ਅਰਦਾਸ ਕਰੀਏ ਕਿ 1947 ਵਾਂਗ ਮੁੜ ਕਦੇ ਬੇਗੁਨਾਹ ਲੋਕਾਈ ਸਿਆਸਤ ਦੀ ਭੇਟ ਨਾ ਚੜ੍ਹੇ: ਜਥੇਦਾਰ ਰਘਬੀਰ ਸਿੰਘ

Wednesday, Aug 16, 2023 - 11:49 AM (IST)

ਅਰਦਾਸ ਕਰੀਏ ਕਿ 1947 ਵਾਂਗ ਮੁੜ ਕਦੇ ਬੇਗੁਨਾਹ ਲੋਕਾਈ ਸਿਆਸਤ ਦੀ ਭੇਟ ਨਾ ਚੜ੍ਹੇ: ਜਥੇਦਾਰ ਰਘਬੀਰ ਸਿੰਘ

ਅੰਮ੍ਰਿਤਸਰ (ਸਰਬਜੀਤ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ  ਦੇਸ਼ ਅਤੇ ਪਰਦੇਸਾਂ ਵਿਚ ਵੱਸਦੇ ਭਾਰਤੀ ਆਪਣੀਆਂ ਗੱਡੀਆਂ ਅਤੇ ਘਰਾਂ 'ਤੇ ਤਿਰੰਗੇ ਝੰਡੇ ਲਾ ਕੇ ਆਜ਼ਾਦੀ ਦੀ ਖ਼ੁਸ਼ੀ ਮਨਾ ਰਹੇ ਹਨ। ਉਨ੍ਹਾਂ ਕਿਹਾ ਕਿ 76 ਸਾਲ ਪਹਿਲਾਂ 15 ਅਗਸਤ 1947 ਨੂੰ ਭਾਰਤ ਦੇਸ਼ ਆਜ਼ਾਦ ਹੋਇਆ ਸੀ ਜਦੋਂ ਕਿ ਇਸ ਤੋਂ ਇਕ ਦਿਨ ਪਹਿਲਾਂ 14 ਅਗਸਤ 1947 ਨੂੰ ਪਾਕਿਸਤਾਨ ਹੋਂਦ ਵਿਚ ਆਇਆ ਸੀ। ਹਿੰਦੁਸਤਾਨ ਵਿਚੋਂ ਮਜ਼੍ਹਬ ਦੇ ਆਧਾਰ 'ਤੇ ਇਕੋ ਧਰਤੀ ਦੀ ਹਿੱਕ 'ਤੇ ਲਕੀਰਾਂ ਖਿੱਚ ਕੇ ਭਾਰਤ ਅਤੇ ਪਾਕਿਸਤਾਨ ਦੇ ਜਨਮ ਦੇ ਬਦਲੇ 10 ਲੱਖ ਲੋਕਾਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ ਅਤੇ ਡੇਢ ਕਰੋੜ ਨੂੰ ਉਜਾੜੇ ਦਾ ਸਾਹਮਣਾ ਕਰਨਾ ਪਿਆ ਸੀ। 

ਇਹ ਵੀ ਪੜ੍ਹੋ : ਵਿਦੇਸ਼ ਵੱਸਣ ਵਾਲੇ ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਮੰਤਰੀ ਮੰਡਲ ਨੇ ਵੱਡੇ ਫ਼ੈਸਲੇ 'ਤੇ ਲਾਈ ਮੋਹਰ

