‘ਸ਼੍ਰੀ ਰਾਮ ਮੰਦਿਰ ਨਿਰਮਾਣ’ ਦੇ ਲਈ ‘ਭੂਮੀ ਪੂਜਨ’ ‘ਕਰੋੜਾਂ ਰਾਮ ਭਗਤਾਂ ਦੀ ਆਸਥਾ ਸਿਖਰ ਉੱਤੇ’

08/06/2020 3:45:37 AM

ਕੋਰੋਨਾ ਇਨਫੈਕਸ਼ਨ ਕਾਰਣ ਸੁਰੱਖਿਆ ਸਬੰਧੀ ਸਾਰੀਆਂ ਸਾਵਧਾਨੀਆਂ ਦੇ ਦਰਮਿਆਨ 5 ਅਗਸਤ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਅਵਧਪੁਰੀ ਅਯੁੱਧਿਆ ’ਚ ਸ਼੍ਰੀ ਰਾਮ ਦੇ ਸ਼ਾਨਦਾਰ ਅਤੇ ਵਿਸ਼ਾਲ ਮੰਦਿਰ ਦੇ ਨਿਰਮਾਣ ਲਈ ਭੂਮੀ ਪੂਜਨ ਸੰਪੰਨ ਕੀਤਾ। ਅਯੁੱਧਿਆ ਤੋਂ ਬਨਵਾਸ ਲਈ ਜਾਂਦੇ ਸਮੇਂ ਸ਼੍ਰੀ ਰਾਮ ਸਰਯੂ ਨਦੀ ਪਾਰ ਕਰ ਕੇ ਗਏ ਸਨ ਅਤੇ ਬਨਵਾਸ ਦੀ ਸਮਾਪਤੀ ’ਤੇ ਸਰਯੂ ਨਦੀ ਪਾਰ ਕਰ ਕੇ ਹੀ ਅਯੁੱਧਿਆ ਪਰਤੇ ਸਨ। ਅਯੁੱਧਿਆ ਦੇ ਕਿਨਾਰੇ ਸਥਿਤ ਇਹੀ ਸਰਯੂ ਨਦੀ ਅਵਧਪੁਰੀ ’ਚ ਰਾਮ ਮੰਦਿਰ ਦੇ ਸ਼ਾਨਦਾਰ ਮੰਦਿਰ ਦੇ ਨੀਂਹ ਪੱਥਰ ਦੀ ਗਵਾਹ ਬਣੀ ਹੈ। ਭੂਮੀ ਪੂਜਨ ਸਮਾਰੋਹ ’ਚ ਭਾਰਤ ਤੋਂ ਪ੍ਰਮੁੱਖ 36 ਸੰਪਰਦਾਵਾਂ ਦੇ 135 ਸੰਤ-ਮਹਾਤਮਾਵਾਂ ਅਤੇ ਹੋਰਨਾਂ ਧਰਮਾਂ ਦੇ ਪ੍ਰਤੀਨਿਧੀਆਂ ਸਮੇਤ 175 ਦੇ ਲੱਗਭਗ ਲੋਕਾਂ ਦੇ ਨਾਲ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ, ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਹਾਜ਼ਰ ਸਨ। ਮੰਦਿਰ ਨਿਰਮਾਣ ਦਾ ਸੁਪਨਾ ਸਾਕਾਰ ਹੋਣ ਦੀ ਖੁਸ਼ੀ ’ਚ ਸਮੁੱਚੇ ਭਾਰਤ ਅਤੇ ਵਿਸ਼ਵ ਦੇ ਅਨੇਕ ਹਿੱਸਿਆਂ ’ਚ ਰਾਮ ਭਗਤਾਂ ਨੇ ‘ਰਾਮ ਚਰਿੱਤ ਮਾਨਸ’ ਸਹਿਤ ਪਾਠ ਅਤੇ ਹਵਨ ਯੱਗਾਂ ਦਾ ਆਯੋਜਨ ਕੀਤਾ ਅਤੇ ਦੀਪਮਾਲਾ ਕੀਤੀ ਗਈ। ਕਈ ਥਾਵਾਂ ’ਤੇ ਲੋਕਾਂ ਨੂੰ ਇਕ-ਦੂਸਰੇ ਨੂੰ ਵਧਾਈ ਦਿੰਦੇ ਹੋਏ ਸਾਧੂ-ਸੰਤਾਂ ਨਾਲ ਰਾਮ ਧੁਨ ’ਤੇ ਨੱਚਦੇ-ਗਾਉਂਦੇ ਹੋਏ ਡਫਲੀ ਅਤੇ ਡਮਰੂ ਵਜਾਉਂਦੇ ਹੋਏ ਤਬਲੇ ਦੀ ਥਾਪ ’ਤੇ ਨੱਚਦੇ ਦੇਖਿਆ ਗਿਆ।

