9/11 ਦੀ 25ਵੀਂ ਬਰਸੀ ਮੌਕੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ
Saturday, Sep 12, 2026 - 08:03 PM (IST)
ਨਿਊਯਾਰਕ (ਸਰਬਜੀਤ ਸਿੰਘ ਬਨੂੜ): ਅਮਰੀਕਾ ਵਿਚ 11 ਸਤੰਬਰ 2001 ਨੂੰ ਹੋਏ ਭਿਆਨਕ ਅੱਤਵਾਦੀ ਹਮਲਿਆਂ ਦੀ 25ਵੀਂ ਬਰਸੀ ਮੌਕੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਹਮਲਿਆਂ ਵਿੱਚ ਮਾਰੇ ਗਏ 2,977 ਨਿਰਦੋਸ਼ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੀ ਯਾਦ ਵਿੱਚ ਅਰਦਾਸ ਕੀਤੀ ਗਈ। ਇਸ ਮੌਕੇ 9/11 ਤੋਂ ਬਾਅਦ ਪੈਦਾ ਹੋਈ ਨਸਲੀ ਨਫ਼ਰਤ ਅਤੇ ਹਿੰਸਾ ਦਾ ਸ਼ਿਕਾਰ ਹੋਏ ਸਿੱਖ-ਅਮਰੀਕੀ ਬਲਬੀਰ ਸਿੰਘ ਸੋਢੀ ਸਮੇਤ ਹੋਰ ਪੀੜਤਾਂ ਨੂੰ ਵੀ ਯਾਦ ਕੀਤਾ ਗਿਆ।
ਵਰਲਡ ਸਿੱਖ ਪਾਰਲੀਮੈਂਟ ਨੇ ਕਿਹਾ ਕਿ ਨਿਊਯਾਰਕ ਦੇ ਵਰਲਡ ਟਰੇਡ ਸੈਂਟਰ, ਪੈਂਟਾਗਨ ਅਤੇ ਪੈਨਸਿਲਵੇਨੀਆ ਵਿੱਚ ਹੋਏ ਹਮਲਿਆਂ ਦਾ ਦਰਦ 25 ਸਾਲ ਬਾਅਦ ਵੀ ਪੀੜਤ ਪਰਿਵਾਰਾਂ ਅਤੇ ਅਮਰੀਕੀ ਸਮਾਜ ਦੀਆਂ ਯਾਦਾਂ ਵਿੱਚ ਤਾਜ਼ਾ ਹੈ।
ਜਥੇਬੰਦੀ ਨੇ ਕਿਹਾ ਕਿ 9/11 ਤੋਂ ਬਾਅਦ ਅਮਰੀਕਾ ਵਿੱਚ ਸਿੱਖਾਂ, ਮੁਸਲਮਾਨਾਂ ਅਤੇ ਹੋਰ ਦੱਖਣੀ ਏਸ਼ੀਆਈ ਭਾਈਚਾਰਿਆਂ ਨੂੰ ਪਛਾਣ ਦੇ ਭੁਲੇਖੇ ਅਤੇ ਨਸਲੀ ਨਫ਼ਰਤ ਕਾਰਨ ਹਿੰਸਕ ਹਮਲਿਆਂ ਦਾ ਸਾਹਮਣਾ ਕਰਨਾ ਪਿਆ। ਇਸ ਦੀ ਸਭ ਤੋਂ ਦਰਦਨਾਕ ਮਿਸਾਲ ਬਲਬੀਰ ਸਿੰਘ ਸੋਢੀ ਸਨ, ਜਿਨ੍ਹਾਂ ਨੂੰ 15 ਸਤੰਬਰ 2001 ਨੂੰ ਮੇਸਾ, ਐਰੀਜ਼ੋਨਾ ਵਿਖੇ ਉਨ੍ਹਾਂ ਦੇ ਗੈਸ ਸਟੇਸ਼ਨ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਵਰਲਡ ਸਿੱਖ ਪਾਰਲੀਮੈਂਟ ਨੇ ਕਿਹਾ ਕਿ ਕਿਸੇ ਵਿਅਕਤੀ ਦੇ ਕੰਮਾਂ ਲਈ ਉਸ ਦੇ ਧਰਮ, ਦਸਤਾਰ, ਨਸਲ, ਰੰਗ, ਨਾਮ ਜਾਂ ਸਮੁੱਚੇ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਬਰਾਬਰੀ, ਧਾਰਮਿਕ ਆਜ਼ਾਦੀ ਅਤੇ ਮਨੁੱਖੀ ਮਰਿਆਦਾ ਦੇ ਸਿਧਾਂਤਾਂ ਦੇ ਵਿਰੁੱਧ ਹੈ।
