ਚਿੰਤਾਜਨਕ ਹੈ ਕਿਸਾਨਾਂ ਨੂੰ ਪੈਣ ਵਾਲੀ ਨਕਲੀ ਬੀਜਾਂ ਅਤੇ ਦਵਾਈਆਂ ਦੀ ਮਾਰ !

06/17/2020 1:25:42 PM

ਬਿੰਦਰ ਸਿੰਘ ਖੁੱਡੀ ਕਲਾਂ

ਕਿਸਾਨ ਦੇ ਪੱਲੇ ਹਮੇਸ਼ਾ ਹੀ ਨਿਰਾਸ਼ਾ ਪੈਂਦੀ ਹੈ।

ਖੇਤੀ ਖੇਤਰ ਦੀ ਲੀਹੋਂ ਲੱਥੀ ਆਰਥਿਕਤਾ ਕੋਈ ਲੁਕਿਆ ਛੁਪਿਆ ਮੁੱਦਾ ਨਹੀਂ ਹੈ। ਕਿਸਾਨਾਂ ਵੱਲੋਂ ਪ੍ਰਤੀ ਦਿਨ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਇਸ ਦਾ ਪ੍ਰਤੱਖ ਪ੍ਰਮਾਣ ਹਨ। ਹੋਰ ਸ਼ਾਇਦ ਹੀ ਕੋਈ ਅਜਿਹਾ ਖੇਤਰ ਹੋਵੇ, ਜਿਸ ਵਿੱਚ ਇੰਨ੍ਹੀ ਵੱਡੀ ਪੱਧਰ 'ਤੇ ਆਤਮ ਹੱਤਿਆਵਾਂ ਹੋ ਰਹੀਆਂ ਹੋਣ। ਬਾਕੀ ਤਕਰੀਬਨ ਸਾਰੇ ਖੇਤਰਾਂ ਵਿੱਚ ਘਾਟਾ ਅਤੇ ਇਜ਼ਾਫਾ ਨਾਲੋ ਨਾਲ ਚਲਦੇ ਰਹਿੰਦੇ ਹਨ।ਪਰ ਖੇਤੀ ਇੱਕੋ ਇੱਕ ਅਜਿਹਾ ਖੇਤਰ ਹੈ ਜੋ ਪਿਛਲੇ ਲੰਬੇ ਅਰਸੇ ਤੋਂ ਲਗਾਤਾਰ ਘਾਟੇ ਦਾ ਸੌਦਾ ਬਣਿਆ ਹੋਇਆ ਹੈ। ਸਾਡੇ ਮੁਲਕ ਦੀਆਂ ਹਕੂਮਤਾਂ ਵੱਲੋਂ ਕਹਿਣ ਨੂੰ ਤਾਂ ਬੇਸ਼ੱਕ ਖੇਤੀ ਨੂੰ ਮੁਲਕ ਦੀ ਆਰਥਿਕਤਾ ਦਾ ਧੁਰਾ ਮੰਨ੍ਹਿਆ ਜਾਂਦਾ ਹੈ ਪਰ ਸਹੂਲਤਾਂ ਅਤੇ ਰਿਆਇਤਾਂ ਦੇ ਮਾਮਲੇ 'ਚ ਖੇਤੀ ਨੂੰ ਹਮੇਸ਼ਾ ਹੀ ਹਾਸ਼ੀਏ 'ਤੇ ਧਕੇਲਿਆ ਗਿਆ ਹੈ। ਸ਼ਾਇਦ ਇਹੋ ਵਜ੍ਹਾ ਹੈ ਕਿ ਅੱਜ ਖੇਤੀ ਨਿਰੋਲ ਘਾਟੇ ਵਾਲਾ ਸੌਦਾ ਬਣਕੇ ਰਹਿ ਗਈ ਹੈ। ਨੌਜਵਾਨ ਪੀੜ੍ਹੀ ਖੇਤੀ ਤੋਂ ਮੂੰਹ ਫੇਰ ਰਹੀ ਹੈ। ਖੇਤੀ ਪ੍ਰਤੀ ਨੌਜਵਾਨ ਵਰਗ 'ਚ ਘਟਦੀ ਰੁਚੀ ਨੂੰ ਸਾਡੇ ਮੁਲਕ ਦੇ ਨੀਤੀ ਘਾੜਿਆਂ ਨੇ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ।