ਅਯੁੱਧਿਆ ਪਹੁੰਚਣ ’ਤੇ ਸ਼੍ਰੀ ਮੋਦੀ ਸਭ ਤੋਂ ਪਹਿਲਾਂ ਹਨੂੰਮਾਨਗੜ੍ਹੀ ਗਏ, ਫਿਰ ਰਾਮਲੱਲਾ ਦੇ ਦਰਸ਼ਨ ਅਤੇ ਦਿਵਿਆ ਵ੍ਰਿਕਸ਼ ਪਾਰਿਜਾਤ ਦਾ ਪੌਦਾ ਲਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਰਾਮ ਮੰਦਿਰ ਭੂਮੀ ਪੂਜਨ ਸਥਾਨ ’ਤੇ ਪਹੁੰਚ ਕੇ ਉਨ੍ਹਾਂ ਸ਼ਿਲਾਵਾਂ ਦੀ ਪੂਜਾ ਕੀਤੀ, ਜੋ ਰਾਮ ਮੰਦਿਰ ਦੀ ਨੀਂਹ ’ਚ ਰੱਖੀਆਂ ਜਾਣਗੀਆਂ। ਇਸ ਮੌਕੇ ’ਤੇ ਸੰਬੋਧਨ ਕਰਦਿਆਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ, ‘‘ਅਵਧਪੁਰੀ ਨੂੰ ਸਪਤਪੁਰੀਆਂ ’ਚੋਂ ਇਕ ਮਨਿਆ ਜਾਂਦਾ ਹੈ ਅਤੇ ਅੱਜ ਉਹ ਪਲ ਆ ਹੀ ਗਿਆ, ਜਿਸ ਦੀ ਉਡੀਕ ’ਚ ਕਈ ਪੀੜ੍ਹੀਆਂ ਚਲੀਆਂ ਗਈਆਂ ਅਤੇ ਲੋਕਾਂ ਨੇ ਅਣਗਿਣਤ ਬਲੀਦਾਨ ਦਿੱਤੇ।’’ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਸ਼੍ਰੀ ਮੋਹਨ ਭਾਗਵਤ ਨੇ ਸਾਬਕਾ ਸੰਘ ਮੁਖੀ ਸ਼੍ਰੀ ਬਾਲਾ ਸਾਹਿਬ ਦੇਵਰਸ, ਅਸ਼ੋਕ ਸਿੰਘਲ ਅਤੇ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਅਾਦਿ ਨੂੰ ਯਾਦ ਕਰਦੇ ਹੋਏ ਕਿਹਾ, ‘‘ਲੰਬੇ ਸੰਘਰਸ਼ ਬਾਅਦ ਆਪਣੀ ਸੰਕਲਪ ਪੂਰਤੀ ਦੀ ਸ਼ੁਰੂਆਤ ਦਾ ਆਨੰਦ ਸਾਨੂੰ ਮਿਲ ਰਿਹਾ ਹੈ ਅਤੇ ਸਭ ਤੋਂ ਵੱਡਾ ਆਨੰਦ ਇਹ ਹੈ ਕਿ ਭਾਰਤ ਨੂੰ ਆਤਮ-ਨਿਰਭਰ ਬਣਾਉਣ ਲਈ ਜੋ ਯਤਨ ਹੋ ਰਹੇ ਹਨ, ਉਨ੍ਹਾਂ ਦੀ ਅੱਜ ਸ਼ੁਰੂਆਤ ਹੋ ਰਹੀ ਹੈ।’’ ‘ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ’ ਦੇ ਮੁਖੀ ਮਹੰਤ ਨ੍ਰਿਤਿਆ ਗੋਪਾਲ ਦਾਸ ਨੇ ਕਿਹਾ, ‘‘ਸਾਡੇ ਸਾਹਮਣੇ ਇਹੀ ਸਵਾਲ ਆਉਂਦਾ ਸੀ ਕਿ ਕਦੋਂ ਬਣੇਗਾ ਰਾਮ ਮੰਦਿਰ। ਕਰੋੜਾਂ ਹਿੰਦੂਆਂ ਦੀਅਾਂ ਿੲੱਛਾਵਾਂ ਦੀ ਪੂਰਤੀ ਲਈ ਅੱਜ ਸਾਰੇ ਲੋਕ ਧਨ ਅਤੇ ਮਨ ਅਰਪਣ ਕਰਨ ਲਈ ਤਿਆਰ ਹਨ। ਹੁਣ ਤਾਂ ਇਹੀ ਕਾਮਨਾ ਹੈ ਕਿ ਜਲਦੀ ਤੋਂ ਜਲਦੀ ਨਿਰਮਾਣ ਪੂਰਾ ਹੋ ਜਾਵੇ ਤਾਂ ਕਿ ਲੋਕਾਂ ਦੀ ਭਾਵਨਾ ਪੂਰੀ ਹੋਵੇ।’’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘‘ਜੈ ਸੀਆ ਰਾਮ’’ ਦੇ ਜੈਕਾਰੇ ਨਾਲ ਭਾਸ਼ਣ ਆਰੰਭ ਕਰਦੇ ਹੋਏ ਕਿਹਾ, ‘‘ਅੱਜ ਸਰਯੂ ਦੇ ਕਿਨਾਰੇ ਭਾਰਤ ਦਾ ਇਕ ਸੁਨਹਿਰੀ ਇਤਿਹਾਸ ਰਚ ਰਿਹਾ ਹੈ। ਟੁੱਟਣਾ ਅਤੇ ਫਿਰ ਖੜ੍ਹਾ ਹੋਣਾ, ਸਦੀਆਂ ਤੋਂ ਜਾਰੀ ਇਸ ਕ੍ਰਮ ਤੋਂ ਰਾਮ ਜਨਮ ਭੂਮੀ ਅੱਜ ਮੁਕਤ ਹੋਈ ਹੈ। ਪੂਰਾ ਦੇਸ਼ ਰੋਮਾਂਚਿਤ ਅਤੇ ਹਰਮਨ ‘ਦੀਪਮਈ’ ਹੈ। ਸਾਲਾਂ ਤੋਂ ਟੈਂਟ ਦੇ ਹੇਠਾਂ ਰਹਿ ਰਹੇ ਰਾਮਲੱਲਾ ਲਈ ਸ਼ਾਨਦਾਰ ਰਾਮ ਮੰਦਿਰ ਦਾ ਨਿਰਮਾਣ ਹੋਵੇਗਾ।’’ ‘‘ਕਈ ਦੇਸ਼ਾਂ ਦੇ ਲੋਕ ਖੁਦ ਨੂੰ ਸ਼੍ਰੀ ਰਾਮ ਨਾਲ ਜੁੜਿਆ ਹੋਇਆ ਮੰਨਦੇ ਹਨ ਅਤੇ ਉਨ੍ਹਾਂ ਦੀ ਵੰਦਨਾ ਕਰਦੇ ਹਨ। ਸਭ ਤੋਂ ਵੱਧ ਮੁਸਲਿਮ ਬਹੁਗਿਣਤੀ ਦੇਸ਼ ਇੰਡੋਨੇਸ਼ੀਆ ਵਿਚ ‘ਕਾਂਕਾਬਿਨ ਰਾਮਾਇਣ’, ‘ਸਵਰਣਦੀਪ ਰਾਮਾਇਣ’ , ‘ਯੋਗੇਸ਼ਵਰ ਰਾਮਾਇਣ’ ਵਰਗੀਆਂ ਕਈ ਅਨੋਖੀਆਂ ਰਾਮਾਇਣਾਂ ਹਨ ਅਤੇ ਰਾਮ ਅੱਜ ਵੀ ਉਥੇ ਪੂਜਨੀਕ ਹਨ। ਕੰਬੋਡੀਆ ਵਿਚ ‘ਰਮਕੇ ਰਾਮਾਇਣ’, ਤਮਿਲ ਵਿਚ ‘ਕੰਬ ਰਾਮਾਇਣ’, ਤੇਲਗੂ ਵਿਚ ‘ਰਘੂਨਾਥ ਅੌਰ ਰੰਗਨਾਥ ਰਾਮਾਇਣ’, ਕਸ਼ਮੀਰ ਵਿਚ ‘ਰਾਮਾਵਤਾਰ ਚਰਿੱਤ’, ਮਲਿਆਲਮ ਵਿਚ ‘ਰਾਮਚਰਿੱਤਮ’, ਬਾਂਗਲਾ ਵਿਚ ‘ਕ੍ਰਿਤੀਵਾਸ ਰਾਮਾਇਣ’ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਗੋਵਿੰਦ ਰਾਮਾਇਣ’ ਲਿਖੀ ਹੈ।

