ਅਮਰੀਕਾ ''ਚ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

Wednesday, Nov 02, 2022 - 02:05 AM (IST)

ਸਿਨਸਿਨਾਟੀ/ਓਹਾਇਓ (ਰਾਜ ਗੋਗਨਾ) : ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨਾਟੀ ਦੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਸੁਸਾਇਟੀ ਆਫ਼ ਗ੍ਰੇਟਰ ਸਿਨਸਿਨਾਟੀ ਵਿਖੇ ਸਿੱਖ ਇਤਿਹਾਸ ਦੀ ਮਹਾਨ ਸ਼ਖ਼ਸੀਅਤ ਬ੍ਰਹਮ ਗਿਆਨੀ ਧੰਨ-ਧੰਨ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਬਾਬਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਖੰਡ ਪਾਠ ਤੋਂ ਇਲਾਵਾ ਚਾਰ ਦਿਨ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਗਏ। ਇਸ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸਿੱਖ ਪੰਥ ਦੇ ਮਹਾਨ ਕੀਰਤਨੀਏ ਭਾਈ ਹਰਚਰਨ ਸਿੰਘ ਜੀ ਖਾਲਸਾ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਬੂਟਾ ਸਿੰਘ ਅਤੇ ਭਾਈ ਮਨਜੀਤ ਸਿੰਘ ਜੀ ਦੇ ਜੱਥੇ ਨੇ ਰੱਸ ਭਿੰਨੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।

PunjabKesari

ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਕੀਰਤਨੀ ਜੱਥੇ ਹੈੱਡ ਗ੍ਰੰਥੀ ਭਾਈ ਅਮਰੀਕ ਸਿੰਘ, ਭਾਈ ਜੀਤ ਸਿੰਘ ਅਤੇ ਭਾਈ ਨਿਰਮਲ ਸਿੰਘ ਜੀ ਦੇ ਰਾਗੀ ਜੱਥੇ ਨੇ ਵੀ ਸ਼ਬਦ ਕੀਰਤਨ ਗਾਇਨ ਕੀਤਾ। ਭਾਈ ਅਮਰੀਕ ਸਿੰਘ ਜੀ ਨੇ ਬਾਬਾ ਜੀ ਦੇ ਜੀਵਨ ਤੇ ਇਤਿਹਾਸ ਬਾਰੇ ਆਈ ਸੰਗਤ ਨੂੰ ਜਾਣਕਾਰੀ ਦਿੱਤੀ।ਬਾਬਾ ਬੁੱਢਾ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਸਨ।ਬਾਬਾ ਜੀ ਨੂੰ 5 ਗੁਰੂਆਂ ਨੂੰ ਗੁਰਿਆਈ ਤਿਲਕ ਲਗਾਉਣ ਅਤੇ ਛੇ ਗੁਰੂਸਾਹਿਬਾਨ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੈ। ਭਾਈ ਹਰਚਰਨ ਸਿੰਘ ਜੀ ਦੇ ਜੱਥੇ ਨੂੰ ਹੈੱਡ ਗ੍ਰੰਥੀ ਭਾਈ ਅਮਰੀਕ ਸਿੰਘ ਨੇ ਸਿਰੋਪਾਓ ਨਾਲ ਸਨਮਾਨਿਤ ਕੀਤਾ।

ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ 'ਚ ਸਿੱਖਿਆ ਵਿਭਾਗ ਦੇ 2 ਅਧਿਕਾਰੀਆਂ ਸਣੇ 4 ਕਾਬੂ

ਇਹਨਾਂ ਵਿਸ਼ੇਸ਼ ਸਮਾਗਮਾਂ ਵਿੱਚ ਸਿਨਸਿਨਾਟੀ ਦੇ ਲਾਗਲੇ ਸ਼ਹਿਰਾਂ ਡੇਟਨ, ਕੋਲੰਬਸ ਤੋਂ ਇਲਾਵਾ ਨਾਲ ਲੱਗਦੇ ਸੂਬੇ ਕੈਨਟੱਕੀ, ਇੰਡੀਆਣਾ ਤੋਂ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ। ਗੁਰਦੁਆਰਾ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ ਵੀ ਕੀਤੀ ਗਈ। ਇਸ ਦੌਰਾਨ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਵਿਸ਼ੇਸ਼ ਸਮਾਗਮਾਂ ਲਈ ਸੇਵਾਦਾਰਾਂ ਅਤੇ ਸੰਗਤ ਦਾ ਧੰਨਵਾਦ ਕੀਤਾ ਗਿਆ।


Mandeep Singh

Content Editor

Related News