9/11 ਦੇ 25 ਸਾਲ : ਹਮਲਿਆਂ ਦੇ ਮਾਸਟਰਮਾਈਂਡ ''ਤੇ ਮੁਕੱਦਮਾ ਅਜੇ ਵੀ ਅਧੂਰਾ

Friday, Sep 11, 2026 - 11:45 AM (IST)

9/11 ਦੇ 25 ਸਾਲ : ਹਮਲਿਆਂ ਦੇ ਮਾਸਟਰਮਾਈਂਡ ''ਤੇ ਮੁਕੱਦਮਾ ਅਜੇ ਵੀ ਅਧੂਰਾ

ਨਿਊਯਾਰਕ (ਏਪੀ):  ਸਤੰਬਰ 11 (9/11) ਦੇ ਅੱਤਵਾਦੀ ਹਮਲਿਆਂ ਦਾ ਮੁੱਖ ਸਾਜ਼ਿਸ਼ਕਰਤਾ ਮੰਨੇ ਜਾਂਦੇ ਅਲ-ਕਾਇਦਾ ਨੇਤਾ ਖਾਲਿਦ ਸ਼ੇਖ਼ ਮੁਹੰਮਦ ਨੂੰ ਅਮਰੀਕੀ ਅਧਿਕਾਰੀਆਂ ਦੁਆਰਾ ਕਿਊਬਾ ਦੇ ਗੁਆਨਤਾਨਾਮੋ ਬੇਅ ਮਿਲਟਰੀ ਡਿਟੈਂਸ਼ਨ ਸੈਂਟਰ ਵਿੱਚ ਬੰਦ ਕੀਤੇ ਨੂੰ ਦੋ ਦਹਾਕੇ ਬੀਤ ਚੁੱਕੇ ਹਨ। ਇਸ ਦੇ ਬਾਵਜੂਦ ਉਸ 'ਤੇ ਅਦਾਲਤੀ ਮੁਕੱਦਮਾ ਚਲਾਉਣਾ ਅਜੇ ਵੀ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਇੱਕ ਅਮਰੀਕੀ ਫੌਜੀ ਜੱਜ ਨੇ ਹਾਲ ਹੀ ਵਿੱਚ ਮੁਕੱਦਮੇ ਲਈ 5 ਜੂਨ, 2028 ਦੀ ਤਾਰੀਖ਼ ਤੈਅ ਕੀਤੀ ਹੈ, ਪਰ ਕਈ ਵਕੀਲਾਂ ਦਾ ਮੰਨਣਾ ਹੈ ਕਿ ਇਹ ਮੁਕੱਦਮਾ ਸ਼ਾਇਦ ਕਦੇ ਵੀ ਸ਼ੁਰੂ ਨਹੀਂ ਹੋ ਸਕੇਗਾ। ਵਕੀਲਾਂ ਦਾ ਕਹਿਣਾ ਹੈ ਕਿ 2003 ਵਿੱਚ ਪਾਕਿਸਤਾਨ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਖਾਲਿਦ ਸ਼ੇਖ਼ 'ਤੇ ਸੀ.ਆਈ.ਏ. ਦੀ ਹਿਰਾਸਤ ਦੌਰਾਨ ਕੀਤੇ ਗਏ ਟਾਰਚਰ ਕਾਰਨ ਕਾਨੂੰਨੀ ਮਾਮਲਾ ਬਹੁਤ ਜ਼ਿਆਦਾ ਉਲਝ ਗਿਆ ਹੈ।

ਅਗਸਤ ਦੇ ਅਖੀਰ ਵਿੱਚ ਅਮਰੀਕੀ ਮਿਲਟਰੀ ਜੱਜ ਨੇ ਫੈਸਲਾ ਸੁਣਾਇਆ ਕਿ ਸਰਕਾਰੀ ਵਕੀਲ ਖਾਲਿਦ ਸ਼ੇਖ਼ ਦੁਆਰਾ 2007 ਵਿੱਚ ਐੱਫ.ਬੀ.ਆਈ. ਸਾਹਮਣੇ ਕੀਤੇ ਗਏ ਕਬੂਲਨਾਮੇ ਦੀ ਵਰਤੋਂ ਅਦਾਲਤ ਵਿੱਚ ਨਹੀਂ ਕਰ ਸਕਦੇ। ਜੱਜ ਅਨੁਸਾਰ ਇਹ ਬਿਆਨ ਗੈਰ-ਕਾਨੂੰਨੀ ਸਨ ਕਿਉਂਕਿ ਉਸ ਨੂੰ 183 ਵਾਰ ਵਾਟਰਬੋਰਡਿੰਗ ਵਰਗੀਆਂ ਸਖ਼ਤ ਪੁੱਛਗੁੱਛ ਤਕਨੀਕਾਂ ਨਾਲ ਟਾਰਚਰ ਕੀਤਾ ਗਿਆ ਸੀ। ਅਮਰੀਕੀ ਸਰਕਾਰ ਨੇ ਇਸ ਫੈਸਲੇ ਵਿਰੁੱਧ ਅਪੀਲ ਨਾ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਮਾਮਲੇ ਵਿੱਚ ਹੋਰ ਦੇਰੀ ਨਾ ਹੋਵੇ। ਇਸ ਤੋਂ ਪਹਿਲਾਂ 2024 ਵਿੱਚ ਇੱਕ ਸਮਝੌਤੇ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਤਹਿਤ ਉਸ ਨੂੰ ਮੌਤ ਦੀ ਸਜ਼ਾ ਤੋਂ ਬਚਾ ਕੇ ਉਮਰ ਕੈਦ ਦਿੱਤੀ ਜਾਣੀ ਸੀ, ਪਰ ਇਹ ਸਮਝੌਤਾ ਪਿਛਲੇ ਸਾਲ ਪੂਰੀ ਤਰ੍ਹਾਂ ਰੱਦ ਹੋ ਗਿਆ। 

