ਭਾਰਤ ਦੇ ਪ੍ਰਧਾਨ ਮੰਤਰੀ ਦਾ ਅਮਰੀਕਾ ਦੌਰਾ ਭਾਰਤ-ਅਮਰੀਕੀ ਸਬੰਧਾਂ ਦੀ ਨਵੀਂ ਪਰਿਭਾਸ਼ਾ ਲਿਖੇਗਾ

Monday, Jun 19, 2023 - 01:41 PM (IST)

ਭਾਰਤ ਦੇ ਪ੍ਰਧਾਨ ਮੰਤਰੀ ਦਾ ਅਮਰੀਕਾ ਦੌਰਾ ਭਾਰਤ-ਅਮਰੀਕੀ ਸਬੰਧਾਂ ਦੀ ਨਵੀਂ ਪਰਿਭਾਸ਼ਾ ਲਿਖੇਗਾ

ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਨ੍ਹਾਂ ਦੀ ਧਰਮ ਪਤਨੀ ਜਿੱਲ ਬਾਈਡੇਨ, ਜੋ ਕਿ ਅਮਰੀਕਾ ਦੀ ਪ੍ਰਥਮ ਮਹਿਲਾ ਵਜੋਂ ਜਾਣੀ ਜਾਂਦੀ ਹੈ, ਦੇ ਸੱਦੇ ’ਤੇ ਪਹਿਲੀ ਵਾਰ ਸਰਕਾਰੀ ਦੌਰੇ ’ਤੇ ਅਮਰੀਕਾ ਜਾ ਰਹੇ ਹਨ। ਪ੍ਰਧਾਨ ਮੰਤਰੀ ਭਾਵੇਂ ਇਸ ਤੋਂ ਪਹਿਲਾਂ 7 ਵਾਰ ਅਮਰੀਕਾ ਦੇ ਸਰਕਾਰੀ ਦੌਰੇ ’ਤੇ ਜਾ ਚੁੱਕੇ ਹਨ ਪਰ ਇਸ ਦੌਰੇ ਨੂੰ ਖ਼ਾਸ ਇਸ ਕਰ ਕੇ ਕਿਹਾ ਜਾ ਰਿਹਾ ਹੈ ਕਿਉਂਕਿ ਇਹ ਦੌਰਾ ਸਰਕਾਰੀ ਦੌਰਾ (state visit) ਹੈ ਤੇ ਅਮਰੀਕਾ ਦਾ ਰਾਸ਼ਟਰਪਤੀ ਆਪਣੇ 5 ਸਾਲ ਦੇ ਕਾਰਜਕਾਲ ’ਚ ਸਿਰਫ ਇਕ ਵਾਰ ਹੀ ਕਿਸੇ ਦੇਸ਼ ਦੇ ਮੁਖੀ ਨੂੰ ਸਰਕਾਰੀ ਦੌਰੇ ’ਤੇ ਆਉਣ ਦਾ ਸੱਦਾ ਦੇ ਸਕਦਾ ਹੈ। ਇਹ ਸੱਦਾ ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਦਿੱਤਾ ਹੈ, ਜੋ ਕਿ ਭਾਰਤ-ਅਮਰੀਕੀ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ ਤੇ ਭਾਰਤ-ਅਮਰੀਕੀ ਸਬੰਧਾਂ ਦੀ ਨਵੀਂ ਪਰਿਭਾਸ਼ਾ ਲਿਖੇਗਾ। ਪਿਛਲੇ 75 ਸਾਲਾਂ ’ਚ ਅਮਰੀਕਾ ਦੇ ਸਟੇਟ ਵਿਜ਼ਿਟ ’ਤੇ ਜਾਣ ਵਾਲੇ ਨਰਿੰਦਰ ਮੋਦੀ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਹਨ। ਇਨ੍ਹਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਜਿਹੇ ਦੌਰੇ ਤੋਂ ਅਮਰੀਕਾ ਗਏ ਸਨ।