ਖੇਤੀ ਖੇਤਰ ਦੇ ਘਾਟੇ ਵਾਲਾ ਸੌਦਾ ਬਣਨ ਲਈ ਬਹੁਤ ਸਾਰੇ ਕਾਰਨ ਜ਼ਿੰਮੇਵਾਰ ਹਨ। ਕਿਸਾਨਾਂ ਨੂੰ ਖੇਤੀ ਜਿਨਸਾਂ ਦੇ ਲਾਹੇਵੰਦ ਭਾਅ ਮਿਲਣਾ ਤਾਂ ਦੂਰ ਦੀ ਗੱਲ ਬਹੁਤੀਆਂ ਜਿਨਸਾਂ ਦੇ ਮੰਡੀਕਰਨ ਦੀ ਵਿਵਸਥਾ ਨਹੀਂ ਕੀਤੀ ਜਾ ਸਕੀ। ਜਿਨਸ ਦਾ ਭਾਅ ਮਿਲਣਾ ਵੀ ਕਿਸਾਨ ਦੇ ਨਸੀਬ 'ਤੇ ਹੀ ਛੱਡ ਦਿੱਤਾ ਜਾਂਦਾ ਹੈ। ਭਰਪੂਰ ਪੈਦਾਵਾਰ ਹੋਣ 'ਤੇ ਜਿਨਸਾਂ ਰੁਲਣ ਲੱਗਦੀਆਂ ਹਨ ਅਤੇ ਪੈਦਾਵਾਰ ਘਟਣ 'ਤੇ ਵਪਾਰੀ ਵਰਗ ਹੱਥ ਰੰਗ ਜਾਂਦਾ ਹੈ ਪਰ ਕਿਸਾਨ ਦੇ ਪੱਲੇ ਹਮੇਸ਼ਾ ਹੀ ਨਿਰਾਸ਼ਾ ਪੈਂਦੀ ਹੈ। ਖੇਤੀ ਖੇਤਰ ਬਾਰੇ ਇੱਕ ਤੱਥ ਬੜਾ ਦਿਲਚਸਪ ਹੈ ਕਿ ਖੇਤੀ ਆਪਣੇ ਆਪ 'ਚ ਬੇਸ਼ੱਕ ਘਾਟੇ ਵਾਲਾ ਸੌਦਾ ਹੈ ਪਰ ਇਸ ਨਾਲ ਜੁੜੇ ਧੰਦੇ ਹਮੇਸ਼ਾ ਹੀ ਲਾਹੇਵੰਦਾ ਧੰਦਾ ਰਹੇ ਹਨ। ਖੇਤੀ ਨਾਲ ਜੁੜੀ ਬੀਜ, ਖਾਦ ਅਤੇ ਦਵਾਈ ਸਨਅਤ ਦੀਆਂ ਸਦਾ ਹੀ ਪੌਂ ਬਾਰਾਂ ਰਹੀਆਂ ਹਨ। ਆਲਮ ਇਹ ਬਣਿਆ ਪਿਆ ਹੈ ਕਿ ਖੇਤੀ ਖੇਤਰ ਦਿਨ ਪ੍ਰਤੀ ਦਿਨ ਢਹਿੰਦੀ ਕਲਾ ਵੱਲ੍ਹ ਜਾ ਰਿਹਾ ਹੈ ਜਦਕਿ ਬੀਜ,ਖਾਦ ਅਤੇ ਦਵਾਈ ਸਨਅਤ ਚੜ੍ਹਦੀ ਕਲਾ ਵੱਲ ਜਾ ਰਹੀ ਹੈ।