* ‘‘ਥਾਈਲੈਂਡ, ਮਲੇਸ਼ੀਆ ਅਤੇ ਈਰਾਨ ’ਚ ਵੀ ਰਾਮ ਕਥਾਵਾਂ ਦਾ ਵੇਰਵਾ ਮਿਲੇਗਾ। ਨੇਪਾਲ ਅਤੇ ਸ਼੍ਰੀਲੰਕਾ ਦੇ ਨਾਲ ਤਾਂ ਰਾਮ ਦਾ ਆਤਮੀ ਸਬੰਧ ਜੁੜਿਆ ਹੋਇਆ ਹੈ। ਸ਼੍ਰੀ ਰਾਮ ਭਾਰਤ ਦੀ ਮਰਿਆਦਾ ਹਨ ਅਤੇ ਸ਼੍ਰੀ ਰਾਮ ਮਰਿਆਦਾ ਪੁਰਸ਼ੋਤਮ ਹਨ।’’

ਹੈਦਰਾਬਾਦ ਤੋਂ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਟਵੀਟ ਕਰ ਕੇ ਕਿਹਾ ਸੀ ਕਿ, ‘‘ਬਾਬਰੀ ਮਸਜਿਦ ਸੀ ਅਤੇ ਰਹੇਗੀ।’’ ਇਸ ਦੇ ਜਵਾਬ ’ਚ ਬਾਬਰੀ ਮਸਜਿਦ ਕਾਂਡ ’ਚ ਮੁਸਲਿਮ ਧਿਰ ਰਹੇ ਸਵ. ਹਾਸ਼ਿਮ ਅੰਸਾਰੀ ਦੇ ਪੁੱਤਰ ਇਕਬਾਲ ਅੰਸਾਰੀ ਨੇ ਕਿਹਾ ਕਿ, ‘‘6 ਦਸੰਬਰ 1992 ਤੋਂ ਹੁਣ ਤਕ ਬਹੁਤ ਕੁਝ ਬਦਲ ਚੁੱਕਾ ਹੈ। ਹੁਣ ਉਸ ਨੂੰ ਯਾਦ ਕਰਨ ਦਾ ਕੋਈ ਲਾਭ ਨਹੀਂ। ਰਾਮ ਨਗਰੀ ਅਯੁੱਧਿਆ ਅਤੇ ਦੇਸ਼ ’ਚ ਹਿੰਦੂ-ਮੁਸਲਿਮ ਦਾ ਕੋਈ ਵਿਵਾਦ ਨਹੀਂ, ਇਸ ਲਈ ਹੁਣ ਇਸ ਨੂੰ ਲੈ ਕੇ ਸਿਆਸਤ ਬੰਦ ਹੋਵੇ।’’