ਅਮਰੀਕਾ ’ਚ ਕਿਸੇ ਰਾਸ਼ਟਰ ਦੇ ਮੁਖੀ ਦੇ ਦੌਰਿਆਂ ਨੂੰ ਕਈ ਕਲਾਸੀਫਿਕੇਸ਼ਨਜ਼ ’ਚ ਰੱਖਿਆ ਜਾਂਦਾ ਹੈ। ਇਹ ਕਲਾਸੀਫਿਕੇਸ਼ਨਜ਼ 5 ਤਰ੍ਹਾਂ ਦੀਆਂ ਹੁੰਦੀਆਂ ਹਨ, ਜਿਨ੍ਹਾਂ ’ਚ ਸਟੇਟ ਵਿਜ਼ਿਟ, ਆਫਸ਼ੀਅਲ ਵਿਜ਼ਿਟ, ਆਫੀਸ਼ੀਅਲ ਵਰਕਿੰਗ ਵਿਜ਼ਿਟ, ਵਰਕਿੰਗ ਵਿਜ਼ਿਟ ਅਤੇ ਪ੍ਰਾਈਵੇਟ ਵਿਜ਼ਿਟ ਹਨ। ਭਾਰਤ ਦੇ ਪ੍ਰਧਾਨ ਮੰਤਰੀ ਹੁਣ ਸਟੇਟ ਵਿਜ਼ਿਟ ’ਤੇ ਜਾ ਰਹੇ ਹਨ। ਬਾਕੀ ਤਕਰੀਬਨ ਸਾਰੀਆਂ ਕੈਟਾਗਰੀਜ਼ ਦੇ ਵਿਜ਼ਿਟ ਉਹ ਪਹਿਲਾਂ ਹੀ ਕਰ ਚੁੱਕੇ ਹਨ। ਜਿੱਥੇ ਭਾਰਤੀ ਅਮਰੀਕੀ ਪ੍ਰਧਾਨ ਮੰਤਰੀ ਦੇ ਇਸ ਦੌਰੇ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ, ਉਥੇ ਹੀ ਅਮਰੀਕਨ ਵੀ ਇਸ ਦੌਰੇ ਦੇ ਨਤੀਜਿਆਂ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

ਭਾਰਤੀ ਮੂਲ ਦੇ ਪ੍ਰਮੁੱਖ ਲੋਕ 21 ਜੂਨ ਨੂੰ ਪ੍ਰਧਾਨ ਮੰਤਰੀ ਦੀ ਹਵਾਈ ਅੱਡੇ ’ਤੇ ਸ਼ਾਨਦਾਰ ਸਵਾਗਤ ਕਰਨ ਦੀ ਤਿਆਰੀ ਕਰ ਰਹੇ ਹਨ। 22 ਜੂਨ ਨੂੰ ਪ੍ਰਧਾਨ ਮੰਤਰੀ ਦੇ ਵਾਸ਼ਿੰਗਟਨ ਪਹੁੰਚਣ ’ਤੇ ਅਧਿਕਾਰਕ ਤੌਰ ’ਤੇ ਇਸ ਦੌਰੇ ਦੀ ਸ਼ੁਰੂਆਤ ਹੋਵੇਗੀ। ਬਾਅਦ ’ਚ ਵ੍ਹਾਈਟ ਹਾਊਸ ਦੇ ਨਜ਼ਦੀਕ ਭਾਰਤੀ ਅਮਰੀਕੀਆਂ ਵੱਲੋਂ ਵਿੱਲਾਰਡ ਇੰਟਰਕਾਂਟੀਨੈਂਟਲ ਵਿਖੇ ਇਕ ਸ਼ਾਨਦਾਰ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਦੇ ਇਸ ਦੌਰੇ ਦੌਰਾਨ ਭਾਰਤੀ ਅਮਰੀਕੀਆਂ ਵੱਲੋਂ ਭਾਰਤ ਦੀ ਤਰੱਕੀ ਅਤੇ ਸੱਭਿਆਚਾਰ ਨਾਲ ਸਬੰਧਤ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਅਤੇ ਮਹਾਰਾਸ਼ਟਰ ਤੋਂ ਲੈ ਕੇ ਨਾਰਥ ਈਸਟ ਤੱਕ ਦੇ ਇਲਾਕਿਆਂ ਨਾਲ ਸਬੰਧਤ ਤਕਰੀਬਨ 25 ਪ੍ਰੋਗਰਾਮ ਕਰਨ ਦੀ ਵਿਉਂਤ ਬਣਾਈ ਗਈ ਹੈ।

