮਿੱਤਰ ਉਨ੍ਹਾਂ ਨੂੰ ਪਿਆਰੇ ਸਨ ਅਤੇ ਉਨ੍ਹਾਂ ਨੇ ਉਨ੍ਹਾਂ ਸਾਰਿਆਂ ਦੇ ਜੀਵਨ ਨੂੰ ਵਿਸ਼ੇਸ਼ ਢੰਗ ਨਾਲ ਛੂਹਿਆ।

ਸ਼ੀਲਾ ਦਾ ਸਭ ਤੋਂ ਉੱਤਮ ਗੁਣ ਇਹ ਸੀ ਕਿ ਉਨ੍ਹਾਂ ਨੇ ਹਰ ਕਿਸੇ ਲਈ ਸਮਾਂ ਕੱਢਿਆ, ਇਥੋਂ ਤਕ ਕਿ ਲੋਕ ਉਨ੍ਹਾਂ ਦੇ ਆਖਰੀ ਸਮੇਂ ਤਕ ਵੀ ਉਨ੍ਹਾਂ ਨਾਲ ‘ਸੈਲਫੀ’ ਲੈਣਾ ਚਾਹੁੰਦੇ ਸਨ, ਚਾਹੇ ਉਹ ਸ਼ਾਪਿੰਗ ਮਾਲ ਹੋਵੇ ਜਾਂ ਸਿਨੇਮਾਹਾਲ। ਸ਼ੀਲਾ ਜ਼ਮੀਨ ਨਾਲ ਜੁੜੀ ਨੇਤਾ ਸੀ ਅਤੇ ਹਮੇਸ਼ਾ ਮੁਸਕਰਾਉਂਦੀ ਰਹਿੰਦੀ ਸੀ। ਉਹ ਮੇਰੀ ਗੁਆਂਢਣ ਵੀ ਸੀ।

ਤਿੰਨ ਕਾਰਜਕਾਲਾਂ ਤਕ ਮੁੱਖ ਮੰਤਰੀ ਰਹਿਣ ਤੋਂ ਬਾਅਦ ਸ਼ੀਲਾ ਦੀਕਸ਼ਿਤ ਆਪਣੀ ਆਖਰੀ ਚੋਣ ਹਾਰ ਗਈ ਸੀ, ਇਸ ਲਈ ਉਹ ਕਾਲੋਨੀ ’ਚ ਇਕੱਲੀ ਹੀ ਘੁੰਮਦੀ ਸੀ। ਉਨ੍ਹਾਂ ਦਾ ਅਕਸ ਇਕ ‘ਦਾਦੀ ਮਾਂ’ ਵਰਗਾ ਸੀ ਅਤੇ ਉਨ੍ਹਾਂ ਦਾ ਘਰ ਸਾਰਿਆਂ ਲਈ ਹਮੇਸ਼ਾ ਖੁੱਲ੍ਹਾ ਰਹਿੰਦਾ ਸੀ। ਆਸ-ਪਾਸ ਕੋਈ ਸੁਰੱਖਿਆ ਮੁਲਾਜ਼ਮ ਨਹੀਂ ਹੁੰਦਾ ਸੀ ਅਤੇ ਉਨ੍ਹਾਂ ਤਕ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਸੀ।