ਜਥੇਬੰਦੀ ਨੇ ਇਸੇ ਪ੍ਰਸੰਗ ਵਿੱਚ ਹਾਲ ਹੀ ਵਿੱਚ ਅਮਰੀਕੀ Department of Homeland Security ਦੇ ਅਧਿਕਾਰਤ ਸੋਸ਼ਲ ਮੀਡੀਆ ਖਾਤੇ ’ਤੇ ਪਾਈ ਗਈ ਇੱਕ AI-ਤਿਆਰ ਤਸਵੀਰ ਅਤੇ ਉਸ ਵਿੱਚ “Mr. Singh” ਨੂੰ ਨਿਸ਼ਾਨਾ ਬਣਾਉਂਦੀ ਭਾਸ਼ਾ ਦਾ ਵੀ ਜ਼ਿਕਰ ਕੀਤਾ। ਬਿਆਨ ਮੁਤਾਬਕ ਇਸ ਪੋਸਟ ਨੂੰ ਲੈ ਕੇ ਸਿੱਖ ਅਤੇ ਹੋਰ ਭਾਈਚਾਰਿਆਂ ਵੱਲੋਂ ਚਿੰਤਾ ਤੇ ਆਲੋਚਨਾ ਪ੍ਰਗਟ ਕੀਤੀ ਗਈ ਅਤੇ ਬਾਅਦ ਵਿੱਚ ਪੋਸਟ ਹਟਾ ਦਿੱਤੀ ਗਈ। ਜਥੇਬੰਦੀ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਸਿੱਖ ਪਛਾਣ ਬਾਰੇ ਜਾਗਰੂਕਤਾ ਵਧਾਉਣ ਦੀ ਲੋੜ ਨੂੰ ਮੁੜ ਉਜਾਗਰ ਕਰਦੀਆਂ ਹਨ।
ਵਰਲਡ ਸਿੱਖ ਪਾਰਲੀਮੈਂਟ ਨੇ ਕਿਹਾ ਕਿ ਸਿੱਖ-ਅਮਰੀਕੀ ਡਾਕਟਰਾਂ, ਇੰਜੀਨੀਅਰਾਂ, ਫੌਜੀ ਸੇਵਾਵਾਂ, ਪੁਲਸ ਅਤੇ ਕਾਨੂੰਨ-ਵਿਵਸਥਾ, ਟਰਾਂਸਪੋਰਟੇਸ਼ਨ, ਖੇਤੀਬਾੜੀ, ਕਾਰੋਬਾਰ ਅਤੇ ਹੋਰ ਅਨੇਕਾਂ ਖੇਤਰਾਂ ਵਿੱਚ ਆਪਣੀਆਂ ਸੇਵਾਵਾਂ ਰਾਹੀਂ ਅਮਰੀਕੀ ਸਮਾਜ ਦੀ ਤਰੱਕੀ ਵਿੱਚ ਯੋਗਦਾਨ ਪਾ ਰਹੇ ਹਨ।
ਇਸ ਤੋਂ ਇਲਾਵਾ ਹੜ੍ਹਾਂ, ਤੂਫ਼ਾਨਾਂ, ਹਰੀਕੇਨਾਂ ਅਤੇ ਹੋਰ ਕੁਦਰਤੀ ਆਫ਼ਤਾਂ ਦੌਰਾਨ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਸਾਹਿਬਾਨ ਵੱਲੋਂ ਧਰਮ, ਨਸਲ ਜਾਂ ਰੰਗ ਦੇ ਭੇਦਭਾਵ ਤੋਂ ਬਿਨਾਂ ਲੰਗਰ ਅਤੇ ਮਨੁੱਖੀ ਸਹਾਇਤਾ ਮੁਹੱਈਆ ਕਰਵਾਉਣ ਦਾ ਵੀ ਜ਼ਿਕਰ ਕੀਤਾ ਗਿਆ। ਜਥੇਬੰਦੀ ਨੇ ਕਿਹਾ ਕਿ ਸੇਵਾ, ਬਰਾਬਰੀ ਅਤੇ ਸਰਬੱਤ ਦਾ ਭਲਾ ਸਿੱਖੀ ਦੇ ਬੁਨਿਆਦੀ ਸਿਧਾਂਤ ਹਨ।
ਵਰਲਡ ਸਿੱਖ ਪਾਰਲੀਮੈਂਟ ਨੇ ਕਿਹਾ ਕਿ ਦਸਤਾਰ ਸਿੱਖਾਂ ਦੀ ਧਾਰਮਿਕ ਪਛਾਣ, ਸਨਮਾਨ ਅਤੇ ਜ਼ਿੰਮੇਵਾਰੀ ਦਾ ਪ੍ਰਤੀਕ ਹੈ ਅਤੇ ਸਿੱਖ ਭਾਈਚਾਰਾ ਆਪਣੀ ਪਛਾਣ ਬਾਰੇ ਜਾਗਰੂਕਤਾ ਵਧਾਉਣ ਦੇ ਯਤਨ ਜਾਰੀ ਰੱਖੇਗਾ, ਤਾਂ ਜੋ ਕਿਸੇ ਨੂੰ ਉਸ ਦੀ ਦਸਤਾਰ, ਦਾੜ੍ਹੀ, ਨਾਮ ਜਾਂ ਧਾਰਮਿਕ ਪਛਾਣ ਕਾਰਨ ਨਫ਼ਰਤ ਜਾਂ ਵਿਤਕਰੇ ਦਾ ਸਾਹਮਣਾ ਨਾ ਕਰਨਾ ਪਵੇ।
