ਬਾਈਡੇਨ ਨੇ ਕੁੱਝ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ''ਤੇ ਲਾਈ 100 ਦਿਨਾਂ ਲਈ ਰੋਕ

01/23/2021 9:51:22 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਅਹੁਦਾ ਸੰਭਾਲਦਿਆਂ ਹੀ ਕੰਮ ਦੀ ਸ਼ੁਰੂਆਤ ਕਰ ਦਿੱਤੀ ਹੈ । ਆਪਣੇ ਪਹਿਲੇ ਦਿਨ ਹੀ ਕਈ ਕਾਰਜਕਾਰੀ ਮੁੱਦਿਆਂ ਤੇ ਦਸਤਖ਼ਤ ਕਰਨ ਨਾਲ ਜੋਅ ਬਾਈਡੇਨ ਨੇ ਇਮੀਗ੍ਰੇਸ਼ਨ ਮਾਮਲਿਆਂ ਸੰਬੰਧੀ ਵੀ ਕੁੱਝ ਫ਼ੈਸਲੇ ਲਏ ਹਨ, ਜਿਨ੍ਹਾਂ ਵਿਚੋਂ ਇਕ ਕੁੱਝ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਦੇਸ਼ ਨਿਕਾਲੇ 'ਤੇ 100 ਦਿਨਾਂ ਲਈ ਰੋਕ ਲਗਾਉਣੀ ਸ਼ਾਮਲ ਹੈ। 

ਇਸ ਸੰਬੰਧੀ ਕਾਰਜਕਾਰੀ ਹੋਮਲੈਂਡ ਸਕਿਓਰਿਟੀ ਸੈਕਟਰੀ ਡੇਵਿਡ ਪੇਕੋਸਕੇ ਨੇ ਬਾਈਡੇਨ ਦੇ ਸਹੁੰ ਚੁੱਕ ਸਮਾਗਮ ਤੋਂ ਕੁਝ ਘੰਟੇ ਬਾਅਦ ਇਕ ਲਿਖਤੀ ਪੱਤਰ ਜਾਰੀ ਕੀਤਾ, ਜਿਸ ਵਿਚ ਕੁੱਝ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਦੇਸ਼ ਨਿਕਾਲੇ 'ਤੇ 100 ਦਿਨਾਂ ਲਈ ਰੋਕ ਲਗਾਉਣ ਬਾਰੇ ਜਾਣਕਾਰੀ ਦਿੱਤੀ ਸੀ ਕਿਉਂਕਿ ਇਮੀਗ੍ਰੇਸ਼ਨ ਨਿਯਮ ਲਾਗੂ ਕਰਨ ਸੰਬੰਧੀ ਨੀਤੀਆਂ ਅਤੇ ਅਮਲਾਂ ਦੀ ਨਵੇਂ ਸਿਰੇ ਤੋਂ ਸਮੀਖਿਆ ਕੀਤੀ ਜਾ ਰਹੀ ਹੈ।
ਇਸ ਦੇ ਇਲਾਵਾ ਪੇਕੋਸਕੇ ਵਲੋਂ ਜਾਰੀ ਇਸ ਮੈਮੋ ਅਨੁਸਾਰ ਸੰਯੁਕਤ ਰਾਜ ਨੂੰ ਦੱਖਣ-ਪੱਛਮੀ ਸਰਹੱਦ 'ਤੇ ਮਹੱਤਵਪੂਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਲਈ ਗੰਭੀਰ ਹਾਲਾਤਾਂ ਦੇ ਮੱਦੇਨਜ਼ਰ ਵਿਭਾਗ ਨੂੰ ਸੁਰੱਖਿਅਤ, ਕਾਨੂੰਨੀ ਅਤੇ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਢੁੱਕਵੇਂ ਜਨਤਕ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰੋਟੋਕਾਲਾਂ ਨੂੰ ਅਪਨਾਉਣ ਦੀ ਜ਼ਰੂਰਤ ਹੈ।

ਬਾਈਡੇਨ ਨੇ ਆਪਣੇ ਦਫ਼ਤਰ ਦੇ ਪਹਿਲੇ ਦਿਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਕਈ ਕੱਟੜ ਇਮੀਗ੍ਰੇਸ਼ਨ ਨੀਤੀਆਂ ਨੂੰ ਉਲਟਾਉਣ ਦੇ ਨਾਲ ਇਕ ਇਮੀਗ੍ਰੇਸ਼ਨ ਸੁਧਾਰ ਪ੍ਰਸਤਾਵ ਵੀ ਜਾਰੀ ਕੀਤਾ ਹੈ, ਜਿਸ ਨੂੰ ਆਉਣ ਵਾਲੇ ਹਫ਼ਤਿਆਂ ਵਿਚ ਕਾਂਗਰਸ ਨੂੰ ਪੇਸ਼ ਕਰਨ ਲਈ ਕੰਮ ਕੀਤੇ ਜਾ ਰਹੇ ਹਨ। ਇਸ ਦੇ ਇਲਾਵਾ ਟਰੰਪ ਦੀ ਉਸ ਦੀਆਂ ਕਈ ਇਮੀਗ੍ਰੇਸ਼ਨ ਨੀਤੀਆਂ, ਖਾਸ ਕਰਕੇ “ਜ਼ੀਰੋ ਟੌਲਰੈਂਸ” ਨੀਤੀ ਦੀ ਅਲੋਚਨਾ ਕੀਤੀ ਗਈ ਹੈ, ਜਿਸ ਤਹਿਤ ਦਸੰਬਰ ਤੱਕ ਤਕਰੀਬਨ 600 ਤੋਂ ਵੱਧ ਪ੍ਰਵਾਸੀ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਕਰ ਦਿੱਤਾ ਗਿਆ ਹੈ।


Sanjeev

Content Editor

Related News