ਇਸ ਸਨਅਤ ਵੱਲੋਂ ਪਹਿਲਾਂ ਤਾਂ ਖੇਤੀ ਨੂੰ ਬੜੀ ਚਤੁਰਾਈ ਨਾਲ ਰਸਾਇਣਕ ਖਾਦਾਂ ਅਤੇ ਦਵਾਈਆਂ 'ਤੇ ਲਗਾਇਆ ਗਿਆ। ਖੇਤੀ ਜਿਨਸਾਂ 'ਚ ਇਜ਼ਾਫੇ ਦਾ ਲਾਲਚ ਵਿਖਾ ਵਿਖਾ ਕੇ ਰਸਾਇਣਕ ਖਾਦਾਂ, ਦਵਾਈਆਂ ਅਤੇ ਬੀਜਾਂ ਦੇ ਇਸਤੇਮਾਲ ਦੀ ਅਜਿਹੀ ਪਿਰਤ ਪੈਦਾ ਕੀਤੀ ਗਈ ਕਿ ਅੱਜ ਜ਼ਮੀਨਾਂ ਦੀ ਹਾਲਤ ਉਸ ਅਮਲੀ ਵਰਗੀ ਹੋ ਗਈ ਹੈ, ਜੋ ਨਸ਼ੇ ਤੋਂ ਬਿਨਾਂ ਦੋ ਕਦਮ ਵੀ ਤੁਰਨ ਦੇ ਸਮਰੱਥ ਨਹੀਂ ਰਹਿੰਦਾ। ਨਸ਼ਾਂ ਉਸ ਦੀ ਕਮਜ਼ੋਰੀ ਬਣਕੇ ਰਹਿ ਜਾਂਦਾ ਹੈ। ਬਿਲਕੁੱਲ ਉਸੇ ਤਰ੍ਹਾਂ ਦੇਸੀ ਖਾਦਾਂ ਤੋਂ ਟੁੱਟੀਆਂ ਸਾਡੀਆਂ ਜ਼ਮੀਨਾਂ ਅੱਜ ਰਸਾਇਣਕ ਖਾਦਾਂ ਅਤੇ ਦਵਾਈਆਂ ਦੇ ਸਹਾਰੇ ਪੈਦਾਵਾਰ ਦੇਣ ਲੱਗੀਆਂ ਹਨ।  

ਜ਼ਮੀਨਾਂ ਅਤੇ ਅਸਿੱਧੇ ਰੂਪ 'ਚ ਕਿਸਾਨਾਂ ਦੀ ਕਮਜੋਰੀ ਬਣ ਜਾਣ 'ਤੇ ਰਸਾਇਣਕ ਦਵਾਈਆਂ ਅਤੇ ਖਾਦਾਂ ਤੋਂ ਲੈ ਕੇ ਬੀਜਾਂ ਤੱਕ ਦਾ ਵਪਾਰ ਇੱਕ ਵੱਡਾ ਉਦਯੋਗ ਬਣਕੇ ਸਾਹਮਣੇ ਆਇਆ ਹੈ। ਕਿਸਾਨਾਂ ਨੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਉਨ੍ਹਾਂ ਦਾ ਸਹਾਇਕ ਉਦਯੋਗ ਹੀ ਉਨ੍ਹਾਂ ਦੀ ਤਬਾਹੀ ਦਾ ਕਾਰਨ ਬਣ ਜਾਵੇਗਾ। ਬਾਜ਼ਾਰ 'ਚ ਆਉਣ ਵਾਲੀਆਂ ਕਦੇ ਨਕਲੀ ਦਵਾਈਆਂ ਅਤੇ ਕਦੇ ਨਕਲੀ ਬੀਜਾਂ ਨੇ ਕਿਸਾਨਾਂ ਦੀ ਆਰਥਿਕਤਾ ਨੂੰ ਅਜਿਹਾ ਪੁੱਠਾ ਗੇੜਾ ਦਿੱਤਾ ਹੈ ਕਿ ਆਰਥਿਕ ਪੱਖੋਂ ਕਿਸਾਨਾਂ ਦੇ ਹਾਲਤ ਬਦ ਤੋਂ ਵੀ ਬਦਤਰ ਹੋ ਕੇ ਰਹਿ ਗਏ ਹਨ। ਜੇਕਰ ਕਹਿ ਲਿਆ ਜਾਵੇ ਕਿ ਖੇਤੀ ਖੇਤਰ ਦੇ ਵੱਡੇ ਘਾਟਿਆਂ ਲਈ ਲਾਹੇਵੰਦ ਰੇਟਾਂ ਦੀ ਅਣਹੋਂਦ ਦੇ ਨਾਲ ਨਾਲ ਨਕਲੀ ਦਵਾਈਆਂ ਅਤੇ ਬੀਜਾਂ ਦੀ ਆਮਦ ਵੀ ਬਰਾਬਰ ਦੀ ਜ਼ਿੰਮੇਵਾਰ ਹੈ।