ਸ਼ੀਲਾ ਨੇ ਭਾਰਤ ਨੂੰ ਇਕ ਕੌਮਾਂਤਰੀ ਪੱਧਰ ਦੀ ਰਾਜਧਾਨੀ ਦਿੱਤੀ। ਉਨ੍ਹਾਂ ਨੂੰ ਹਮੇਸ਼ਾ ਨਵੀਂ ਦਿੱਲੀ ਦੀ ਨਿਰਮਾਤਰੀ ਵਜੋਂ ਜਾਣਿਆ ਜਾਵੇਗਾ। ਫਲਾਈਓਵਰ, ਮੈਟਰੋ, ਡੀ. ਟੀ. ਸੀ. ਦੀਆਂ ਨਵੀਆਂ ਬੱਸਾਂ ਉਤਾਰਨ ਦੇ ਨਾਲ-ਨਾਲ ਉਨ੍ਹਾਂ ਨੇ ਇਹ ਯਕੀਨੀ ਬਣਾਇਆ ਕਿ ਰਾਜਧਾਨੀ ’ਚ ਰਾਸ਼ਟਰਮੰਡਲ ਖੇਡਾਂ ਸਫਲਤਾਪੂਰਵਕ ਸੰਪੰਨ ਹੋਣ। ਉਨ੍ਹਾਂ ਦੇ ਪਤੀ, ਜੋ ਇਕ ਸੀਨੀਅਰ ਸਨਮਾਨਜਨਕ ਨੌਕਰਸ਼ਾਹ ਅਤੇ ਸੀਨੀਅਰ ਮੰਤਰੀ ‘ਉਮਾਸ਼ੰਕਰ ਦੀਕਸ਼ਿਤ’ ਦੇ ਬੇਟੇ ਹਨ, ਅੱਜ ਉਨ੍ਹਾਂ ’ਤੇ ਮਾਣ ਕਰਦੇ ਹੋਣਗੇ। ਹਾਲਾਂਕਿ ਕਾਂਗਰਸ ਨੂੰ ਵਿਚਾਲੇ ਛੱਡ ਕੇ ਆਪਣੇ ਕੁਝ ਸਹਿਯੋਗੀਆਂ ਨਾਲ ਇਕ ਵੱਖਰੀ ਸਿਆਸੀ ਪਾਰਟੀ ਬਣਾਉਣ ਦੇ ਬਾਵਜੂਦ ਸ਼ੀਲਾ ਸੋਨੀਆ ਗਾਂਧੀ ਦੀ ਪਰਮ ਮਿੱਤਰ ਸੀ।

ਇਸੇ ਤਰ੍ਹਾਂ ਸੁਸ਼ਮਾ ਸਵਰਾਜ ਇਕ ਅਜਿਹੀ ਪਾਰਟੀ ’ਚ ਸਫਲ ਸਿਆਸਤਦਾਨ ਸੀ, ਜਿੱਥੇ ਸਿਰਫ ਸਖਤ ਮਿਹਨਤ ’ਤੇ ਹੀ ਧਿਆਨ ਦਿੱਤਾ ਜਾਂਦਾ ਹੈ। ਸੁਸ਼ਮਾ ਦੀ ਸਿਹਤ ’ਚ ਉਤਰਾਅ-ਚੜ੍ਹਾਅ ਆਉਂਦੇ ਰਹੇ ਪਰ ਉਨ੍ਹਾਂ ਨੇ ਕਦੇ ਪਿੱਠ ਨਹੀਂ ਦਿਖਾਈ। ਉਨ੍ਹਾਂ ਨੇ ਜੋ ਚਾਹਿਆ, ਉਸ ਨੂੰ ਹਾਸਿਲ ਕੀਤਾ, ਇਥੋਂ ਤਕ ਕਿ ਉਸ ਨਾਲੋਂ ਕਿਤੇ ਜ਼ਿਆਦਾ। ਹਰਿਆਣਾ ’ਚ ਇਕ ਨੌਜਵਾਨ ਮੰਤਰੀ, ਫਿਰ ਦਿੱਲੀ ਦੀ ਮੁੱਖ ਮੰਤਰੀ ਅਤੇ ਕੇਂਦਰ ਵਿਚ ਇਕ ਤਾਕਤਵਰ ਮੰਤਰੀ ਦੇ ਅਹੁਦੇ ’ਤੇ ਪਹੁੰਚੀ ਸੁਸ਼ਮਾ ਹਮੇਸ਼ਾ ਮੁਸਕਰਾਉਂਦੀ ਰਹਿਣ ਵਾਲੀ ਨੇਤਾ ਸੀ।