ਯਕੀਨਨ ਹੀ 500 ਸਾਲ ਬਾਅਦ ਅੱਜ ਰਾਮ ਮੰਦਿਰ ਦੇ ਮੁੜ-ਨਿਰਮਾਣ ਲਈ ਸ਼ਿਲਾ ਪੂਜਨ ਸੰਪੰਨ ਹੋਣ ਨਾਲ ਸਾਰਿਆਂ ’ਚ ਖੁਸ਼ੀ ਦੀ ਲਹਿਰ ਹੈ। ਅਜਿਹੀ ਹਾਲਤ ’ਚ ਜਦੋਂ ਅਸੀਂ ਅਤੀਤ ’ਚ ਝਾਤੀ ਮਾਰ ਕੇ ਦੇਖਦੇ ਹਾਂ ਤਾਂ ਮਨ ’ਚ ਸਵਾਲ ਉੱਠਦਾ ਹੈ ਕਿ ਆਖਿਰ ਇਸ ਘਟਨਾਚੱਕਰ ਦੇ ਪਿੱਛੇ ਦੋਸ਼ ਕਿਸ ਦਾ ਹੈ?

ਯਕੀਨੀ ਤੌਰ ’ਤੇ ਇਸ ਦੇ ਲਈ ਮੁਗਲ ਨਹੀਂ ਸਗੋਂ ਸਾਡੀ ਆਪਸੀ ਫੁੱਟ ਅਤੇ ਸੱਤਾ ਦੇ ਲਈ ਉਨ੍ਹਾਂ ਦੇ ਅੱਗੇ ਆਤਮਸਮਰਪਣ ਅਤੇ ਧਰਮ ਪਰਿਵਰਤਨ ਵਰਗੀ ਤੰਗਦਿਲੀ ਦੀ ਨੀਤੀ ਜ਼ਿੰਮੇਵਾਰ ਹੈ। ਪਹਿਲਾਂ ਅਸੀਂ ਮੁਗਲਾਂ ਦੀ ਅਧੀਨਤਾ ’ਚ ਰਹੇ ਅਤੇ ਫਿਰ ਅੰਗਰੇਜ਼ਾਂ ਦੇ ਨਾਲ ਮਿਲ ਗਏ।

ਜਦੋਂ ਮਹਾਤਮਾ ਗਾਂਧੀ ਨੇ ਦੇਖਿਆ ਕਿ ਜੰਗ ਕਰ ਕੇ ਅੰਗਰੇਜ਼ਾਂ ’ਤੇ ਜਿੱਤ ਹਾਸਲ ਨਹੀਂ ਕੀਤੀ ਜਾ ਸਕਦੀ ਤਾਂ ਉਨ੍ਹਾਂ ਨੇ ਹਿੰਸਾ ਦਾ ਮਾਰਗ ਅਪਣਾਇਆ ਅਤੇ ਭੁੱਖ ਹੜਤਾਲਾਂ ਅਤੇ ਸੱਤਿਆਗ੍ਰਹਿ ਵਰਗੇ ਅਹਿੰਸਕ ਉਪਾਵਾਂ ਨਾਲ ਦੇਸ਼ ਨੂੰ ਇਕਜੁੱਟ ਕਰ ਕੇ ਆਜ਼ਾਦ ਕਰਵਾਇਆ।

ਅਯੁੱਧਿਆ ’ਚ ਬਾਬਰੀ ਮਸਜਿਦ ਵਿਵਾਦ ਦਾ ਫੈਸਲਾ ਵੀ ਹਿੰਸਾ ਨਾਲ ਨਹੀਂ ਸਗੋਂ ਸੁਪਰੀਮ ਕੋਰਟ ਦੇ ਦਖਲ ਨਾਲ ਹੀ ਰਾਮਲੱਲਾ ਬਿਰਾਜਮਾਨ ਦੇ ਪੱਖ ’ਚ ਹੋਇਆ, ਜਿਸ ਦਾ ਨਤੀਜਾ ਅੱਜ ਮੰਦਿਰ ਨਿਰਮਾਣ ਲਈ ਭੂਮੀ ਪੂਜਨ ਦੇ ਰੂਪ ’ਚ ਨਿਕਲਿਆ ਹੈ। ਇਸ ਲਈ ਯਕੀਨਨ ਹੀ ਇਹ ਸੱਚ ਅਤੇ ਅਹਿੰਸਾ ਦੀ ਜਿੱਤ ਹੈ।

-ਵਿਜੇ ਕੁਮਾਰ\


Bharat Thapa

Content Editor

Related News