22 ਜੂਨ ਨੂੰ ਪ੍ਰਧਾਨ ਮੰਤਰੀ ਦੇ ਸਨਮਾਨ ’ਚ ਅਮਰੀਕੀ ਰਾਸ਼ਟਰਪਤੀ ਵੱਲੋਂ 21 ਤੋਪਾਂ ਦੀ ਸਲਾਮੀ ਦਿੱਤੀ ਜਾਵੇਗੀ।ਇਸੇ ਦਿਨ ਪ੍ਰਧਾਨ ਮੰਤਰੀ ਨੂੰ ਅਮਰੀਕੀ ਰਾਸ਼ਟਰਪਤੀ ਵੱਲੋਂ ਡਿਨਰ ਦਿੱਤਾ ਜਾਵੇਗਾ। ਇਸ ਡਿਨਰ ਤੋਂ ਪਹਿਲਾਂ ਸਵੇਰ ਦੇ ਸਮੇਂ ਵ੍ਹਾਈਟ ਹਾਊਸ ਵਿਖੇ ਪ੍ਰਧਾਨ ਮੰਤਰੀ ਲਈ ਇਕ ਸਵਾਗਤੀ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ। ਇਸ ਪ੍ਰੋਗਰਾਮ ’ਚ 1500 ਭਾਰਤੀ ਅਮਰੀਕੀ ਅਤੇ 500 ਦੇ ਕਰੀਬ ਅਮਰੀਕਨ ਵਿਅਕਤੀਆਂ ਦੇ ਪੁੱਜਣ ਦੀ ਉਮੀਦ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਇਕ ਵਫ਼ਦ ਨਾਲ ਮੀਟਿੰਗ ਕਰਨਗੇ। 23 ਜੂਨ ਨੂੰ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਪ੍ਰਧਾਨ ਮੰਤਰੀ ਦੇ ਸਵਾਗਤ ’ਚ ਦੁਪਹਿਰ ਦੇ ਖਾਣੇ ਦਾ ਆਯੋਜਨ ਕਰਨਗੇ। ਇਨ੍ਹਾਂ ਸਾਰੇ ਰੁਝੇਵਿਆਂ ਦੇ ਨਾਲ-ਨਾਲ ਪ੍ਰਧਾਨ ਮੰਤਰੀ ਅਮਰੀਕੀ ਨੇਤਾਵਾਂ ਤੇ ਅਧਿਕਾਰੀਆਂ ਨਾਲ ਮੁਲਾਕਾਤਾਂ ਕਰਨਗੇ ਤੇ ਦੋਵਾਂ ਦੇਸ਼ਾਂ ਦਰਮਿਆਨ ਕਈ ਮੁੱਦੇ, ਜਿਨ੍ਹਾਂ ’ਚ ਵਪਾਰ, ਰੱਖਿਆ, ਰਣਨੀਤਕ ਸਹਿਯੋਗ, ਤਕਨਾਲੋਜੀ, ਉੱਚ ਸਿੱਖਿਆ ਅਤੇ ਕਲੀਨ ਐਨਰਜੀ ਸ਼ਾਮਲ ਹਨ, ਵਧੇਰੇ ਮਜ਼ਬੂਤ ਕਰਨ ਲਈ ਫੈਸਲੇ ਕਰਨ ਦੀ ਉਮੀਦ ਹੈ ਤੇ ਇਸ ਤੋਂ ਇਲਾਵਾ ਇਨੋਵੇਸ਼ਨ, 5-ਜੀ ਤਕਨਾਲੋਜੀ ਅਤੇ ਐਨਰਜੀ ਵਰਗੇ ਵਿਸ਼ਿਆਂ ’ਤੇ ਚਰਚਾ ਹੋਣ ਦੀ ਉਮੀਦ ਹੈ। ਇਸ ਦੌਰੇ ਦੌਰਾਨ ਭਾਰਤ ਨੂੰ ਅਮਰੀਕਾ ਤੋਂ ਸਾਈਬਰ ਕ੍ਰਾਈਮ ਰੋਕਣ ਦੇ ਮੁੱਦੇ ’ਤੇ ਨਵੀਂ ਤਕਨਾਲੋਜੀ ਮਿਲਣ ਦਾ ਰਾਹ ਵੀ ਸਾਫ ਹੋਣ ਦੀ ਉਮੀਦ ਹੈ। ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਅਮਰੀਕੀ ਕਾਂਗਰਸ ਨੂੰ ਦੂਜੀ ਵਾਰ ਸੰਬੋਧਨ ਕਰਨ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣ ਜਾਣਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਅਮਰੀਕਾ ਦੀਆਂ ਕਾਰਪੋਰੇਟ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੀ ਇਕ ਮੀਟਿੰਗ ਨੂੰ ਵੀ ਸੰਬੋਧਨ ਕਰਨਗੇ।