ਵਿਦੇਸ਼ ਮੰਤਰੀ ਵਜੋਂ ਸੁਸ਼ਮਾ ਨੇ ਦੁਨੀਆ ਭਰ ’ਚ ਅਮੀਰ ਜਾਂ ਗਰੀਬ ਹਰੇਕ ਲੋੜਵੰਦ ਦੀ ਮਦਦ ਕੀਤੀ। ਉਨ੍ਹਾਂ ਦੇ ਪਤੀ ਨੇ ਰਾਜਪਾਲ ਵਜੋਂ ਸੇਵਾ ਦਿੱਤੀ, ਜਦਕਿ ਉਨ੍ਹਾਂ ਦੀ ਧੀ ਇਕ ਸਫਲ ਵਕੀਲ ਹੈ।

ਹੁਣੇ ਜਿਹੇ ਅਸੀਂ ਇਕ ਵੱਡੇ ਕੱਦ ਦੇ ਨੇਤਾ ਅਰੁਣ ਜੇਤਲੀ ਨੂੰ ਦੁਨੀਆ ਤੋਂ ਰੁਖ਼ਸਤ ਹੁੰਦੇ ਹੋਏ ਦੇਖਿਆ। ਉਹ ਇਕ ਅਜਿਹੀ ਸ਼ਖ਼ਸੀਅਤ ਸਨ, ਜਿਨ੍ਹਾਂ ਦਾ ਬਦਲ ਭਾਜਪਾ ਨੂੰ ਕਦੇ ਨਹੀਂ ਮਿਲ ਸਕਦਾ। ਉਹ ਇਕ ਆਲਰਾਊਂਡਰ ਸਨ, ਕਈ ਮਾਇਨਿਆਂ ’ਚ ਨਰਿੰਦਰ ਮੋਦੀ ਨੂੰ ਬਣਾਉਣ ਵਾਲੇ। ਅੰਮ੍ਰਿਤਸਰ ਤੋਂ ਉਨ੍ਹਾਂ ਦੀ ਸਿਆਸੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ, ਫਿਰ ਵੀ ਉਨ੍ਹਾਂ ਨੇ ਪਾਰਟੀ ਨੂੰ ਜੋ ਦਿੱਤਾ, ਉਹ ਕੋਈ ਹੋਰ ਨਹੀਂ ਦੇ ਸਕਦਾ।

ਉਨ੍ਹਾਂ ਦੀ ਪਤਨੀ ਸੰਗੀਤਾ, ਜਿਨ੍ਹਾਂ ਨੂੰ ਉਨ੍ਹਾਂ ਦੀਆਂ ਸਕੂਲੀ ਸਹਿਪਾਠਣਾਂ ’ਚ ਡੌਲੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਉਨ੍ਹਾਂ ਦੀ ਤਾਕਤ ਸੀ। ਉਹ ਕਈ ਤਰ੍ਹਾਂ ਨਾਲ ਅਰੁਣ ਜੇਤਲੀ ਦੀ ਮਾਰਗਦਰਸ਼ਕ ਰਹੀ ਅਤੇ ਇਕ ਸਿਆਸੀ ਪਰਿਵਾਰ ਵਾਲੇ ਪਿਛੋਕੜ ਤੋਂ ਹੋਣ ਕਰਕੇ ਉਨ੍ਹਾਂ ਦੇ ਪਿਤਾ (ਜੰਮੂ ਤੋਂ ਗਿਰਧਾਰੀ ਲਾਲ ਡੋਗਰਾ) ਨੇ ਉਨ੍ਹਾਂ ਨੂੰ ਇਕ ਅਜਿਹਾ ਸਿਆਸੀ ਦਿਮਾਗ ਦਿੱਤਾ, ਜਿਸ ਦਾ ਅਰੁਣ ਜੇਤਲੀ ਕਾਫੀ ਇਸਤੇਮਾਲ ਕਰਦੇ ਸਨ। ਉਨ੍ਹਾਂ ਦੇ ਜੀਵਨ ’ਚ ਬੀਮਾਰੀ ਦੇ 2 ਵਰ੍ਹਿਆਂ ਦੌਰਾਨ ਜੰਮੂ ਦਾ ਡੋਗਰਾ ਪਰਿਵਾਰ ਉਨ੍ਹਾਂ ਨਾਲ ਡਟਿਆ ਰਿਹਾ।