ਹਰ ਸਾਲ ਭਾਰਤ ਤੇ ਪਾਕਿਸਤਾਨ ਦੇ ਲੋਕ ਆਜ਼ਾਦੀ ਦੇ ਦਿਹਾੜੇ ਦੇ ਜਸ਼ਨ ਤਾਂ ਮਨਾਉਂਦੇ ਹਨ ਪਰ ਅਸੀਂ ਸੋਚੀਏ ਕਿ ਇਸ ਦਿਨ ਪੰਜਾਬ ਲਹੂ-ਲੁਹਾਨ ਹੋਇਆ ਸੀ ਤੇ 10 ਲੱਖ ਦੇ ਕਰੀਬ ਬੇਕਸੂਰ ਲੋਕ ਮਾਰੇ ਗਏ ਸਨ। ਸਿੰਘ ਸਾਹਿਬ ਨੇ ਕਿਹਾ ਕਿ ਆਜ਼ਾਦੀ ਦੇ ਦਿਨ ਉਨ੍ਹਾਂ ਮਾਰੇ ਗਏ ਲੋਕਾਂ ਨੂੰ ਕੋਈ ਯਾਦ ਕਿਉਂ ਨਹੀਂ ਕਰ ਰਿਹਾ? ਸਭ ਆਜ਼ਾਦੀ ਦਾ ਜਸ਼ਨ ਮਨਾਉਂਦੇ ਹਨ ਤੇ ਇਹ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਰਾਜ-ਭਾਗ ਮਾਣ ਰਹੇ ਲੋਕ ਵੀ ਭਾਰਤ ਤੇ ਪਾਕਿਸਤਾਨ ਦੀ ਵੰਡ ਵੇਲੇ ਮਾਰੇ ਗਏ ਅਤੇ ਉਜਾੜੇ ਗਏ ਲੋਕਾਂ ਲਈ ਦੋ ਸ਼ਬਦ ਸ਼ਰਧਾਂਜਲੀ ਦੇ ਵੀ ਨਹੀ ਆਖਦੇ ਹਨ। 

ਇਹ ਵੀ ਪੜ੍ਹੋ :  ਕੈਨੇਡਾ ਪੈਰ ਧਰਦਿਆਂ ਪਤਨੀ ਨੇ ਚਾੜ੍ਹ 'ਤਾ ਚੰਨ, 22 ਲੱਖ ਖ਼ਰਚ ਰਾਹ ਵੇਖਦਾ ਰਹਿ ਗਿਆ ਪਤੀ

ਸਿੰਘ ਸਾਹਿਬ ਨੇ ਅੱਗੇ ਕਿਹਾ ਕਿ ਆਓ 1947 ਦੀ ਵੰਡ ਵੇਲੇ ਮਾਰੇ ਗਏ ਪੰਜਾਬੀਆਂ, ਸਿੱਖ ਕੌਮ ਤੋਂ ਵਿੱਛੜੇ ਜਾਨੋਂ ਪਿਆਰੇ ਗੁਰਧਾਮਾਂ ਨਨਕਾਣਾ ਸਾਹਿਬ, ਡੇਹਰਾ ਸਾਹਿਬ ਲਾਹੌਰ, ਕਰਤਾਰਪੁਰ ਸਾਹਿਬ, ਪੰਜਾ ਸਾਹਿਬ ਤੇ ਹੋਰ ਗੁਰਧਾਮਾਂ ਨੂੰ ਯਾਦ ਕਰਕੇ ਅਤੀਤ ਵਿੱਚ ਨਜ਼ਰ ਮਾਰੀਏ ਕਿ ਅਸੀਂ ਆਪਣਾ ਕਿੰਨਾ ਕੁਝ ਪਿੱਛੇ ਛੱਡ ਆਏ ਹਾਂ। ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਮਾਰੇ ਗਏ ਲੱਖਾਂ ਬੇਗੁਨਾਹਾਂ ਨੂੰ ਯਾਦ ਕਰਕੇ ਵਾਹਿਗੁਰੂ ਅੱਗੇ ਅਰਦਾਸ ਕਰੀਏ ਕਿ ਮੁੜ ਕਦੇ ਵੀ ਸੌੜੀ ਰਾਜਨੀਤੀ ਦੀ ਭੇਟ ਬੇਗੁਨਾਹ ਲੋਕਾਈ ਨਾ ਚੜ੍ਹੇ ਅਤੇ ਸਭ ਲੋਕਾਈ ਸੁਖਾਲੀ ਵੱਸੇ।


author

Harnek Seechewal

Content Editor

Related News