ਜਿੱਥੇ ਭਾਰਤੀ ਅਮਰੀਕੀਆਂ, ਭਾਰਤੀਆਂ ਅਤੇ ਅਮਰੀਕੀ ਨਾਗਰਿਕਾਂ ਨੂੰ ਇਸ ਦੌਰੇ ਤੋਂ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਮਜ਼ਬੂਤ ਹੋਣ ਦੀ ਆਸ ਹੈ, ਉਥੇ ਹੀ, ਅਮਰੀਕੀ ਅਧਿਕਾਰੀ ਵੀ ਇਸ ਦੌਰੇ ਨੂੰ ਬਹੁਤ ਅਹਿਮੀਅਤ ਦੇ ਰਹੇ ਹਨ। ਇਸ ਦਾ ਸਬੂਤ ਕੁਝ ਦਿਨ ਪਹਿਲਾਂ ‘ਯੂ. ਐੱਸ. ਇਨੀਸ਼ੀਏਟਿਵ ਆਨ ਕ੍ਰਿਟੀਕਲ ਇਮਰਜਿੰਗ ਟੈਕਨਾਲੋਜੀ’ ਸਮਾਗਮ ’ਚ ਭਾਰਤ ’ਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਵੱਲੋਂ ਦਿੱਤੇ ਭਾਸ਼ਣ ਤੋਂ ਮਿਲਦਾ ਹੈ, ਜਿਸ ’ਚ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਦਾ ਇਹ ਦੌਰਾ ਇਤਿਹਾਸਕ ਹੋਵੇਗਾ। ਭਾਰਤ ਤੇ ਅਮਰੀਕਾ ਦੇ ਰਿਸ਼ਤਿਆਂ ਨੂੰ ਹੋਰ ਗੂੜ੍ਹਾ ਕਰੇਗਾ ਸਾਡੇ ਪਲੈਨੇਟ ਅਤੇ ਪਬਲਿਕ ਲਈ ਸ਼ਾਂਤੀ ਅਤੇ ਤਰੱਕੀ ਦੇ ਰਾਹ ਖੋਲ੍ਹੇਗਾ। ਇਸ ਤੋਂ ਇਲਾਵਾ ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਇਸ ਦੌਰੇ ’ਤੇ ਆਪਣੇ ਵਿਚਾਰ ਦਿੰਦੇ ਹੋਏ ਕਿਹਾ ਹੈ ਅਮਰੀਕਾ ਕੋਲ ਦੌਲਤ ਅਤੇ ਤਕਨਾਲੋਜੀ ਹੈ ਤੇ ਭਾਰਤ ਕੋਲ ਪ੍ਰਤਿਭਾ ਤੇ ਹੁਨਰ ਹੈ। ਇਸ ਤਰ੍ਹਾਂ ਇਸ ਸੁਮੇਲ ਨਾਲ ਦੁਨੀਆ ਦੇ ਦੋਵੇਂ ਵੱਡੇ ਲੋਕਤੰਤਰਿਕ ਦੇਸ਼ ਆਪਸੀ ਸਬੰਧਾਂ ਦੀ ਇਕ ਨਵੀਂ ਪਰਿਭਾਸ਼ਾ ਲਿਖਣ ਵੱਲ ਅੱਗੇ ਵਧਣਗੇ।

ਇਕਬਾਲ ਸਿੰਘ ਚੰਨੀ


author

Anuradha

Content Editor

Related News