ਕਿਸਾਨ ਬੜੇ ਭਰੋਸੇ ਨਾਲ ਰਸਾਇਣਕ ਦਵਾਈਆਂ,ਖਾਦਾਂ ਅਤੇ ਬੀਜਾਂ ਦਾ ਇਸਤੇਮਾਲ ਕਰਦਾ ਹੈ ਪਰ ਜਦੋਂ ਫਸਲ ਦਾ ਵੱਡੀ ਪੱਧਰ 'ਤੇ ਨੁਕਸਾਨ ਹੋ ਜਾਂਦਾ ਹੈ ਤਾਂ ਮੁਨਾਫਾਖੋਰ ਲੋਕਾਂ ਵੱਲੋਂ ਇਸ ਨੂੰ ਮੌਸਮਾਂ ਦੀ ਤਬਦੀਲੀ ਜਾਂ ਹੋਰ ਕਾਰਨਾਂ ਨਾਲ ਜੋੜ ਕੇ ਆਪਣੇ ਆਪ ਨੂੰ ਬਰੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਨਕਲੀ ਦਵਾਈਆਂ ਬਦੌਲਤ ਨੁਕਸਾਨੀਆਂ ਫਸਲਾਂ ਦੀਆਂ ਹਜ਼ਾਰਾਂ ਉਦਾਹਰਨਾਂ ਮੌਜੂਦ ਹਨ। ਹਜ਼ਾਰਾਂ ਹੀ ਉਦਾਹਰਨਾਂ ਮੌਜੂਦ ਹਨ, ਨਕਲੀ ਬੀਜਾਂ ਬਦੌਲ਼ਤ ਹੋਏ ਆਰਥਿਕ ਨੁਕਸਾਨ ਦੀਆਂ।

ਪਿਛਲੇ ਦਿਨੀਂ ਹੋਇਆ ਬੀਜ ਘੁਟਾਲਾ ਹਜ਼ਾਰਾਂ ਕਿਸਾਨਾਂ ਦੀ ਆਰਥਿਕ ਤਬਾਹੀ ਦਾ ਸੱਬਬ ਬਣਿਆ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ ਖੇਤੀ ਨਾਲ ਜੁੜੇ ਅਦਾਰੇ ਅਤੇ ਹੋਰ ਖੋਜ ਸੰਸਥਾਵਾਂ ਅਜਿਹੇ ਮਾਮਲਿਆਂ 'ਚ ਕਿਸਾਨਾਂ ਦੀ ਅਗਵਾਈ ਕਰਨ 'ਚ ਹਮੇਸ਼ਾ ਹੀ ਅਸਫਲ ਰਹੇ ਹਨ। ਪਿਛਲੇ ਦਿਨੀਂ ਹੋਇਆ ਬੀਜ ਘੁਟਾਲਾ ਕੋਈ ਪਹਿਲਾ ਘੁਟਾਲਾ ਨਹੀਂ ਇਸ ਤਰ੍ਹਾਂ ਦੇ ਘੁਟਾਲੇ ਤਾਂ ਜਿਵੇਂ ਸਾਡੀ ਵਿਵਸਥਾ ਦੀ ਸ਼ਾਨ ਬਣ ਚੁੱਕੇ ਹਨ। ਜੇਕਰ ਸਰਕਾਰਾਂ ਕਿਸਾਨਾਂ ਲਈ ਹੋਰ ਕੁੱਝ ਨਹੀਂ ਕਰ ਸਕਦੀਆਂ ਤਾਂ ਫਸਲਾਂ ਲਈ ਸ਼ੁੱਧ ਰਸਾਇਣਕ ਦਵਾਈਆਂ ਅਤੇ ਬੀਜਾਂ ਦੀ ਉਪਲਬਧਤਾ ਤਾਂ ਯਕੀਨੀ ਬਣਾ ਦੇਣ। 


rajwinder kaur

Content Editor

Related News