ਡੌਲੀ ਦੀ ਮੁੰਬਈ ਵਿਚ ਰਹਿਣ ਵਾਲੀ ਉਨ੍ਹਾਂ ਦੀ ਭੈਣ ਨਿਧੀ ਅਤੇ ਉਸ ਦੇ ਪਰਿਵਾਰ ਨੇ ਅਰੁਣ ਜੇਤਲੀ ਦੀ ਦੇਖਭਾਲ ਕਰਨ ਅਤੇ ਡੌਲੀ ਦੇ ਨਾਲ ਰਹਿਣ ਲਈ ਆਪਣਾ ਟਿਕਾਣਾ ਇਕ ਤਰ੍ਹਾਂ ਨਾਲ ਦਿੱਲੀ ਵਿਚ ਤਬਦੀਲ ਕਰ ਲਿਆ ਸੀ। ਚਾਹੇ ਇਹ ਨਿਊਯਾਰਕ ’ਚ ਅਰੁਣ ਜੇਤਲੀ ਦੀ ਬੀਮਾਰੀ ਹੋਵੇ ਜਾਂ ਉਨ੍ਹਾਂ ਦੀ ਯਾਤਰਾ ਜਾਂ ਬੀਮਾਰੀ ਦੌਰਾਨ ਸਖਤ ਡਾਈਟ–ਉਨ੍ਹਾਂ ਦਾ ਪਰਿਵਾਰ ਹਮੇਸ਼ਾ ਮੁਸਕਰਾਹਟ ਨਾਲ ਅਤੇ ਪ੍ਰਾਰਥਨਾ ਕਰਦਿਆਂ ਉਨ੍ਹਾਂ ਨਾਲ ਡਟਿਆ ਰਿਹਾ। ਅਰੁਣ ਜੇਤਲੀ ਕਿਉਂਕਿ ਖਾਣ-ਪੀਣ ਦੇ ਬੇਹੱਦ ਸ਼ੌਕੀਨ ਸਨ ਪਰ ਉਨ੍ਹਾਂ ਦੀ ਬੀਮਾਰੀ ਕਾਰਣ ਨਿਧੀ ਲਈ ਉਨ੍ਹਾਂ ਦੀ ਪਸੰਦ ਦਾ ਖਾਣਾ ਬਣਾਉਣਾ ਇਕ ਚੁਣੌਤੀ ਸੀ।

