‘ਸਾਕਾ ਨੀਲਾ ਤਾਰਾ’ ਕਾਂਗਰਸ ਦੀ ਸਭ ਤੋਂ ਵੱਡੀ ਗ਼ਲਤੀ : ਪ੍ਰੋ. ਸਰਚਾਂਦ
Wednesday, Jan 04, 2023 - 11:47 AM (IST)

ਅੰਮ੍ਰਿਤਸਰ (ਜ.ਬ.) : ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ‘ਸਾਕਾ ਨੀਲਾ ਤਾਰਾ’ ਕਾਂਗਰਸ ਦੀਆਂ ਗ਼ਲਤੀਆਂ ਵਿੱਚੋਂ ਸਭ ਤੋਂ ਵੱਡੀ ਗ਼ਲਤੀ ਸੀ, ਜਿਸ ਨਾਲ ਨਾ ਕੇਵਲ ਸਿੱਖ ਹਿਰਦੇ ਵਲੂੰਧਰੇ ਗਏ, ਸਗੋਂ ਹਿੰਦੂ-ਸਿੱਖ ਭਾਈਚਾਰਕ ਸਾਂਝ ਨੂੰ ਵੀ ਭਾਰੀ ਠੇਸ ਪਹੁੰਚਾਈ ਗਈ। ਭਾਰਤ-ਪਾਕਿ ਸਰਹੱਦ ’ਤੇ ਸਥਿਤ ਗੁਰਦੁਆਰਾ ਡੇਰਾ ਬਾਬਾ ਨਾਨਕ ਵਿਖੇ ਨਤਮਸਤਕ ਹੋਣ ਆਏ ਪ੍ਰੋ. ਸਰਚਾਂਦ ਸਿੰਘ ਨੇ ਇੱਥੋਂ ਨੇੜਲੇ ਪਿੰਡ ਅਗਵਾਨ ਵਿਖੇ ਪਹੁੰਚ ਕੇ ਗੁਰਦੁਆਰਾ ਸਾਹਿਬ ਵਿਖੇ ਹਿੰਦੂ-ਸਿੱਖ ਭਾਈਚਾਰਕ ਏਕਤਾ ਦੀ ਮਜ਼ਬੂਤੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਉਨ੍ਹਾਂ ਕਿਹਾ ਕੇ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ, ਜਿਸ ਨੇ ਦੇਸ਼ ਨੂੰ ਨਰਿੰਦਰ ਮੋਦੀ ਦੇ ਰੂਪ ਵਿਚ ਇਕ ਸਿੱਖ ਹਿਤੈਸ਼ੀ ਪ੍ਰਧਾਨ ਮੰਤਰੀ ਦਿੱਤਾ ਹੈ। 2014 ਵਿਚ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਦਿਆਂ ਹੀ ਉਨ੍ਹਾਂ ਸਿੱਟ ਬਣਾ ਕੇ ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸ ਦੇ ਆਗੂ ਸੱਜਣ ਕੁਮਾਰ ਸਮੇਤ ਕਈਆਂ ਨੂੰ ਸਲਾਖ਼ਾਂ ਦੇ ਪਿੱਛੇ ਭੇਜਿਆ। ਸਿੱਖੀ ਸਰੋਕਾਰਾਂ ਪ੍ਰਤੀ ਨਿੱਜੀ ਦਿਲਚਸਪੀ ਦਿਖਾਉਂਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਰਤਾਰਪੁਰ ਲਾਂਘਾ ਤਾਮੀਰ ਕੀਤਾ, ਹੇਮਕੁੰਟ ਸਾਹਿਬ ਲਈ ਰੋਪ ਵੇ ਦਿੱਤਾ, ਲਾਲ ਕਿਲ੍ਹੇ ’ਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਸ਼ਤਾਬਦੀ ਮਨਾਈ, ਗੁਰੂ ਨਾਨਕ ਦੇਵ ਜੀ ਦੀ ਸ਼ਤਾਬਦੀ ਮਨਾਉਂਦਿਆਂ ਬੰਦੀ ਸਿੰਘਾਂ ਦੀ ਰਿਹਾਈ ਕਰਾਈ ਅਤੇ ਦੇਸ਼ ਭਰ ਵਿਚ ‘ਵੀਰ ਬਾਲ ਦਿਵਸ’ ਮਨਾਉਂਦਿਆਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕੀਤਾ ਅਤੇ ਸਿੱਖ ਪਰੰਪਰਾ ਤੇ ਕੁਰਬਾਨੀਆਂ ਨੂੰ ਦੇਸ਼ ਦੇ ਰੂ-ਬਰੂ ਕੀਤਾ।