ਇਸ ਤੋਂ ਪਹਿਲਾਂ 2009 ਵਿੱਚ ਤਤਕਾਲੀ ਅਟਾਰਨੀ ਜਨਰਲ ਏਰਿਕ ਹੋਲਡਰ ਵੱਲੋਂ ਉਸ 'ਤੇ ਨਿਊਯਾਰਕ ਸਿਟੀ ਦੀ ਸਿਵਲ ਕੋਰਟ ਵਿੱਚ ਕੇਸ ਚਲਾਉਣ ਦੀ ਯੋਜਨਾ ਬਣਾਈ ਗਈ ਸੀ, ਪਰ ਸੁਰੱਖਿਆ ਚਿੰਤਾਵਾਂ ਅਤੇ ਭਾਰੀ ਵਿਰੋਧ ਕਾਰਨ ਇਸ ਨੂੰ ਰੱਦ ਕਰਨਾ ਪਿਆ ਸੀ। ਵਕੀਲ ਜੋਸ਼ੂਆ ਡਰਾਟੇਲ ਅਨੁਸਾਰ ਇਹ ਸਾਰਾ ਮਾਮਲਾ ਰਾਜਨੀਤੀ ਅਤੇ ਟਾਰਚਰ ਦੀ ਜਵਾਬਦੇਹੀ ਦੀ ਘਾਟ ਕਾਰਨ ਖ਼ਰਾਬ ਹੋ ਚੁੱਕਾ ਹੈ।

ਪੜ੍ਹੋ ਇਹ ਅਹਿਮ ਖ਼ਬਰ- ਭਾਰੀ ਵਿਰੋਧ ਮਗਰੋਂ ਅਮਰੀਕਾ ਨੇ ਹਟਾਇਆ ਵਿਵਾਦਿਤ "Mr Singh" ਵਾਲਾ ਪੋਸਟਰ

ਪੀੜਤ ਪਰਿਵਾਰਾਂ ਦੀ ਇਨਸਾਫ਼ ਦੀ ਮੰਗ

9/11 ਹਮਲੇ ਵਿੱਚ ਆਪਣੇ ਪਤੀ ਨੂੰ ਗੁਆਉਣ ਵਾਲੀ ਅਤੇ '9/11 ਫੈਮਿਲੀਜ਼ ਯੂਨਾਈਟਿਡ' ਦੀ ਚੇਅਰ ਟੈਰੀ ਸਟ੍ਰਾਡਾ ਨੇ ਕਿਹਾ ਕਿ ਪੀੜਤ ਪਰਿਵਾਰ ਅਜੇ ਵੀ ਇਨਸਾਫ਼ ਦੀ ਉਮੀਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਮੌਤ ਦੀ ਸਜ਼ਾ ਹਟਾਉਣ ਦੇ ਪੱਖ ਵਿੱਚ ਨਹੀਂ ਹਨ, ਕਿਉਂਕਿ ਜੇਕਰ ਉਸ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਤਾਂ ਭਵਿੱਖ ਦੇ ਅਮਰੀਕੀ ਨੇਤਾ ਉਸ ਨੂੰ ਕੈਦੀਆਂ ਦੇ ਵਟਾਂਦਰੇ ਲਈ ਵਰਤ ਸਕਦੇ ਹਨ। ਟੈਰੀ ਸਟ੍ਰਾਡਾ ਅਨੁਸਾਰ ਇਸ ਗੰਭੀਰ ਅਪਰਾਧ ਲਈ ਮੌਤ ਦੀ ਸਜ਼ਾ ਹੀ ਸਭ ਤੋਂ ਢੁਕਵੀਂ ਹੈ।

ਜ਼ਿਕਰਯੋਗ ਹੈ ਕਿ 11, ਸਤੰਬਰ 2001 ਵਿਚ ਹੋਏ ਅੱਤਵਾਦੀ ਹਮਲੇ ਨੇ ਕੁਝ ਘੰਟਿਆਂ ਵਿੱਚ ਹੀ ਅਮਰੀਕਾ ਦੀ ਤਸਵੀਰ ਬਦਲ ਦਿੱਤੀ। ਅੱਤਵਾਦੀਆਂ ਨੇ ਚਾਰ ਜਹਾਜ਼ਾਂ ਨੂੰ ਹਾਈਜੈਕ ਕਰ ਲਿਆ ਅਤੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ ਵਿੱਚੋਂ ਦੋ ਜਹਾਜ਼ ਨਿਊਯਾਰਕ ਦੇ ਵਰਲਡ ਟ੍ਰੇਡ ਸੈਂਟਰ ਦੇ ਟਵਿਨ ਟਾਵਰਾਂ ਨਾਲ ਟਕਰਾ ਗਏ। ਇੱਕ ਹੋਰ ਜਹਾਜ਼ ਪੈਂਟਾਗਨ ਨਾਲ ਟਕਰਾ ਗਿਆ। ਚੌਥਾ ਜਹਾਜ਼ ਪੈਨਸਿਲਵੇਨੀਆ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਹਮਲੇ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ। 25 ਸਾਲ ਬੀਤਣ ਦੇ ਬਾਵਜੂਦ ਉਸ ਦਿਨ ਦਾ ਦਰਦ ਹਾਲੇ ਵੀ ਲੋਕਾਂ ਦੇ ਦਿਲਾਂ ਵਿਚ ਤਾਜ਼ਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News