ਮੈਂ ਇਨ੍ਹਾਂ 2 ਸਾਲਾਂ ਦੌਰਾਨ ਇਸ ਪਰਿਵਾਰ ਤੋਂ ਇਕ ਚੀਜ਼ ਸਿੱਖੀ ਹੈ ਕਿ ਅੱਜ ਦੀ ਦੁਨੀਆ ਵਿਚ ਵੀ ਪਰਿਵਾਰ ਨਾਲ ਮਜ਼ਬੂਤੀ ਨਾਲ ਜੁੜੇ ਰਹਿਣ ਦਾ ਹੋਰ ਕੋਈ ਬਦਲ ਨਹੀਂ ਹੈ। ਮਿੱਤਰ ਆਉਂਦੇ-ਜਾਂਦੇ ਰਹਿੰਦੇ ਹਨ ਪਰ ਪਰਿਵਾਰ ਤੁਹਾਡੀ ਰੀੜ੍ਹ ਦੀ ਹੱਡੀ ਵਾਂਗ ਹੈ। ਸਾਂਝੇ ਪਰਿਵਾਰਾਂ ਦੀ ਪ੍ਰਣਾਲੀ ਅਤੇ ਇਸ ਵਿਚ ਤੁਸੀਂ ਇਕ-ਦੂਜੇ ਨੂੰ ਜੋ ਦੇਣਾ ਸਿੱਖਦੇ ਹੋ, ਮੈਂ ਚਾਹੁੰਦੀ ਹਾਂ ਕਿ ਸਾਡੇ ਬੱਚੇ ਅਤੇ ਭਵਿੱਖੀ ਪੀੜ੍ਹੀਆਂ ਵੀ ਅਜਿਹਾ ਹੀ ਕਰਨ। ਜਿਵੇਂ-ਜਿਵੇਂ ਪਰਿਵਾਰ ਵਧਦੇ ਹਨ, ਤਿਵੇਂ-ਤਿਵੇਂ ਜੀਵਨ ਜ਼ਿਆਦਾ ਮੁਕਾਬਲੇਬਾਜ਼ੀ ਵਾਲਾ ਬਣਦਾ ਜਾਂਦਾ ਹੈ, ਜਿਸ ਵਿਚ ਪਰਿਵਾਰ ਦੇ ਹਰੇਕ ਮੈਂਬਰ ਨੂੰ ਸਹਾਇਤਾ ਦੀ ਲੋੜ ਹੁੰਦੀ ਹੈ।

ਉਕਤ ਵਿਛੜੇ ਸਾਰੇ ਨੇਤਾਵਾਂ ਦੇ ਪਰਿਵਾਰ ਉਨ੍ਹਾਂ ਲਈ ਇਕ ਮਜ਼ਬੂਤ ਆਧਾਰ ਸਨ। ਸਾਰੀਆਂ ਪਾਰਟੀਆਂ ਦੇ ਰਾਜਨੇਤਾ ਇਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਸਨ, ਜੋ ਵਿਛੜੀਆਂ ਰੂਹਾਂ ਲਈ ਸਨਮਾਨ ਦੀ ਤਸਵੀਰ ਸੀ। ਸ਼ੀਲਾ ਦੀਕਸ਼ਿਤ, ਸੁਸ਼ਮਾ ਸਵਰਾਜ ਅਤੇ ਅਰੁਣ ਜੇਤਲੀ ਸਨਮਾਨਜਨਕ ਨੇਤਾ ਸਨ ਅਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਲਈ ਮੁਹੱਈਆ ਸਨ। ਦਿੱਲੀ ਦੇ ਸਮਾਜਿਕ ਖੇਤਰਾਂ ਅਤੇ ਉਨ੍ਹਾਂ ਦੀਆਂ ਆਪਣੀਆਂ ਸਿਆਸੀ ਪਾਰਟੀਆਂ ’ਚ ਉਨ੍ਹਾਂ ਦੀ ਕਮੀ ਮਹਿਸੂਸ ਕੀਤੀ ਜਾਂਦੀ ਰਹੇਗੀ।

ਦਿੱਲੀ ਵਾਲੇ ਇਨ੍ਹਾਂ ਮਦਦਗਾਰ ਨੇਤਾਵਾਂ ਦੀ ਘਾਟ ਆਪਣੇ ਸਮਾਜਿਕ ਜੀਵਨ ਵਿਚ ਮਹਿਸੂਸ ਕਰਨਗੇ ਕਿਉਂਕਿ ਉਹ ਦਿਆਲੂ ਸਨ ਅਤੇ ਉਨ੍ਹਾਂ ਨੂੰ ਮਿਲਣਾ ਸੌਖਾ ਸੀ। ਪ੍ਰਮਾਤਮਾ ਇਨ੍ਹਾਂ ਤਿੰਨਾਂ ਕੱਦਾਵਰ ਨੇਤਾਵਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਉਨ੍ਹਾਂ ਨੇ ਆਪਣੀਆਂ ਸੇਵਾਵਾਂ ਨਾਲ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ ਹੈ।


Bharat Thapa

Content Editor

Related News