ਲਾਪਤਾ ਹੋਏ ਲਾਸ ਏਂਜਲਸ ਫਾਇਰ ਫਾਈਟਰ ਦੀ ਲਾਸ਼ ਮੈਕਸੀਕੋ ''ਚ ਮਿਲੀ

Thursday, Nov 05, 2020 - 11:47 PM (IST)

ਲਾਪਤਾ ਹੋਏ ਲਾਸ ਏਂਜਲਸ ਫਾਇਰ ਫਾਈਟਰ ਦੀ ਲਾਸ਼ ਮੈਕਸੀਕੋ ''ਚ ਮਿਲੀ

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ)— ਮੈਕਸੀਕਨ ਅਧਿਕਾਰੀਆਂ ਨੇ ਲਾਸ ਏਂਜਲਸ ਦੇ ਇਕ ਫਾਇਰ ਫਾਈਟਰ ਦੀ ਲਾਸ਼ ਬਰਾਮਦ ਕੀਤੀ ਹੈ, ਜੋ ਕਿ ਅਗਸਤ ਵਿਚ ਲਾਪਤਾ ਹੋ ਗਿਆ ਸੀ। ਕੈਲੀਫੋਰਨੀਆ ਕੇਂਦਰੀ ਰਾਜ ਦੇ ਵਕੀਲ, ਹੀਰਮ ਸਾਂਚੇਜ਼ ਨੇ ਬੁੱਧਵਾਰ ਸ਼ਾਮ ਇਕ ਨਿਊਜ਼ ਕਾਨਫਰੰਸ ਦੌਰਾਨ ਦੱਸਿਆ ਕਿ ਫ੍ਰਾਂਸਿਸਕੋ ਫ੍ਰੈਂਕ ਅਗੁਇਲਰ ਦੀ ਲਾਸ਼ ਦੀ ਪਛਾਣ ਕਰ ਲਈ ਗਈ ਹੈ, ਜਿਸ ਦਾ ਅੰਤਮ ਸੰਸਕਾਰ ਤੋਂ ਬਾਅਦ ਬਚਿਆ ਪਿੰਜਰ 23 ਅਕਤੂਬਰ ਨੂੰ ਵਿਰਾਨ ਖੇਤਰ ਵਿੱਚ ਮਿਲਿਆ ਸੀ।

ਸ਼ਹਿਰ ਦੇ ਅੱਗ ਬੁਝਾਊ ਵਿਭਾਗ ਦਾ ਮੁਲਾਜ਼ਮ ਅਤੇ ਅਗੂਇਲਰ 20 ਅਗਸਤ ਨੂੰ ਰੋਸਰੀਤੋ ਨੇੜੇ ਗਾਇਬ ਹੋ ਗਿਆ ਸੀ।ਲਾਸ ਏਂਜਲਸ ਦੇ ਫਾਇਰ ਚੀਫ ਰਾਲਫ ਟੇਰੇਜ਼ਾਸ ਨੇ 48 ਸਾਲਾ ਅਗੁਇਲਰ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਇਸ ਘਟਨਾਂ ਦੇ ਸੰਬੰਧ ਵਿਚ ਪੁਲਿਸ ਨੇ ਪਿਛਲੇ ਮਹੀਨੇ ਦੋ ਮੈਕਸੀਕਨ ਨਾਗਰਿਕਾਂ ਇਕ 32 ਸਾਲਾ ਔਰਤ ਅਤੇ ਇਕ 27 ਸਾਲਾ ਵਿਅਕਤੀ, ਨੂੰ ਤਿਜੁਆਨਾ ਦੇ ਦੱਖਣ ਵਿਚ, ਰੋਸਰੀਤੋ ਬੀਚ ਨੇੜੇ ਇਕ ਹਾਈਵੇਅ 'ਤੇ ਕਾਬੂ ਕੀਤਾ ਗਿਆ ਸੀ। ਉਨ੍ਹਾਂ ਕੋਲ ਅਗੁਇਲਰ ਦਾ ਕੁਝ ਸਾਮਾਨ ਜਿਵੇਂ ਕਿ ਕ੍ਰੈਡਿਟ ਕਾਰਡ ਆਦਿ ਸਨ। ਵਕੀਲ ਅਨੁਸਾਰ ਇਹਨਾਂ 'ਤੇ ਕਤਲ ਦੇ ਦੋਸ਼ ਲਗਾਏ ਜਾਣਗੇ। ਸਾਂਚੇਜ ਅਨੁਸਾਰ ਇਸ ਮੈਕਸੀਕਨ ਔਰਤ ਨੇ ਅਗੂਇਲਰ ਨੂੰ ਮੀਟਿੰਗ ਲਈ ਬੁਲਾ ਕੇ ਫਿਰੋਤੀ ਦੀ ਰਕਮ ਲੈਣ ਲਈ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਵਿਅਕਤੀ ਵੱਲੋਂ ਭੱਜਣ ਦੀ ਕੋਸ਼ਿਸ਼ ਵਿਚ ਉਸ ਨੂੰ ਗੋਲੀ ਮਾਰ ਦਿੱਤੀ ਗਈ।ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ ਕਿ ਗੋਲੀ ਨਾਲ ਹੀ ਅਗੂਇਲਰ ਦੀ ਮੌਤ ਹੋਈ ਸੀ ਜਾਂ ਨਹੀਂ। ਇਸ ਤੋਂ ਇਲਾਵਾ ਸਾਂਚੇਜ਼ ਨੇ ਦੱਸਿਆ ਕਿ ਅਧਿਕਾਰੀਆਂ ਨੇ ਅਗੂਇਲਰ ਦੀ ਜੀਪ ਵੀ ਬਰਾਮਦ ਕੀਤੀ ਹੈ, ਜੋ ਕਿ ਜੋੜੇ ਵੱਲੋਂ ਚੋਰੀ ਕੀਤੀ ਗਈ ਸੀ ਅਤੇ ਇਕ ਤੀਜੇ ਵਿਅਕਤੀ ਨੂੰ ਵੇਚੀ ਗਈ ਸੀ।


author

Sanjeev

Content Editor

Related News